Sunday, October 30, 2011

ਮੈਂ ਬਣ'ਜਾਂ ਫੁੱਲ ਫੁਲਕਾਰੀਆਂ....

- ਹਰਮਨ ਜੀਤ

ਕਿੱਕਰ ਦਾ ਸੱਕ ਉੱਬਲੇ
ਤੇ ਜੜ੍ਹਾਂ ਮਜੀਠ ਦੀਆਂ..
ਇੱਕ ਚੁਟਕੀ ਸੂਹੇ ਖ਼ਾਬ ਦੀ
ਨਿੱਤ ਸੁਪਨੇ ਪੀਠਦੀਆਂ..
ਵਿੱਚ ਰੰਗਣ ਖੱਦਰ ਨੱਢੀਆਂ
ਤੇ ਡੁੱਲ੍ਹ ਡੁੱਲ੍ਹ ਪੈਂਦਾ ਚਾਅ..
ਵੇ ਅੱਕ ਦੇ ਕੂਲੇ ਫੰਭਿਆ
ਕਿਤੋਂ ਉਡਦਾ ਉਡਦਾ ਆ..
ਅੱਜ ਕੋਟਿ ਕਲੀ ਦਾ ਰੰਗ ਵੇ
ਤੇਰੀ ਦੇਹ ਨੂੰ ਦਿਆਂ ਚੜ੍ਹਾ..
ਵੇ ਪਿੰਜ ਤੁੰਬ ਸੰਗ ਸਲੀਕਿਆਂ
ਮੈਂ ਧਾਗਾ ਲਵਾਂ ਬਣਾਂ..
 
ਬਿਰਖ਼ ਨਿਵਾਈਆਂ ਟਾਹਣੀਆਂ
ਤੇ ਤੁਸਾਂ ਨਿਵਾਈ ਧੌਣ..
ਕਿ ਹੱਥ ਭਰੇਂਦੇ ਤੋਪਿਆਂ ਨੂੰ
ਬੁੱਲ੍ਹ ਤਾਂ ਛੋਂਹਦੇ ਗੌਣ..
ਇੱਕ ਉੱਡਣ ਤਿੱਤਰ ਖੰਭੀਆਂ
ਜੋ ਅੱਗ ਕਲੇਜੇ ਲੌਣ..
 
ਨੀਂ ਸੁੱਭਰ ਤੇ ਤਿਲ ਪੱਤਰਾ
ਹਾਏ ਨੀਲਕ,ਘੁੰਗਟ ਬਾਗ..
ਇੱਕ ਚੋਪ ਤਾਂ ਬੜੀ ਰੰਗੀਲੜੀ
ਇੱਕ ਸ਼ੀਸ਼ਿਆਂ ਜੜੀ ਛਮਾਸ..
ਇਹ ਸੱਭੇ ਨੀਂ ਫੁਲਕਾਰੀਆਂ
ਤਾਂ ਰੰਗੀ ਜਾਣ ਸਵਾਸ..
 
ਮੈਂ ਬਣ'ਜਾਂ ਫੁੱਲ ਫੁਲਕਾਰੀਆਂ
ਮੇਰਾ ਡਾਢਾ ਚਿੱਤ ਕਰੇ..
ਕੋਈ ਕੂਲੇ ਕੂਲੇ ਪੋਟਿਆਂ ਸੰਗ
ਤੋਪੇ ਆਣ ਭਰੇ..
ਮੇਰੇ ਸੱਭੇ ਦੁੱਖ ਹਰੇ....

No comments:

Post a Comment