Friday, October 7, 2011

ਰਹਿਤਲ ਅਜੋਕੀ, ਪਰ ਸੋਚ.......? (ਮਿੰਨੀ ਕਹਾਣੀ )

-ਡਾ. ਸਵਰਨਜੀਤ ਕੌਰ ਗਰੇਵਾਲ
" ਤਾਰਿਆ ਘਰੇ ਈ ਐਂ ?" ਕਰਮ ਸਿੰਹੁ ਨੇ ਦਰਵਾਜਾ ਖੜਕਾਉਂਦੇ ਹੋਏ ਪੁੱਛਿਆ |
" ਆਹੋ ਬਈ ਨੰਘ ਆ ਕਰਮ ਸਿੰਹਾਂ !" ਤਾਰੇ ਨੇ ਦਰਵਾਜਾ ਖੋਲ੍ਹਦਿਆਂ ਕਿਹਾ |
" ਹੋਰ ਸੁਣਾ ਬਈ ਯਾਰਾ ! ਮੈਂ ਕਿਹਾ ਪਤਾ-ਸੁਰ ਲੈ ਈ ਚੱਲਾਂ ! ਚੱਲਿਆ ਸੀ ਸ਼ਹਿਰ ਨੂੰ, ਆਹ ਮੋਬਾਇਲ ਜਿਹਾ ਠੀਕ ਕਰਾਉਣ ਤੇ ਨਾਲ ਈ ਤੇਰਾ ਕੰਮ ਵੀ ਚੇਤੇ ਆ ਗਿਆ |" ਕਰਮ ਸਿੰਹੁ ਨੇ ਆਪਣੇ ਆਉਣ ਦਾ ਮਕਸਦ ਦੱਸਿਆ |
"ਅੱਛਾ ਅੱਛਾ, ਤਾਂ ਸ਼ਹਿਰ ਚੱਲਿਐਂ, ਓ ਬਈ ਦੇਖ 'ਲਾ ਕਰਮ ਸਿੰਹਾਂ ! ਸੈਂਸ ਨੇ ਕੀ ਦਾ ਕੀ ਦਿਖਾ 'ਤਾ | ਬੱਲੇ ਬੱਲੇ ! ਬਈ ਹੱਦ ਈ ਹੋਗੀ |" ਤਾਰਾ ਸਾਇੰਸ ਦੇ ਗੁਣ ਗਾ ਰਿਹਾ ਸੀ |
" ਆਹੋ ! ਓਹ ਤਾਂ ਹੈ ਈ, ਪਰ ਤੂੰ ਅਸਲੀ ਗੱਲ ਵੱਲ ਆ | ਕਿੰਨੇ 'ਚ ਪੱਕਾ ਕਰ ਆਵਾਂ ਕੰਮ ? " ਕਰਮ ਸਿੰਘ ਅਸਲੀ ਮੁੱਦੇ ਵੱਲ ਆਉਂਦਾ ਬੋਲਿਆ |
" ਓ ਯਾਰ ! ਮੇਰੀ ਹਾਲਤ ਬਾਰੇ ਤੈਥੋਂ ਕੀ ਭੁੱਲਾ ਹੋਇਐ ? ਬਹੁਤਾ ਈ ਕੰਮ ਗਿਆ, ਇਕ ਕਿੱਲਾ ਹੋਰ ਗਹਿਣੇ ਧਰ ਦੂੰ, ਪਰ ਕੋਈ ਬਾਹਨਣੂੰ ਤਾਂ ਬੰਨ੍ਹਣਾ ਈ ਪੈਣਾ |" ਤਾਰੇ ਨੇ ਜਿਵੇਂ ਲਿਲ੍ਹਕੜੀਆਂ ਕੱਢਦਿਆਂ ਕਿਹਾ |
" ਅੱਛਾ, ਤਾਂ ਜਿੰਨੇ ਤੇ ਮੁੱਕੇ, ਮੁਕਾ ਆਵਾਂ ਗੱਲ ?" ਕਰਮਾ ਤਾਰੇ ਤੋਂ ਪੱਕੀ ਹਾਂ ਲੋੜਦਾ ਸੀ |
"ਹਾਂ ਬਾਈ ! ਤੇਰਾ ਇਹ 'ਹਸਾਨ ਮੈਂ ਸਾਰੀ ਉਮਰ ਨੀ ਭੁੱਲਦਾ |" ਤਾਰਾ ਜਿਵੇਂ ਕਰਮੇ ਦੇ ਪੈਰਾਂ 'ਚ ਵਿਛਣ ਨੂੰ ਤਿਆਰ ਸੀ |
" ਓ ਚੰਗਾ ਚੰਗਾ, ਠੀਕ ਆ, ਮੈਂ ਚੱਲਦਾਂ ਫੇਰ |" ਕਰਮਾ ਅਹਿਸਾਨ ਜਿਹਾ ਜਤਾਉਂਦਾ ਚਲਾ ਗਿਆ |
ਰਾਤ ਨੂੰ ਦੋਵੇਂ ਨਸ਼ੇ 'ਚ ਟੱਲੀ ਸਨ ਤੇ ਕਰਮ ਸਿੰਘ ਮੀਤੀ ਦੇ ਨੈਣ-ਨਕਸ਼ਾਂ ਦਾ ਵੇਰਵਾ ਦੱਸਦਾ ਹੋਇਆ ਤਾਰੇ ਨੂੰ ਕਹਿ ਰਿਹਾ ਸੀ, " ਮਸਾਂ ਮਨਾਏ ਐ ਪੰਜਾਹ ਹਜਾਰ 'ਚ, ਕੁੜੀ ਦਾ ਪਿਓ ਕੰਜਰ ਤਾਂ ਸੱਤਰਾਂ ਤੋਂ ਥੱਲੇ ਲੱਤ ਨੀ ਸੀ ਲਾਉਂਦਾ| ਅਖੇ, ਮੇਰੀ ਕੁੜੀ ਕਿਹੜਾ ਬੁੱਢ-ਵਲ੍ਹੇਟ ਐ, ਸਿਰਫ਼ ਸੋਲ਼ਾਂ ਦੀ ਤਾਂ ਹੈ ! ਊਂ ਤਾਰਿਆ ! ਤੀਵੀਂ ਅੱਗ ਦੀ ਲਾਟ ਐ ਓਏ ! ਹੂਰਾਂ-ਪਰੀ ਤੋਂ ਜਵ੍ਹਾਂ ਘੱਟ ਨੀ, ਤੂੰ ਵੀ ਕੀ ਯਾਦ ਕਰੇਂਗਾ ਕਿ ਕਰਮੇ ਨੂੰ ਕੋਈ ਕੰਮ ਕਿਹਾ ਸੀ |"

No comments:

Post a Comment