- ਹਰੀ ਸਿੰਘ ਮੋਹੀ
ਬਹੁਤ ਫ਼ਰਕ ਹੈ
ਤੁਹਾਡੇ ਅਤੇ ਅਸਾਡੇ ਵਿਚ...
ਤੁਸੀਂ ਜ਼ਮੀਨ ਦੇ
ਸਾਰੇ ਸੋਹਣੇ ਸੋਹਣੇ ਖਿੱਤੇ
ਰੋਕ ਲਏ ਹਨ
ਧੂੜ 'ਤੇ ਪਰਦੂਸ਼ਣ ਤੋਂ ਪਰ੍ਹੇ
ਰੋਗ-ਮੁਕਤ 'ਤੇ ਸੋਗ-ਮੁਕਤ
ਜਿੱਥੇ ਸਾਡਾ ਪੈਰ ਵੀ ਰੱਖਣਾ
ਵਰਜਿਤ ਹੈ ...
ਤੇ ਅਸੀਂ
ਬੇ-ਚਾਰੇ ਰੋਗਾਂ ਮਾਰੇ
ਦੂਸ਼ਿਤ ਮਾਰੂ ਚੌਗਿਰਦੇ
ਦੁਰਗਤ ਅਤੇ ਦਰਿੱਦਰਤਾ ਵਿਚ
ਰੀਂਘ ਰਹੇ ਹਾਂ ...
ਏਸ ਘੋਰ ਬੇਇਨਸਾਫ਼ੀ ਲਈ
ਤਨਾਂ ਮਨਾਂ ਵਿਚ
ਯੁਧ ਹਰਿਕ ਪਲ ਜਾਰੀ ਹੈ ...
ਧਰਤੀ ਸਭ ਦੀ ਸਾਂਝੀ ਹੈ
ਕਿਸੇ ਵੀ ਖਿੱਤੇ 'ਤੇ
ਮੁੱਠੀ ਭਰ ਜੋਕਾਂ
ਕਾਬਜ਼ ਹੋ ਨਹੀਂ ਸਕਣਾ
ਰਲਮਿਲ ਰਹਿਣਾ ਲਾਜ਼ਿਮ ਹੈ ...
ਆਪਹੁਦਰੀਆਂ
ਨਹੀਂ ਚੱਲਣੀਆਂ
ਕੰਧ 'ਤੇ ਲਿਖਿਆ
ਪੜ੍ਹੇ ਜਾਣ ਦਾ ਵੇਲਾ ਹੈ ...
No comments:
Post a Comment