- ਹਰਮਨ ਜੀਤ
ਸਭ ਮੁਨੀ ਮੁਨੀਸ਼ਰ ਔਲੀਏ,
ਸਭ ਦਾਨੇ ਆਕਲ ਪੀਰ
ਇੱਕ ਪਾਸੇ ਰਾਣੀ ਅੰਜਨਾ,
ਜੋ ਆਈ ਪਰਬਤ ਚੀਰ
ਨੈਣਾਂ ਵਿੱਚ ਤਾਰੇ ਤੱਪਦੇ,
ਤੇ ਸਾਹਾਂ ਵਿੱਚ ਖੰਡ ਖੀਰ
ਹੈ ਗੋਲ੍ਹਾਂ ਨਾਲੋਂ ਮਿੱਠੜੀ,
ਜਿਨ ਸਾਹਾਂ ਦੀ ਤਾਸੀਰ
ਪਾ ਝੁਮਕੇ,ਡੰਡੀਆਂ,ਕੋਕਰੂ,
ਕਰ ਤੇਰਾਂ ਤੇਰਾਂ ਛੇਕ
ਓਹ ਤੋਲ ਤੋਲ ਪੱਬ ਰੱਖਦੀ,
ਤੇ ਰੇਖ 'ਚ ਮਾਰੇ ਮੇਖ
ਪੌਣਾਂ ਨੂੰ ਗੰਢਾਂ ਮਾਰਦੀ,
ਕਿ ਛੋਹਲਾ ਕੈਲ੍ਹ ਸਰੀਰ
ਦਿਲ ਹੁੰਦੇ ਜਾਣ ਫ਼ਰੇਫ਼ਤਾ,
ਤੇ ਸਰਵਰ ਉੱਛਲੇ ਨੀਰ
ਤੱਕ ਤੱਕ ਧੁੱਪਾਂ ਤਿੜਕੀਆਂ,
ਮਿਰਗਾਂ ਦੇ ਸੁੱਕੇ ਸਾਹ
ਕਿ ਰੁੱਤਾਂ ਖਾਣ ਪੰਜੀਰੀਆਂ,
ਵਿੱਚ ਧਣੀਆ ਸੁੰਢ ਰਲਾ
ਓਹ ਵਾਹੇ ਚੀਚ ਘਚੋਲੜੇ,
ਮਿੱਟੀ 'ਤੇ ਹੋ ਦਿਲਗੀਰ
ਕਦੇ ਆਪਣੇ ਉੱਤੇ ਹੱਸਦੀ,
ਓਹ ਖਾ ਖਾ ਹਿੱਕ ਤੇ ਤੀਰ
ਸੂਹੀ ਅੱਗ ਦਰਖ਼ਸ਼ਾਂ ਮੱਥਾ,
ਜਿਓਂ ਨੰਗੀ ਸ਼ਮਸ਼ੀਰ
ਜਾਇਓ ਵੇ ਕੋਈ ਦੇਵੋ ਜਾਕੇ,
ਚੰਨ ਸੂਰਜ ਨੂੰ ਧੀਰ
ਓਹ ਪਿੱਪਲੀਂ ਮੋਰ ਉਡਾਂਵਦੀ,
ਹੱਸ ਖੇਲੇ ਜੰਡ ਕਰੀਰ
ਕਿ ਥੋਹਰਾਂ ਉੱਤੇ ਮਰ ਮਿਟੀ,
ਇੱਕ ਲਾਲ ਗੁਲਾਬੀ ਲੀਰ
ਸਭ ਮੁਨੀ ਮੁਨੀਸ਼ਰ ਔਲੀਏ,
ਸਭ ਦਾਨੇ ਆਕਲ ਪੀਰ
ਇੱਕ ਪਾਸੇ ਰਾਣੀ ਅੰਜਨਾ,
ਜੋ ਆਈ ਪਰਬਤ ਚੀਰ
ਸਭ ਨੱਗਰ ਪਿੰਡ ਪਿੰਡੋਰੀਆਂ,
ਸਭ ਗਲੀਆਂ ਕੂਚੇ ਖੇਤ
ਹਰ ਮੋੜ ਧਮੱਚੜ ਮੱਚਿਆ,
ਦੋ ਨੈਣ ਫਸਾਦੀ ਵੇਖ
ਹੈ ਹੋਠਾਂ 'ਤੇ ਸੰਝ ਨੁੱਚੜੀ,
ਵਿੱਚ ਡੁੱਬੇ ਭੂਪ ਹਮੀਰ
ਕਿ ਭੁੱਲੇ ਮਹਿਲ ਅਟਾਰੀਆਂ,
ਤੇ ਭੁੱਲੇ ਕੰਡਾ ਕੀਰ
ਸਭ ਛ੍ਹੋਰ ਸ਼ਿਆਮਲ ਅੱਥਰੇ,
ਲਏ ਨੀਲੇ ਬਸਤਰ ਪਾ
ਨੀਂ ਮਹਿਕ ਦੀਏ ਪਟਰਾਣੀਏ,
ਲਏ ਫੱਗਣ ਪੜ੍ਹਨੇ ਪਾ
ਹੈ ਚਿਹਰੇ ਉੱਤੇ ਮੁਸਕੜੀ,
ਅੰਗੜਾਈਆਂ ਲੈਂਦੀ ਹੀਰ
ਜਿਓਂ ਮੂੰਗਫਲੀ ਦੇ ਫੁੱਲ ਤੇ,
ਇੱਕ ਸੂਹੀ ਲਾਟ ਲਕੀਰ
ਨੇ ਜ਼ੁਲਫ਼ਾਂ ਲੋਹੜੇ ਮਾਰੀਆਂ,
ਤੇ ਇੱਕ ਤੋਂ ਵੱਧ ਕੇ
ਇੱਕ ਜਿਓਂ ਕਿਸੇ ਅਸ਼ੋਕਾ ਪੇੜ ਤੋਂ,
ਕੋਈ ਉੱਡੀ ਚਾਮ ਚੜਿੱਕ
ਆਦਿ ਜੁਗਾਦੋਂ ਵੱਗਦੀ,
ਓਹ ਮੱਠੀ ਸ਼ਾਂਤ ਸਮੀਰ
ਹੈ ਮੌਤੋਂ ਪਿਆਰੀ ਅੰਜਨਾ,
ਤੇ ਧੂਣੀ ਜੇਡ ਫਕੀਰ
ਹੈ ਲਾਚੜ ਲਾਚੜ ਚੁੱਗਦੀ,
ਓਹ ਪੀਲੇ ਫੁੱਲ ਬਬੂਲ
ਤੇ ਗੀਤਾਂ ਦੇ ਗਲ ਪਾਂਵਦੀ,
ਇੱਕ ਹਾਰ ਬਣਾ ਬੇਮੂਲ
ਜਦ ਚਿੜੀ ਨਜ਼ਰ ਦੀ ਉੱਡ ਕੇ,
ਆ ਬੈਠੇ ਸਾਡੇ ਤੀਰ
ਨੀਂ ਰੰਗਾਂ ਅੰਦਰ ਖੇਲਦੀ,
ਹਾਏ ਕੌਲ ਫੁੱਲ ਤਕਦੀਰ
ਸਭ ਮੁਨੀ ਮੁਨੀਸ਼ਰ ਔਲੀਏ,
ਸਭ ਦਾਨੇ ਆਕਲ ਪੀਰ
ਇੱਕ ਪਾਸੇ ਰਾਣੀ ਅੰਜਨਾ,
ਜੋ ਆਈ ਪਰਬਤ ਚੀਰ