- ਤਰਲੋਕ ਸਿੰਘ ਜੱਜ
ਹੇ ਬੰਦੀ ਛੋੜ
ਮੈਂ ਭੁੱਲਣਹਾਰ ਹਾਂ,
ਗਰੀਬ ਹਾਂ,
ਲਾਚਾਰ ਹਾਂ,
ਕਿਸੇ ਪਹਾੜੀ ਜਾਂ ਮੈਦਾਨੀ
ਰਿਆਸਤ ਦਾ ਤਾਂ ਕੀ
ਮੇਰੇ ਕੋਲ ਤਾਂ ਆਪਣੇ ਘਰ ਤੇ ਵੀ
ਰਾਜ ਕਰਨ ਦਾ ਹੱਕ ਨਾਂ ਹੈ
ਕਿਉਂਕਿ ਇਹ ਹੱਕ ਵੀ
ਬੈੰਕ ਕੋਲ ਗਿਰਵੀ ਹੈ
ਡਿਫਾਲਟਰ ਹਾਂ
ਜਿੰਦਗੀ ਦੀ ਜੇਲ ਵਿਚ ਹਾਂ
ਮੇਰੇ ਘਰ ਅੱਜ ਦਿਵਾਲੀ ਨਹੀਂ
ਹਨੇਰਾ ਹੈ ਕਿਉਂਕਿ
ਮੇਰੇ ਲੇਖੀਂ ਮੁਕਤੀ ਨਾਂ ਹੈ
ਮੈਂ ਸਿਮਰਨ ਜੋ ਨਹੀਂ ਕਰ ਸੱਕਿਆ
ਤੰਗੀਆਂ ਤੁਰਸ਼ੀਆਂ ਨਾਲ
ਹੀ ਜੂਝਦਾ ਰਿਹਾ
ਹੱਥ ਕਾਰ ਵੱਲ ਤਾਂ ਰਿਹਾ
ਪਰ ਦਿਲ ਯਾਰ ਵੱਲ
ਵੇਖ ਹੀ ਨਹੀਂ ਸੱਕਿਆ
ਹੋਰ ਈ ਬੜੇ ਝਮੇਲੇ ਨੇ
ਮੈਂ ਜਾਣਦਾ ਹਾਂ
ਕਿ ਮੇਰੇ ਹਿੱਸੇ
ਤੇਰੇ ਚੋਲੇ ਵਿਚਲੀਆਂ
ਬਵਿੰਜਾ ਕਲੀਆਂ ਵਿਚੋਂ
ਇੱਕ ਕਲੀ ਵੀ ਨਾਂ ਲਿਖੀ ਹੈ
ਕਦੇ ਕਦੇ ਹੈਰਾਨ ਹੋ ਜਾਂਦਾ ਹਾਂ
ਕਿ ਨਾਨਕ ਦਾ ਗੱਦੀ ਨਸ਼ੀਨ ਹੋ ਕੇ ਵੀ
ਤੂੰ ਇਸ ਵਾਰ ਲਾਲੋਆਂ ਦੇ
ਖੇਮੇ ਵਿਚ ਕਿਓਂ ਨਹੀਂ ਦਿੱਸਿਆ
ਗੁਸਤਾਖੀ ਮਾਫ਼ ਮੇਰੇ ਸੱਚੇ ਪਾਤਸ਼ਾਹ
ਪਰ ਇਹ ਚੰਦਰੀ ਸੋਚ ਵੀ
ਪਤਾ ਨਹੀਂ ਕਦੇ ਕਦੇ
ਕਿਧਰ ਕਿਧਰ ਤੁਰ ਪੈਂਦੀ ਹੈ
No comments:
Post a Comment