Monday, October 10, 2011

ਫੇਸਬੁੱਕ ਅਤੇ ਮੈਂਟਲ ਹਸਪਤਾਲ (ਕਹਾਣੀ)

-ਸ਼ਿਵਚਰਨ ਜੱਗੀ ਕੁੱਸਾ

ਅੱਜਕਲ੍ਹ ਲੰਦਨ ਦੇ ਪੰਜਾਬੀ ਭਾਈਚਾਰੇ ਵਿਚ ਇਕ ਅਜੀਬ ਹੀ ਦੰਦ-ਕਥਾ ਛਿੜੀ ਹੋਈ ਸੀ। ਕਸੂਰ ਪਤਾ ਨਹੀਂ ਕਿਸ ਦਾ ਸੀ? ਪਰ ਬਹੁਤਾ ਦੋਸ਼ ਭਾਈਚਾਰਾ ਹਰਪਾਲ ਕੌਰ ਨੂੰ ਹੀ ਦੇ ਰਿਹਾ ਸੀ। ਹਰਪਾਲ 46 ਕੁ ਸਾਲ ਦੀ ਤਲਾਕਸ਼ੁਦਾ ਔਰਤ ਸੀ। ਉਸ ਦੇ ਘਰਵਾਲੇ ਨੇ ਉਸ 'ਤੇ ਘੋਰ ਤਸ਼ੱਦਦ ਕੀਤਾ। ਪਰ ਉਹ ਦੁਨੀਆਂ ਦੀ ਲੋਕ-ਲਾਜ ਪੱਖੋਂ ਤਲਾਕ ਨਹੀਂ ਲੈ ਰਹੀ ਸੀ ਕਿ ਲੋਕ ਉਸ ਨੂੰ 'ਛੁੱਟੜ' ਆਖਣਗੇ ਅਤੇ ਸੜੇ ਅਤੇ ਕਰੂਪ ਬੰਦੇ ਵੀ ਉਸ 'ਤੇ ਲਾਲਾਂ ਸੁੱਟਣਗੇ। ਆਦਮੀ ਔਰਤ ਦੇ ਦੁਆਲੇ ਇਕ 'ਵਾੜ' ਹੁੰਦਾ ਹੈ। ਜਦੋਂ ਆਦਮੀ ਵਾਲੀ 'ਵਾੜ' ਪਾਸੇ ਹਟ ਜਾਂਦੀ ਹੈ ਤਾਂ ਹਰ ਕੁੱਤਾ-ਬਿੱਲਾ ਬਦਨੀਤ ਨਾਲ ਔਰਤ ਦੇ ਵਿਵਰਜਤ ਦਾਇਰੇ ਅੰਦਰ 'ਘੁਸਣ' ਦੀ ਕੋਸ਼ਿਸ਼ ਕਰਦਾ ਹੈ। ਕਈ ਤਰ੍ਹਾਂ ਦੇ ਬਲ-ਪ੍ਰਦਰਸ਼ਨ ਕਰਦਾ ਹੈ। ਕਈ ਤਰ੍ਹਾਂ ਦੇ ਜਾਲ ਵਿਛਾਉਂਦਾ ਹੈ ਅਤੇ ਕਈ ਤਰ੍ਹਾਂ ਦੇ ਸਟੰਟ ਵੀ ਖੇਡਦਾ ਹੈ। ਕਦੇ ਕੋਈ ਲਾਲਚ ਦਿੰਦਾ ਹੈ ਅਤੇ ਕਦੇ ਮੋਹ-ਮੁਹੱਬਤ ਦਾ 'ਢੌਂਗ' ਰਚਾ ਕੇ ਔਰਤ ਦੀ ਇੱਜ਼ਤ ਨਾਲ ਖੇਡਣਾਂ ਚਾਹੁੰਦਾ ਹੈ। ਇਹ ਗੱਲਾਂ ਸੋਚ ਕੇ ਹਰਪਾਲ ਚੁੱਪ ਚਾਪ ਪਤੀ-ਦੇਵ ਦੇ ਤਸੀਹੇ ਜਰਦੀ ਆ ਰਹੀ ਸੀ। ਪਰ ਜਦੋਂ ਕੁੱਟ-ਮਾਰ ਅਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਪਾਣੀ ਹਰਪਾਲ ਦੇ ਸਿਰ ਉਪਰੋਂ ਦੀ ਲੰਘ ਗਿਆ ਤਾਂ ਉਸ ਨੂੰ ਤਲਾਕ ਲੈਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਬਿਨਾ ਉਸ ਨੂੰ ਹੋਰ ਕੋਈ ਚਾਰਾ ਨਹੀਂ ਦਿਸਦਾ ਸੀ। ਪਰ ਤਲਾਕ ਲੈਣ ਤੋਂ ਬਾਅਦ ਉਸ ਨੂੰ ਇਹ ਮਹਿਸੂਸ ਜ਼ਰੂਰ ਹੋਇਆ ਸੀ ਕਿ ਉਹ ਜੱਗ-ਜਹਾਨ ਵਿਚ 'ਇਕੱਲੀ' ਜਾਨ ਰਹਿ ਗਈ ਸੀ। ਉਹ ਆਪਣੇ-ਆਪ ਨੂੰ ਭਾਈਚਾਰੇ ਵਿਚੋਂ 'ਛੇਕੀ' ਮਹਿਸੂਸ ਕਰਦੀ ਅਤੇ ਕਿਸੇ ਪਾਰਟੀ ਜਾਂ ਵਿਆਹ-ਸ਼ਾਦੀ 'ਤੇ ਜਾਣੋਂ ਵੀ ਕੰਨੀਂ ਕਤਰਾਉਂਦੀ। ਬੇਸ਼ਰਮ ਜਿਹੀ ਬਣ ਕੇ ਉਹ ਸ਼ਰੀਕੇ-ਕਬੀਲੇ ਵਿਚ ਵਿਚਰ ਨਹੀਂ ਸਕਦੀ ਸੀ। ਪਰ ਇਕ ਪੱਖੋਂ ਉਹ ਆਪਣੇ-ਆਪ ਨੂੰ ਅਜ਼ਾਦ ਅਤੇ ਹਲਕੀ-ਹਲਕੀ ਵੀ ਮਹਿਸੂਸ ਕਰਦੀ ਸੀ।

ਬੱਚੇ ਉਸ ਦੇ ਵੱਡੇ ਅਤੇ ਆਪੋ ਆਪਣੇ ਕਿੱਤਿਆਂ 'ਤੇ ਲੱਗੇ ਹੋਏ ਸਨ। ਵੱਡੀ ਕੁੜੀ ਦੀ ਤਾਂ 'ਕੁੜਮਾਈ' ਵੀ ਹੋ ਚੁੱਕੀ ਸੀ। ਕੁੜਮਾਈ 'ਤੇ ਵੀ ਇਕੱਲੀ ਹਰਪਾਲ ਨੂੰ ਬੜੀ ਮਾਯੂਸੀ ਹੋਈ ਸੀ ਕਿ ਲੋਕ ਕੀ ਆਖਣਗੇ ਕਿ ਉਹ 'ਛੱਡੀ' ਹੋਈ ਸੀ? ਉਥੇ ਵੀ ਉਸ ਦਾ ਡੁੱਬ ਮਰਨ ਨੂੰ ਜੀਅ ਕਰਦਾ ਸੀ। ਜਦੋਂ 'ਜੋੜੀਆਂ' ਇਕੱਠੀਆਂ 'ਡਾਂਸ' ਕਰਦੀਆਂ ਤਾਂ ਹਰਪਾਲ ਆਪਣੇ-ਆਪ ਨੂੰ 'ਊਣੀਂ' ਮਹਿਸੂਸ ਕਰਦੀ ਅਤੇ ਉਸ ਦੇ ਅੰਦਰੋਂ ਇਕਲਾਪੇ ਦਾ 'ਹਾਉਕਾ' ਉਠਦਾ। ਅਰਮਾਨ ਇਕ ਦਮ ਖਿੜ ਕੇ ਮੁਰਝਾ ਜਾਂਦੇ।

ਇਹਨਾਂ ਮਾਨਸਿਕ ਹਾਲਾਤਾਂ ਕਾਰਨ ਹਰਪਾਲ 'ਡਿਪਰੈਸ਼ਨ' ਵਿਚ ਰਹਿਣ ਲੱਗ ਪਈ। ਨਾਲ ਕੰਮ ਕਰਨ ਵਾਲੀਆਂ ਨੇ ਉਸ ਨੂੰ ਆਪਣੇ-ਆਪ ਨੂੰ 'ਬਿਜ਼ੀ' ਰੱਖਣ ਲਈ ਸਲਾਹ ਦਿੱਤੀ ਅਤੇ ਕਈਆਂ ਨੇ ਉਸ ਨੂੰ 'ਫ਼ੇਸਬੁੱਕ' ਅਕਾਊਂਟ ਬਣਾਉਣ ਦਾ ਵਿਚਾਰ ਦਿੱਤਾ। 'ਫ਼ੇਸਬੁੱਕ' ਵਾਲਾ ਵਿਚਾਰ ਉਸ ਨੂੰ 'ਮੇਚ' ਆਇਆ ਕਿ ਚਲੋ ਘਰੇ ਬੈਠੀ ਦੇ ਹੀ ਦੋਸਤ ਬਣਨਗੇ ਅਤੇ ਮੇਰਾ ਸਮਾਂ ਵਧੀਆਂ ਲੰਘ ਜਾਇਆ ਕਰੇਗਾ। ਉਸ ਨੇ ਆਪਣਾ ਫ਼ੇਸਬੁੱਕ ਅਕਾਊਂਟ ਬਣਾ ਲਿਆ ਅਤੇ 'ਫ਼ੀਮੇਲ' ਦੇਖ ਕੇ ਉਸ ਨਾਲ ਧੜਾ-ਧੜ 'ਦੋਸਤ' ਜੁੜਨੇ ਸ਼ੁਰੂ ਹੋ ਗਏ। ਕਈ ਵਾਰ ਉਸ ਨੂੰ ਘੋਰ ਹੈਰਾਨਗੀ ਹੁੰਦੀ, ਜਦੋਂ ਉਸ ਦੀ ਬੱਚਿਆਂ ਦੀ ਉਮਰ ਦੇ ਮੁੰਡੇ ਵੀ ਉਸ ਨੂੰ 'ਪ੍ਰੇਮ' ਦੇ ਪ੍ਰਸਤਾਵ ਰੱਖਦੇ। ਪੰਜਾਬ ਵਿਚ ਬੈਠੇ ਬੇਰੁਜ਼ਗਾਰ ਮੁੰਡੇ ਉਸ ਦੀ 'ਅਸਲੀਅਤ' ਜਾਣ ਕੇ ਉਸ ਦੇ 'ਹੋਰ' ਨੇੜੇ ਹੋਣਾਂ ਚਾਹੁੰਦੇ ਅਤੇ ਤਲਾਕਸ਼ੁਦਾ ਨਾਲ ਵਿਆਹ ਕਰਵਾ ਕੇ ਇੰਗਲੈਂਡ ਆਉਣਾ ਲੋਚਦੇ। ਉਹਨਾਂ ਨੂੰ ਹਰਪਾਲ ਦੀ ਵੱਡੀ ਉਮਰ ਨਾਲ ਕੋਈ ਸਰੋਕਾਰ ਨਹੀਂ ਸੀ। ਹਰਪਾਲ ਕਈ ਵਾਰ ਉਹਨਾਂ ਨੂੰ ਇਹ ਵੀ ਦੱਸਦੀ ਕਿ ਮੇਰੇ ਤਾਂ ਬੱਚੇ ਤੁਹਾਡੀ ਉਮਰ ਦੇ ਨੇ। ਪਰ ਅਗਲੇ ਪਿਆਰ ਅਤੇ ਜੰਗ ਵਿਚ ਸਭ ਕੁਝ 'ਜਾਇਜ਼' ਦੱਸਦੇ। ਪਰ 'ਅਸਲ' ਮਕਸਦ ਉਹਨਾਂ ਦਾ ਅੱਧਖੜ੍ਹ ਔਰਤ ਦੇ ਘਨੇੜ੍ਹੀਂ ਚੜ੍ਹ ਕੇ ਵਲਾਇਤ ਪਹੁੰਚਣ ਦਾ ਹੀ ਸੀ। ਕਈ ਵਾਰ ਹਰਪਾਲ ਡੋਲ ਵੀ ਜਾਂਦੀ। ਪਰ ਫ਼ਿਰ ਬੱਚਿਆਂ ਦੀ ਉਮਰ ਅਤੇ ਉਹਨਾਂ ਦੇ ਪ੍ਰਤੀਕਰਮ ਬਾਰੇ ਸੋਚ ਕੇ ਸੰਭਲ ਜਾਂਦੀ। ਬਾਹਰ ਆਉਣ ਦੇ ਸ਼ੌਕੀਨ ਮੁੰਡੇ ਉਸ ਨੂੰ ਬਥੇਰਾ ਗੱਲਾਂ ਵਿਚ ਲਿਆਉਂਦੇ। ਪਰ ਉਹ ਲੰਮੀ ਸੋਚ ਕੇ ਦੜ ਵੱਟ ਜਾਂਦੀ। ਉਸ ਦਾ ਹਿਰਦਾ ਜ਼ਰੂਰ ਥਿੜਕਦਾ।

ਹੁਣ ਉਸ ਕੋਲ ਡੇੜ੍ਹ ਸੌ ਤੋਂ ਉਪਰ 'ਦੋਸਤ' ਬਣ ਗਏ ਸਨ। ਉਹ ਉਹਨਾਂ ਨੂੰ 'ਮੈਸਿਜ਼' ਕਰਨ ਵਿਚ ਪਰਚੀ ਰਹਿੰਦੀ। ਟਾਈਮ ਉਸ ਦਾ ਸੋਹਣਾ ਪਾਸ ਹੋਣ ਲੱਗ ਪਿਆ ਸੀ। ਉਹ ਫ਼ੇਸਬੁੱਕ ਵਾਲਿਆਂ ਨੂੰ ਸੌ-ਸੌ ਅਸੀਸ ਦਿੰਦੀ। ਫ਼ੇਸਬੁੱਕ 'ਤੇ ਜਦ ਦਾ ਉਸ ਦਾ ਗੁਰਕੀਰਤ ਸਿੰਘ 'ਮਿੱਤਰ' ਬਣਿਆਂ ਸੀ, ਓਦੋਂ ਤੋਂ ਉਸ ਦਾ ਮਨ ਫ਼ੇਸਬੁੱਕ ਵਾਲਿਆਂ ਤੋਂ ਬਲਿਹਾਰੇ ਜਾਣ ਨੂੰ ਕਰਦਾ ਸੀ! ਫ਼ੇਸਬੁੱਕ 'ਤੇ ਜਾਣਕਾਰੀ ਅਨੁਸਾਰ ਗੁਰਕੀਰਤ ਦੀ ਉਮਰ 48 ਸਾਲ ਦੀ ਸੀ। ਮਤਲਬ ਹਰਪਾਲ ਤੋਂ ਦੋ ਸਾਲ ਵੱਡਾ! ਉਹ ਗੁਰਕੀਰਤ ਨੂੰ ਦਿਨ ਵਿਚ ਸੌ-ਸੌ ਮੈਸਿਜ਼ ਕਰਦੀ। ਗੁਰਕੀਰਤ ਉਸ ਨੂੰ ਮੈਸਿਜ਼ ਕਰਦਾ। ਹੁਣ ਹਰਪਾਲ ਨੂੰ ਦੁਨੀਆਂ 'ਹੁਸੀਨ' ਲੱਗਣ ਲੱਗ ਪਈ ਸੀ। ਹਵਾ ਲੋਰੀਆਂ ਦਿੰਦੀ ਜਾਪਦੀ ਅਤੇ ਸੂਰਜ ਦੀਆਂ ਕਿਰਨਾਂ ਰਹਿਮਤ ਵੰਡਦੀਆਂ ਲੱਗਦੀਆਂ। ਦਿਨ ਰਾਤ ਗੁਰਕੀਰਤ ਉਸ ਦੇ ਦਿਲ-ਦਿਮਾਗ 'ਤੇ ਛਾਇਆ ਰਹਿੰਦਾ। ਗੁਰਕੀਰਤ ਨੇ ਹਰਪਾਲ ਨੂੰ ਲੂਟਨ ਦਾ ਵਸਨੀਕ ਦੱਸਿਆ ਹੋਇਆ ਸੀ ਅਤੇ ਇਹੀ ਪਤਾ ਉਸ ਦੀ ਫ਼ੇਸਬੁੱਕ 'ਤੇ ਦਰਜ਼ ਸੀ। ਪਰ ਸੰਗਦੀ ਹੋਣ ਕਾਰਨ ਹਰਪਾਲ ਗੁਰਕੀਰਤ ਨਾਲ ਕਦੇ ਵੀ ਫ਼ੋਨ ਕਰਨ ਲਈ ਦਿਲ ਨਾ ਕੱਢਦੀ। ਪਤਾ ਨਹੀਂ ਉਸ ਅੰਦਰ ਕੀ ਹੀਣ-ਭਾਵਨਾਂ ਜਾਂ ਸ਼ਰਮ ਵਸੀ ਹੋਈ ਸੀ? ਹਰਪਾਲ ਸ਼ੁਰੂ ਤੋਂ ਹੀ ਇੱਜ਼ਤਦਾਰ ਅਤੇ ਸ਼ਰਮਾਕਲ ਕਿਸਮ ਦੀ ਔਰਤ ਸੀ। ਆਪਦੇ ਆਦਮੀ ਤੋਂ ਬਿਨਾ ਅੱਜ ਤੱਕ ਉਹ ਕਿਸੇ ਵਲ ਝਾਕੀ ਨਹੀਂ ਸੀ। ਇਸ ਲਈ ਉਹ ਗੁਰਕੀਰਤ ਦੇ ਮਾਨਸਿਕ ਤੌਰ 'ਤੇ ਤਾਂ ਨੇੜੇ ਆ ਗਈ ਸੀ, ਪਰ ਨੇੜੇ ਆਉਣੋਂ ਕਤਰਾਉਂਦੀ ਸੀ। ਇਕ-ਦੋ ਵਾਰ ਉਹਨਾਂ ਨੇ ਫ਼ੋਨ 'ਤੇ ਗੱਲ ਜ਼ਰੂਰ ਕੀਤੀ ਸੀ। ਪਰ ਹਰਪਾਲ ਜਦੋਂ ਵੀ ਗੁਰਕੀਰਤ ਨਾਲ ਫ਼ੋਨ 'ਤੇ ਗੱਲ ਕਰਦੀ ਤਾਂ ਉਸ ਦੀਆਂ ਤਲੀਆਂ ਵਿਚ ਮੁੜ੍ਹਕਾ ਆ ਜਾਂਦਾ ਅਤੇ ਮੱਥੇ 'ਤੇ ਕੱਚੀ ਤਰੇਲੀ ਆਉਂਦੀ। ਉਹ ਫ਼ੋਨ 'ਤੇ ਗੂੰਗੀ-ਬੋਲੀ ਹੀ ਹੋ ਜਾਂਦੀ। ਇਕ ਕਦਮ ਵੀ ਉਸ ਨਾਲ ਅੱਗੇ ਵਧਣੋਂ ਰੁਕ ਜਾਂਦੀ।

ਹੁਣ ਗੁਰਕੀਰਤ ਅਤੇ ਹਰਪਾਲ ਦੀ 'ਮਿੱਤਰਤਾਈ' ਨੂੰ ਤਕਰੀਬਨ ਤਿੰਨ ਮਹੀਨੇ ਬੀਤ ਗਏ ਸਨ। ਉਹਨਾਂ ਦੀ 'ਚੈਟਿੰਗ' ਅਤੇ 'ਮੈਸਿਜ਼' ਅਜੇ ਵੀ ਨਿਰੰਤਰ ਜਾਰੀ ਸਨ। ਹੁਣ ਹਰਪਾਲ ਉਸ ਨਾਲ ਕਾਫ਼ੀ 'ਖੁੱਲ੍ਹ' ਗਈ ਸੀ ਅਤੇ ਨੰਗੇਜ਼ ਭਰੇ ਸੁਨੇਹਿਆਂ ਦਾ ਆਦਾਨ-ਪ੍ਰਦਾਨ ਹੋਣ ਲੱਗ ਪਿਆ ਸੀ। ਕਈ ਸੁਨੇਹੇਂ ਤਾਂ ਅੱਤ ਦਰਜੇ ਦੇ ਅਸ਼ਲੀਲ ਹੁੰਦੇ। ਪਰ ਜੋ ਕੁਝ ਉਹ ਫ਼ੋਨ 'ਤੇ ਕਹਿਣੋਂ ਜਕਦੀ, ਉਹ ਫ਼ੇਸਬੁੱਕ ਦੇ ਸੁਨੇਹੇਂ ਵਿਚ ਨਿਸ਼ੰਗ ਲਿਖ ਦਿੰਦੀ।

ਹੁਣ ਗੁਰਕੀਰਤ ਉਸ ਨੂੰ ਮਿਲਣ ਲਈ ਜੋਰ ਪਾਉਣ ਲੱਗ ਪਿਆ ਸੀ। ਹਰਪਾਲ ਨੂੰ ਡਰ ਸੀ ਕਿ ਜੇ ਗੁਰਕੀਰਤ ਨੂੰ ਕੋਈ 'ਹੁੰਗਾਰਾ' ਨਾ ਦਿੱਤਾ ਤਾਂ ਗੁਰਕੀਰਤ ਉਸ ਤੋਂ ਪਿੱਛੇ ਹਟ ਜਾਵੇਗਾ ਅਤੇ ਉਹ ਫ਼ਿਰ ਜੱਗ-ਜਹਾਨ ਵਿਚ ਇਕੱਲੀ ਰਹਿ ਜਾਵੇਗੀ। ਲੰਮੀ ਸੋਚ ਵਿਚਾਰ ਤੋਂ ਬਾਅਦ ਉਸ ਨੇ ਇਕ ਸ਼ਨੀਵਾਰ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਲਿਆ। ਹਰਪਾਲ ਸੋਚਦੀ ਸੀ ਕਿ ਜੇ ਗੁਰਕੀਰਤ ਨਾਲ ਸੋਹਣੇ ਦਿਨ ਬਿਤਾਉਣੇ ਸਨ ਤਾਂ ਇਕ ਨਾ ਇਕ ਦਿਨ ਤਾਂ ਉਸ ਨੂੰ ਮਿਲਣਾ ਹੀ ਪਵੇਗਾ? ਜੇ ਉਸ ਨੇ ਰਹਿੰਦੀ ਜ਼ਿੰਦਗੀ ਨੂੰ ਰੰਗਤ ਦੇਣੀ ਹੈ, ਭਵਿੱਖ ਸਿਰਜਣਾ ਹੈ ਤਾਂ ਗੁਰਕੀਰਤ ਨੂੰ ਲਾਜ਼ਮੀ ਮਿਲਣਾ ਹੋਵੇਗਾ। ਮਿਲਣ ਬਿਨਾਂ ਉਹਨਾਂ ਦੀ ਗੱਲ ਅੱਗੇ ਕਿਸ ਤਰ੍ਹਾਂ ਵਧੇਗੀ? ਜੇ ਤੁਸੀਂ ਕਿਸੇ ਪਿੰਡ ਦਾ ਰਾਹ ਨਹੀਂ ਪੁੱਛੋਂਗੇ ਤਾਂ ਉਸ ਪਿੰਡ ਪਹੁੰਚੋਂਗੇ ਕਿਸ ਤਰ੍ਹਾਂ....? ਇਹ ਸੋਚ ਕੇ ਹਰਪਾਲ ਗੁਰਕੀਰਤ ਨੂੰ ਮਿਲਣ ਲਈ ਰਾਜ਼ੀ ਹੋ ਗਈ ਸੀ। ਉਸ ਦੀ ਫ਼ੇਸਬੁੱਕ 'ਤੇ ਲੱਗੀ ਫ਼ੋਟੋ ਹਰਪਾਲ ਦਾ ਕਾਲਜਾ ਕੱਢ ਲੈਂਦੀ। ਜਿੰਨੇ ਵਾਰ ਵੀ ਉਹ ਫ਼ੇਸਬੁੱਕ ਖੋਲ੍ਹਦੀ, ਉਤਨੀ ਵਾਰ ਹੀ ਗੁਰਕੀਰਤ ਦੀ ਫ਼ੋਟੋ ਉਸ ਦੇ ਧੁਰ-ਹਿਰਦੇ ਅੰਦਰ 'ਧੂਹ' ਪਾਉਂਦੀ। ਕਾਲਜਾ ਕੱਢ ਲੈਂਦੀ।

ਆਉਂਦੇ ਸ਼ਨੀਵਾਰ ਨੂੰ ਉਹਨਾਂ ਨੇ ਮਿਲਣ ਦਾ ਪ੍ਰੋਗਰਾਮ ਬਣਾ ਲਿਆ। ਹਰਪਾਲ ਉਸ ਦਿਨ ਤੋਂ ਹੀ ਤਿਆਰ ਹੋਣ ਲੱਗ ਪਈ। ਉਹ ਨਹੀਂ ਚਾਹੁੰਦੀ ਸੀ ਕਿ ਮੇਰੇ ਗੁਰਕੀਰਤ ਜੀ ਨੂੰ ਮੇਰੇ ਵਿਚ ਕੋਈ 'ਘਾਟ' ਜਾਂ 'ਕਮੀ' ਨਜ਼ਰ ਆਵੇ! ਫ਼ੋਟੋ ਅਨੁਸਾਰ ਉਸ ਦੇ ਗੁਰਕੀਰਤ ਜੀ ਤਾਂ ਦੁਨੀਆਂ ਨਾਲੋਂ ਦਿਲਕਸ਼ ਅਤੇ ਖ਼ੂਬਸੂਰਤ ਸਨ। ਉਹ ਨਹੀਂ ਚਾਹੁੰਦੀ ਸੀ ਕਿ ਪਹਿਲੀ ਨਜ਼ਰ ਵਿਚ ਹੀ ਉਸ ਦੇ ਗੁਰਕੀਰਤ ਜੀ ਉਸ ਨੂੰ 'ਨਕਾਰ' ਦੇਣ!

ਸ਼ਨੀਵਾਰ ਦਾ ਸੁਭਾਗਾ ਦਿਨ ਵੀ ਆ ਗਿਆ। ਹਰਪਾਲ ਸਵੇਰ ਤੋਂ ਹੀ ਤਿਆਰ ਹੋ ਰਹੀ ਸੀ। ਉਹਨਾਂ ਨੇ ਇਕ ਹੋਟਲ ਵਿਚ ਮਿਲਣ ਦਾ ਪ੍ਰੋਗਰਾਮ ਬਣਾਇਆ ਸੀ। ਜਦੋਂ ਮਿਥੇ ਸਮੇਂ ਅਨੁਸਾਰ ਹਰਪਾਲ ਹੋਟਲ ਦੀ 'ਲੌਬੀ' ਵਿਚ ਪਹੁੰਚੀ ਤਾਂ ਅੱਗੇ ਉਸ ਦੇ ਗੁਰਕੀਰਤ ਜੀ ਦੀ ਜਗਾਹ ਉਸ ਦਾ ਕਰੂਪ ਜਿਹੇ ਚਿਹਰੇ ਵਾਲਾ ਗੁਆਂਢੀ 'ਧੱਤੂ' ਬੈਠਾ ਸੀ। ਧੱਤੂ ਦੀ ਇੰਟਰਨੈੱਟ ਕੈਫ਼ੈ ਅਤੇ ਮੋਬਾਈਲ ਵੇਚਣ ਦੀ ਦੁਕਾਨ ਸੀ। ਹਰਪਾਲ ਨੂੰ ਦੇਖ ਕੇ ਉਸ ਦੀਆਂ ਬਾਛਾਂ ਖਿੜ ਗਈਆਂ। ਧੱਤੂ ਨੇ ਬਘਿਆੜ ਵਾਂਗ ਮੂੰਹ ਖੋਲ੍ਹ ਕੇ ਹਰਪਾਲ ਨੂੰ 'ਹੈਲੋ' ਆਖਿਆ। ਨਾਂ ਤਾਂ ਉਸ ਦਾ ਧਨਵੰਤ ਸੀ। ਪਰ ਪਤਾ ਨਹੀਂ ਲੋਕ ਉਸ ਨੂੰ ਧੱਤੂ ਕਿਉਂ ਆਖਦੇ ਸਨ? ਧੱਤੂ ਨੂੰ ਦੇਖ ਕੇ ਹਰਪਾਲ ਦੇ ਸਾਹ ਮਗਜ ਨੂੰ ਚੜ੍ਹਨ ਵਾਲੇ ਹੋ ਗਏ। ਉਹ ਕਿਸੇ ਹਬਸ਼ਣ ਨਾਲ ਬਲਾਤਕਾਰ ਕਰਨ ਕਰਕੇ ਲੰਮੀ ਜੇਲ੍ਹ ਵੀ ਕੱਟ ਚੁੱਕਿਆ ਸੀ। ਜਦੋਂ ਉਸ ਨੇ ਹਰਪਾਲ ਨੂੰ ਦੇਖ ਕੇ ਦੰਦੀਆਂ ਜਿਹੀਆਂ ਕੱਢੀਆਂ ਤਾਂ ਗਲੀ-ਸੜੀ ਦੰਦਬੀੜ ਨੇ ਹਰਪਾਲ ਦਾ ਮੂੰਹ ਚਿੜਾਇਆ। ਧੱਤੂ ਦਾ ਬੁੱਚੜ ਵਰਗਾ ਚਿਹਰਾ ਹਰਪਾਲ ਨੂੰ ਬੁਰਕ ਵੱਢਣ ਆ ਰਿਹਾ ਸੀ। ਉਸ ਨੇ ਚੁਫ਼ੇਰੇ ਝਾਤੀ ਮਾਰੀ। ਪਰ ਗੁਰਕੀਰਤ ਜੀ ਉਸ ਨੂੰ ਕਿਤੇ ਨਜ਼ਰ ਨਾ ਆਏ। ਉਹ ਖਾਲੀ-ਖਾਲੀ ਅਤੇ ਉਜੜੀਆਂ ਨਜ਼ਰਾਂ ਨਾਲ ਆਸੇ ਪਾਸੇ ਦੇਖ ਰਹੀ ਸੀ।

-'ਗੁਰਕੀਰਤ ਨੂੰ ਲੱਭਦੀ ਐਂ...? ਦਿਲਾਂ ਦਾ ਜਾਨੀ ਤਾਂ ਤੇਰੇ ਸਾਹਮਣੇ ਖੜ੍ਹੈ...!' ਗੱਲ ਕਰਦਾ ਉਹ ਹਲਕੇ ਊਠ ਵਾਂਗ ਉਸ ਦੇ ਉਤੇ ਨੂੰ ਚੜ੍ਹਦਾ ਆ ਰਿਹਾ ਸੀ।

-'............।' ਹਰਪਾਲ ਦਾ ਸਾਹ ਸੰਘੀ ਵਿਚ ਹੀ ਅੜਿਆ ਹੋਇਆ ਸੀ ਅਤੇ ਉਸ ਨੂੰ ਕੋਈ ਗੱਲ ਨਹੀਂ ਸੁੱਝ ਰਹੀ ਸੀ। ਉਸ ਦਾ ਦਿਲ ਫ਼ੜੇ ਕਬੂਤਰ ਵਾਂਗ 'ਫ਼ੜੱਕ-ਫ਼ੜੱਕ' ਵੱਜ ਰਿਹਾ ਸੀ। ਧੜਕ ਨਹੀਂ, ਜਿਵੇਂ ਫ਼ਟ ਰਿਹਾ ਸੀ।

-'ਕਿੰਨੇ ਹੀਲੇ ਕੀਤੇ ਤੈਨੂੰ ਬੁਲਾਉਣ ਦੇ, ਪਰ ਤੂੰ ਕਦੇ ਹਾਂਮੀਂ ਨੀ ਸੀ ਭਰੀ...! ਗਾਰਡਨ 'ਚ ਵੀਹ ਵਾਰੀ 'ਹੈਲੋ' ਕਿਹਾ, ਤੂੰ ਤਾਂ ਨੀ ਕੋਈ ਜਵਾਬ ਦਿੱਤਾ...! ਜਿਉਂਦੇ ਰਹਿਣ ਆਹ ਫ਼ੇਸਬੁੱਕ ਵਾਲੇ, ਜਿਹੜੇ ਸਾਡੇ ਮਿਲਾਪ 'ਚ ਸਹਾਈ ਹੋਏ...!' ਸੁਣ ਕੇ ਹਰਪਾਲ ਨੂੰ ਸਕਤਾ ਮਾਰ ਗਿਆ। ਉਹ ਅਧਰੰਗ ਦੇ ਮਰੀਜ਼ ਵਾਂਗ ਨਿਰਬਲ ਖੜ੍ਹੀ ਸੀ।

-'ਗੁਰਕੀਰਤ ਬਣ ਕੇ ਤੂੰ ਮੇਰੇ ਜਜ਼ਬਾਤਾਂ ਨਾਲ ਖਿਲਵਾੜ ਕਰਦਾ ਰਿਹਾ, ਕਸਾਈਆ...?' ਉਹ ਹਿੱਕ 'ਤੇ ਹੱਥ ਰੱਖੀ, ਪਿੱਛੇ ਹਟਦੀ ਜਾ ਰਹੀ ਸੀ।

-'ਲੋੜ ਕਾਢ ਦੀ ਮਾਂ ਐਂ...! ਜਦੋਂ ਲੋੜ ਪੈਂਦੀ ਐ, ਫ਼ੇਰ ਈ ਆਪਾਂ ਕੋਈ ਕਾਢ ਕੱਢਦੇ ਐਂ...? ਸਿੱਧੀ ਤਰ੍ਹਾਂ ਤਾਂ ਤੂੰ ਮੇਰੇ ਖੁੱਡੇ ਵੜੀ ਨੀ, ਕੁੜੱਕੀ ਤਾਂ ਫ਼ੇਰ ਲਾਉਣੀ ਪੈਣੀਂ ਸੀ...?'

-'.........।' ਹਰਪਾਲ ਦਾ ਦਿਮਾਗ ਸੁੰਨ ਸੀ ਤੇ ਉਸ ਦੀਆਂ ਪੁੜਪੜੀਆਂ 'ਟੱਸ-ਟੱਸ' ਵੱਜੀ ਜਾ ਰਹੀਆਂ ਸਨ। ਉਸ ਨੂੰ ਕਦਾਚਿੱਤ ਉਮੀਦ ਨਹੀਂ ਸੀ ਕਿ ਕੋਈ ਇਤਨਾਂ ਨੀਚ ਕੰਮ ਵੀ ਕਰ ਸਕਦਾ ਸੀ? ਉਸ ਨੂੰ ਸੁੰਨੀ ਸਮਝ ਕਬਜ਼ਾ ਕਰਨ ਦੀ ਸੋਚ ਸਕਦਾ ਸੀ।

-'ਹੋਟਲ 'ਚ ਕਮਰਾ ਬੁੱਕ ਐ...! ਮਹਿਕਾਂ ਵੰਡਦੇ ਫ਼ੁੱਲ ਲਿਆ ਕੇ ਰੱਖੇ ਐ...! ਹੁਣ ਆਪਣਾ ਕੀ ਓਹਲ੍ਹੈ...? ਕਿੰਨੀਆਂ ਗੱਲਾਂ ਤਾਂ ਆਪਾਂ ਕਰ ਚੁੱਕੇ ਐਂ...! ਚੱਲ ਉਪਰ ਚੱਲੀਏ...! ਨਾਲੇ ਆਪਾਂ ਗੁਆਂਢੀ ਆਂ...! ਨਿੱਤ ਦੁੱਖ-ਸੁੱਖ ਸਾਂਝੇ ਕਰਿਆ ਕਰਾਂਗੇ...! ਤੂੰ ਮੇਰੇ ਤੇ ਮੈਂ ਤੇਰੇ ਦੁੱਖਾਂ-ਸੁੱਖਾਂ ਦਾ ਸਾਂਝੀ ਬਣੂੰਗਾ...! ਨਾਲੇ 'ਕੱਲੀ ਤੂੰ ਡੱਕ-ਡੱਕ ਵੱਜਦੀ ਫ਼ਿਰਦੀ ਐਂ, ਤੇ ਨਾਲੇ ਮੈਂ ਕੰਧਾਂ ਨਾਲ ਟੱਕਰਾਂ ਮਾਰੀ ਜਾਨੈਂ...! ਹੁਣ ਇਕ ਦੂਜੇ ਦੇ ਹਮਦਰਦ ਬਣਾਂਗੇ, ਜ਼ਿੰਦਗੀ ਸੌਖੀ ਨਿਕਲ ਜਾਊਗੀ...! ਬਾਹਲਾ ਤਾਂ ਨਹੀਂ, ਪਰ ਤੇਰੇ ਤੋਂ ਪੰਜ ਕੁ ਸਾਲ ਈ ਵੱਡੈਂ...! ਕੀ ਹੁੰਦੇ ਐ ਪੰਜ ਸਾਲ...? ਪਿਆਰ 'ਚ ਉਮਰ ਦੀ ਥੋੜ੍ਹੋ ਲੱਤ ਅੜਨ ਦੇਣੀਂ ਐਂ ਆਪਾਂ...?'

-'ਤੂੰ ਐਡਾ ਕਮੀਨਾਂ ਨਿਕਲੇਂਗਾ, ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ...!' ਉਸ ਦੇ ਕੰਨਾਂ ਵਿਚ ਬਿੰਡੇ ਟਿਆਂਕ ਰਹੇ ਸਨ।

-'ਦੇਖ ਲੈ...! ਕੀ-ਕੀ ਚੈਟਿੰਗ ਤੂੰ ਮੇਰੇ ਨਾਲ ਕੀਤੀ ਹੋਈ ਐ, ਫ਼ੋਨ 'ਤੇ ਕੀ-ਕੀ ਗੱਲਾਂ ਤੂੰ ਕੀਤੀਐਂ, ਉਹ ਸਭ ਫ਼ੋਨ 'ਚ ਰਿਕਾਰਡ ਐ...! ਚੱਲ, ਉਪਰ ਕਮਰੇ 'ਚ ਬੈਠ ਕੇ ਗੱਲਾਂ-ਬਾਤਾਂ ਕਰਦੇ ਐਂ...! ਚੱਲ, ਬਣ ਮੱਲ...!' ਉਸ ਹਰਪਾਲ ਵਲ ਹੱਥ ਵਧਾਇਆ ਪਰ ਹਰਪਾਲ ਉਸ ਦੈਂਤ ਦੇ ਹੱਥ ਆਪਣੇ ਸਰੀਰ 'ਤੇ ਲੁਆਉਣਾ ਵੀ ਕਲੰਕ ਸਮਝਦੀ ਸੀ।

-'ਮੈਂ ਪੁਲਿਸ ਨੂੰ ਬੁਲਾ ਲਊਂਗੀ...!'

-'ਕੀ ਕਹੇਂਗੀ...? ਆਈ ਤਾਂ ਤੂੰ ਆਪ ਐਂ...! ਮੈਂ ਕਿਹੜਾ ਤੈਨੂੰ ਚੱਕ ਕੇ ਲਿਆਇਐਂ...? ਨਾਲੇ ਪੁਲਿਸ ਮੈਨੂੰ ਕੀ ਕਰ ਲਊਗੀ...? ਜਿਉਂਦੇ ਰਹਿਣ ਲੁੰਗ-ਲਾਣੇ, ਕਦੇ ਠੇਕੇ ਤੇ ਕਦੇ ਠਾਣੇ...! ਜੇ ਦੋ-ਚਾਰ ਮਹੀਨੇ ਦੀ ਮੈਨੂੰ ਸਜ਼ਾ ਬੋਲ ਵੀ ਜਾਊਗੀ, ਕੀ ਘਸਜੂ ਮੇਰਾ...? ਮੇਰੇ ਕਿਹੜਾ ਘਰੇ ਪੱਪੂ ਹੋਰੀਂ ਰੋਂਦੇ ਐ...? ਘਰ 'ਚ ਘਾਹ ਈ ਵੱਡਾ ਹੋ ਜਾਊ...? ਉਹ ਆ ਕੇ ਕੱਟ ਦਿਊਂਗਾ...! ਹੋਰ ਕੋਈ ਚਿੰਤਾ ਨੀ...!'

-'...।' ਹਰਪਾਲ ਆਪਣੇ-ਆਪ ਨੂੰ ਕਸੂਤੀ ਫ਼ਸੀ ਮਹਿਸੂਸ ਕਰਦੀ ਸੀ।

-'ਜੇ ਤੂੰ ਅੱਜ ਮੇਰਾ ਕਹਿਣਾ ਨਾ ਮੰਨਿਆ ਤਾਂ ਤੇਰੀ ਸਾਰੀ ਚੈਟਿੰਗ 'ਪ੍ਰਿੰਟ ਸਕਰੀਨ' ਕਰ ਕੇ ਫ਼ੇਸਬੁੱਕ 'ਤੇ ਚਾੜ੍ਹ ਦਿਊਂਗਾ...! ਜਿਹੜੀ ਲੋਕਾਂ 'ਚ ਸਤੀ-ਸਵਿੱਤਰੀ ਬਣੀਂ ਫ਼ਿਰਦੀ ਐਂ ਨ੍ਹਾਂ...? ਲੋਕ ਦੇਖ ਲੈ ਕੀ ਆਖਿਆ ਕਰਨਗੇ...! ਤੂੰ ਤਾਂ ਸੜਕ 'ਤੇ ਤੁਰਨ ਜੋਗੀ ਨੀ ਰਹਿਣਾ...! ਨਾਲੇ ਤੇਰੇ ਜੁਆਕ ਦੇਖਲਾ ਕੀ ਸੋਚਣਗੇ, ਕਿ ਸਾਡੀ ਬੇਬੇ ਜੀ ਬੜੀ ਘਟੀਆ ਚੈਟਿੰਗ ਕਰਦੀ ਐ...! ਚੱਲ, ਆਪਾਂ ਲੜਨ-ਭਿੜਨ ਵਾਲੀਆਂ ਗੱਲਾਂ ਨੀ ਕਰਨੀਆਂ...! ਮੋਹ-ਮੁਹੱਬਤ ਦੀਆਂ ਬਾਤਾਂ ਪਾਉਣੀਐਂ...! ਆਪਾਂ ਕੁੜੀਆਂ ਮਾਂਗੂੰ ਜ਼ਿਦ ਕੇ ਗਲੋਟੇ ਨੀ ਲਾਹੁੰਣੇ, ਰੀਝ ਦੀਆਂ ਪੂਣੀਆਂ ਕੱਤਣੀਐਂ...!

ਹਰਪਾਲ ਬੇਸੁਰਤ ਹੋ ਗੇੜਾ ਖਾ ਕੇ ਡਿੱਗ ਪਈ। ਧੱਤੂ ਦੀਆਂ ਗੱਲਾਂ ਉਸ ਲਈ ਅਸਹਿ ਹੋ ਗਈਆਂ ਸਨ। ਖਾਣ-ਪੀਣ 'ਚ ਮਸਤ ਲੋਕ ਇਕ ਦਮ ਇੱਧਰ ਝਾਕੇ। ਹੋਟਲ ਦੇ ਅਮਲੇ ਨੇ ਐਂਬੂਲੈਂਸ ਬੁਲਾ ਕੇ ਹਰਪਾਲ ਨੂੰ ਹਸਪਤਾਲ ਭੇਜ ਦਿੱਤਾ ਗਿਆ।

ਆਥਣ ਦੇ ਛੇ ਕੁ ਵਜੇ ਹਰਪਾਲ ਦੀ ਅੱਖ ਖੁੱਲ੍ਹੀ। ਉਸ ਨੇ ਆਸਾ ਪਾਸਾ ਦੇਖ ਕੇ ਮਹਿਸੂਸ ਕੀਤਾ ਕਿ ਉਹ ਹਸਪਤਾਲ ਪਈ ਸੀ। ਸੁਰਤ ਪਰਤ ਆਉਣ 'ਤੇ ਨਰਸ ਨੇ ਡਾਕਟਰਾਂ ਨੂੰ ਸੂਚਿਤ ਕਰ ਦਿੱਤਾ। ਹਰਪਾਲ ਨੂੰ ਭਰਿਆ ਭਰਾਇਆ ਜਹਾਨ ਬੰਜਰ ਉਜਾੜ ਲੱਗ ਰਿਹਾ ਸੀ। ਉਹ ਆਪਣੇ-ਆਪ ਨੂੰ ਬਦਨਾਮ ਹੋਈ ਮਹਿਸੂਸ ਕਰ ਰਹੀ ਸੀ। ਚਾਹੇ ਅਜੇ ਤੱਕ ਧੱਤੂ ਨੇ ਕੋਈ ਵੀ ਕਦਮ ਨਹੀਂ ਪੱਟਿਆ ਸੀ। ਪਰ ਬਦਮਾਸ਼ ਟਾਈਪ ਬੰਦਾ ਕਦੇ ਵੀ ਬਦਨਾਮੀ ਦਾ ਕਾਰਨ ਬਣ ਸਕਦਾ ਸੀ। ਕਿਸ ਨੂੰ ਦੱਸਾਂ...? ਬੱਚਿਆਂ ਨਾਲ ਗੱਲ ਸਾਂਝੀ ਕਰਾਂ...? ਨਹੀਂ, ਬੱਚੇ ਸੋਚਣਗੇ ਕਿ ਸਾਡਾ ਬਾਪ ਇਸ ਨੂੰ ਤਾਂ ਹੀ ਕੁੱਟਦਾ-ਮਾਰਦਾ ਸੀ, ਕਿਉਂਕਿ ਸਾਡੀ ਮਾਂ 'ਬਦਕਾਰ' ਸੀ। ਉਸ ਕੋਲ ਕੋਈ ਦੋਸਤ ਜਾਂ ਸਹੇਲੀ ਵੀ ਨਹੀਂ ਸੀ, ਜਿਸ ਨਾਲ ਦਿਲ ਦੀ ਪੀੜ ਸਾਂਝੀ ਕਰ ਸਕਦੀ। ਉਹ ਰੋਹੀ ਵਿਚ ਖੜ੍ਹੇ ਜੰਡ ਦੀ ਤਰ੍ਹਾਂ ਜੱਗ-ਜਹਾਨ ਵਿਚ ਇਕੱਲੀ ਹੋਈ ਬੈਠੀ ਸੀ। ਉਸ ਨੂੰ ਅੰਧਕਾਰ ਹੀ ਨਜ਼ਰ ਆਉਂਦਾ ਸੀ।

-'ਤੁਹਾਨੂੰ ਕੀ ਤਕਲੀਫ਼ ਐ....?' ਇਕ ਪੰਜਾਬੀ ਡਾਕਟਰ ਨੇ ਆ ਕੇ ਬੜੀ ਹਮਦਰਦੀ ਨਾਲ ਪੁੱਛਿਆ ਤਾਂ ਹਰਪਾਲ ਦੀਆਂ ਅੱਖਾਂ ਵਿਚੋਂ ਹੰਝੂ ਹੜ੍ਹ ਵਾਂਗ ਚੱਲ ਪਏ। ਉਹ ਦੱਸਦੀ ਵੀ ਕੀ...? ਕਿ ਉਹ ਖ਼ੂਹ ਵਿਚੋਂ ਨਿਕਲ ਕੇ 'ਖਾਤੇ' ਵਿਚ ਜਾ ਡਿੱਗੀ ਹੈ...? ਕਿ ਉਹ ਜ਼ਾਲਿਮ ਪਤੀ ਤੋਂ ਖਹਿੜਾ ਛੁਡਾ ਕੇ ਬੁੱਚੜ ਧੱਤੂ ਦੀ ਨਜ਼ਰੀਂ ਚੜ੍ਹ ਗਈ ਹੈ...? ਉਹ ਇਕ ਜਾਨਵਰ ਦੇ ਖ਼ੂਨੀ ਜਬਾੜੇ ਵਿਚੋਂ ਨਿਕਲ ਕੇ ਦੂਜੇ ਦੇ ਪੰਜਿਆਂ ਵਿਚ ਜਾ ਫ਼ਸੀ ਸੀ...?

ਹਰਪਾਲ ਤੋਂ ਬੋਲਿਆ ਨਾ ਗਿਆ। ਪਰ ਸਿਹਤ ਪੱਖੋਂ ਹੁਣ ਉਹ ਠੀਕ ਸੀ। ਦੁਆਈਆਂ ਨਾਲ ਬਲੱਡ ਪ੍ਰੈਸ਼ਰ 'ਨਾਰਮਲ' ਹੋ ਗਿਆ ਸੀ। ਮੂੰਹ ਹਨ੍ਹੇਰਾ ਜਿਹਾ ਹੋਏ ਤੋਂ ਉਸ ਨੇ ਵੱਡੀ ਕੁੜੀ ਨੂੰ ਫ਼ੋਨ ਕਰ ਦਿੱਤਾ। ਅੱਧੇ ਕੁ ਘੰਟੇ ਬਾਅਦ ਆ ਕੇ ਕੁੜੀ ਉਸ ਨੂੰ ਲੈ ਗਈ।

-'ਮੰਮ, ਕੀ ਹੋ ਗਿਆ ਸੀ...?' ਹੁਣ ਕੁੜੀ ਦੇ ਸੁਆਲ ਸ਼ੁਰੂ ਹੋ ਗਏ ਸਨ।

-'ਕੁਛ ਨੀ...! ਐਂਵੇਂ ਚੱਕਰ ਜਿਆ ਆ ਗਿਆ ਸੀ...!' ਉਹ ਕੁੜੀ ਤੋਂ ਵੀ ਪੂੰਝਾ ਜਿਹਾ ਛੁਡਾ ਰਹੀ ਸੀ। ਉਸ ਨੂੰ ਅਗਲਾ ਡਰ ਇਹ ਸੀ ਕਿ ਕੁੜੀ ਇਹ ਨਾ ਪੁੱਛ ਲਵੇ ਕਿ ਐਂਬੂਲੈਂਸ ਨੇ ਉਸ ਨੂੰ ਕਿੱਥੋਂ ਚੁੱਕਿਆ ਸੀ...? ਫ਼ਿਰ ਕੀ ਦੱਸੂੰਗੀ...? ਕਿਹੜਾ ਇਕ ਸਿਆਪਾ ਸੀ...? ਜੇ ਕੁੜੀ ਨੂੰ ਦੱਸ ਦਿੱਤਾ ਕਿ ਐਂਬੂਲੈਂਸ ਮੈਨੂੰ ਹੋਟਲ ਵਿਚੋਂ ਚੁੱਕ ਕੇ ਲੈ ਕੇ ਗਏ ਸਨ, ਫ਼ਿਰ ਸੁਆਲਾਂ ਦੀ ਬੁਛਾੜ ਸ਼ੁਰੂ ਹੋਵੇਗੀ, ਕੀ ਕਰਨ ਗਏ ਸੀ...? ਕਿਸ ਨੂੰ ਮਿਲਣ ਗਏ ਸੀ...? ਕਿਉਂ ਗਏ ਸੀ...? ਹੁਣ ਉਹ ਕੁੜੀ ਦੀ ਜਾਂਚ ਅਤੇ ਤਹਿਕੀਕਾਤ ਤੋਂ ਡਰੀ ਬੈਠੀ ਸੀ। ਉਸ ਦਾ ਗੁਆਂਢੀ ਧੱਤੂ ਤਾਂ ਵੈਸੇ ਹੀ ਬਦਨਾਮ ਬੰਦਾ ਸੀ। ਬੱਚੇ ਉਸ ਨੂੰ ਦੇਖ ਕੇ ਵੀ ਰਾਜ਼ੀ ਨਹੀਂ ਸਨ। ਹੁਣ ਜਦ ਬੱਚਿਆਂ ਨੂੰ ਉਸ ਨਾਲ ਚੈਟਿੰਗ ਦਾ ਪਤਾ ਲੱਗੇਗਾ ਤਾਂ ਉਹਨਾਂ ਨੇ ਮਾਂ ਨੂੰ ਵੀ ਨੀਚ ਸਮਝਣਾ ਸੀ ਅਤੇ ਘ੍ਰਿਣਾਂ ਦੀ ਨਜ਼ਰ ਨਾਲ ਦੇਖਣਾ ਸੀ।

ਜਦੋਂ ਕੁੜੀ ਨੇ ਕਾਰ ਘਰ ਅੱਗੇ ਲਾਈ ਤਾਂ ਘਰ ਦੇ ਦਰਵਾਜੇ ਅੱਗੇ ਧੱਤੂ ਮੀਲ-ਪੱਥਰ ਵਾਂਗ ਗੱਡਿਆ ਖੜ੍ਹਾ ਸੀ। ਦੇਖ ਕੇ ਹਰਪਾਲ ਦੇ ਦਿਲ ਦੀ ਧੜਕਣ ਬੰਦ ਹੋਣ ਵਾਲੀ ਹੋ ਗਈ। ਪਰ ਉਹ ਆਪਣੀ ਘਬਰਾਹਟ ਕੁੜੀ ਤੋਂ ਛੁਪਾ 'ਵਾ-ਵਰੋਲੇ ਵਾਂਗ ਅੰਦਰ ਸੋਫ਼ੇ 'ਤੇ ਜਾ ਡਿੱਗੀ। ਵਾਹ ਨੀ ਕਿਸਮਤੇ...! ਤੇਰੇ ਕਰਮਾਂ ਵਿਚ ਜ਼ਾਲਿਮ ਤੇ ਧੱਤੂ ਵਰਗੇ ਬੁੱਚੜ ਹੀ ਕਿਉਂ...? ਸੋਚ ਕੇ ਉਸ ਦਾ ਮਨ ਮਣਾਂ-ਮੂੰਹੀਂ ਭਰ ਆਇਆ। ਪਰ ਉਹ ਭਰੀ-ਪੀਤੀ ਸੋਫ਼ੇ 'ਤੇ ਸਿਲ-ਪੱਥਰ ਹੋਈ ਪਈ ਸੀ। ਹੁਣ ਉਸ ਨੂੰ ਡਰ ਸੀ ਕਿ ਜਦ ਵੀ ਉਹ ਕੱਪੜੇ ਸੁੱਕਣੇ ਪਾਉਣ ਜਾਂ ਹੋਰ ਕਿਸੇ ਕੰਮ ਗਾਰਡਨ ਵਿਚ ਜਾਇਆ ਕਰੇਗੀ ਤਾਂ ਧੱਤੂ ਉਸ ਨੂੰ ਬਦਨਾਮ ਕਰਨ ਦਾ 'ਡਰ' ਦੇ ਕੇ ਉਸ ਅੱਗੇ 'ਮੇਲ-ਜੋਲ' ਦੀ 'ਤਜ਼ਵੀਜ਼' ਰੱਖਿਆ ਕਰੇਗਾ! ਇਹ ਸੋਚ ਕੇ ਉਸ ਦੇ ਦਿਮਾਗ ਨੂੰ ਘੁੰਮੇਰ ਚੜ੍ਹਦੀ। ਉਹ ਬਾਹਰ ਨਿਕਲਣ ਦਾ ਰਸਤਾ ਸੋਚਦੀ। ਪਰ ਉਸ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਸੀ। ਉਹ ਸਾਰੀ ਸਾਰੀ ਰਾਤ ਸੁੰਡੀ ਵਾਂਗ ਪਾਸੇ ਮਾਰਦੀ ਰਹਿੰਦੀ। ਉਸ ਨੂੰ ਨੀਂਦ ਨਾ ਆਉਂਦੀ। ਜਦੋਂ ਵੀ ਕਦੇ ਨੀਂਦ ਆਉਂਦੀ ਤਾਂ ਉਸ ਨੂੰ ਧੱਤੂ ਦੇ ਹੀ ਸੁਪਨੇ ਆਉਂਦੇ। ਉਸ ਦਾ ਸਾਹ ਬੰਦ ਹੋ ਜਾਂਦਾ ਅਤੇ ਉਹ 'ਭੜੱਕ' ਕੇ ਉਠਦੀ। ਉਸ ਦਾ ਸਾਰਾ ਸਰੀਰ ਮੁੜ੍ਹਕੇ ਨਾਲ 'ਗੱਚ' ਹੋਇਆ ਹੁੰਦਾ।

ਅਗਲੇ ਦਿਨ ਉਸ ਦਾ ਮੋਬਾਈਲ ਫ਼ੋਨ ਖੜਕ ਪਿਆ। ਉਸ ਅੱਭੜਵਾਹੀ ਨੇ ਦੇਖਿਆ ਤਾਂ ਸਕਰੀਨ 'ਤੇ 'ਗੁਰਕੀਰਤ' ਦਿਖਾਈ ਦੇ ਰਿਹਾ ਸੀ। ਧੱਤੂ ਬਾਰੇ ਸੋਚ ਕੇ ਹਰਪਾਲ ਦਾ ਸਰੀਰ ਝੂਠਾ ਪੈ ਗਿਆ। ਪਰ ਮਜਬੂਰੀ ਵਿਚ ਉਸ ਨੇ ਫ਼ੋਨ ਚੁੱਕ ਲਿਆ।

-'ਤੇਰੇ ਗਾਰਡਨ 'ਚ ਦੇਖ ਕੀ ਪਿਐ...!' ਆਖ ਧੱਤੂ ਨੇ ਫ਼ੋਨ ਕੱਟ ਦਿੱਤਾ।

ਉਹ ਫ਼ੋਨ ਸੁੱਟ ਅੰਨ੍ਹੇਵਾਹ ਗਾਰਡਨ ਨੂੰ ਦੌੜੀ। ਸਾਂਝੀ 'ਫ਼ੈਂਸ' ਉਪਰੋਂ ਦੀ ਧੱਤੂ ਨੇ ਚਾਰ-ਪੰਜ ਵਰਕੇ ਸੁੱਟੇ ਹੋਏ ਸਨ। ਉਹ ਹਨ੍ਹੇਰੀ ਵਾਂਗ ਵਰਕੇ ਚੁੱਕ ਕੇ ਅੰਦਰ ਆ ਵੜੀ। ਉਸ ਅੰਦਰ ਧੱਤੂ ਦਾ 'ਭੂਤ' ਵੜਿਆ ਹੋਇਆ ਸੀ। ਪਤਾ ਨਹੀਂ ਧੱਤੂ ਕੀ ਬਲਾਅ ਸੀ। ਜਦੋਂ ਉਸ ਨੇ ਅੰਦਰ ਆ ਕੇ ਉਹ ਵਰਕੇ ਖੋਲ੍ਹੇ ਤਾਂ ਉਸ ਦੇ ਦਿਮਾਗ ਵਿਚ ਬੰਬ ਫ਼ਟ ਗਿਆ। ਕੀਤੀ ਹੋਈ ਅਸ਼ਲੀਲ ਚੈਟਿੰਗ ਦੇ ਕੁਝ ਕੁ 'ਪ੍ਰਿੰਟ' ਸਨ। ਉਸ ਨੂੰ ਚੱਕਰ ਆਇਆ ਅਤੇ 'ਧੜ੍ਹੰਮ' ਕਰ ਕੇ ਸੋਫ਼ੇ 'ਤੇ ਜਾ ਡਿੱਗੀ। ਫ਼ੋਨ ਫ਼ਿਰ ਖੜਕ ਪਿਆ।

-'ਕੁੱਤਿਆ...! ਮੈਂ ਤੇਰੇ ਢਿੱਡ 'ਚ ਟੱਕਰ ਮਾਰ ਕੇ ਮਰਜੂੰ...!' ਉਹ ਚੀਕੀ।

ਇਹੋ ਜੇ ਪ੍ਰਿੰਟ ਤੇਰੇ ਆਂਢ ਗੁਆਂਢ ਦੇ ਲੈਟਰ ਬੌਕਸਾਂ 'ਚ ਵੀ ਸਿੱਟੇ ਜਾ ਸਕਦੇ ਐ...! ਤੈਨੂੰ ਹਫ਼ਤੇ ਦਾ ਟਾਈਮ ਦਿੱਤਾ...! ਸੋਚ ਲੈ...!'

ਹਰਪਾਲ ਧਾਂਹਾਂ ਮਾਰ ਕੇ ਰੋਣ ਲੱਗ ਪਈ। ਉਸ ਨੇ ਤਾਂ ਆਸਰਾ ਅਤੇ ਆਹਰ ਲੱਭਦੀ-ਲੱਭਦੀ ਨੇ ਖ਼ਰੂਦੀ ਰਿੱਛ ਪਿੱਛੇ ਲਾ ਲਿਆ ਸੀ, ਹੁਣ ਖਹਿੜਾ ਕਿਵੇਂ ਛੁੱਟੇ? ਉਹ ਬੜੀ ਹੀ ਕਸੂਤੀ ਫ਼ਸੀ ਹੋਈ ਸੀ। ਹੁਣ ਉਸ ਨੂੰ ਭੱਜਣ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਸੀ। ਬੱਚੇ ਸਾਰੇ ਬਾਹਰ ਸਨ। ਉਸ ਨੇ ਗੁਰੂ ਘਰ ਦੀ ਕਮੇਟੀ ਤੱਕ ਪਹੁੰਚ ਕੀਤੀ।

-'ਬਿਨਾਂ ਕਿਸੇ ਤਹਿਕੀਕਾਤ ਤੋਂ ਕਿਸੇ ਨਾਲ ਸੰਵਾਦ ਕਰਨੇ, ਗਲਤੀ ਤਾਂ ਥੋਡੀ ਆਪਦੀ ਐ ਭਾਈ...!' ਕਮੇਟੀ ਮੈਂਬਰ ਨੇ ਸਾਰਾ ਦੋਸ਼ ਹਰਪਾਲ ਸਿਰ ਹੀ ਮੜ੍ਹਿਆ।

-'ਕਸੂਰ ਤਾਂ ਮੇਰਾ ਹੀ ਐ ਭਾਅ ਜੀ...! ਪਰ...!' ਹਰਪਾਲ ਨੂੰ ਕੋਈ ਟਿਕਾਣੇ ਦੀ ਗੱਲ ਨਾ ਔੜੀ। ਕੋਈ ਸ਼ੱਕ ਨਹੀਂ ਸੀ, ਕਸੂਰ ਸਰਾਸਰ ਉਸ ਦਾ ਆਪਣਾ ਸੀ। ਬਿਨਾਂ ਕਿਸੇ ਜਾਂਚ-ਪੜਤਾਲ ਤੋਂ ਅੰਨ੍ਹੇਵਾਹ ਕਿਸੇ 'ਤੇ ਵਿਸ਼ਵਾਸ ਕਰਨਾ ਤੇ ਫ਼ੇਰ ਉਸ ਨਾਲ ਅਸ਼ਲੀਲ ਸੰਵਾਦ ਰਚਾਉਣੇ ਜੇ ਇਕ ਬੇਵਕੂਫ਼ੀ ਨਹੀਂ ਸੀ, ਤਾਂ ਹੋਰ ਕੀ ਸੀ? ਬਿਨਾਂ ਸੋਚੇ ਸਮਝੇ ਕਿਸੇ ਅੰਨ੍ਹੇ ਖ਼ੂਹ ਵਿਚ ਛਾਲ ਮਾਰ ਦੇਣੀ ਕਿੰਨੀ ਕੁ ਅਕਲਮੰਦੀ ਸੀ? ਲੋਕਾਂ ਨੇ ਤਾਂ ਉਸ ਨੂੰ ਹੀ ਦੋਸ਼ ਦੇਣਾ ਸੀ। ਧੱਤੂ ਨੂੰ ਕਿਸੇ ਸਜ਼ਾ ਜਾਂ ਜ਼ੁਰਮਾਨੇ ਦੀ ਕੋਈ ਪ੍ਰਵਾਹ ਨਹੀਂ ਸੀ। ਉਹ ਤਾਂ ਅੱਗੇ ਵੀ ਲੰਬੀ ਸਜ਼ਾ ਕੱਟ ਚੁੱਕਿਆ ਸੀ, ਜੇ ਹੁਣ ਬਲੈਕਮੇਲਿੰਗ ਦੇ ਚੱਕਰ ਵਿਚ ਉਸ ਨੂੰ ਮਾਮੂਲੀ ਸਜ਼ਾ ਹੋ ਵੀ ਜਾਊ, ਉਸ ਦਾ ਕੀ ਵਿਗੜਨਾ ਸੀ? ਪਰ ਹਰਪਾਲ ਦੀ ਇੱਜ਼ਤ ਤਾਂ ਗਲੀਏਂ ਰੋਲ ਧਰੀ ਸੀ!

ਦਿਨ ਰਾਤ ਸੋਚ-ਸੋਚ ਕੇ ਹਰਪਾਲ ਦੀ ਮਾਨਸਿਕ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਪਰ ਬੱਚਿਆਂ ਨੂੰ ਕਿਸੇ ਵੀ ਗੱਲ ਦਾ ਕੋਈ ਪਤਾ ਨਹੀਂ ਸੀ ਅਤੇ ਨਾ ਹੀ ਬੱਚਿਆਂ ਦੇ ਮਨ ਤੋਂ ਲਹਿਣ ਦੇ ਡਰੋਂ ਉਹ ਕੁਝ ਦੱਸਦੀ ਸੀ। ਧੱਤੂ ਦਾ ਖ਼ੌਫ਼ ਉਸ ਨੂੰ ਦਿਨੋਂ ਦਿਨ, ਅੰਦਰੋ-ਅੰਦਰੀ 'ਚਰਦਾ' ਜਾ ਰਿਹਾ ਸੀ। ਹੁਣ ਉਸ ਦੀ ਮਾਨਸਿਕ ਹਾਲਤ ਇਤਨੀ ਖ਼ਰਾਬ ਹੋ ਗਈ ਕਿ ਉਹ ਸੁੱਤੀ ਪਈ ਚੀਕਾਂ ਮਾਰ ਕੇ ਉਠਦੀ ਅਤੇ ਬਾਹਰ ਨੂੰ ਭੱਜ ਪੈਂਦੀ। ਬੱਚੇ ਉਸ ਨੂੰ ਮਸਾਂ ਹੀ ਫ਼ੜਦੇ।

ਅਖ਼ੀਰ ਅੱਕ ਕੇ ਬੱਚਿਆਂ ਨੇ ਉਸ ਨੂੰ 'ਮੈਂਟਲ' ਹਸਪਤਾਲ ਦਾਖ਼ਲ ਕਰਵਾ ਦਿੱਤਾ!

ਗਜ਼ਲ / گزل

ਡਾ. ਲੋਕ ਰਾਜ
ਤੇਰਾ ਘਰ ਨਾ ਮੇਰਾ ਘਰ ਸੀ
ਓਹੀ ਹੋਇਆ ਜਿਸਦਾ ਡਰ ਸੀ
ਟੁੱਟਣਾ ਤਾਂ ਬਸ ਇੱਕ ਨੇ ਹੀ ਸੀ
ਇੱਕ ਸ਼ੀਸ਼ਾ ਸੀ, ਇੱਕ ਪੱਥਰ ਸੀ
ਕੁਛ ਤਾਂ ਦਿਲ ਦੀ ਦੱਸੀ ਹੁੰਦੀ
ਤੇਰੇ ਤੋਂ ਮੈਂ ਕਦ ਨਾਬਰ ਸੀ
ਫਰਕ ਜੋ ਮੈਂ ਤੇ ਹਉਮੈਂ ਵਿੱਚਲਾ
ਜੇ ਸਮਝੋ ਤਾਂ ਰੱਤੀ ਭਰ ਸੀ
ਕਦ ਤਕ ਆਖਰ ਨਿਭਦੀ ਏਦਾਂ
ਊਠਾਂ ਯਾਰੀ, ਨੀਵਾਂ ਦਰ ਸੀ
..............................................
- ڈا. لوک راج
تیرا گھر نہ میرا گھر سی
اوہی ہویا جسدا ڈر سی
ٹٹنا تاں بس اک نے ہی سی
اک شیشہ سی، اک پتھر سی
کچھ تاں دل دی دسی ہندی
تیرے توں میں کد نابر سی
فرق جو میں تے ہؤمیں وچلا
جے سمجھو تاں رتی بھر سی
کد تک آخر نبھدی اےداں
اوٹھاں یاری، نیواں در سی