Sunday, October 23, 2011

ਬੜਾ ਚਿਰ ਹੋਇਆ

- ਡਾ. ਰੰਜੂ ਸਿੰਘ

ਚਿਰ ਹੋਇਆ ਮਾਂ,ਬੜਾ ਹੀ ਚਿਰ ਹੋਇਆ,
ਤੇਰੀ ਅਵਾਜ਼ ਸੁਣਿਆ ਤੇ ਤੇਰੇ ਹਥ ਚੁੰਮਿਆਂ,
ਚਿਰ ਹੋਇਆ ਮਾਂ,ਬੜਾ ਹੀ ਚਿਰ ਹੋਇਆ,

ਕਿੰਨੇ ਪਲ ਬੀਤੇ,ਕਿੰਨੇ ਮਹੀਨੇ ਤੇ ਕਿੰਨੇ ਹੀ ਯੁਗ,
ਪਰ ਅਜੇ ਤਕ ਕੋਈ ਕਦੇ ਮਾਂ ਦੇ ਬਰਾਬਰ ਨਹੀਂ ਹੋਇਆ,
ਜੋ ਲਿਖੀ ਸੀ ਮਾਂ ਮੈਂ ਬੜੀਆਂ ਰੀਝਾਂ ਦੇ ਨਾਲ,
ਓਹਦਾ ਹਰ ਹਰਫ਼ ਅੱਜ ਵਿਓਗੀ ਹੋਇਆ,
ਮੈਂ ਲਿਖਦੀ ਹਾਂ ਜਾਂਦੀ,ਪਰ ਇਹ ਪੂਰੀ ਨਾ ਹੁੰਦੀ,
ਮਾਂ,ਸਿਆਹੀ ਤਾਂ ਮੁੱਕ ਗਈ,ਪਰ ਅੰਤ ਨਾ ਹੋਇਆ,
ਇਹ ਅਧੂਰੀ ਦੀ ਅਧੂਰੀ ਹੀ ਰਹਿ ਗਈ,
ਮੇਰਾ ਪੂਰਾ ਸ਼ਬਦ-ਕੋਸ਼ ਵੀ ਖਾਲੀ ਹੋਇਆ,
ਤੂੰ ਇੱਕ ਵਾਰੀ ਇਹਨੂੰ ਪੜ੍ਹ ਤਾਂ ਸਹੀ,
ਮੇਰੇ ਗੀਤਾਂ ਨੇ ਦੱਸ ਤੇਰਾ ਭਲਾ ਕੀ ਖੋਇਆ,
ਮੇਰੀ ਹਰ ਕਵਿਤਾ ਲੱਗੇ ਮੈਨੂੰ ਤੀਰਥ ਵਰਗੀ,
ਇਹਦਾ ਹਰ ਅੱਖਰ ਮੈਂ ਦੁਧ ਨਾਲ ਧੋਇਆ,
ਤੈਨੂ ਦਿਖਾਉਣ ਤੋਂ ਪਹਿਲਾ,ਤੈਨੂੰ ਪੜ੍ਹਾਉਣ ਤੋਂ ਪਹਿਲਾਂ,
ਇਸ ਦੇ ਹਰ ਲਫ਼ਜ਼ ਨੇ ਤੇਰੇ ਕਦਮਾਂ ਨੂੰ ਛੋਇਆ,
ਤੂੰ ਯਾਦ ਕਰ,ਤੂੰ ਹੀ ਕਿਹਾ ਕਰਦੀ ਸੀ ਕਦੇ,
ਕੀ ਮੈਂ ਖੁਦ ਹੀ ਇੱਕ ਰਚਨਾ ਹਾਂ,ਫੇਰ ਹੁਣ ਕੀ ਹੋਇਆ,
ਹਾਂ ਮੈਂ ਓਹੀ ਬਿਰਖ,ਜੀਹਦੀ ਛਾਂ ਲੱਗੇ ਠੰਡੀ,
ਪਰ ਇਸਦੇ ਬੀਜ ਨੂੰ ਤੂੰ ਆਪ ਕਦੇ ਸੀ ਬੋਇਆ,
ਮੇਰਿਆਂ ਪੱਤਿਆਂ ਨੇ ਕਿੰਨੀ ਖੜਖੜ ਵੀ ਲਾਈ,
ਇਸ ਸ਼ੋਰ-ਸ਼ਰਾਬੇ ਨੇ ਤੇਰਾ ਚੈਨ ਵੀ ਖੋਇਆ,
ਚੰਨ ਤੇਰੇ ਨੇ ਮਾਂ,ਬੜੀ ਚਾਨਣੀ ਫੈਲਾਈ,
ਆਲਾ-ਦੁਆਲਾ ਵੀ ਗਿਆ ਇਸ ਨਾਲ ਧੋਇਆ,
ਮੰਨਿਆ ਕੀ ਘੁੱਪ ਰਾਤਾਂ ਨੇ ਤੇਰੀ ਨੀਂਦ ਵੀ ਉਡਾਈ,
ਮੇਰੇ ਅਥਰੂਆਂ ਦਾ ਫੇਰ ਵੀ ਮਾਂ,ਹਿਸਾਬ ਨਾ ਹੋਇਆ,
ਰਿਸ਼ਤਾ ਸੀ ਡੂੰਘਾਂ ਚੰਨ ਤੇ ਲਹਿਰਾਂ ਦੇ ਵਿਚ,
ਹੁਣ ਸਾਗਰ ਹੈ ਸ਼ਾਂਤ ਪਰ ਤਾਰਾ ਹਰ ਰੋਇਆ,
ਕਹਿੰਦੇ ਨੇ ਸਚ ਰੂਹਾਂ ਨੂੰ ਛੂਹ ਲੈਦਾਂ,
ਤੇਰੇ ਨਿਘ ਦਾ ਅਹਿਸਾਸ ਮੈਂ ਕਦੇ ਨਾ ਖੋਇਆ,
ਜੋ ਹੋਇਆ ਸੀ ਮੈਂ ਸਭ ਤਕ਼ਦੀਰ ਤੇ ਮੜ੍ਹ ਦਿੱਤਾ,
ਚਲ ਕੀ ਹੋਇਆ,ਮਾਂ,ਫੇਰ ਕੀ ਹੋਇਆ,
ਤੂੰ ਲੱਗੇ ਮੈਨੂੰ ਨਿੱਕੀ ਜਿਹੀ ਬਾਲੜੀ ਵਰਗੀ,
ਤੇਰੀ ਹਰ ਜ਼ਿਦ ਨਾਲ ਮੇਰਾ ਜਿਗਰਾ ਵੱਡਾ ਹੋਇਆ,
ਵੇਖ,ਲੜਦੀ ਹਾਂ ਕਿਵੇਂ ਇੱਕਲੀ ਹਾਲਾਤਾਂ ਦੇ ਨਾਲ,
ਸਚ ਦੱਸ ਤੈਨੂੰ ਕੀ ਮੇਰੇ ਤੇ ਕਦੇ ਫ਼ਖਰ ਨਾ ਹੋਇਆ?

ਚਿਰ ਹੋਇਆ ਮਾਂ ਬੜਾ ਹੀ ਚਿਰ ਹੋਇਆ,
ਤੇਰੀ ਆਵਾਜ਼ ਸੁਣਿਆ ਤੇ ਤੇਰੇ ਹਥ ਚੁੰਮਿਆਂ,
ਚਿਰ ਹੋਇਆ ਮਾਂ ਬੜਾ ਹੀ ਚਿਰ ਹੋਇਆ

No comments:

Post a Comment