Sunday, October 16, 2011

ਆਦਿ ਜੁਗਾਦੀ ਚਾਅ..

-ਹਰਮਨ ਜੀਤ

ਤੇਰੀ ਮੇਰੀ ਪ੍ਰੀਤ ਵੇ ਅੜਿਆ
ਗਈ ਹੁਲਾਰੇ ਆ..
ਇੱਕ ਪਲ ਸਾਨੂੰ ਰੋਣਾ ਆਵੇ
ਇੱਕ ਪਲ ਚੜ੍ਹਦਾ ਚਾਅ..

ਦੂਰ ਗਗਨ 'ਤੇ ਕੱਲਮ'ਕੱਲਾ
ਬੱਦਲ ਉੱਡ ਰਿਹਾ ..
ਇਹ ਬੱਦਲ ਤਾਂ ਜਾਪੇ ਮੈਨੂੰ
ਸਾਡਾ ਹੀ ਕੋਈ ਸਾਹ..

ਸੱਜਣਾ ਤੇਰੇ ਬੋਦੜਿਓਂ
ਹਰਿਚੰਦਨ ਮਹਿਕ ਰਿਹਾ..
ਏਸ ਮਹਿਕ ਦਾ ਸਾਨੂੰ ਅੜਿਆ
ਆਦਿ ਜੁਗਾਦੀ ਚਾਅ..

ਖੇਤਾਂ ਦੇ ਵਿੱਚ ਖਾਲ ਵਗੇਂਦਾ
ਛੰਦ ਪਰਾਗੇ ਗਾ..
ਦੋ ਛਿੱਟ ਲਵਾਂ ਤਰੌਂਕ ਵੇ ਜਿਹੜਾ
ਬੀਜਿਆ ਇੱਕ ਸੁਪਨਾ..
 
ਤੇਰੀ ਮੇਰੀ ਮਿੱਟੀ ਅੜਿਆ
ਗੁੰਨ੍ਹੀ ਆਪ ਖੁਦਾ..
ਜਿਓਂ ਰੋਹੀ ਵਿਚ ਵੈਦ ਨਘੋਚੀ
ਭੱਖੜਾ ਕੁੱਟ ਰਿਹਾ..

ਮੈਂ ਹਾਂ ਤੇਰੀ ਅੰਤਰ ਪੀੜਾ
ਤੇਰਾ ਹੀ ਕੋਈ ਚਾਅ..
ਜਿਓਂ ਆਦਮ ਦੀ ਪੱਸਲੀ ਵਿੱਚੋਂ
ਲੀਤਾ ਜਨਮ ਹਵਾ..
 
ਮੈਂ ਧੀਦੋ ਦੇ ਹੋਠਾਂ ਦਾ ਇੱਕ
ਬੋਲ ਜੋ ਆਠਰਿਆ..
ਤਖਤ ਹਜਾਰੇ ਦੇ ਰਾਹਾਂ 'ਤੇ
ਨੱਚਾਂ ਸੁਰਮਾ ਪਾ..

ਤੇਰੀ ਮੇਰੀ ਪ੍ਰੀਤ ਵੇ ਅੜਿਆ
ਗਈ ਹੁਲਾਰੇ ਆ..
ਇੱਕ ਪਲ ਸਾਨੂੰ ਰੋਣਾ ਆਵੇ
ਇੱਕ ਪਲ ਚੜ੍ਹਦਾ ਚਾਅ..

No comments:

Post a Comment