Sunday, October 23, 2011

ਉਹ ਕੁੜੀ

- ਗੁਰਮੀਤ ਸੰਧਾ

ਖਿੱਲਰੇ ਖਿੱਲਰੇ ਵਾਲਾਂ ਵਾਲੀ ,
ਚੁੰਨੀ ਲੀਰੋ ਲੀਰ ਸੰਭਾਲੀ ,
ਮੋਢੇ  ਉੱਤੇ ਬਸਤਾ ਪਾਇਆ ,
ਛੋਟੇ ਨੂੰ ਜਿਸ ਉਂਗਲੀ ਲਾਇਆ ,
ਤੁਰਦੀ ਜਾਂਦੀ ਕੋਈ ਕੁੜੀ ,
ਹੁਣੇ ਗਲੀ ਦਾ ਮੋੜ ਮੁੜੀ |
ਉਹ ਕੁੜੀ ਜਿਸ ਦੀ ਮਾਂ ਆਪਣੇ
ਨਿੱਕੇ ਚਾਰ ਜਵਾਕ ਭੁਲਾ ਕੇ
ਪਤਾ ਨਹੀਂ ਕਿਸ ਕੂਟ ਚੜ੍ਹੀ |

ਓਸ ਕੁੜੀ ਦੀ ਹਿੰਮਤ ਅੱਗੇ
ਹਰ ਔਕੜ ਹੀ ਲਿਫਦੀ ਲੱਗੇ
ਤਿੰਨ ਛੋਟੇ ਬਾਲਾਂ ਨੂੰ ਪਾਲੇ
ਘਰ ਦਾ ਸਾਰਾ ਕੰਮ ਸੰਭਾਲੇ
ਚੌੰਕਾ ਸਾਂਭੇ ,ਪਾਣੀ ਢੋਵੇ
ਨਿੱਕੜਿਆਂ ਦੇ ਕੱਪੜੇ ਧੋਵੇ
ਹੋਵੇ ਜੀਕਣ ਕੋਈ ਸਵਾਣੀ
ਸਿਰ ਤੇ ਚੁੰਨੀ ਅਧੋਰਾਣੀ
ਘਸਮੈਲੀ ਜਿਹੀ ਬੂਟੀਆਂ ਵਾਲੀ
ਰੁੱਖੇ ਵਾਲਾਂ ਸੰਗ ਸੰਭਾਲੀ
ਲਗਦੀ ਹੈ ਕੋਈ ਅਕਲ ਪੁੜੀ ,
ਸਿਧੀ ਤੇ ਅਨਭੋਲ ਕੁੜੀ |

ਅੱਧ  ਪਚੱਧੇ ਆਹਰ ਮੁਕਾ ਕੇ
ਤੁਰਦੀ ਬਸਤਾ ਫੱਟੀ ਚਾ ਕੇ
ਜਿੰਦਰਾ ਲਾ ਕੇ ਘਰ ਦੀ ਚਾਬੀ
ਚੁੰਨੀ ਦੇ ਲੜ ਬੰਨ੍ਹ ਸ਼ਤਾਬੀ
ਛੋਟੇ ਭੈਣ ਭਰਾਵਾਂ ਨਾਲ
ਆਵੇ ਤੁਰੀ ਅਦਾਵਾਂ ਨਾਲ
ਮਲਕ ਜਿਹੇ ਦਰਵਾਜ਼ਾ ਲੰਘੇ
ਲੇਟ ਹੋਵੇ ਤਾਂ ਸੌਰੀ ਮੰਗੇ
ਵਿੱਚ ਕਿਤਾਬਾਂ ਖੋ ਜਾਂਦੀ ਹੈ
ਆਪ ਕਿਤਾਬਾਂ ਹੋ ਜਾਂਦੀ ਹੈ
ਹੋਰਾਂ ਤੋਂ ਲੰਘ ਜਾਵੇ ਅੱਗੇ
ਤਦ ਉਹ ਬੜੀ ਪਿਆਰੀ ਲੱਗੇ
ਝਟਪਟ ਸਾਰਾ ਕੰਮ ਮੁਕਾ ਕੇ
ਨਿੱਕੀਆਂ ਅੱਖਾਂ ਚੋਂ ਮੁਸਕਾ ਕੇ
ਮੰਗਦੀ ਹੈ ਮੈਥੋਂ ਸ਼ਾਬਾਸ਼ੀ
ਢਕਣੇ ਖਾਤਰ  ਘੋਰ ਉਦਾਸੀ
ਖੁਸ਼ੀਆਂ ਵਲੋਂ ਥੁੜੀ ਥੁੜੀ
ਸਾਦੀ ਤੇ ਅਨਭੋਲ ਕੁੜੀ |

ਉਹ ਨਾ  ਉਚੀ ਉਚੀ ਹੱਸੇ
ਆਪਣੀ ਹੀ ਦੁਨੀਆਂ ਵਿੱਚ ਵੱਸੇ
ਜਾਪਣ ਉਹਦੀਆਂ ਪਲਕਾਂ ਥੱਲੇ
ਤਰਦੇ ਕਈ ਸਵਾਲ ਅਵੱਲੇ
ਸਾਊ ਜਿਹੇ  ਚਿਹਰੇ ਦੇ ਉੱਤੇ
ਚਾਅ ਉਹਦੇ ਰਹਿੰਦੇ ਨੇ ਸੁੱਤੇ
ਖੌਰੇ ਉਹਦੇ ਮਨ ਦਾ ਬਾਲ
ਤੋਟਾਂ ਦਾ ਨਾ ਕਰੇ ਖਿਆਲ
ਬੋਲਾਂ ਵਿੱਚ ਸਿਆਣਪ ਜਗਦੀ
ਕਦੇ ਕਦੇ ਉਹ ਮੈਨੂੰ ਲਗਦੀ
ਉਮਰਾ ਖਾਧੀ ਕੋਈ ਬੁੜ੍ਹੀ
ਉਹ ਸਿਧੀ ਅਨਭੋਲ ਕੁੜੀ |

ਅੱਜ ਵੀ ਜਦ ਉਹ ਚੇਤੇ ਆਵੇ
ਸੋਚਾਂ ਵਿੱਚ ਸੂਈ ਚੁਭ ਜਾਵੇ |
ਚੁੰਨੀ ਦਾ ਲੜ ਚਾਬੀ ਵਾਲਾ
ਗਾਹੁੰਦਾ ਮੇਰਾ ਆਲ ਦੁਆਲਾ |
ਵਰ੍ਹਿਆਂ ਮਗਰੋਂ ਵੀ  ਲਗਦੀ ਹੈ
ਜੀਕਣ ਮੋਹ ਦੀ ਨੈਂ ਵਗਦੀ ਹੈ
ਰੂਹ ਮੇਰੀ ਨਾਲ ਜੁੜੀ ਜੁੜੀ
ਉਹ ਸਾਦੀ ਅਨਭੋਲ ਕੁੜੀ ,
ਉਹ ਕੁੜੀ ਜਿਸਦੀ ਮਾਂ ਆਪਣੇ
ਨਿੱਕੇ ਚਾਰ ਜਵਾਕ ਭੁਲਾ ਕੇ
ਖਬਰੇ ਕਿਹੜੀ ਕੂਟ ਚੜ੍ਹੀ |

1 comment:

  1. ਇੱਕ ਕੁੜੀ, ਇੱਕ ਔਰਤ ਦਾ ਅਸਲੀ ਸੁਹੱਪਣ ਝਲਕਦਾ ਹੈ ਇਸ ਰਚਨਾ ਵਿੱਚ ਜੋ ਸ਼ਾਇਦ ਅਧ-ਨੰਗੇ ਜਿਸਮਾਂ ਨਾਲ ਸਭਿਅਤਾ ਦੀ ਕਬਰ ਪੁੱਟ ਚਾਂਘਾਂ ਮਾਰਦੀ ਅੱਜ ਦੀ ਮੱਤਹੀਣ ਸਿਧਾਂਤ-ਵਿਹੀਣ ਜੁਆਨੀ ਵਿੱਚੋਂ ਕਿਤੇ ਕਿਤੇ ਝਾਤ ਮਾਰਦੀ ਇਕ ਯਥਾਰਥਵਾਦੀ ਮਾਦਾ ਖੂਬਸੂਰਤੀ ਦਾ ਸਾਖਿਆਤ ਹੈ !

    ReplyDelete