Saturday, October 8, 2011

ਇੱਕ ਚੇਤਨ ਸੁਰਖ ਜਿਹੀ ਅੱਗ ਨੇ, ਮੇਰੇ ਗਲ ਵਿੱਚ ਪਾਈਆਂ ਸੀ ਬਾਹਾਂ..

-ਹਰਮਨ ਜੀਤ

ਇਹ ਰੋਜ਼ ਅਵਲ ਤੋ ਅੱਗ ਜਿਹਾ
ਇਹ ਰੋਜ਼ ਅਵਲ ਤੋਂ ਪਾਣੀ ਹੈ..
ਜਿਸ ਨਾਨਕ ਮੁੰਡੀ ਡੰਗੀ ਸੀ
ਈਸਾ ਦੀ ਰਚੀ ਕਹਾਣੀ ਹੈ..
ਇਹ ਅੱਖਰ ਵੇਦ ਕੁਰਾਨਾਂ ਦਾ
ਇਹ ਏਕ ਓਂਕਾਰਾਂ ਬਾਣੀ ਹੈ..
ਜਿਨ ਮੱਥੇ ਨੀਲੇ ਕਰ ਕਰ ਕੇ
ਇਸ ਡੰਗ ਦੀ ਪੀੜ ਪਛਾਣੀ ਹੈ..
ਓਹ ਮੂਲ 'ਚ ਡੁਬਕੀ ਲਾ ਆਏ
ਉਨ ਓੜਕ ਤਿੱਥੀ ਜਾਣੀ ਹੈ..
ਇਹ ਜੰਮਣ ਪੀੜਾਂ ਦਾ ਜਾਇਆ
ਇਹ ਡੰਗ ਉਮਰ ਦਾ ਹਾਣੀ ਹੈ..
ਇੱਕ ਡੰਗ ਉਮਰ ਦਾ ਹਾਣੀ ਹੈ..

ਸਿਰ ਸਾਡੇ ਤੋਂ ਜ਼ਹਿਰਾਂ ਲੱਦੇ
ਸੈਆਂ ਬੱਦਲ ਲੰਘੇ ਵੇ..
ਪਿੰਡਾ ਸਾਡਾ ਹੋਇਆ ਨੀਲਾ
ਲੇਖ ਵਿਹੁ ਨੇ ਰੰਗੇ ਵੇ..
ਇਹ ਜੋ ਸਿਰੀਆਂ ਚੁੱਕੀ ਬੈਠੇ
ਕਾਲੇ ਸੱਪ ਭੁਜੰਗੇ ਵੇ..
ਆਦਿ ਜੁਗਾਦੀ ਮੀਤ ਸੁਣੀਂਦੇ
ਇਹ ਤਾਂ ਡਾਢੇ ਚੰਗੇ ਵੇ..

ਜੋ ਡੰਗ ਦੀ ਪੀੜ ਹੰਢਾਉਂਦੇ ਨੇ
ਜੋ ਡੰਗ ਦਾ ਨਾਮ ਧਿਆਉਂਦੇ ਨੇ
ਜੋ ਕੰਚਨ ਕੂਲੇ ਪੋਟਿਆਂ 'ਤੇ
ਚਾਨਣ ਦਾ ਸੱਪ ਲੜਾਉਂਦੇ ਨੇ..
ਜੋ ਪੀਠ ਪੀਠ ਕੇ ਕੁੰਜਾਂ ਨੂੰ
ਸੁਰਮੇ ਦੀ ਥਾਂਵੇ ਪਾਉਂਦੇ ਨੇ..
ਜੋ ਮਣੀਆਂ ਦੇ ਲਿਸ਼ਕਾਰੇ 'ਚੋਂ
ਯੁੱਗਾਂ ਦੀ ਭੁੱਖ ਮਿਟਾਉਂਦੇ ਨੇ..
ਜ਼ਹਿਰਾਂ ਦੇ ਸੁੱਚੇ ਬਾਵੇ ਨੂੰ
ਜੋ ਅੜਿਆ ਕੁੱਛੜ ਚਾਉਂਦੇ ਨੇ..
ਓਹ ਰਹਿ ਰਹਿ ਕੇ ਵੀ ਸੱਜਣ ਜੀ
ਸਰਪਾਂ ਦੇ ਸੋਹਿਲੇ ਗਾਉਂਦੇ ਨੇ..
ਰੁਖ਼ਸਾਰਾਂ ਚੁੰਮਦੀ ਅਲਕਾ ਨੂੰ
ਸੱਪਣੀ ਦਾ ਲਾਡ ਲਡਾਉਂਦੇ ਨੇ..
ਇਸ਼ਕੇ ਦਾ ਦੁੱਧ ਪਿਲਾਉਂਦੇ ਨੇ..

ਹਾਲੇ ਤਾਂ ਉਮਰ ਨਿਆਣੀ ਹੈ
ਮੈਂ ਨਾਹੀ ਦੁਨੀਆ ਜਾਣੀ ਹੈ..
ਹਾਲੇ ਤਾਂ ਮੇਰੇ ਖਾਬਾਂ ਥੀਂ
ਇੱਕ ਰਾਜਾ ਹੈ ਇੱਕ ਰਾਣੀ ਹੈ..

ਪਰ ਸੱਜਣ ਮੈਂ ਕੁਝ ਤੱਕਿਆ ਸੀ
ਜੀਹਨੂੰ ਵੇਖ ਵੇਖ ਕੇ ਵੀ ਹਾਏ
ਮਾਸਾ ਨਾ ਵੇਖ ਮੈਂ ਸੱਕਿਆ ਸੀ..
ਇਮਲੀ ਦੇ ਇੱਕ ਪੇੜ ਥੱਲੇ
ਜਿੱਥੇ ਠੰਢੀ ਠੰਢੀ 'ਵਾ ਚੱਲੇ
ਓਥੇ ਨਰਮ ਭੁਰਭੁਰੀ ਮਿੱਟੀ 'ਚੋਂ
ਇੱਕ ਨੂਰ ਦਾ ਕਤਰਾ ਉੱਗਿਆ ਸੀ
ਤੇ ਇੱਕ ਭੁਲੇਖਾ ਪੁੱਗਿਆ ਸੀ..
ਓਹ ਡੰਗ ਦਾ ਹੀ ਸੀ ਪਰਛਾਵਾਂ
ਓਹ ਤੇਰਾ ਮੇਰਾ ਸੀ ਨਾਵਾਂ..
ਇੱਕ ਚੇਤਨ ਸੁਰਖ ਜਿਹੀ ਅੱਗ ਨੇ
ਮੇਰੇ ਗਲ ਵਿੱਚ ਪਾਈਆਂ ਸੀ ਬਾਹਾਂ..
ਹੁਣ ਕੀ ਆਖਾਂ ਕੀ ਨਾ ਆਖਾਂ
ਇਹ ਕਿੱਧਰ ਜਾਂਦੀਆਂ ਨੇ ਰਾਵਾਂ..
ਇਸ ਰਾਹੇ ਨਜ਼ਰੀਂ ਆਈ ਹੈ
ਕਿਸੇ ਪਦਮਣੀ ਦੀ ਪੈੜ ਜਿਹੀ
ਵਿੱਚ ਖਿੜਿਆ ਫੁੱਲ ਗੁਲਾਬੇ ਦਾ
ਸਾਡੇ ਚਾਵਾਂ ਦਾ ਪਰਛਾਵਾਂ..

No comments:

Post a Comment