-ਅਮਰਜੀਤ ਕੌਰ ਹਿਰਦੇ
ਮਾਂ ਦੀ ਗੋਦੀ ਥੋਰਾਂ ਉੱਗੀਆਂ, ਦੁਸ਼ਮਣ ਹੋ ਗਏ ਸੀ ਹਮਸਾਏ |
ਦਹਿਲ ਗਈਆਂ ਸੀ ਰੌਸ਼ਨ ਰਾਤਾਂ, ਚਿੱਟੇ ਦਿਨ ਵੀ ਗਏ ਸਿਆਹੇ |
ਰੁਲਦੀ ਪਤ ਦੀਆਂ ਚੀਕਾਂ-ਕੂਕਾਂ, ਭੀੜਾਂ ਅੱਗੇ ਤਰਲੇ-ਹਾੜੇ,
ਜ਼ੁਲਮ ਦੀ ਕਾਲੀ ਰਾਤ ਹੈ ਲੰਬੀ, ਕਾਲੇ ਲੰਮੇ ਝੂਠ ਦੇ ਸਾਏ |
ਦੇਸ਼-ਭਗਤੀ ਦਾ ਰੰਗ ਅਨੋਖਾ, ਘੱਟ-ਗਿਣਤੀ ਬਸ਼ਿੰਦੇ ਸਾੜ੍ਹੇ,
ਬਹੁ-ਗਿਣਤੀ ਸੋਚ ਗਰਕ ਗਈ, ਕਿਹੀ ਇਹ ਚਲੀ ਹਵਾ ਏ |
ਘਿਓ ਬਦਲੇ ਅੱਜ ਖੂਨ ਦੀ, ਵਿੱਚ ਚਿਖਾ ਦੇ ਅਹੂਤੀ ਦੇਣੀ,
ਦਿੱਲ ਵਾਲੀ ਦਿੱਲੀ ਦੇ ਸ਼ੋਅਲੇ ਡੱਸ ਗਏ ਕਈ ਸ਼ਹਿਰ ਪਰਾਏ |
ਸ਼ੈਤਾਨ ਦਾ ਕਿਰਦਾਰ ਨਿਭਾ ਕੇ, ਖੂਨ ਦਾ ਬਦਲਾ ਖੂਨ ਸੁਣਾਉਂਦੇ,
ਪਲਕ-ਝਪਕ ਆ ਗਈ ਪਰਲੋ, ਦਹਿਸ਼ਤ ਦੇ ਐਸੇ ਦ੍ਰਿਸ਼ ਦਿਖਾਏ |
ਬਲਦਾ ਪਿਆ ਇਨਸਾਨ ਦੇਖ ਕੇ, ਖੂਨੀ ਦਿਲ ਇਨਸਾਨ ਤਾਂ ਹੱਸੇ,
ਗੁਰੂ-ਦੁਆਰੇ ਰੋਇਆ ਸੀ ਰੱਬ, ਮੂਸਾ, ਅੱਲਾ, ਭਗਵਾਨ ਕੁਰਲਾਏ |
ਤਖਤੇ-ਸ਼ਾਹੀ ਦਾ ਨਸ਼ਾ ਕਦੇ ਨਾ, ਤਖਤ-ਨਸ਼ੀਂ ਸਿਰ ਚੜ੍ਹ ਕੇ ਬੋਲੇ,
ਅਰਦਾਸ ਕਰਾਂ 'ਹਿਰਦੇ' ਦੇ ਵਿਚੋਂ, ਰਾਜਾ ਨਾ ਕਾਤਲ ਬਣ ਜਾਏ |
No comments:
Post a Comment