- ਅਮਰਦੀਪ ਸਿੰਘ ਗਿੱਲ
ਅਸੀਂ ਸਾਰੀ ਉਮਰ ਲੋਚਦੇ ਰਹੇ
ਪਰਿੰਦੇ ਹੋਣਾ ,
ਪਰ ਅਫਸੋਸ
ਅਸੀਂ ਪਰਿੰਦੇ ਹੋ ਨਾ ਸਕੇ !
ਸਾਡੇ ਕੋਲ ਉਂਝ ਸਭ ਕੁੱਝ ਸੀ
ਪਰਿੰਦਿਆਂ ਵਾਲਾ ,
ਚੁੰਝ ਸੀ , ਖੰਭ ਸਨ , ਆਲ੍ਹਣੇ ਸਨ
ਤੇ ਪਿੰਜਰੇ ਵੀ ,
ਸਾਡੇ ਕੋਲ ਅੰਬਰ ਵੀ ਸੀ
ਤੇ ਉਡਾਰੀ ਦਾ ਸੁਪਨਾ ਵੀ ,
ਪਰ ਫਿਰ ਵੀ ਪਤਾ ਨਹੀਂ ਕਿਉਂ
ਅਸੀਂ ਪਰਿੰਦੇ ਹੋ ਨਾ ਸਕੇ !
ਸਾਡੇ ਕੋਲ ਰੰਗ ਦੀ ਪਛਾਣ ਵੀ ਸੀ
ਤੇ ਨਸਲ ਦੀ ਵੀ ,
ਅਸੀਂ ਆਂਡੇ ਦਿੰਦੇ ਸਾਂ
ਬੱਚੇ ਵੀ ਕੱਢਦੇ ਸਾਂ
ਤੇ ਬੱਚੇ ਖੰਭ ਵੀ ਫੜਫੜਾਉਂਦੇ ਸਨ ,
ਪਰ ਉੱਡ ਨਾ ਅਸੀਂ ਸਕੇ ਕਦੇ
ਅਤੇ ਨਾ ਹੀ ਸਾਡੇ ਬੱਚੇ !
ਇੱਕ ਉਡਾਰੀ ਦੀ ਅਸਮਰੱਥਾ ਨੇ
ਸਾਨੂੰ ਹੋਣ ਨਾ ਦਿੱਤਾ ਪਰਿੰਦੇ !
ਅਸੀਂ ਆਲ੍ਹਣਿਆਂ ਦੇ ਬਨੇਰਿਆਂ ਤੋਂ
ਉਡਾਰੀ ਦੀ ਹਸਰਤ 'ਚ
ਜਾਂ ਤਾਂ ਕੈਦ ਹੋਏ
ਚਾਂਦੀ ਦੇ ਪਿੰਜਰਿਆਂ 'ਚ
ਤੇ ਜਾਂ ਜਾ ਕੇ ਬੈਠਦੇ ਰਹੇ
ਸੋਨ-ਛੱਤਰੀਆਂ ਤੇ ,
ਅੰਬਰਾਂ ਦੀ ਨੀਲੱਤਣ ਦਾ ਪਾਸਾਰ
ਸਾਡੇ ਲਈ ਹਮੇਸ਼ਾ
ਸੁਪਨਾ ਹੀ ਬਣਿਆ ਰਿਹਾ !
ਅਸੀ ਸੁਪਨਿਆਂ ਨੂੰ ਜਿਉਂਦੇ
ਤੇ ਫਿਰ ਉਨਾਂ ਦੀ ਤਾਬੀਰ ਲਈ ਤਰਸਦੇ
ਪਰਿੰਦੇ ਹੋ ਨਾ ਸਕੇ !
No comments:
Post a Comment