Monday, November 7, 2011

ਬੇੜੀ ਦਾ ਪੂਰ

- ਬਿਕਰਮਜੀਤ ਸਿੰਘ ਜੀਤ

ਦੁਨੀਆਂ ਦਾ ਇਹ ਸਫ਼ਰ ਅਨੋਖਾ
ਵਾਕਣ ਬੇੜੀ ਦਾ ਇਕ ਪੂਰ
ਮਿਲੇ ਸੰਜੋਗੀਂ ਮਿੱਤਰ ਸਬੰਧੀ
ਜਾਣਾਂ ਨੇੜੇ ਕਿਸੇ ਜਾਣਾਂ ਦੂਰ
 
ਕਲ੍ਹੇ ਆਣਾਂ ਹੈ ਕਲ੍ਹਿਆਂ ਜਾਣਾਂ
ਖੇਡ ਬਣਾਈ ਉਸ ਕਰਤਾਰ
ਸਫ਼ਰ ਸੁਹਾਣਾਂ ਕਰਲੈ ਅਪਣਾਂ
ਵੰਡਕੇ ਖੁਸ਼ੀਆਂ ਨਾਲੇ ਪਿਆਰ
 
ਸਾਥੀ ਜਿੰਨੇਂ ਏਸ ਸਫ਼ਰ ਦੇ
ਨੇਂ ਸਾਰੇ ਪ੍ਰਭੂ ਦਾ ਅੰਸ਼ ਸਮਾਨ
ਕਰ ਸੇਵਾ ਕੰਮ ਆ ਕਿਸੇ ਦੇ
ਖੁਸ਼ ਹੋਸੀ ਓਹ ਕ੍ਰਿਪਾਨਿਧਾਨ
 
ਭਰ ਦੇ ਤੂੰ ਢਿਡ ਕਿਸੇ ਭੁੱਖੇ ਦਾ
ਬਣ ਲੋੜਵੰਦ ਦਾ ਮੱਦਦਗਾਰ
ਕਿਸੇ ਅਬਲਾ ਦੀ ਪੱਤ ਬਚਾ ਲੈ
ਕਿਸੇ ਅਨਾਥ ਤੇ ਕਰ ਉਪਕਾਰ
 
ਭੁੱਲੀਂ ਕਦੇ ਨ੍ਹਾਂ ਉਸ ਦਾਤੇ ਨੂੰ
ਜਿਸਤੋਂ ਵਿਛੜ ਕੇ ਆਇਐਂ ਤੂੰ
ਕੀਰਤ ਗਾ ਲੈ ਸਦਾ ਓਸਦੀ
ਕਰਲੈ ਸਫ਼ਰ ਸਫ਼ਲ ਇਹ ਤੂੰ
 
ਤੱਜ ਕੇ ਅੱਕਲ ਤੇ ਚਤਰਾਈ
ਸੁੱਥਰੀ ਮੱਤ ਕਰ ਅੰਗੀਕਾਰ
'ਜੀਤ' ਤੂੰ ਹੋ ਕੇ ਵੇਖ ਪ੍ਰਭੂ ਦਾ
ਲਾਸੀ ਓਹ ਤੇਰੀ ਬੇੜੀ ਪਾਰ

No comments:

Post a Comment