Friday, November 4, 2011

ਖਾਲਸਾ-ਸਾਥੀ !

- ਜਸਵਿੰਦਰ ਸਿੰਘ ਅਨਾਮ

ਦੂਜੇ ਨੂੰ ਨਕਾਰਨੇ ਸੁਧਾਰਨੇ ‘ਚ ਰਿੱਝੇ ਕੁੜ੍ਹੇ,
ਕਿੰਨਾ ਚੰਗਾ ਹੁੰਦਾ ਤੁਸੀ ਨਿੱਜ ਨੂੰ ਸੁਧਾਰਦੇ |

ਲਾਲ ਰੁੱਸਾ ਪੀਲੇ ਨਾਲ਼ ਪੀਲਾ ਖਫਾ ਨੀਲੇ ਉੱਤੇ,
ਦੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ |

‘ਬਾਹਰੋਂ’ ਪੰਡ ਡਾਲਰਾਂ ਦੀ 'ਪੀਲੀ' ਚੱਕੀ ਔਹ ਅਉਂਦੀ,
'ਚਿੱਟੀ' ‘ਸੁਰਜੀਤ’ ਮਾਣ ਰੰਗ ਸਰਕਾਰ ਦੇ |

ਜਿਨ੍ਹਾਂ ਦੇ ਸੀ ਸਾਹਾਂ ਵਿੱਚੋਂ ਗੋਲੀ ਦੀ ਅਵਾਜ਼ ਗੂੰਜੀ,
ਹੋਮਿਓਪੈਥੀ ਗੋਲੀਆਂ ਨਾ’ ਦੇਖੇ ਬੁੱਤਾ ਸਾਰਦੇ |

ਮਾਰਦੇ ਖੁਰਾੜੇ ‘ਸੱਜਾ’ ‘ਖੱਬਾ’ ਦੋਨੋ ਜਿੱਤ ਜਿੱਤ, 
'ਨਾਨਕ ਅਤੇ ਮਾਰਕਸ'  ਨਿੱਤ ਪਏ ਹਾਰਦੇ |

ਹਰ ਖੂਜੇ ‘ਕਾਵਾਂਭੌਕੀ’ ਹਰ ਮੋੜ ‘ਕੁੱਤੇਰੌਲੀ’
ਲੋਕਾਂ ਉੱਤੇ ਭੀੜ ਆਵੇ ਦੋਵੇਂ ਮੋਕਾਂ ਮਾਰਦੇ |

ਕਿਹੜੇ ਰਾਹੋਂ ਅਉਣਾ ਹੈ 'ਇਨਕਲਾਬ', ਦੱਸੇ ਕੋਈ,
ਕਿਹੜੇ ਅਰਸ਼ਾਂ ਤੇ ‘ਫੁੱਲ ਖਿੜਨੇ ਬਹਾਰ’ ਦੇ |

ਦਾਤੀ ਵਾਲਾ ਝੰਡਾ ਮਜਦੂਰ ਨੂੰ ਮਜ਼ਾਕ ਕਰੇ ,
ਖੰਡੇ ਵਾਲੇ ਭੁੱਲੇ ਰਾਹ ਆਪ ਖੰਡੇਧਾਰ ਦੇ |

ਨੀਲਾ ਚੰਗਾ ਲਾਲ ਚੰਗਾ! ਮਾੜੇ ਫਿਰ ਅਸੀਂ ਹੋਏ?  
ਕਿੰਨਾ ਚਿਰ ਹੋਇਆ ਤੁਸੀ ਸਾਨੂੰ ਰਹੇ ਚਾਰਦੇ |

ਗੁਰੂ ਅਤੇ ਮਾਰਕਸ ਇੱਕੋ ਸਮੇ ਜੱਗ ਅਉਂਦੇ ,
ਮਿਲ ਜਾਂਦੇ ਰਾਹ ਸ਼ਾਇਦ ਆਰ ਦੇ ਜਾਂ ਪਾਰ ਦੇ |

ਕੱਢਦੇ ਨੇ ਅੱਖਾਂ ਦੇਖੋ ਲਾਲ ਤਾਈਂ ਚਾਰ ਜਾਣੇ,
ਚਾਰ ਜਾਣੇ ਰੱਬ ਦਾ ਨਾਂ ਸੁਣ ਸਿਰ ਮਾਰਦੇ |

ਈਰਖਾ ਤੇ ਸਾੜਾ ਛੱਡ ਲੋਕਾਂ ਬਾਰੇ ਸੋਚਦੇ ਜੇ ,
ਕਰ ਲੈਂਦੇ ਨੀਵੇਂ ਝੰਡੇ ਤੁਸੀ ਹੰਕਾਰ ਦੇ |

ਓਸੇ ਨੂੰ ਹੀ ‘ਖਾਲਸਾ’ ਤੇ ਓਸੇ ਨੂੰ ਹੀ ‘ਸਾਥੀ’ ਕਹਿੰਦੇ
ਮੋਢੇ ਨਾਲ਼ ਮੋਢਾ ਜੋੜ ਬੈਠ ਜੇ ਵਿਚਾਰਦੇ |

ਕਿਤਾਬ

- ਮੁਖਵੀਰ ਸਿੰਘ

ਕਿਤਾਬ
ਸਿਆਹੀ ਨਾਲ ਲਿਖੀ
ਜ਼ਿੰਦਗੀ ਹੈ
ਤੇ
ਜ਼ਿੰਦਗੀ
ਬਿਨ ਸਿਆਹੀ ਲਿਖੀ
ਕਿਤਾਬ
ਬੱਸ !
ਮੈਨੂੰ ਹੀ
ਪੜ੍ਹਨ ਦੀ ਜਾਚ ਨਹੀਂ ਆਉਂਦੀ ।

ਵਰਕੇ
ਤਾਂ ਜ਼ਿੰਦਗੀ ਦਾ ਪੁਰਸਲਾਤ* ਪਾਰ ਕਰ ਚੁਕੇ
ਬੰਦੇ ਨੇ
ਤੇ
ਬੰਦੇ
ਕਿਸੇ ਵਿਸ਼ਵਕੋਸ਼ ਦੇ ਗੂੜ੍ਹੀ ਲਿਖਾਈ ਵਾਲੇ
ਵਰਕੇ
ਬੱਸ !
ਮੈਨੂੰ ਹੀ
ਪੜ੍ਹਨ ਦੀ ਜਾਚ ਨਹੀਂ ਆਉਂਦੀ।

ਅੱਖਰ
ਤਾਂ ਜ਼ਿੰਦਗੀ ਨੂੰ ਤੱਕਦੀਆਂ
ਅੱਖਾਂ ਨੇ
ਤੇ
ਅੱਖਾਂ
ਦਿਲ 'ਚ ਉੱਕਰੇ
ਅੱਖਰ
ਬੱਸ !
ਮੈਨੂੰ ਹੀ
ਪਡ਼੍ਹਨ ਦੀ ਜਾਚ ਨਹੀਂ ਆਉਂਦੀ।

*ਪੁਰਸਲਾਤ - ਪੁਰਸਲਾਤ ਸ਼ਬਦ ਪੁਲਸਰਾਤ ਦਾ ਹੀ ਪੰਜਾਬੀ ਵਿਚ ਢਲਿਆ ਰੂਪ ਹੈ। ਪੁਲਸਰਾਤ ਦੋ ਸਮਾਸਾਂ ਤੋਂ ਬਣਿਆ ਹੈ ਪੁਲ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਤੇ 'ਸਰਾਤ' ਅਰਬੀ ਦਾ | ਕੁਰਾਨ ਵਿਚ 'ਸਰਾਤ' ਸ਼ਬਦ ਦੀ ਵਰਤੋਂ ਬਹੁਤ ਮਿਲਦੀ ਹੈ, ਜਿਸ ਅਰਥ ਹੈ ਸਹੀ ਮਾਰਗ; ਪੁਲਸਰਾਤ ਤੋਂ ਭਾਵ ਜ਼ਿੰਦਗੀ ਦਾ ਔਖਾ ਰਸਤਾ ਹੈ, ਵੈਸੇ ਪੁਲਸਰਾਤ ਇਸਲਾਮੀ ਪਰੰਪਰਾ ਅਨੁਸਾਰ ਇਕ ਅਜੇਹਾ ਪੁਲ ਹੈ ਜੋ ਦੋਜ਼ਖ (ਨਰਕ) ਦੀ ਅੱਗ ਉਪਰ ਬਣਿਆ ਹੋਇਆ ਹੈ। ਇਹ ਤਲਵਾਰ ਦੀ ਧਾਰ ਨਾਲੋਂ ਤੇਜ਼ ਅਤੇ ਵਾਲ ਨਾਲੋਂ ਵੀ ਬਾਰੀਕ ਹੈ। ਇਸ ਦੇ ਦੋਵੇਂ ਪਾਸੇ ਕੰਢੇ ਅਤੇ ਸੂਲ ਲਗੇ ਹੋਏ ਹਨ ਇਸ ਕਰਕੇ ਇਸ ਨੂੰ ਪਾਰ ਕਰਨਾ ਬਹੁਤ ਔਖਾ ਹੈ। ਬਹਿਸ਼ਤ (ਸਵਰਗ) ਵਿਚ ਪਹੁੰਚਣ ਲਈ ਹਰ ਇਕ ਨੂੰ ਇਸ ਉਤੋਂ ਲੰਘਣਾ ਪੈਂਦਾ ਹੈ।

ਫ਼ਰਕ

ਡਾ. ਰੰਜੂ ਸਿੰਘ

ਫ਼ਰਕ ਤਾਂ ਕੋਈ ਖਾਸ ਨਹੀਂ
ਤੇਰੇ ਤੇ ਮੇਰੇ ਵਿਚ…

ਜੇ ਤੂੰ ਸਾਉਣ ਦੀ ਬਰਸਾਤ ਦਾ ਪਾਣੀ
ਤਾਂ ਮੈਂ ਦੋ ਅਖੀਆਂ ਦਾ,
ਇੰਨਾ ਖਾਰਾ ਕਿ ਇਸ ਨਾਲ
ਕਦੇ ਵੀ ਕਿਸੇ ਦੀ ਤ੍ਰੇਹ ਨਾ ਬੁਝੇ…

ਜੇ ਤੂੰ ਮੌਸਮ ਹੈਂ ਬਹਾਰ ਦਾ
ਤਾਂ ਮੈਂ ਵੀ ਹਾਂ ਪਤਝੜ ਦੀ ਰੁੱਤ
ਮੇਰੇ ਪਿਛੇ ਪਿਛੇ ਹੀ ਰਹਿੰਦਾ ਤੂੰ
ਭਾਂਵੇਂ ਰੁਖ ਨੇ ਮੇਰੇ ਰੁੰਡ-ਮੁੰਡ…

ਜੇ ਤੂੰ ਸੰਗੀਤ ਹੈ
ਸੁਰੀਲਾ ਕਿਸੇ ਵੰਝਲੀ ਦਾ,
ਤਾਂ ਗੀਤ ਮੈਂ ਬਿਰਹਾ ਦਾ,
ਵਸਲ ਨਾਲੋਂ ਤਾਂ ਕਿਤੇ ਗੂੜ੍ਹੀ ਹੈ
ਮੇਰੇ ਹਰ ਗੀਤ ਦੀ ਵੀ ਰੰਗਤ…

ਜੇ ਤੂੰ ਚਮਕੇਂ ਚੰਨ ਵਾਂਗਰ,
ਤਾਂ ਮੈਂ ਵੀ ਚਕਵੀ ਦੀ ਤਕਣੀ ਰਖਾਂ,
ਤੈਨੂੰ ਵੇਖ ਵੇਖ ਕੇ ਜੀਵਾਂ
ਤੇ ਤੈਨੂ ਹੀ ਸੋਚਦੀ ਸੋਚਦੀ ਮਰ ਜਾਵਾਂ…

ਜੇ ਤੂੰ ਹੈ ਸ਼ਾਮ ਸੰਧੂਰੀ,
ਤਾਂ ਮੈਂ ਵੀ ਹਾਂ ਰਾਤ ਕਜਲੀ,
ਜਿੰਨੀ ਬੀਤਦੀ ਮੈਂ ਜਾਵਾਂ,
ਓਹਨੀ ਹੀ ਹੋਰ ਗਾਹਿਰਾਵਾਂ…

ਜੇ ਤੂੰ ਹੈ ਸਾਉਣ ਦੀ ਠੰਢੀ 'ਵਾ,
ਤਾਂ ਮੈਂ ਵੀ ਹਾਂ ਹਵਾ ਪੁਰੇ ਦੀ,
ਮੇਰੇ ਗਮਾਂ ਦੇ ਰੋਟ ਵੀ
ਤੰਦੂਰੀ ਹੋ ਗਏ ਇਹਦੇ ਸੇਕ ਵਿਚ..

ਜੇ ਤੂੰ ਪੁੰਨਿਆ ਦੀ ਰਾਤ
ਤਾਂ ਮੈਂ ਮੱਸਿਆ ਪੋਹ ਮਾਘ ਦੀ,
ਠੰਢੀ ਸਰਦ ਹਨੇਰੀ ਧੁੰਦਲੀ,
ਕਿ ਰਾਹ ਵੀ ਕੋਈ ਨਾ ਥਿਆਏ…

ਜੇ ਤੂੰ ਕੋਈ ਬੁਲੰਦ ਅਰਸ਼ੀ ਇਮਾਰਤ,
ਤਾਂ ਮੈਂ ਵੀ ਹਾਂ ਐਸਾ ਥੇਹ,
ਜੀਹਦੀ ਹਰ ਇੱਟ ਥੱਲੇ
ਕਈ ਦਾਸਤਾਨਾਂ ਹਨ ਉੱਕਰੀਆਂ…

ਜੇ ਤੂੰ ਹੈ ਬਸੰਤ ਦਾ ਪੀਲਾ ਫੁੱਲ,
ਤਾਂ ਮੇਰਾ ਚੇਹਰਾ ਵੀ ਪੂਰਾ ਜ਼ਰਦ,
ਜਿਵੇਂ ਮੇਰੇ ਸ਼ਗਨਾਂ ਦੇ ਵਟਨੇ 'ਚ
ਕਿਸੇ ਬੇਦਿਲੇ ਨੇ ਦਿੱਤਾ ਪਤਝੜ ਰਲਾ…

ਫ਼ਰਕ ਤਾਂ ਕੋਈ ਖਾਸ ਨਹੀਂ
ਤੇਰੇ ਤੇ ਮੇਰੇ ਵਿਚ…