Saturday, November 5, 2011

ਉਡੀਕ

ਮੂ਼ਲ ਲੇਖਕ :- ਆਮੀਰ ਰਿਆਜ਼ (ਸ਼ਾਹਮੁਖੀ)

ਗੁਰਮੁਖੀ ਰੂਪ :- ਜਸਵਿੰਦਰ ਸਿੰਘ

ਰਸੂਲ ਹਮਜ਼ਾ ਤੂਫ਼ ਸਹੀ ਆਖਿਆ ਸੀ ''ਜੇ ਤੁਸੀਂ ਆਪਣੇ ਮਾਜ਼ੀ ਨੂੰ ਪਿਸਤੌਲ ਦੀ ਗੋਲੀ ਨਾਲ਼ ਉੜਾ ਦਿਓਗੇ ਤਾਂ ਤੁਹਾਡੇ ਆਉਣ ਵਾਲੇ ਵੇਲੇ ਨੂੰ ਤੋਪ ਨਾਲ਼ ਉਡਾ ਦਿੱਤਾ ਜਾਸੀ''। ਪੰਜਾਬੀਆਂ ਨਾਲ਼ ਕੁੱਝ ਅਜਿਹੀ ਵਾਰਦਾਤ ਵਾਪਰੀ ਹੋਈ ਹੈ। ਪੰਜਾਬੀਆਂ ਦੀ ਸਿਆਸੀ ਪੱਧਰ ਤੇ ਹਲਚਲ ਹੋਏ ਜਾਂ ਸਮਾਜੀ ਵਿਚਾਰ ਵਟਾਂਦਰਾ, ਸਭੇ ਨੂੰ ਪਿੱਛੇ ਸੁੱਟਣਾ ਅਤੇ ਓਹਾ ਪੰਜਾਬ ਦੀ ਤਵਾਰੀਖ਼ ਦੇ ਅੰਗਾਂ ਨੂੰ ਖੱਜਲ ਕਰਨ ਦਾ ਇਕ ਪੂਰਾ ਪ੍ਰਬੰਧ ਭਾਰਤ ਤੇ ਪਾਕਿਸਤਾਨ ਵਿਚ 60 ਵਰ੍ਹਿਆਂ ਤੋਂ ਚੱਲ ਰਿਹਾ ਹੈ। ਲੱਕ ਤੇ ਹੱਥ ਰੱਖ ਕੇ ਸਾਨੂੰ 1857ਈ. ਜਿਹੀ... ਨਿੱਕੀਆਂ ਨਿੱਕੀਆਂ ਲੜਾਈਆਂ ਨੂੰ ਯਾਦ ਰੱਖਣ ਦਾ ਆਖਣ ਵਾਲੇ ਦਾਨਿਸ਼ਵਰ ਤੇ ਬਹੁਤ ਨੇਂ ਪਰ ਕੋਈ ਸਾਨੂੰ ਇਹ ਨਹੀਂ ਦਿਸਦਾ ਪਈ ਅੰਗਰੇਜ਼ ਦੇ ਪੰਜਾਬ ਤੇ ਕਬਜ਼ੇ ਦੇ ਦਿਹਾੜ ਨੂੰ ਯਾਦ ਰੱਖਣਾ ਲੋੜੀਦਾ ਹੈ। 29 ਮਾਰਚ 1849ਈ. ਉਹ ਦਿਹਾੜਾ ਹੈ ਜਦੋਂ ਅੰਗਰੇਜ਼ ਪੰਜਾਬ ਤੇ ਕਬਜ਼ਾ ਕੀਤਾ ਸੀ।
1799 ਈ. ਤੋਂ 1849 ਈ. ਤੀਕ ਅੰਗਰੇਜ਼ਾਂ ਨੂੰ 50 ਵਰ੍ਹੇ ਏਸ ਦਿਨ ਦੀ ਉਡੀਕ ਰਹੀ। ਕਦੀ ਉਨ੍ਹਾਂ ਸਤਲੁਜ ਪਾਰ ਜਿਹਾ ਮੁਆਹਿਦਾ (1809) ਕਰ ਕੇ ਪੰਜਾਬੀਆਂ ਦੀ ਤਾਕਤ ਅੱਗੇ ਮੱਥਾ ਟੇਕਿਆ ਅਤੇ ਕਦੀ ਅਫ਼ਗ਼ਾਨਿਸਤਾਨ ਜਾਵਣ ਲਈ ਬਾਰ ਬਾਰ ''ਲਹੌਰ ਦਰਬਾਰ'' ਕੋਲੋਂ ਇਜ਼ਾਜ਼ਤ ਮੰਗੀ ਜਿਹੜੀ ਉਹਨਾਂ ਨੂੰ ਕਦੇ ਨਾ ਦਿੱਤੀ ਗਈ। ਜਦੋਂ ਅੰਗਰੇਜ਼ ਚਾਰੋਂ ਪਾਸੇ ਹੱਥਲ ਹੋ ਗਏ ਤਾਂ ਪੰਜਾਬੀ ਸਰਕਾਰ ਦੇ ਖ਼ਿਲਾਫ਼ ਧਰਮ ਨੂੰ ਵਰਤਣ ਦਾ ਆਹਰ ਕੀਤਾ ਅਤੇ 1826 ਤੋਂ 1831 ਦੇ ਵਿਚਕਾਰ ਆਰੀਆ ਵਰਤ ਤੋਂ ਮੁਸਲਿਮ ਇਸਲਾਹ ਪਸੰਦਾਂ ਨੂੰ ''ਜਹਾਦ'' ਦੀ ਰਾਹ ਵਿਖਾਈ। ਮਤਲਬ ਸਿੱਧਾ ਸੀ ਕਿ ਜਿੱਥੇ ਅੰਗਰੇਜ਼ ਦਾ ਕਬਜ਼ਾ ਨਹੀਂ ਓਥੇ ਕਿਸੇ ਨਾ ਕਿਸੇ ਤਰ੍ਹਾਂ ਅਫ਼ਰਾਤਫ਼ਰੀ ਫੈਲਾਈ ਜਾਵੇ। ਅੰਗਰੇਜ਼ਾਂ ਨਿਰੇ ''ਇਸਲਾਮੀ ਜਹਾਦੀਆਂ'' ਨੂੰ ਪੰਜਾਬ ਸਰਕਾਰ ਢਾਹ ਲੌਣ ਲਈ ਰਾਹ ਨਹੀਂ ਵਿਖਾਈ ਸਗੋਂ ਨਾਲੋਂ ਨਾਲ਼ ਆਪਣੇ ਮੀਰ ਮੁਨਸ਼ੀਆਂ ਰਾਹੀਂ ਸਿੱਖਾਂ ਤੇ ਮੁਸਲਮਾਨ ਪੰਜਾਬੀਆਂ ਵਿਚ ਵੰਡੀਆਂ ਪਵਾਉਣ ਦੇ ਜਤਨ ਵੀ ਕੀਤੇ ।
ਔਰੰਗਜ਼ੇਬ ਦੇ ਮਰਨ (1707) ਤੋਂ ਰਣਜੀਤ ਸਿੰਘ ਦੀ ਬਾਦਸ਼ਾਹੀ (1799) ਦੇ ਵਿਚ ਜੋ ਘੱਲੂਘਾਰੇ ਧਰਤੀ ਪੰਜਾਬ ਤੇ ਵਾਪਰੇ ਸਨ ਇਸੇ ਨੂੰ ਰਣਜੀਤ ਸਿੰਘ ਸਰਕਾਰ ਦੇ ਖਾਤੇ ਪਉਣ ਦਾ ਪ੍ਰਬੰਧ ਕੀਤਾ। ਇਹ ਤਾਂ ਨਾ ਆਖਿਆ ਗਿਆ ਕਿ ਮੀਰ ਮੰਨੂ ਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇਂ ਸਿੱਖ ਧਰਮ ਦੇ ਖ਼ਿਲਾਫ਼ ਕੀ ਕੀਤਾ ਸਗੋਂ ਨਿਰਾ ਦੱਸਿਆ ਗਿਆ ਕਿ ਸਿੱਖਾਂ ਨੇਂ ਮੁਸਲਮਾਨਾਂ ਤੇ ਬੜੇ ਜ਼ੁਲਮ ਕੀਤੇ। ਇਹ ਤੇ ਨਾਂ ਦੱਸਿਆ ਗਿਆ ਕਿ ਰਣਜੀਤ ਸਿੰਘ ਕਿਹੜੀ ਕਿਹੜੀ ਮਸੀਤ ਬਣਾਈ ਸੀ ਪਰ ਲਹੌਰ ਵਿਚ 1827ਈ. ਦੇ ਜ਼ਲਜ਼ਲੇ ਵਿਚ ਢਹਿ ਜਾਣ ਵਾਲਿਆਂ ਬਿਲਡਿੰਗਾਂ ਅਤੇ ਮਸੀਤਾਂ ਨੂੰ ਰਣਜੀਤ ਸਿੰਘ ਦੇ ਖਾਤੇ ਜ਼ਰੂਰ ਪਾਇਆ ਗਿਆ। ਇਹ ਡੂੰਘੀਆਂ ਸਾਜ਼ਿਸ਼ਾਂ 1849ਈ. ਵਿਚ ਮੁੱਕੀਆਂ ਨਹੀਂ ਕਿਉਂਜੇ ਅੰਗਰੇਜ਼ ਨੂੰ ਪੰਜਾਬੀ ਕੌਮਪ੍ਰਸਤੀ ਦੀ ਲਹਿਰ ਤੋਂ ਵੱਡਾ ਖ਼ਤਰਾ ਸੀ ਤਾਂ ਸਿੰਧ, ਬੰਗਾਲ ਦੇ ਬਰਖ਼ਿਲਾਫ਼ ਪੰਜਾਬ ਵਿਚ ਮਾਂ ਬੋਲੀ ਨੂੰ ਤਾਲੀਮ ਦੇਣ ਦਾ ਵਸੀਲਾ ਨਾ ਬਣਾਇਆ ਗਿਆ ਅਤੇ ਉਰਦੂ ਨੂੰ 1852ਈ. ਵਿਚ ਪੰਜਾਬ ਦੇ ਮੱਥੇ ਲਾ ਦਿੱਤਾ ਗਿਆ। ਪੰਜਾਬੀ ਸਿੱਖਾਂ ਨੂੰ ਪੰਜਾਬੀ ਮੁਸਲਮਾਨਾਂ ਦੇ ਖ਼ਿਲਾਫ਼, ਮੁਸਲਮਾਨਾਂ ਨੂੰ ਸਿੱਖਾਂ ਦੇ ਖ਼ਿਲਾਫ਼ ਅਤੇ ਪੰਜਾਬੀ ਹਿੰਦੂਆਂ ਨੂੰ ਦੋਨਾਂ ਦੇ ਖ਼ਿਲਾਫ਼ ਕਰਨ ਵਾਲੀ ਏਸ ਪਾਲਿਸੀ ਦੀ ਮੋਹਰੀ ''ਫ਼੍ਰੰਟੀਅਰ ਫ਼ਾਰਵਰਡ ਪਾਲਿਸੀ'' ਸੀ ਜਿਹੜੀ ਅੱਜ ਤੀਕ ਭਾਰਤ ਤੇ ਪਾਕਿਸਤਾਨ ਵਿਚ ਜਾਰੀ ਵਸਾਰੀ ਹੈ।
1849ਈ. ਵਾਲੀ ਕਸਬੇ ਤੋਂ ਪਹਿਲਾਂ ਹੋਣ ਵਾਲੀ ਜੰਗ ਵਿਚ ਜਿਹੜਾ ਨੁਕਸਾਨ ਅੰਗਰੇਜ਼ਾਂ ਪੰਜਾਬੀਆਂ ਹੱਥੋਂ ਕਮਾਇਆ ਸੀ ਉਸ ਨੇਂ ਉਹਨਾਂ ਨੂੰ ਅਜਿਹੀ ਪਾਲਿਸੀ ਬਣਾਉਣ ਤੇ ਮਜਬੂਰ ਕਰ ਦਿੱਤਾ ਸੀ। ਅੰਗਰੇਜ਼ ਮੁਖ਼ਾਲਿਫ਼ ਤਵਾਰੀਖ਼ ਲਿਖਣ ਵਾਲੇ ਦਾਨਿਸ਼ਵਰਾਂ ਵੀ ਕਦੀ ਪੰਜਾਬ ਸਰਕਾਰ ਨੂੰ ਇਹ ਕਰੈਡਿਟ ਨਹੀਂ ਦਿੱਤਾ ਕਿ ਉਹ ਜਨੂਬੀ ਏਸ਼ੀਆ ਵਿਚ ਇਕੱਲੀ ਸਰਕਾਰ ਸੀ ਜਿਹਨੇ 50 ਵਰ੍ਹੇ ਅੰਗਰੇਜ਼ਾਂ ਨੂੰ ਡੱਕੀ ਰੱਖਿਆ। 1846ਈ. ਤੋਂ 1849ਈ. ਦੇ ਵਿਚਕਾਰ ਅੰਗਰੇਜ਼ਾਂ ਤੇ ਪੰਜਾਬੀਆਂ ਵਿਚ ਵੱਡੀਆਂ ਜੰਗਾਂ ਹੋਈਆਂ। ਇਹ ਉਹ ਵੇਲ਼ਾ ਸੀ ਕਿ ਜਦ ਹਿੰਦੁਸਤਾਨ ਦੇ ਖ਼ੁਦ ਸਾਖ਼ਤਾ ਇਨਕਲਾਬੀ ਪੰਜਾਬ ਸਰਕਾਰ ਦਾ ਸਾਥ ਦਿੰਦੇ ਤਾਂ ਅੰਗਰੇਜ਼ਾਂ ਨੂੰ ਪੁੱਠੀ ਪੈ ਜਾਣੀ ਸੀ। ਇਨ੍ਹਾਂ ਜੰਗਾਂ ਵਿਚ ਅੰਗਰੇਜ਼ਾਂ ਦਾ ਸਾਥ ਦੇਣ ਵਾਲੀ ਰਾਇਲ ਬੰਗਾਲ ਆਰਮੀ ਵਿਚ ਯੂ ਪੀ, ਸੀ ਪੀ, ਦਿੱਲੀ, ਬਿਹਾਰ, ਬੰਗਾਲ ਦੇ ਲੋਕ ਰਲੇ ਸਨ। ਪਰ ਇਨ੍ਹਾਂ ਸਾਲਾਂ ਵਿਚ ਕਿਸੇ ਮਾਈ ਦੇ ਲਾਲ਼ ਨੇਂ ਅੰਗਰੇਜ਼ ਦੇ ਖ਼ਿਲਾਫ਼ ਕੋਈ ਬਗ਼ਾਵਤ ਨਾ ਕੀਤੀ ਸਗੋਂ ਪੰਜਾਬੀਆਂ ਤੇ ਅੰਗਰੇਜ਼ੀ ਕਬਜ਼ੇ ਲਈ ''ਕਰਾਏ ਦੇ ਕਾਤਲਾਂ'' ਦਾ ਕਿਰਦਾਰ ਅਦਾ ਕਰਦੇ ਰਹੇ। ਜੇ ਉਨ੍ਹਾਂ ਨੂੰ ਧਰਤੀ ਮਾਂ ਦਾ ਖ਼ਿਆਲ ਹੁੰਦਾ ਤਾਂ ਇਹ ਸਭ ਪੰਜਾਬੀਆਂ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਬਦੇਸੀ ਕਬਜ਼ਾਗਿਰਾਂ ਦੇ ਖ਼ਿਲਾਫ਼ ਉਠ ਜਾਂਦੇ।
ਹੈਰਾਨ ਨਾ ਹੋਣਾ। ਅੱਜ ਪੰਜਾਬ ਤੇ ਅੰਗਰੇਜ਼ਾਂ ਦੇ ਕਬਜ਼ੇ ਦੀ 160 ਵੀਂ ਬਰਸੀ ਹੈ। ਅੱਜ ਵੀ ਇਹ ਦਾਨਿਸ਼ਵਰ ਜੇ ਤਵਾਰੀਖ਼ ਦਾ ਨਿਤਾਰਾ ਕਰ ਲੇਣ ਅਤੇ ਆਪਣੀਆਂ ਸਾਰੀਆਂ ਗ਼ਲਤੀਆਂ ਨੂੰ ਮੰਨ ਲੈਣ ਤਾਂ ਗੱਲ ਬਣ ਸਕਦੀ ਹੈ। ਪਰ ਇਹ ਦਾਨਿਸ਼ਵਰ ਤੇ ਸਾਡਾ ਪ੍ਰਧਾਨ (ਆਜਾਦ) ਮੀਡੀਆ ਅੱਜ ਵੀ ਏਸ ਦਿਹਾੜੇ ਨੂੰ ਯਾਦ ਨਹੀਂ ਕਰਨਾ ਚਾਹੁੰਦਾ। ਇਹ ਨਹੀਂ ਕਿ ਉਨ੍ਹਾਂ ਨੂੰ ਤਵਾਰੀਖ਼ ਭੁੱਲ ਗਈ ਹੈ, ਇਹ ਸਭ ਮੁਗ਼ਲਾਂ ਤੇ ਸਲਤਨਤ ਦਿੱਲੀ ਦੀ ਤਵਾਰੀਖ਼ ਨੂੰ ਤੇ ਸੀਨੇ ਨਾਲ਼ ਲਾਈ ਬੈਠੇ ਨੇਂ ਪਰ ਫ਼ਿਰ 1799ਈ. ਤੋਂ 1849ਈ. ਦੇ ਪੰਜਾਹ ਵਰ੍ਹਿਆਂ ਨੂੰ ਕਿੰਜ ਭੁੱਲ ਸਕਦੇ ਨੇਂ? ਪਰ ਅੱਜ ਅਸਾਂ ਤੇ ਪੰਜਾਬੀਆਂ ਨਾਲ਼ ਵਿਚਾਰ ਵਟਾਂਦਰਾ ਕਰੇਂਦੇ ਪਏ ਹਾਂ। ਬਾਹਰਲੀਆਂ ਨਾਲ਼ ਸਾਨੂੰ ਬਹੁਤੀ ਉਮੀਦ ਕਦੀ ਵੀ ਨਹੀਂ ਸੀ। ਜੇ ਪੰਜਾਬੀ ਏਸ ਦਿਹਾੜੇ ਨੂੰ ਭੁੱਲ ਜਾਵਣਗੇ ਤਾਂ ਗੱਲ ਬਹੁੰ ਮਾੜੀ ਹੈ। ਪੰਜਾਬੀ ਲਹੌਰ ਵਿਚ ਵਸਦੇ ਨੇਂ ਜਾਂ ਅੰਬਰਸਰ, ਲੁਧਿਆਣੇ ਰਹਿੰਦੇ ਨੇਂ ਜਾਂ ਪਿੰਡੀ, ਮੁਲਤਾਨ, ਪਿਸ਼ੌਰ ਬੈਠੇ ਨੇਂ ਜਾਂ ਕੈਨੇਡਾ, ਅਮਰੀਕਾ ਸਭੇ ਨੂੰ ਆਪਣੀ ਤਵਾਰੀਖ਼ ਦਾ ਇਹ ਦਿਨ ਯਾਦ ਰੱਖਣਾ ਚਾਹੀਦਾ ਹੈ। ਵੇਖੋ 20 ਕਰੋੜ ਪੰਜਾਬੀਆਂ ਵਿਚੋਂ ਕਿੰਨੇ ਸੱਜਣ ਏਸ ਵਾਰ ਏਸ ਦਿਹਾੜੇ ਨੂੰ ਯਾਦ ਕਰੇਂਦੇ ਨੇਂ। ਅਸਾਂ ਲਹੌਰ ਵਿਚ ਤੁਹਾਡੀ ਉਡੀਕ ਵਿਚ ਹਾਂ

No comments:

Post a Comment