Sunday, October 30, 2011

ਉਹ ਨਾਂਅ

- ਅਮਰਦੀਪ ਸਿੰਘ ਗਿੱਲ

ਉਂਝ ਉਹ ਨਾਂਅ ਹੈ ਤਾਂ ਸਹੀ ਕਿਤੇ
ਜੋ ਮੋਹ-ਖੋਰਾ ਸੰਬੋਧਨ ਬਣ
ਮੇਰੇ ਬੋਲਾਂ ਦੀ ਪੌਣ ਸੰਗ ਕਾਇਨਾਤ ਚ ਨਹੀਂ ਫੈਲਿਆ !
ਜੇ ਨਹੀਂ ਹੋ ਸਕਿਆ ਇੰਝ ਤਾਂ ਕੀ ਏ
ਉਂਝ ਉਹ ਨਾਂਅ ਕੋਈ ਨਾ ਕੋਈ ਕਿਤੇ ਨਾ ਕਿਤੇ
ਕਦੇ ਨਾ ਕਦੇ ਤਾਂ ਲੈਂਦਾ ਹੋਵੇਗਾ !
ਉਹ ਨਾਂਅ ਕਿ ਜਿਸਦਾ ਹਾਲੇ ਤੀਕ ਵੀ ਪਤਾ ਨਹੀਂ ਮੈਨੂੰ !
ਉਂਝ ਉਹ ਸਿਰਨਾਵਾਂ ਕਿਸੇ ਘਰ ਦੀ ਪਛਾਣ ਤਾਂ ਹੋਵੇਗਾ ਹੀ
ਕੀ ਹੋਇਆ ਜੇ ਉਸਨੂੰ ਮੇਰੀ ਕਲਮ ਨੇ ਚੁੰਮਣ ਵਾਂਗ
ਅੰਕਿਤ ਨਹੀਂ ਕੀਤਾ ਕਿਸੇ ਖਤ ਦੀ ਹਿੱਕ ਤੇ ,
ਉਂਝ ਡਾਕੀਆ ਤਾਂ ਅਕਸਰ ਆਉਂਦਾ ਹੋਵੇਗਾ ਲੈ ਕੇ
ਉਸ ਸਿਰਨਾਵੇਂ ਦੇ ਖਤ ,
ਉਸ ਘਰ ਦੀਆਂ ਦਹਿਲੀਜ਼ਾਂ ਤੇ ਹਰ ਸ਼ਾਮ ਸੱਜ ਸੰਵਰ ਕੇ
ਉਂਝ ਬੈਠ ਤਾਂ ਜਾਂਦੀ ਹੋਵੇਗੀ ਇੱਕ ਉਡੀਕ ,
ਕੀ ਹੋਇਆ ਜੇ ਮੈਨੂੰ ਨਹੀਂ ਪਤਾ ਉਸ ਘਰ , ਉਸ ਗਲੀ ,ਉਸ ਸਹਿਰ ਦਾ !
ਉਂਝ ਤਾਂ ਘੁੱਗ ਵੱਸਦਾ ਹੋਵੇਗਾ ਉਹ ਮਾਣ-ਮੱਤਾ ਸ਼ਹਿਰ ,
ਕੋਈ ਇਨਸਾਨ ਕਿਤੇ ਤਾਂ ਜਿਉਂ ਰਿਹਾ ਹੈ ਚਾਈਂ ਚਾਈਂ
ਰਿਸ਼ਤਿਆਂ ਦੇ ਮੇਲੇ ਚ ਮੇਲੀ ਬਣ ,
ਕੀ ਹੋਇਆ ਜੇ ਉਸਦੀ ਮੇਰੇ ਨਾਲ ਨਹੀਂ ਕੋਈ ਜਾਣ ਪਹਿਚਾਣ !
ਮੇਰੇ ਕਮਰੇ ਸਾਹਮਣਿਓ ਲੰਘਦੀ ਪੁਰਾਣੇ ਕਿਲੇ ਵਾਲੀ ਸੜਕ ਤੇ
ਹੁਣ ਵੀ ਵਰੇ ਛਿਮਾਹੀ ਵੇਖੇ ਨੇ ਮੈਂ ਸੱਜਰੀਆਂ ਪੈੜਾਂ ਦੇ ਜੁਗਨੂੰ ,
ਰਾਤ ਦੇ ਥੇਹ ਹਨੇਰੇ ਚ ਟਿਮਟਿਮਾਉਂਦੇ !
ਇਸਦਾ ਅਰਥ ਹੈ ਕਿ ਉਹ ਹੁਣ ਵੀ ਆਉਂਦਾ ਹੈ ਮੇਰੇ ਸ਼ਹਿਰ
ਜਾਣੇ ਅਣਜਾਣੇ ਪਰਖ ਜਾਂਦਾ ਹੈ ਮੇਰਾ ਸਿਦਕ-ਮੇਰਾ ਇਸਕ !
ਜੇ ਉਸਦੀਆਂ ਪੈੜਾਂ ਜੁਗਨੂੰਆਂ ਜਿਹੀਆਂ ਨੇ
ਤਾਂ ਉਹ ਜਰੂਰ ਹੀ ਚੰਨ ਜਿਹਾ ਹੋਵੇਗਾ ,
ਮੈਂ ਸੋਚਦਾ ਹਾਂ ਕਿ ਹੁਣ ਚੰਨ ਨੂੰ ਕਿਵੇਂ ਕਹਾਂ ਕਿ-
ਆ ਮੇਰੇ ਵਿਹੜੇ ਉੱਤਰ ਆ !
ਮੈਂ ਸੁਪਨਿਆਂ ਦਾ ਕਾਰਿੰਦਾ - ਉਹ ਸੁਪਨਿਆ ਦਾ ਮਾਲਕ !
ਉਹ ਜਿਸ ਅੰਬਰ ਦਾ ਚੰਨ - ਮੈਂ ਉਸ ਅੰਬਰ ਦਾ ਪਰਿੰਦਾ !
ਤੇ ਜੇ ਉਹ ਰਹਿੰਦਾ ਹੈ ਇਸ ਧਰਤ ਤੇ ਤਾਂ ਬਹੁਤ ਪੀਡਾ ਰਿਸ਼ਤਾ ਹੈ ਸਾਡਾ
ਕਿ ਸਾਡੀ ਦੋਹਾਂ ਦੀ ਇੱਕੋ ਧਰਤ ਹੈ !
ਉਂਝ ਉਹ ਭਾਵੇਂ ਕਿਤੇ ਵੱਸਦਾ ਹੈ ਉਂਝ ਮੈਂ ਭਾਵੇਂ ਕਿਤੇ ਭਟਕਦਾ ਹਾਂ !

ਕਾਵਿ-ਸੰਗਰਹਿ “ਅਰਥਾਂ ਦਾ ਜੰਗਲ” ਵਿੱਚੋਂ

No comments:

Post a Comment