Monday, November 7, 2011

ਮੁਹੱਬਤ ਦਾ ਆਧਾਰ

- ਸੁਖਦਰਸ਼ਨ ਧਾਲੀਵਾਲ

ਅਜੀਬ ਜੇਹੇ ਦਰਦ ਦੀ
ਜਾਗ ਉੱਠੀ ਹੈ
ਮੇਰੇ ਅੰਦਰ ਇਕ ਪਿਆਸ !
ਦੇ ਗਿਆ ਸੀ ਜਦ ਮੈਨੂੰ
ਮਹਿਰਮ ਮੇਰਾ
ਸੰਦਲੀ ਜੇਹਾ ਅਹਿਸਾਸ !
ਜਿਸ ਦੇ ਬੋਲਾਂ ਵਿਚ ਸੀ
ਅੰਮ੍ਰਿਤ ਜੇਹੀ ਮਿਠਾਸ !
ਇਕ ਪਲ ਵਿਚ ਹੀ
ਪਹਿਨਾ ਗਿਆ ਸੀ ਉਹ
ਮੇਰੀ ਰੂਹ ਨੂੰ
ਚਾਨਣ ਦਾ ਲਿਬਾਸ !
ਹੋ ਗਿਆ ਹੈ ਹੁਣ ਦੱਸਣਾ
ਮਹਿਰਮ ਨੂੰ ਦਰਕਾਰ !
ਕਿ ਰਸ ਘੋਲ ਰਹੇ ਨੇ
ਸਾਡੀ ਰਗ ਰਗ 'ਚ
ਤੇਰੀਆਂ ਮਹਿਕਾਂ ਦੇ ਮਲਹਾਰ
ਤੇਰੀ ਸ਼ਬਦ-ਰਹਿਤ ਤਰੰਗ ਦਾ
ਹੈ ਅੰਤਸ ਵਿਚ ਸਤਿਕਾਰ
ਮੇਰੀ ਹਰ ਧੜਕਣ ਚੋਂ
ਉੱਠ ਰਹੀ ਹੈ
ਸਿਜਦੇ ਦੀ ਝਣਕਾਰ
ਤੂੰ ਇਕ ਅਪਾਰ ਆਸ਼ਨਾ
ਕੋਰੇ ਜੋਬਨ ਦਾ ਨਿਖਾਰ
ਮੈਂ ਹਾਂ ਇਕ ਜੋਗੀ
ਜਿਹੜਾ ਰਹਿੰਦਾ ਵਿਚ ਖ਼ੁਮਾਰ
ਨਿਰਸ਼ਬਦ ਜੇਹੇ ਇਤਿਹਾਸ ਵਿਚ
ਇਹ ਰਿਸ਼ਤਾ ਹੈ ਅਪਾਰ
ਜਿਸ ਵਿਚ ਮੇਰੀ ਮੁੱਹਬਤ ਦਾ
ਹਰ ਨਕਸ਼ ਹੈ ਨਿਰ-ਆਕਾਰ !
ਮੇਰੀ ਅਤਰਿਪਤੀ ਹੀ ਹੈ
ਮੇਰੀ ਮੁਹੱਬਤ ਦਾ ਆਧਾਰ !

No comments:

Post a Comment