Tuesday, December 27, 2011

ਮਹਾਂਨਾਇਕ ਮੁਖਾਤਿਬ ਨੇ... / مہاننائک مکھاتب نے...

- ਅਮਰਦੀਪ ਸਿੰਘ ਗਿੱਲ

ਰਾਂਝੇ ਦਾ ਕੀ ਐ !
ਉਹ ਤਾਂ ਜਦੋਂ ਜੀਅ ਕੀਤਾ
ਜੋਗੀ ਹੋ ਕੇ ਜਾ ਚੜੇਗਾ
ਇਸ਼ਕ ਪਰਬਤ ਦੇ ਸਿਖਰੀਂ !
ਤੇ ਜੋਗੀਆਂ ਦਾ ਵੀ ਕੀ ਐ !
ਉਹ ਤਾਂ ਕਦੋਂ ਵੀ
ਉੱਤਰ ਆਉਣਗੇ ਪਹਾੜੋਂ
ਕਿਸੇ ਚਰਖੇ ਦੀ ਘੂਕ ਸੁਣ !
ਪਰ ਸਾਡਾ ਕੀ ਹੋਵੇਗਾ ਯਾਰੋ ?
ਸਾਡੇ ਸੀਨੇ ਤਾਂ ਕਦੇ ਵੀ ਨਾ ਵੱਜੀ
ਭਾਬੀਆਂ ਦੇ ਤਾਅਨੇ ਦੀ ਬਰਛੀ
ਕਿ ਅਸੀਂ
ਕੱਛੇ ਵੰਝਲੀ ਤੇ ਮੋਢੇ ਭੂਰੀ ਲੈ ਨਿੱਕਲ ਤੁਰਦੇ
ਬਾਗੀ ਹੋ ਕੇ ਫਰਜ਼ਾਂ ਤੋਂ !
ਸਾਡੀ ਤਾਂ ਹਮੇਸ਼ਾਂ ਹੀ ਘਰ 'ਚ
ਸਾਹੇ-ਲੱਤ ਬੰਨੀ ਰੱਖੀ
ਬਾਪੂ ਦੇ ਕਰਜ਼ਾਂ ਦੇ ਨਿਓਲ ਨੇ,
ਸਾਡਾ ਕਿੱਸਾ ਕੌਣ ਲਿਖੇਗਾ ?
ਜਿੰਨਾਂ ਦੇ ਹੁੰਗਾਰੇ -
ਨਾ ਕਦੇ ਹੂਕ ਬਣ ਸਕੇ ਨਾ ਹੌਂਕੇ ,
ਜਿੰਨਾਂ ਦੇ ਇੱਕ ਮੋਢੇ ਤੇ
ਘਰ ਦੀ ਸਰਦਲ ਟਿਕੀ ਰਹੀ
ਤੇ ਦੂਜੇ ਤੇ ਬਾਲ ਨਾਥ ਦਾ ਟਿੱਲਾ ,
ਅਸੀਂ ਕਿਸ ਦੇ ਹਿੱਸੇ ਆਵਾਂਗੇ ?
ਅਸੀਂ ਕਿ ਜਿੰਨਾਂ ਦੇ ਹਿੱਸੇ
ਹੀਰ ਨਾਲ ਮੁਲਾਕਾਤਾਂ ਨਹੀਂ
ਸਗੋਂ ਮਹਿਜ਼ ਉਸਦੀ ਉਡੀਕ ਹੀ ਆਈ !
ਸਾਨੂੰ ਕਿ ਜਿੰਨਾਂ ਨੂੰ
ਹੀਰ ਮਿਲਣ ਤੋਂ ਪਹਿਲਾਂ ਹੀ
ਪੈਰ ਪੈਰ ਤੇ ਮਿਲਦੇ ਰਹੇ ਕੈਦੋਂ
ਤੇ ਉਹ ਵੀ ਤਖਤ-ਹਜ਼ਾਰੇ ਰਹਿੰਦਿਆਂ ਹੀ ,
ਸਾਡੀ ਕਹਾਣੀ ਕੌਣ ਲਿਖੇਗਾ ?
ਜਿੰਨਾਂ ਦੇ ਬੁੱਲਾਂ ਤੇ ਤਮਾਮ ਉਮਰ
ਵੰਝਲੀ ਦੀ ਥਾਂ ਗਾਲ੍ਹਾਂ ਹੀ ਰਹੀਆਂ !
ਅਸੀਂ ਕਿ ਜੋ ਚਾਹ ਕੇ ਵੀ
ਹਿੱਕ ਦੇ ਜ਼ੋਰ ਤੇ
ਕੱਢ ਕੇ ਨਾ ਲੈ ਜਾ ਸਕੇ
ਆਪਣੀਆਂ ਰੀਝਾਂ ਦੀ ਸਾਹਿਬਾਂ ,
ਕਿਉਂਕਿ ਕਿੱਸੇ ਦੇ ਅੰਤ ਲਈ
ਜਰੂਰੀ ਸੀ ਜੰਡ ਹੇਠ ਮਰਨਾ ਸਾਡਾ ,
ਤੇ ਬੱਸ ਇੱਥੇ ਹੀ ਬਦਲ ਗਏ ਸੰਕਲਪ
ਨਾ ਤਾਂ ਇਹ ਮੌਤ ਹੀ ਪਸੰਦ ਸੀ ਸਾਨੂੰ
ਤੇ ਨਾ ਹੀ ਵਕਤ ਸੀ ਸਾਡੇ ਕੋਲ
ਜੰਡ ਹੇਠ ਸੌਣ ਦਾ !
ਅਸੀਂ ਨੀਦਾਂ 'ਚ ਵੀ ਜਾਗਣ ਵਾਲੇ ਲੋਕ
ਆਮ ਆਦਮੀਆਂ ਤੋਂ ਡਰਦੇ ਡਰਾਉਂਦੇ
ਭੁੱਲ ਗਏ ਖੁਦਾ ਨੂੰ ਡਰਾਉਣ ਦੀ ਤਾਕਤ !
ਸਾਨੂੰ ਤਾਂ ਜਦ ਰਿਹਾ ਹੀ ਨਾ
ਆਪਣੇ ਆਪ ਤੇ ਵਿਸ਼ਵਾਸ,
ਫਿਰ ਆਪਣੀ ਬੱਕੀ ਤੇ
ਕਿਹੜੇ ਮੂੰਹ ਨਾਲ ਸ਼ਰਤਾਂ ਲਾਉਂਦੇ ਅਸੀਂ ?
ਸਾਡੇ ਗੀਤ ਕੌਣ ਗਾਵੇਗਾ ਦੋਸਤੋ ?
ਸਾਨੂੰ ਕਿ ਜਿੰਨਾਂ ਨੂੰ
ਚਾਹ ਤਾਂ ਬਹੁਤ ਸੀ
ਕਿਸੇ ਸੋਹਣੀ ਨੂੰ ਦਿਲ ਦਾ ਮਾਸ ਖਵਾਉਣ ਦੀ ,
ਪਰ ਸਾਡੀ ਕੁੱਲੀ ਤੱਕ ਕੋਈ ਨਾ ਪਹੁੰਚਿਆ
ਕੋਈ ਸੋਹਣੀ ਨਾ ਆਈ
ਕੱਚੇ ਤੇ ਤਰ ਕੇ ਸਾਨੂੰ ਮਿਲਣ !
ਸੋਹਣੀਆਂ ਸ਼ਾਇਦ ਦਿਲ ਦਾ ਨਹੀਂ
ਪੱਟ ਦਾ ਮਾਸ ਖਾਣ ਲਈ ਹੀ ਆਉਂਦੀਆਂ ਨੇ !
ਜਦਕਿ ਸਾਨੂੰ ਖੁਦ ਹੀ ਝਨਾਂ
ਕੱਚੇ ਤੇ ਤਰਨਾ ਹੀ ਨਹੀਂ ਪਿਆ
ਸਗੋਂ ਕੱਚੇ 'ਚ ਭਰਨਾ ਵੀ ਪਿਆ ਹੈ ,
ਸਾਨੂੰ ਕੌਣ ਬਣਾਵੇਗਾ
ਆਪਣੀ ਗਾਥਾ ਦੇ ਨਾਇਕ ?
ਅਸੀਂ ਕਿ ਜਿੰਨਾਂ ਨੂੰ ਸ਼ਰਾਬੀ ਕਰ
ਪੁਨੂੰ ਵਾਂਗ ਬੇਹੋਸ਼ੀ ਦੀ ਹਾਲਤ 'ਚ
ਊਠ ਤੇ ਲੱਦ ਕੇ ਨਹੀਂ ਲਿਜਾਣਾ ਪਿਆ
ਰਾਤ ਦੇ ਹਨ੍ਹੇਰੇ 'ਚ
ਸੱਸੀ ਦੀ ਸੇਜ ਤੋਂ ਚੁੱਕ ਕੇ ,
ਅਸੀਂ ਤਾਂ ਸਗੋਂ ਖੁਦ ਹੀ-
ਅੱਧੀ-ਰਾਤੇ ਬੇਖਬਰ ਸੁੱਤੀ ਸੱਸੀ ਨਾਲੋਂ
ਉੱਠ ਕੇ ਚੋਰੀ ਚੁੱਪ-ਚੁੱਪੀਤਿਆਂ
ਨੰਗੇ ਪੈਰੀਂ ਭੱਜ ਆਉਂਦੇ ਰਹੇ ,
ਬਾਕੀ ਬੱਚਦੀ ਅੱਧੀ ਰਾਤ ਮਾਨਣ ਲਈ
ਆਪਣੀ ਪਤਨੀ ਦੀ ਸੇਜ ਨੂੰ !
ਸਾਡੀ ਕੀ ਵਰਗ ਵੰਡ ਕਰੋਗੇ ਸਾਥੀਓ ?
ਸਾਡੇ ਲਈ ਤਾਂ ਹਮੇਸ਼ਾਂ
ਇੱਕੋ ਜਿਹੀਆਂ ਰਹੀਆਂ
ਰਜਨੀਸ਼ ਤੇ ਮਾਰਕਸ ਦੀਆਂ ਦਾਹੜੀਆਂ !
ਅਸੀਂ ਕਿ ਜੋ ਚਾਹੁੰਦੇ ਤਾਂ ਰਹੇ ਸੁਕਰਾਤ ਬਣਨਾ
ਪਰ ਕਦੇ ਪੀ ਨਾ ਸਕੇ
ਸ਼ਰਾਬ ਤੋਂ ਕੌੜਾ ਕੋਈ ਵੀ ਜ਼ਹਿਰ ,
ਸਾਨੂੰ ਰੋਟੀ ਖਾਂਦਿਆਂ ਨੂੰ ਪਾਣੀ ਦੇਣ ਆਈ
ਮਾਂ ਦੇ ਹੱਥਾਂ 'ਚ ਫੜੇ ਗਲਾਸ ਨੂੰ
ਨਜ਼ਰ-ਅੰਦਾਜ਼ ਕਰ !
ਤੇ ਬੱਸ ਸਤੁੰਸ਼ਟ ਹੋ ਗਏ ਇੰਨੇ ਨਾਲ ਹੀ
ਕਿ ਅਸੀਂ ਰੱਖ ਦਿੱਤਾ "ਸੁਕਰਾਤ"
ਆਪਣੇ ਬੱਚੇ ਦਾ ਨਾਂਅ !
ਪਰ ਸਿਰਫ ਇੰਨੇ ਨਾਲ ਹੀ
ਸਾਡਾ ਜ਼ਿਕਰ ਕੌਣ ਕਰੇਗਾ ਸਾਡੇ ਬਾਅਦ ?
ਅਸੀਂ ਤਾਂ ਚਾਹੁੰਦੇ ਸਾਂ
ਕਿ ਕਰ ਜਾਈਏ ਬਹੁਤ ਕੁੱਝ ਅਮਰ ਹੋਣ ਲਈ !
ਪਰ ਇੰਨਾਂ ਹੀ ਕੋਸ਼ਿਸਾਂ ਵਿੱਚਕਾਰ
ਭਚੀੜੇ ਗਏ ਸਦਾ
ਸਾਡੇ ਜਿਉਣ ਦੇ ਚਾਅ ਵੀ
ਤੇ ਮਰਨ ਦੀਆਂ ਰੀਝਾਂ ਵੀ !
ਅਸੀਂ ਥੋੜਾ ਥੋੜਾ ਜਿਉਂਦੇ
ਥੋੜਾ ਥੋੜਾ ਮਰਦੇ
ਜਿਉਂਦੇ ਰਹੇ ਚੱਟਣੀ ਜ਼ਿੰਦਗੀ !
ਅਸੀਂ ਜਿੰਨਾਂ ਬਹੁਤ ਵੇਰ ਚਾਹਿਆ
ਕਿ ਬੀਜਾ ਬਣ ਕਰ ਦੇਈਏ
ਆਪਣੀ ਪਤਨੀ ਨੂੰ ਕੌਲਾਂ ਵਾਂਗ ਦਰ-ਬ-ਦਰ ,
ਪਰ ਅਫਸੋਸ-
ਸਾਡੀ ਗੈਰ-ਹਾਜ਼ਰੀ 'ਚ ਸਾਡੇ ਘਰ
ਕੋਈ ਨਹੀਂ ਆਇਆ ਕਦੇ ,
ਕੰਮਬਖਤ ਕਿਸੇ ਮਹਾਰਾਜੇ ਨਾਲ
ਯਾਰੀ ਨਹੀਂ ਸੀ ਸਾਡੀ ,
ਸਾਡੀ ਗੈਰਹਾਜ਼ਰੀ 'ਚ ਸਾਡੀ ਉਡੀਕ ਹੀ
ਬਣੀ ਰਹੀ ਸਾਡੀ ਪਤਨੀ ਦੇ
ਆਜ਼ਾਰਬੰਦ ਦੀ ਗੋਲ-ਗੰਢ !
ਸਾਨੂੰ ਤਾਂ ਹਰ ਵੇਰ ਜੇ ਲੱਭੀ
ਆਪਣੀ ਪਤਨੀ ਦੇ ਬਿਸਤਰ ਚੋਂ
ਤਾਂ ਆਪਣੀ ਹੀ ਪਿੱਤਲ ਦੀ ਮੁੰਦਰੀ ਲੱਭੀ ,
ਅਸੀਂ ਤਾਂ ਹਰ ਵੇਰ ਜੇ ਵੇਖੇ
ਤਾਂ ਆਪਣੀ ਪਤਨੀ ਦੇ ਜਿਸਮ ਤੇ
ਆਪਣੇ ਹੀ ਘਰੂਟਾਂ ਦੇ ਨਿਸ਼ਾਨ ਵੇਖੇ !
ਸਾਡੇ ਕਿੱਸੇ ਕੌਣ ਸਿਰਜੇਗਾ ਯਾਰੋ ?
ਅਸੀਂ ਜੋ ਨਾ ਪੂਰਨ ਬਣ ਸਕੇ ਨਾ ਰਸਾਲੂ ,
ਅਸੀਂ ਤਾਂ ਆਪਣੀ ਲੂਣਾ ਮਾਂ ਦੀ
ਹਰ ਇੱਛਾ ਪੂਰੀ ਕਰਨੀ ਮੰਨ ਲਈ ,
ਤੇ ਕਿਸੇ ਨੂੰ ਕੁੱਝ ਕਹੇ ਬਿਨਾਂ
ਸਮਝੌਤਿਆਂ ਨੂੰ ਸਾਹ ਬਣਾ ਲਿਆ !
ਉਸਦੀ ਇੱਛਾ ਨੂੰ ਠੁਕਰਾਅ
ਸਾਥੋਂ ਪੁੱਤਰ-ਧਰਮ ਨਾ ਪਾਲਿਆ ਗਿਆ !
ਸ਼ਾਇਦ ਡਰਦੇ ਰਹੇ ਅਸੀਂ
ਆਪਣੇ ਜ਼ਿਸਮ ਦੇ ਟੋਟੇ ਹੋਣ ਤੋਂ
ਤੇ ਫਿਰ ਸਾਧ ਹੋਣ ਤੋਂ !
ਨਾਲ ਦੀ ਨਾਲ ਜੱਗ-ਹੱਸਾਈ ਵੀ ਨਾ
ਕਰਵਾ ਸਕੇ ਅਸੀਂ ਪਾਕਿ-ਪਵਿੱਤਰ ਰਿਸ਼ਤਿਆਂ ਦੀ !
ਕੌਣ ਲਿਖੇਗਾ ਸਾਡਾ ਮਹਾਂ-ਕਾਵਿ ?
ਅਸੀਂ ਕਿ ਜੋ ਲੈ ਸਕਦੇ ਸਾਂ ਸੀਤਾ ਵਾਂਗ
ਆਪਣੀ ਪਤਨੀ ਦੀ ਅਗਨੀ-ਪ੍ਰੀਖਿਆ ,
ਦੇ ਸਕਦੇ ਸਾਂ ਉਸਨੂੰ ਬਨਵਾਸ !
ਪਰ ਸਾਥੋਂ ਖੁਦ ਕਦੇ ਵੀ
ਰਾਮ ਨਾ ਬਣਿਆ ਗਿਆ !
ਸਾਡੀ ਇੱਕ ਅੱਖ 'ਚੋਂ ਹਮੇਸ਼ਾਂ ਹੀ
ਰਾਮ ਵੇਖਦਾ ਰਿਹਾ
ਤੇ ਦੂਜੀ ਚੋਂ ਰਾਵਣ ਝਾਕਦਾ ਰਿਹਾ !
ਸਾਡੇ ਕੰਨਾਂ 'ਚ ਵੀ ਹਮੇਸ਼ਾਂ
ਆਪਣੀ ਹੀ ਕੁਰਲਾਹਟ ਗੂੰਜਦੀ ਰਹੀ
ਕਦੇ ਨਹੀ ਗੂੰਜੀ ਕਿਸੇ ਧੋਬੀ ਦੀ ਬੋਲੀ !
ਅਸੀਂ ਕਿ ਜੋ ਨਾ ਰਾਜਕੁਮਾਰ ਸਾਂ
ਨਾ ਹੀ ਸ਼ਹਿਨਸ਼ਾਹ ,
ਤੇ ਨਾ ਹੀ ਕੋਈ ਫਰਿਸ਼ਤੇ ,
ਫੇਰ ਸਾਨੂੰ ਬੋਲੀ ਮਾਰਦਾ ਵੀ ਕੌਣ ?
ਅਸੀਂ ਕਿ ਜੋ ਨਾ ਯੋਧੇ ਬਣ ਸਕੇ ਨਾ ਫਕੀਰ ,
ਨਾ ਆਸ਼ਕ , ਨਾ ਸਾਦਿਕ
ਤੇ ਨਾ ਹੀ ਨਾਇਕ-ਖਲਨਾਇਕ !
ਫੇਰ ਸਾਡੀ ਗੱਲ ਕਦੋਂ ਤੁਰੇਗੀ ਯਾਰੋ ?
ਅਸੀਂ ਜੋ ਲੜਦੇ ਰਹੇ
ਰਸੋਈਆਂ ਦੀ ਮਹਾਂਭਾਰਤ !
ਦਰੋਪਦੀ ਕਦੇ ਸਾਡੀ ਮਾਂ ਬਣੀ
ਕਦੇ ਭੈਣ , ਕਦੇ ਭਾਬੀ , ਕਦੇ ਬੇਟੀ
ਤੇ ਕਦੇ ਪਤਨੀ !
ਅਸੀਂ ਸੁਜਾਖੇ ਧਰਿੱਤਰਾਸ਼ਟਰ
ਆਪਣੇ ਇੱਕ ਹੱਥ ਕੌਰਵ
ਇੱਕ ਹੱਥ ਪਾਂਡਵ ਲਈਂ
ਖੁਦ ਹੀ ਹਾਰਦੇ ਰਹੇ
ਦਰੋਪਦੀ ਨੂੰ ਜੂਏ ਵਿੱਚ !
ਖੁਦ ਹੀ ਕਰਦੇ ਰਹੇ
ਉਸਦਾ ਵਸਤਰ-ਹਰਨ !
ਖੁਦ ਹੀ ਆਪਣੇ ਹਿੱਤਾਂ ਦੀ ਪੂਰਤੀ ਲਈ-
ਕਦੇ ਭੀਸ਼ਮ ਬਣੇ,
ਕਦੇ ਵਿਦੁਰ ,
ਕਦੇ ਦਰੋਣਾਚਾਰੀਆ ,
ਕਦੇ ਯੁਧਿਸ਼ਟਰ,
ਕਦੇ ਦੁਰਯੋਧਨ ,
ਕਦੇ ਅਰਜੁਨ
ਤੇ ਕਦੇ ਦੁਸ਼ਾਸ਼ਨ !
ਸ਼ਰੀਕਾਂ ਦੀ ਮੁੱਛ ਹੀ ਸਦਾ-
ਬਣੀ ਰਹੀ ਸਾਡੇ ਲਈ ਮੱਛੀ ਦੀ ਅੱਖ !
ਬਹੁਤ ਵੇਰ ਏਕਲਵਿਆ ਵੀ-
ਸਾਡਾ ਮਾਂ ਜਾਇਆ ਵੀਰ ਸੀ ਤੇ ਕਰਨ ਵੀ !
ਸਾਡੀ ਕਥਾ ਕਿਵੇਂ ਬਣ ਸਕਦੀ ਹੈ ਮਹਾਂਗ੍ਰੰਥ ?
ਸਾਡਾ ਜ਼ਿਕਰ ਕੌਣ ਛੇੜੇਗਾ ?
ਅਸੀਂ ਕਿਸ ਵਾਰ ਦੇ ਬਣਾਂਗੇ ਮਹਾਂਨਾਇਕ ?
ਕਿਸ ਕਾਲ-ਖੰਡ ਦੇ ਹਿੱਸੇ ਆਵਾਂਗੇ ਅਸੀਂ ?
ਕੌਣ ਲਿਖੇਗਾ ਸਾਡਾ ਇਤਿਹਾਸ ?
ਯਾਰੋ ਅਸੀਂ ਸੁਭਾਵਿਕ ਹੀ
ਮੁਖਾਤਿਬ ਹਾਂ ਹੁਣ ਤਾਂ ਐਵੇਂ ਬੱਸ....!

~~~~~~~~~~~~~~~~~~~~~~~~~~~~~~~~~

- امردیپ سنگھ گلّ

رانجھے دا کی اے !
اوہ تاں جدوں جی کیتا
جوگی ہو کے جا چڑیگا
عشقَ پربت دے سکھریں !
تے جوگیاں دا وی کی اے !
اوہ تاں کدوں وی
اتر آؤنگے پہاڑوں
کسے چرخے دی گھوک سن !
پر ساڈا کی ہووےگا یارو ؟
ساڈے سینے تاں کدے وی نہ وجی
بھابیاں دے طعنے دی برچھی
کہ اسیں
کچھے ونجھلی تے موڈھے بھوری لے نکل تردے
باغی ہو کے فرضاں توں !
ساڈی تاں ہمیشاں ہی گھر 'چ
ساہے-لتے بنی رکھی
باپو دے کرزاں دے نیول نے،
ساڈا قصہ کون لکھیگا ؟
جناں دے ہنگارے -
نہ کدے ہوک بن سکے نہ ہونکے ،
جناں دے اک موڈھے تے
گھر دی سردل ٹکی رہی
تے دوجے تے بال ناتھ دا ٹلا ،
اسیں کس دے حصے آوانگے ؟
اسیں کہ جناں دے حصے
ہیر نال ملاقاتاں نہیں
سگوں محض اسدی اڈیک ہی آئی !
سانوں کہ جناں نوں
ہیر ملن توں پہلاں ہی
پیر پیر تے ملدے رہے قیدوں
تے اوہ وی تخت-ہزارے رہندیاں ہی ،
ساڈی کہانی کون لکھیگا ؟
جناں دے بلاں تے تمام عمر
ونجھلی دی تھاں گالھاں ہی رہیاں !
اسیں کہ جو چاہ کے وی
ہکّ دے زور تے
کڈھ کے نہ لے جا سکے
اپنیاں ریجھاں دی صاحباں ،
کیونکہ قصے دے انت لئی
ضروری سی جنڈ ہیٹھ مرنا ساڈا ،
تے بسّ اتھے ہی بدل گئے سنکلپ
نہ تاں ایہہ موت ہی پسند سی سانوں
تے نہ ہی وقت سی ساڈے کول
جنڈ ہیٹھ سون دا !
اسیں نیداں 'چ وی جاگن والے لوک
عامَ آدمیاں توں ڈردے ڈراؤندے
بھلّ گئے خدا نوں ڈراؤن دی طاقت !
سانوں تاں جد رہا ہی نہ
اپنے آپ تے وشواس،
پھر اپنی بکی تے
کہڑے منہ نال شرطاں لاؤندے اسیں ؟
ساڈے گیت کون گاویگا دوستو ؟
سانوں کہ جناں نوں
چاہ تاں بہت سی
کسے سوہنی نوں دل دا ماس کھواؤن دی ،
پر ساڈی کلی تکّ کوئی نہ پہنچیا
کوئی سوہنی نہ آئی
کچے تے تر کے سانوں ملن !
سوہنیاں شاید دل دا نہیں
پٹّ دا ماس کھان لئی ہی آؤندیاں نے !
جدکہ سانوں خود ہی جھناں
کچے تے ترنا ہی نہیں پیا
سگوں کچے 'چ بھرنا وی پیا ہے ،
سانوں کون بناویگا
اپنی گاتھا دے نائک ؟
اسیں کہ جناں نوں شرابی کر
پنوں وانگ بے ہوشی دی حالت 'چ
اوٹھ تے لدّ کے نہیں لجانا پیا
رات دے ہنھیرے 'چ
سسی دی سیج توں چکّ کے ،
اسیں تاں سگوں خود ہی-
ادھی-راتے بے خبر ستی سسی نالوں
اٹھ کے چوری چپّ-چپیتیاں
ننگے پیریں بھجّ آؤندے رہے ،
باقی بچدی ادھی رات مانن لئی
اپنی پتنی دی سیج نوں !
ساڈی کی ورگ ونڈ کروگے ساتھیو ؟
ساڈے لئی تاں ہمیشاں
اکو جہیاں رہیاں
رجنیش تے مارکس دیاں داہڑیاں !
اسیں کہ جو چاہندے تاں رہے سقراط بننا
پر کدے پی نہ سکے
شراب توں کوڑا کوئی وی زہر ،
سانوں روٹی کھاندیاں نوں پانی دین آئی
ماں دے ہتھاں 'چ پھڑے گلاس نوں
نظر-انداز کر !
تے بسّ ستنشٹ ہو گئے انے نال ہی
کہ اسیں رکھ دتا "سقراط"
اپنے بچے دا ناں !
پر صرف انے نال ہی
ساڈا ذکر کون کریگا ساڈے بعد ؟
اسیں تاں چاہندے ساں
کہ کر جائیے بہت کجھ امر ہون لئی !
پر اناں ہی کوشساں وچکار
بھچیڑے گئے سدا
ساڈے جیون دے چاء وی
تے مرن دیاں ریجھاں وی !
اسیں تھوڑا تھوڑا جؤندے
تھوڑا تھوڑا مردے
جؤندے رہے چٹنی زندگی !
اسیں جناں بہت ویر چاہیا
کہ بیجا بن کر دیئیے
اپنی پتنی نوں قولاں وانگ در-ب-در ،
پر اپھسوس-
ساڈی غیر-حاضری 'چ ساڈے گھر
کوئی نہیں آیا کدے ،
کمبکھت کسے مہاراجے نال
یاری نہیں سی ساڈی ،
ساڈی غیر حاضری 'چ ساڈی اڈیک ہی
بنی رہی ساڈی پتنی دے
آزاربند دی گول-گنڈھ !
سانوں تاں ہر ویر جے لبھی
اپنی پتنی دے بستر چوں
تاں اپنی ہی پتل دی مندری لبھی ،
اسیں تاں ہر ویر جے ویکھے
تاں اپنی پتنی دے جسم تے
اپنے ہی گھروٹاں دے نشان ویکھے !
ساڈے قصے کون سرجیگا یارو ؟
اسیں جو نہ پورن بن سکے نہ رسالو ،
اسیں تاں اپنی لونا ماں دی
ہر اچھا پوری کرنی منّ لئی ،
تے کسے نوں کجھ کہے بناں
سمجھوتیاں نوں ساہ بنا لیا !
اسدی اچھا نوں ٹھکراء
ساتھوں پتر-دھرمتر نہ پالیا گیا !
شاید ڈردے رہے اسیں
اپنے زسم دے ٹوٹے ہون توں
تے پھر سادھ ہون توں !
نال دی نال جگّ-ہسائی وی نہ
کروا سکے اسیں پاک-پوتر رشتیاں دی !
کون لکھیگا ساڈا مہاں-کاوَ ؟
اسیں کہ جو لے سکدے ساں سیتا وانگ
اپنی پتنی دی اگنی-پریکھیا ،
دے سکدے ساں اسنوں بنواس !
پر ساتھوں خود کدے وی
رام نہ بنیا گیا !
ساڈی اک اکھ 'چوں ہمیشاں ہی
رام ویکھدا رہا
تے دوجی چوں راون جھاکدا رہا !
ساڈے کناں 'چ وی ہمیشاں
اپنی ہی کرلاہٹ گونجدی رہی
کدے نہی گونجی کسے دھوبی دی بولی !
اسیں کہ جو نہ راج کمار ساں
نہ ہی شہنشاہ ،
تے نہ ہی کوئی فرشتے ،
پھیر سانوں بولی ماردا وی کون ؟
اسیں کہ جو نہ یودھے بن سکے نہ فقیر ،
نہ عاشق ، نہ صادق
تے نہ ہی نائک-کھلنائک !
پھیر ساڈی گلّ کدوں تریگی یارو ؟
اسیں جو لڑدے رہے
رسوئیاں دی مہامبھارت !
دروپدی کدے ساڈی ماں بنی
کدے بھین ، کدے بھابی ، کدے بیٹی
تے کدے پتنی !
اسیں سجاکھے دھرتراشٹر
اپنے اک ہتھ کورو
اک ہتھ پانڈو لئیں
خود ہی ہاردے رہے
دروپدی نوں جوئے وچّ !
خود ہی کردے رہے
اسدا وستر-ہرنر !
خود ہی اپنے ہتاں دی پورتی لئی-
کدے بھیشم بنے،
کدے ودر ،
کدے دروناچاریا ،
کدے یدھشٹر،
کدے دریودھن ،
کدے ارجن
تے کدے دشاشن !
شریکاں دی مچھّ ہی سدا-
بنی رہی ساڈے لئی مچھی دی اکھ !
بہت ویر ایکلویا وی-
ساڈا ماں جایا ویر سی تے کرن وی !
ساڈی کتھا کویں بن سکدی ہے مہانگرنتھ ؟
ساڈا ذکر کون چھیڑیگا ؟
اسیں کس وار دے بنانگے مہاننائک ؟
کس کال-کھنڈ دے حصے آوانگے اسیں ؟
کون لکھیگا ساڈا اتہاس ؟
یارو اسیں سبھاوک ہی
مکھاتب ہاں ہن تاں ایویں بسّ....!

No comments:

Post a Comment