Sunday, November 13, 2011

ਵੱਡੇ ਮੇਰੇ ਸਾਹਿਬਾ

- ਸ਼ਿੰਦਰ ਸੁਰਿੰਦ

ਵੱਡੇ ਮੇਰੇ ਸਾਹਿਬਾ
ਇਕਲਾਪੇ ਦਾ ਸਹਿਮ
ਹਊਆ ਬਣ ਕੇ
ਮੇਰੀ ਨਸ-ਨਸ 'ਚ ਤੁਰਿਆ
ਤੂੰ ਵੀ ਤਾਂ ਉਦਾਸੀਆਂ ਕਰਨ
'ਕੱਲਾ ਨਾਂ ਤੁਰਿਆ
ਭਾਈ ਮਰਦਾਨੇ ਨੂੰ
ਨਾਲ ਲੈ ਕੇ ਤੁਰਿਆ...

ਮੈਂ ਤਾਂ ਪੋਥੀਆਂ 'ਚੋਂ ਪੜਿਆ
ਤੇ ਬਸ ਐਨਾ ਹੀ ਯਾਦ ਹੈ
ਮੈਂ ਨਿਮਾਣੀ ਦੀ ਵੀ
ਤੇਰੇ ਦਰ 'ਤੇ ਫਰਿਆਦ ਹੈ
ਕਦੇ ਆ ਕੇ ਤਾਂ ਦੇਖ
ਸਰਦ ਹਉਕੇ ਤੇ
ਦਿਲ ਦੀ ਧਰਤ ਬੇ-ਆਬਾਦ ਹੈ...

ਦੇਖ ਮੈਂ ਕੱਲਮ-ਕੱਲੀ ਜਿੰਦ
ਕਿੰਨੀ ਉਦਾਸ
ਪਰ ਹੋਈ ਨਾ ਬੇਆਸ
ਹਾਲੇ ਵੀ ਧੜਕੇ  
ਇੱਕ ਨਿੱਕੀ ਜਿਹੀ ਆਸ
ਵੱਡੇ ਮੇਰੇ ਸਾਹਿਬਾ
ਕਰਾਂ ਅਰਦਾਸ
ਤੂੰ ਰਹੀਂ ਆਸ-ਪਾਸ
ਇੱਕ ਤੂੰ ਹੀ ਤਾਂ ਹੈਂ
ਜਿਸਦਾ ਦਿਲ ਨੂੰ ਧਰਵਾਸ...

ਐ ਮੇਰੇ ਨਾਨਕ !
ਤੇਰੇ ਤੇ ਮੇਰੇ ਦਰਮਿਆਂ..
ਹਵਾ ਵੀ ਨਾਂ ਹੋਵੇ
ਕੂੰਜ ਵਾਂਗ ਕੁਰਲਾਉਂਦੀ ਜਿੰਦ
ਮੁੜਕੇ ਨਾ ਰੋਵੇ
ਦੇ ਸੁਰਿੰਦ ਨੂੰ ਆਸੀਸ
ਹੰਝੂ ਕਿਸੇ ਦੁਖੀਏ ਦੇ ਧੋਵੇ...

ਕਿਸੇ ਨਿਤਾਣੇ ਦੀ ਪੀੜ ਹਰੇ
ਆਪਣੇ ਖਲਾਅ ਨੂੰ
ਆਪ ਹੀ ਭਰੇ
ਤਨਹਾਈ ਤੋਂ ਘਬਰਾ ਕੇ
ਐਵੇਂ ਨਾ ਡਰੇ...

ਐ ਮੇਰੇ ਮਾਲਿਕ
ਦੇ ਹਿੰਮਤ
ਦਿਆਂ ਸਕੂਨ ਕਿਸੇ ਰਕੀਬ ਨੂੰ
ਵੰਡ ਸਕਾਂ ਮੁਸਕਰਾਹਟ
ਕਿਸੇ ਬਦਨਸੀਬ ਨੂੰ
ਦੋ ਸ਼ਬਦ ਸੁੱਚੇ ਮੋਹ ਦੇ
ਦੇ ਸਕਾਂ ਕਿਸੇ ਗਰੀਬ ਨੂੰ...

No comments:

Post a Comment