Friday, October 7, 2011

ਗਜ਼ਲ / گزل

-ਡਾ. ਲੋਕ ਰਾਜ

ਤੇਰੇ ਮੇਰੇ ਵਿਚ ਸਦਾ ਪਰਦਾ ਰਿਹਾ
ਤੂੰ ਤਾਂ ਰੱਬ ਸੀ, ਆਪਣੀ ਕਰਦਾ ਰਿਹਾ
ਤੂੰ ਹੀ ਮੇਰੀ ਠਾਹਰ ਸੀ ਜੇ ਆਖਰੀ
ਕਿਓਂ ਭਲਾ ਮੈਂ ਜੰਮਦਾ ਮਰਦਾ ਰਿਹਾ
ਤੂੰ ਹੀ ਕੱਲਾ ਨਿਰਭਉ ਨਿਰਵੈਰ ਸੀ
ਆਦਮੀ ਤੋਂ ਆਦਮੀ ਡਰਦਾ ਰਿਹਾ
ਕਹਿਣ ਨੂੰ ਮਾਲਿਕ ਮੇਰੀ ਤਕਦੀਰ ਦਾ
ਹਰ ਖਤਾ ਪਰ ਸਿਰ ਮੇਰੇ ਧਰਦਾ ਰਿਹਾ
ਕੀ ਕਰਾਂ ਉਸ ਨਾਖੁਦਾ ਦਾ ਕੀ ਕਰਾਂ
ਡੋਬ ਕੇ ਬੇੜੀ ਜੋ ਖੁਦ ਤਰਦਾ ਰਿਹਾ
ਮੈਂ ਉਹ ਰਾਹੀ ਜੋ ਰਿਹਾ ਪੰਧ ਤੇ ਸਦਾ
ਨਾ ਗਿਆ ਮੰਜ਼ਿਲ ਤੇ ਨਾ ਘਰ ਦਾ ਰਿਹਾ
ਮੈਂ ਹੀ ਸੀ ਜੋ ਬਿਨ ਤੇਰੇ ਮਜਬੂਰ ਸੀ
ਬਿਨ ਮੇਰੇ ਤੇਰਾ ਸਦਾ ਸਰਦਾ ਰਿਹਾ

..........................................

ڈا. لوک راج

تیرے میرے وچ سدا پردہ رہا
توں تاں ربّ سی، اپنی کردا رہا
توں ہی میری ٹھاہر سی جے آخری
کیوں بھلا میں جمدا مردا رہا
توں ہی کلا نربھؤ نرویر سی
آدمی توں آدمی ڈردا رہا
کہن نوں مالک میری تقدیر دا
ہر خطا پر سر میرے دھردا رہا
کی کراں اس ناکھدا دا کی کراں
ڈوب کے بیڑی جو خود تردا رہا
میں اوہ راہی جو رہا پندھ تے سدا
نہ گیا منزل تے نہ گھر دا رہا
میں ہی سی جو بن تیرے مجبور سی
بن میرے تیرا سدا سردا رہا

..........................................

No comments:

Post a Comment