-ਗੁਰਮੀਤ ਸੰਧਾ
ਜਿਹਨਾਂ ਮਾਰੀ ਜਿੰਦੜੀ ਨੇ ਚਿੱਤ ਨੂੰ ਵੈਰਾਗ ਲਾਇਆ ,
ਅੱਜ ਵੇਖੇ ਗੈਰਾਂ ਦੀਆਂ ਜੁਲਫਾਂ ਸੰਵਾਰਦੇ |
ਮੱਲੋ ਮੱਲੀ ਭੈੜੀ ਜਿੰਦ ਹੰਝੂਆਂ ਦੇ ਵਹਿਣ ਲੱਥੀ ,
ਟੁੱਟ ਟੁੱਟ ਜਾਣ ਬੰਨ੍ਹ ਸਬਰ ਤੇ ਕਰਾਰ ਦੇ |
ਉਹ ਵੀ ਕਿਸੇ ਵਾਅਦੇ ਨੂੰ ਜੇ ਵਫ਼ਾ ਦਾ ਲਿਬਾਸ ਪਾਉਂਦੇ ,
ਦਿਲ ਵਾਲੀ ਬਾਜ਼ੀ ਅਸੀਂ ਇੰਜ ਤਾਂ ਨਾ ਹਾਰਦੇ |
ਕਿਹੜੀ ਗੱਲ ਜਿਹੜੀ ਉਹਨੂੰ ਸਾਡਾ ਨਹੀਓਂ ਹੋਣ ਦਿੰਦੀ ,
ਸੋਚਾਂ ਵਾਲੇ ਮਹਿਲ ਅਸੀਂ ਢਾਹੁੰਦੇ ਤੇ ਉਸਾਰਦੇ |
ਕੇਹੀ ਇਹ ਪ੍ਰੀਤ ਜਦੋਂ ਘੜੀ ਮੁੜੀ ਨੈਣ ਤੇਰੇ ,
ਸਾਡੇ ਕੋਲ ਬਹਿ ਕੇ ਮੁੱਖ ਹੋਰ ਦਾ ਚਿਤਾਰਦੇ |
ਕਲੀ ਕਲੀ ਚੁੰਮਣੇ ਦੀ ਭੌਰਿਆਂ ਨੂੰ ਬਾਣ ਹੁੰਦੀ ,
ਟਿਕ ਕੇ ਨਹੀਂ ਬਹਿੰਦੇ ਕਦੇ ਵਿੱਚ ਗੁਲਜ਼ਾਰ ਦੇ |
ਫੁੱਲਾਂ ਵੱਟੇ ਦੇਈ ਜਾਵੇਂ ਕੰਡੇ ਤੋਲ ਤੋਲ ਸਾਨੂੰ,
ਬੱਲੇ ਬੱਲੇ ਤੇਰੇ ਵੇ ਚਲਾਕ ਸ਼ਾਹੂਕਾਰ ਦੇ |
ਦਿਲਾਂ ਦੇ ਵਟਾਉਣੇ ਹੁੰਦੇ ਲਾਲਾਂ ਦਾ ਵਣਜ ਚੰਨਾਂ ,
ਐਵੇਂ ਮਣ ਤੋਲ ਨਾ ਇਹ ਕੌਡ ਨਹੀਂ ਬਜ਼ਾਰ ਦੇ |
ਜਾਣੀ ਨਾ ਕਦਰ ਸਾਡੀ ਕਾਹਦਾ ਏਡਾ ਮਾਣ ਤੈਨੂੰ ,
ਭਰੇਂ ਨਾ ਹੁੰਗਾਰਾ ਅਸੀਂ ਕਦੋਂ ਦੇ ਪੁਕਾਰਦੇ |
ਮੱਥੇ ਤੇ ਤਿਊੜੀ ਕਸ ਵਿਹਨੈਂ ਸਾਡੇ ਨੈਣਾਂ ਵੱਲੇ
ਪੁਛਿਆ ਸਵਾਲ ਤੈਨੂੰ ਫੱਟ ਤੇ ਨਹੀਂ ਮਾਰਦੇ |
ਪਾਰ ਨਾ ਉਤਾਰੇ ਜਿਹੜਾ ਕਾਹਦਾ ਉਹ ਮਲਾਹ ਹੁੰਦਾ ,
ਬੇੜੀ ਛੱਡ ਜਾਵੇ ਜੋ ਵਿਚਾਲੇ ਮੰਝਧਾਰ ਦੇ |
ਕਾਹਦੀ ਓਹੋ ਲੱਗੀ ਜਿਹੜੀ ਤੋੜ ਨਾ ਚੜ੍ਹਾਈ ਚੰਨਾਂ ,
ਟੁੱਟੀ ਅਧ ਵਾਟੇ ਤੇ ਸ਼ਰੀਕ ਮਿਹਣੇ ਮਾਰਦੇ |
ਹੁੰਦੇ ਦਰਿਆਵਾਂ ਵਾਂਗੂੰ ਵਹਿਣ ਵੇ ਮੁਹੱਬਤਾਂ ਦੇ ,
ਬੱਝੇ ਨਹੀਓਂ ਰਹਿੰਦੇ ਭਾਵੇਂ ਲੱਖ ਬੰਨ੍ਹ ਮਾਰ ਦੇ |
ਤਾਂਘ ਬਿਨਾ ਉਪਜੇ ਨਾ ਪ੍ਰੇਮ ਕਣੀ ਸੁਹਣਿਆਂ ਵੇ,
ਪ੍ਰੇਮ ਬਿਨ ਕਾਹਦਾ ਜੀਣਾ ਵਿੱਚ ਸੰਸਾਰ ਦੇ |
ਸਿਦਕ ਬਿਨ ਕਦੇ ਵਧੇ ਫੁੱਲੇ ਨਾ ਨਿਹੁੰ ਦੀ ਵੇਲ ,
ਲੱਖ ਸਾਉਣ ਵਰ੍ਹੇ ਨਾਲ ਮਿੱਠੜੀ ਫੁਹਾਰ ਦੇ |
ਅੱਜ ਫੇਰ ਸੂਲਾਂ ਚ ਪਰੋਇਆ ਦਿਲ ਸਾਡੜਾ ਵੇ ,
ਝੂਠੇ ਪੈ ਗਏ ਫੇਰ ਵੇ ਵਕੀਲ ਇਕਰਾਰ ਦੇ |
ਕਿੰਨੀ ਵਾਰੀ ਦੱਸ ਫਾਹੇ ਲੱਗੇ ਵੇ ਯਕੀਨ ਮੇਰਾ ,
ਕਿੰਨੀ ਵਾਰੀ ਅੱਲੇ ਫੱਟ ਕੱਜਾਂ ਇਤਬਾਰ ਦੇ |
ਕੰਤ ਤੋਂ ਵਿਹੂਣੀ ਨਾਰ ਸਿਰੋਂ ਨੰਗੀ ਆਖੀ ਜਾਵੇ ,
ਸਿਰ ਉੱਤੇ ਸਾਇਆ ਹੁੰਦਾ ਨਾਲ ਜੀ ਭਤਾਰ ਦੇ |
ਖੁੱਲ੍ਹੇ ਖੁੱਲੇ ਕੇਸਾਂ ,ਰੁੰਨੇ, ਡੁੱਲ੍ਹੇ ਡੁੱਲ੍ਹੇ ਨੈਣਾਂ ਸੰਗ ,
ਵਣ ਹੇਠਾਂ ਖੜੇ ਵਾਟਾਂ ਤੇਰੀਆਂ ਨਿਹਾਰਦੇ |
ਸੱਭੇ ਦਰ ਛੋੜ ਅਸੀਂ ਆਏ ਤੇਰੇ ਦਰ ਚੰਨਾਂ ,
ਚਾੜ੍ਹ ਦੇ ਨਿਸ਼ੰਗ ਸੂਲੀ , ਸੀ ਨਹੀਂ ਉਚਾਰਦੇ |
ਮੁਬਾਰਕ ਹੋਵੇ ਜੀ ! ਬਹੁਤ ਸੋਹਣੀ ਕਵਿਤਾ ਹੈ | ਕਿਸੇ ਬੇ-ਵਫ਼ਾ ਨੂੰ ਲਫਜਾਂ ਦੇ ਨਸ਼ਤਰਾਂ ਨਾਲ ਉਮਰ ਭਰ ਦੀ ਸਜ਼ਾ ........................
ReplyDelete