-ਜਸਵਿੰਦਰ ਸਿੰਘ ਅਨਾਮ
ਅਜੋਕੇ ਸਮੇ ਵਿੱਚ ਇੱਕ ਦੂਜੇ ਦੇ ਸਹਾਰੇ ਤੋਂ ਬਿਨਾ ਜਿਉਣਾ ਜੇ ਅਸੰਭਵ ਨਹੀਂ ਤਾਂ ਬਹੁਤ ਔਖਾ ਜਰੂਰ ਹੈ । ਫਰਜ਼ ਕਰੋ , ਅੰਨ੍ਹੈਵਾਹ ਦੌੜ ਰਹੀ ਦੁਨੀਆਂ ਵਿੱਚ ਅੱਜ ਜੇ ਸਾਨੂੰ ਇੱਕ ਇੱਕ ਇੱਟ ਆਪ ਪੱਥ , ਪਕਾਕੇ ਛੱਤ ਪਉਣ ਤੱਕ ਆਪ ਕਰਨਾ ਪਏ ਤਾਂ ਨਾਨੀ ਭੁੱਲ ਜਾਏ , ਪਰ ਆਲੀਸ਼ਾਨ ਬੰਗਲੇ ਵਿੱਚ ਪੈਰ ਪਉਣ ਤੋਂ ਪਹਿਲਾਂ ਸਾਡਾ ਸਾਰਾ ਜ਼ੋਰ ਉਸ ਪੁਜਾਰੀ ਨੂੰ ਖੁਸ਼ ਕਰਨ ਉੱਤੇ ਲੱਗਿਆ ਹੁੰਦਾ ਹੈ , ਜਿਸ ਨੂੰ ਜੇ , ਦੋ ਇੱਟਾਂ ਚੁਕਾ ਦਿੱਤੀਆਂ ਜਾਣ ਤਾਂ ਵਿਚਾਰਾ ਮੂਧੇ ਮੂੰਹ ਡਿੱਗਿਆ ਮਿਲੇ , ਦੂਜਾ ਨੰਬਰ ਸਾਡੇ ਤੋਂ ਵੱਡਾ ਸਮਾਜਿਕ ਜਾਂ ਆਰਥਿਕ ਰੁਤਬਾ ਰੱਖਣ ਵਾਲਿਆਂ ਦਾ ਪਰ ਉਹ ਮਜਦੂਰ ਜਿਸ ਨੇ ਹਰ ਇੱਟ ਦਾ ਭਾਰ ਆਪਣੇ ਤਨ ਤੇ ਹੰਢਾਇਆ ਹੈ ਸਾਡੇ ਚੇਤੇ ਵਿੱਚੋਂ ਬਿਲਕੁਲ ਮਨਫੀ ਹੁੰਦਾ ਹੈ ।
ਪੁਰਾਣੀ ਸੁਣੀ ਸੁਣਾਈ ਗੱਲ ਹੈ ਕਿ ਕਿਸੇ ਪਿੰਡ ਦੇ ਚੌਧਰੀ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਧੀ ਦਾ ਵਿਆਹ ਕੀਤਾ । ਲੋਕ ਚਰਚਾ ਹੋਈ ਪਰ ਇਕ ਦਿਨ ਬਹੁਤ ਹੀ ਗਰੀਬ ਆਦਮੀ ਸੱਥ ‘ਚ ਬੈਠਾ ਕਹਿਣ ਲੱਗਾ ਕਿ ਚੌਧਰੀ ਭਾਵੇਂ ਕ੍ਰੋੜਾਂ ਖਰਚ ਦਿੰਦਾ ਕਰ ਜੋ ਮੈਂ ਆਪਣੀ ਧੀ ਦੇ ਵਿਆਹ ਲਈ ਕੀਤਾ ਹੈ ਉਸ ਦੇ ਬਰਾਬਰ ਚੌਧਰੀ ਕੁਝ ਨਹੀਂ ਹੈ । ਲੋਕ ਹੈਰਾਨ ਸਨ ਗਰੀਬ ਕਹਿਣ ਲੱਗਾ ਮੈਂ ਹੁਣ ਤੱਕ ਆਪਣੀ ਜ਼ਿੰਦਗੀ ਵਿੱਚ ਪੰਜ ਸੌ ਰੁਪਏ ਜੋੜੇ ਸਨ ਤੇ ਧੀ ਦੇ ਵਿਆਹ ਲਈ ਪੰਜ ਸੌ ਦਾ ਕਰਜਾ ਲਿਆ ਸੀ ਤੇ ਆਪਣੀ ਰਹਿੰਦੀ ਜ਼ਿੰਦਗੀ ਉਹ ਕਰਜਾ ਲਹੁੰਦਿਆਂ ਗੁਜ਼ਾਰ ਦੇਣੀ ਹੈ ਇਸ ਤਰ੍ਹਾਂ ਮੈਂ ਆਪਣੀ ਸਾਰੀ ਉਮਰ ਆਪਣੀ ਧੀ ਲੇਖੇ ਲਾ ਦਿੱਤੀ ।
ਇਹ ਕਹਾਣੀ ਬਹੁਤ ਕੁਝ ਲੁਕੋਈ ਬੈਠੀ ਹੈ । ਔਖੇ ਸਮੇ ਕੋਈ ਆਪਣੇ ਕੋਲ ਨੜਿੰਨਵੇਂ ਹੁੰਦਿਆਂ ਕਿਸੇ ਹੀਲੇ ਵਸੀਲੇ ਸੌ ਰੁਪਏ ਨਾਲ ਸਾਡੀ ਮੱਦਦ ਕਰਦਾ ਹੈ ਤੇ ਉਪਰਲੇ ਇੱਕ ਰੁਪਏ ਦਾ ਕਰਜ ਉਤਾਰਨ ਲਈ ਆਪਣਾ ਆਪ ਦਾਅ ਉੱਤੇ ਲਾ ਦਿੰਦਾ ਹੈ ਪਰ ਦੂਜਾ ਲੱਖ ਵਿੱਚੋਂ ਇੱਕ ਸੌ ਇੱਕ ਦੇ ਕੇ ਬਾਜੀ ਲੈ ਜਾਂਦਾ ਹੈ । ਸਾਡੇ ਲਈ ਕਿਸੇ ਦੀ ਬਰਬਾਦ ਹੋਈ ਜ਼ਿੰਦਗੀ ਮਾਇਨੇ ਨਹੀਂ ਰਖਦੀ । ਅਸੀਂ ਸੌ ਵਾਲੇ ਨਾਲ ਗੱਲ ਕਰਨੀ ਆਪਣੀ ਹੱਤਕ ਸਮਝਦੇ ਹਾਂ ਕਿ ਇੱਕ ਸੌ ਇੱਕ ਵਾਲਾ ਕੀ ਆਖੇਗਾ ।