Sunday, November 13, 2011

ਹਾੜ੍ਹਾ ਓਹਦੇ ਪਿੰਡ ਲੈ ਕੇ ਜਾਈ ਵੇ...

- ਹਰਮਨ ਜੀਤ

ਨੀਂਦ ਵੇ ਅਸਾਡੜੀ
ਦੇ ਨੈਣਾਂ ਵਿੱਚ
ਤਾਰਿਆ ਤੂੰ
ਪਾ 'ਜਾ ਇੱਕ
ਸੁਪਨ ਸਲਾਈ ਵੇ..
ਲਾਚੀਆਂ ਦੀ ਮਹਿਕ
ਜੀਹਦੇ ਨੇਤਰਾਂ 'ਚੋਂ
ਉੱਡਦੀ ਏ
ਹਾੜ੍ਹਾ ਓਹਦੇ ਪਿੰਡ
ਲੈ ਕੇ ਜਾਈ ਵੇ..
 
ਓਹਦੇ ਪਿੰਡ
ਜਾਣ ਨੂੰ ਸੰਵਾਈ
ਜੋੜੀ ਜੁੱਤੀਆਂ ਦੀ
ਪੈਰਾਂ ਵਿੱਚ ਲਵਾਂ
ਕਿੰਝ ਪਾ ਵੇ..
ਓਹਦੇ ਪਿੰਡ ਜਾਣਾ
ਅਸਾਂ ਨੰਗੇ ਨੰਗੇ ਪੈਰੀਂ
ਸਾਨੂੰ ਫੁੱਲਾਂ ਜਿਹੇ
ਰੋੜਿਆਂ ਦਾ
ਚਾਅ ਵੇ..
 
ਓਹਦੇ ਪਿੰਡ
ਤਾਰਿਆ ਵੇ ਹੋਰ ਵੀ
ਸੁਨਿਹਰਾ ਉੱਗੇ
ਮੱਠਾ ਮੱਠਾ
ਕਿਰਨਾਂ ਦਾ
ਸੇਕ ਵੇ..
ਓਹਦੇ ਪਿੰਡ
ਤਾਰਿਆ ਵੇ ਹੋਰ ਵੀ
ਗੁਲਾਬੀ ਲਹੇ
ਆਥਣਾਂ ਦਾ ਰੰਗ
ਜ਼ਰਾ ਵੇਖ ਵੇ..
 
ਓਹਦੇ ਪਿੰਡ
ਵਾਸ਼ਨਾ ਨੂੰ
ਚੁੰਨੀਆਂ ਨਾ
ਬੰਨ੍ਹ ਬੰਨ੍ਹ
ਨੱਚਦੀਆਂ ਧੀਆਂ ਵੇ
ਧਿਆਣੀਆਂ..
ਤਾਰਿਆ ਵੇ
ਓਹਦੇ ਪਿੰਡ
ਅੱਕ ਵੀ ਗੁਲਾਬ ਲੱਗੇ
ਬੂਈਆਂ ਜਿਵੇਂ
ਰਾਤ ਦੀਆਂ ਰਾਣੀਆਂ..
 
ਮੌਸਮਾਂ ਦੇ
ਪਿੰਡਿਆਂ 'ਤੇ
ਮਲਿਆ ਏ
ਲੇਪ ਕੀਹਨੇ
ਜੰਗਲੀ ਗੁਲਾਬਾਂ
ਨੂੰ ਨਿਚੋੜ ਕੇ..
ਓਹਦੇ ਪਿੰਡ
ਆਉਂਦੀਆਂ
ਨਾਰੰਗੀ
ਬਦਲੋਟੀਆਂ ਵੇ
ਤੁਰਦੀਆਂ ਪੱਬ ਨੂੰ
ਮਰੋੜ ਕੇ..
 
ਤਾਰਿਆ ਵੇ
ਗੰਨਿਆਂ ਦੇ
ਪੱਤਰਾਂ ਦੇ ਨਾਲ ਜਦੋਂ
ਖਹਿੰਦੀਆਂ ਹਵਾਵਾਂ
ਸ਼ਾਮ ਰੰਗੀਆਂ..
ਓਦੋਂ ਸਾਡਾ ਚਿੱਤ ਕਰੇ
ਓਹਦੇ ਪਿੰਡ ਮੁੱਕਣੇ ਨੂੰ
ਐਸੀਆਂ ਵੇ ਮੌਤਾਂ
ਲੱਖ ਚੰਗੀਆਂ..
 
ਨੀਂਦ ਵੇ ਅਸਾਡੜੀ
ਦੇ ਨੈਣਾਂ ਵਿੱਚ
ਤਾਰਿਆ ਤੂੰ
ਪਾ 'ਜਾ ਇੱਕ
ਸੁਪਨ ਸਲਾਈ ਵੇ..
ਲਾਚੀਆਂ ਦੀ ਮਹਿਕ
ਜੀਹਦੇ ਨੇਤਰਾਂ 'ਚੋਂ
ਉੱਡਦੀ ਏ
ਹਾੜ੍ਹਾ ਓਹਦੇ ਪਿੰਡ
ਲੈ ਕੇ ਜਾਈ ਵੇ..

No comments:

Post a Comment