Tuesday, December 27, 2011

ਗ਼ਜ਼ਲ / غزل

- ਸੁਖਦਰਸ਼ਨ ਧਾਲੀਵਾਲ

ਨਿਗ੍ਹਾ ਮੇਰੀ ਨੂੰ ਅਪਣੇ ਇਸ਼ਕ ਦੀ ਕੋਈ ਰਜ਼ਾ ਦੇ ਦੇ
ਮਿਲੇ ਸਾਹਿਲ ਮੇਰੇ ਵੀ ਪਿਆਰ ਨੂੰ ਐਸੀ ਦੁਆ ਦੇ ਦੇ

ਉਤਾਰਾਂਗਾ ਮੈਂ ਕੀਮਤ ਇਸ਼ਕ ਦੀ ਕਰਕੇ ਅਦਾ ਖ਼ੁਦ ਨੂੰ
ਸਿਦਕ ਮੇਰਾ ਪਵਿੱਤਰ ਕਰ ਰੁਹਾਨੀ ਆਸਥਾ ਦੇ ਦੇ

ਸਮਾ ਜਾਏ ਨਿਗ੍ਹਾ ਵਿਚ ਮਹਿਰਮਾਂ ਬਸ ਤੇਰਾ ਹੀ ਜਲਵਾ
ਮੇਰੇ ਸੀਨੇ 'ਚ ਉੱਗੀ ਰੀਝ ਨੂੰ ਐਸੀ ਨਿਗ੍ਹਾ ਦੇ ਦੇ

ਮਿਟਾ ਕੇ ਅਪਣੀ ਹਸਤੀ ਨੂੰ ਮੈਂ ਹੋਜਾਂ ਜਜ਼ਬ ਤੇਰੇ ਵਿਚ
ਵਫ਼ਾ ਮੇਰੀ ਨੂੰ ਕਰ ਨਿਸਬਤ ਅਤਾ ਅਪਣੀ ਰਜ਼ਾ ਦੇ ਦੇ

ਰਹਾਂ ਸਜਦੇ 'ਚ ਝੁਕਿਆ ਮੈਂ ਸਦਾ ਹੀ ਐ ਮੇਰੇ ਮੌਲਾ
ਇਬਾਦਤ ਵਿਚ ਝੁਕੇ ਦਰਵੇਸ਼ ਨੂੰ ਦਰ ਤੇ ਜਗ੍ਹਾ ਦੇ ਦੇ

ਬਣੇ ਜੋ ਆਈਨਾ ਇਕ ਦਿਨ ਸਮੇਂ ਦਾ ਇਹ ਗ਼ਜ਼ਲ ਤੇਰੀ
ਮੁਹੱਬਤ ਭਰ ਕੇ ਇਸ ਵਿਚ ਇਸ ਨੂੰ ਕੋਇਲ ਦੀ ਸਦਾ ਦੇ ਦੇ

ਰਹੇਗਾ ਉਮਰ ਭਰ ਨਚਦਾ ਤੇਰੇ ਦਰ ਤੇ ਤੇਰਾ 'ਦਰਸ਼ਨ'
ਬਣਾ ਜੋਗੀ ਤੂੰ ਇਸ ਖ਼ਾਦਿਮ ਨੂੰ ਨੱਚਣ ਦੀ ਅਦਾ ਦੇ ਦੇ

ਆਸਥਾ: ਨਿਸ਼ਚਾ, ਭਰੋਸਾ
ਨਿਸਬਤ: ਲਗਾਉ, ਨੇੜੇ ਦਾ ਸਬੰਧ
ਅਤਾ: ਬਖ਼ਸ਼ਿਸ਼
ਖ਼ਾਦਿਮ: ਖ਼ਿਦਮਤ ਕਰਨ ਵਾਲਾ

~~~~~~~~~~~~~~~~~~~~~~~~~~~~~~~~~

سکھدرشن دھالیوال -

نگاہ میری نوں اپنے عشقَ دی کوئی رضا دے دے
ملے ساحل میرے وی پیار نوں ایسی دعا دے دے

اتارانگا میں قیمت عشقَ دی کرکے ادا خود نوں
صدق میرا پوتر کر رہانی آستھا دے دے

سما جائے نگاہ وچ محرماں بس تیرا ہی جلوا
میرے سینے 'چ اگی ریجھ نوں ایسی نگاہ دے دے

مٹا کے اپنی ہستی نوں میں ہوجاں جذب تیرے وچ
وفا میری نوں کر نسبت عطا اپنی رضا دے دے

رہاں سجدے 'چ جھکیا میں سدا ہی اے میرے مولٰی
عبادت وچ جھکے درویش نوں در تے جگہ دے دے

بنے جو آئینہ اک دن سمیں دا ایہہ غزل تیری
محبت بھر کے اس وچ اس نوں کوئل دی سدا دے دے

رہے گا عمر بھر نچدا تیرے در تے تیرا 'درشن'
بنا جوگی توں اس خادم نوں نچن دی ادا دے دے

No comments:

Post a Comment