-ਸੀਮਾ ਗਰੇਵਾਲ
ਮਨ ਮਰੂਥਲ ਸ਼ੂਕਦਾ
ਨੀਂਦਾਂ ਚ ਸੁਪਨਾ ਕੂਕਦਾ
ਸੁਪਨੇ ਚ ਸੁੱਤੀ ਮੈਂ ਪਈ
ਅਖ ਮਰਜਾਣੀ ਲੱਗ ਗਈ
ਰਾਤ ਸਿਸਕਦੀ ਪਲੇ ਪਲੇ
ਨਾਲ ਤ੍ਰੇਹ ਦੇ ਤੜਪਦੇ ਵਲਵਲੇ
ਕੁਝ ਬੁਝ ਗਏ ਕੁਝ ਅਧਜਲੇ
ਹੋਂਠ ਸਦੀਵੀਂ ਸੁੱਕੇ ਨਿਰਜਲੇ
ਨਾ ਚੜ੍ਹੀਂ ਸੂਰਜਾ ਤੂੰ ਹਲੇ
ਧੁੱਪ ਅਨਹੋਣੀ ਅੜਿਆ ਬਹੁਤ ਚੁਭੇ
ਕਿਵੇਂ ਨੈਣਾਂ ਵਾਲਾ ਦੀਪ ਜਗੇ
ਲੱਗ ਲਾਂਬੂ ਜਾਣੇ ਹਿੱਕੜੀ ਵਿਚ
ਜਿਵੇਂ ਮਰਜ਼ੀ ਸਹਿਰ ਨਾਲ ਨਜਿੱਠ
ਰਾਤ ਨੂ ਰਹਿਣ ਦੇ ਮੇਰੀ ਝਿੰਮਣ ਤਲੇ
ਨਾ ਚੜ੍ਹੀਂ ਸੂਰਜਾ ਤੂੰ ਹਲੇ
ਚੜ੍ਹ ਸਵੇਰ ਵੇਲੇ ਗੋਦ ਚ ਪੂਰਬ ਦੀ
ਨਿਬੜ ਜਾਏਗੀ ਗੱਲ 'ਨੇਰੇ ਦੇ ਹੁੱਬ ਦੀ
ਆਥਣ ਢਲਦੇ ਪੱਛਮ ਦੇ ਪੈਰੀ ਪੈ
ਸੌਵੇਂਗਾ ਨਵੀਂ ਰਾਤ ਨੂੰ ਗਲਵੱਕੜੀ ਲੈ
ਅੱਜ ਦੀ ਭੱਠੀ ਤਨ ਲੱਕੜ
ਨਾਲ ਤ੍ਰੇਹ ਦੇ ਤੜਪਦੇ ਵਲਵਲੇ
ਕੁਝ ਬੁਝ ਗਏ ਕੁਝ ਅਧਜਲੇ
ਨਾ ਚੜ੍ਹੀਂ ਸੂਰਜਾ ਤੂੰ ਹਲੇ
ਮੁੱਕ ਜਾਣੇ ਨਗਮੇ ਵੈਰਾਗ ਦੇ
ਡੁੱਲ੍ਹ ਸਿੰਧੂਰ ਜਾਣੇ ਸੁਹਾਗ ਦੇ
ਮੇਲਾ ਨਿੱਖੜ ਕੇ ਮੁੜ ਕਦ ਜੁੜਣਾ ਏਂ
ਰਾਹ ਮੰਜਿਲਾਂ ਵੱਲ ਨਾ ਮੁੜਨਾ ਏਂ
ਸਵਾਹ ਨੇ ਲੱਗ ਹਵਾ ਦੇ ਅੱਜ ਗਲੇ
ਉੱਡ ਜਾਣਾ ਭਲਕ ਤੱਕ ਪਲੇ ਪਲੇ
ਫੇਰ ਕੇਹੜੀ ਜਿੰਦ ਕਿਹੜਾ ਸਾਹ ਚੱਲੇ
ਖੇਡ ਤਨ ਦੀ ਰੂਹ ਨਾਲ ਜਾ ਮਿਲੇ
ਨਾ ਚੜ੍ਹੀਂ ਸੂਰਜਾ ਤੂੰ ਹਲੇ
ਨਾ ਚੜ੍ਹੀਂ ਸੂਰਜਾ ਤੂੰ ਹਲੇ
ਨਾ ਚੜ੍ਹੀਂ ਸੂਰਜਾ ਤੂੰ ਹਲੇ...
No comments:
Post a Comment