Saturday, October 15, 2011

ਮਹੰਤਾਂ ਦਾ ਘਰ (ਯਾਦਾਂ ਅਟਾਰੀ ਦੀਆਂ)

-ਤਾਰਨ ਗੁਜਰਾਲ
ਮੋਬਾਈਲ: 9855719660

ਲਾਹੌਰੀਏ ਦੀ ਹੱਟੀ ਦੇ ਨਾਲ ਲੱਗਦਾ ਇਕ ਬਹੁਤ ਵੱਡਾ ਖੁੱਲ੍ਹਾ ਲਾਂਘਾ ਸੀ। ਸੱਜੇ ਹੱਥ ਵਾਲੀਆਂ ਪੌੜੀਆਂ ਚੜ੍ਹ ਕੇ ਸਾਡਾ ਘਰ ਸੀ। ਬੂਹਾ ਲੰਘਦਿਆਂ ਖੱਬੇ ਹੱਥ ਬੈਠਕ, ਜਿੱਥੇ ਕੁਰਸੀਆਂ ਤੇ ਵਿਚਕਾਰ ਤਿੰਨ ਟੰਗਾਂ ਵਾਲਾ ਮੇਜ਼ ਹੁੰਦਾ, ਇਕ ਕੰਧ ਨਾਲ ਦਰਾਜਾਂ ਵਾਲਾ ਡ੍ਰੈਸਿੰਗ ਟੇਬਲ, ਜਿਸ ਦੇ ਦਰਾਜਾਂ ਵਿੱਚ ਭਾਪਾ ਜੀ ਦੇ ਖ਼ੁਸ਼ਬੂ ਵਾਲੇ ਅੰਗਰੇਜ਼ੀ ਸਾਬਣ, ਪਾਊਡਰ, ਜਿਹੜੇ ਉਹ ਆਪਣੇ ਪਿੰਡੇ ‘ਤੇ ਛਿੜਕਦੇ ਤੇ ਪੈਰਾਂ ਦੀਆਂ ਉਂਗਲਾਂ ਰੋਜ਼ ਰੂੰ ਨਾਲ ਸਾਫ਼ ਕਰਕੇ ਬੂਟ ਪਾਉਂਦੇ। ਖ਼ੁਸ਼ਬੂ ਵਾਲਾ ਤੇਲ, ਕਈ ਤਰ੍ਹਾਂ ਦੇ ਸੁਹਣੇ-ਸੁਹਣੇ ਨੇਲ-ਕਟਰ ਤੇ ਕੈਂਚੀਆਂ, ਚਾਕੂ ਹੁੰਦੇ, ਜਿਨ੍ਹਾਂ ਨੂੰ ਛੇੜਨ ਦੀ ਇਜਾਜ਼ਤ ਨਹੀਂ ਸੀ, ਪਰ ਤਾਂ ਵੀ ਮੈਂ ਕਦੀ-ਕਦਾਈਂ ਅੱਖ ਬਚਾ ਕੇ ਛੂਹ ਲੈਂਦੀ ਤੇ ਮੂੰਹ-ਸਿਰ ‘ਤੇ ਵੀ ਮਲ਼ ਲੈਂਦੀ।

ਅੱਗੇ ਵਿਹੜਾ ਸੀ, ਇਕ ਕੋਨੇ ਵਿੱਚ ਭੜੋਲੀ, ਚੁੱਲ੍ਹਾ ਤੇ ਤੰਦੂਰ ਤੇ ਦੂਜੇ ਸਿਰੇ ‘ਤੇ ਭਾਪਾ ਜੀ ਦੀਆਂ ਮੂੰਗਲੀਆਂ ਹੁੰਦੀਆਂ, ਜਿਹੜੀਆਂ ਉਹ ਰੋਜ਼ ਫੇਰ ਕੇ ਕਸਰਤ ਕਰਦੇ।

ਅਗਲਾ ਦਰਵਾਜ਼ਾ ਲੰਘ ਕੇ ਖੱਬੇ ਪਾਸੇ ਰਸੋਈ ਤੇ ਪਿੱਛੇ ਵੱਡਾ ਸਾਰਾ ਸੁਫ਼ਾ (ਕਮਰਾ) ਉਸ ਦੇ ਪਿੱਛੇ ਇਕ ਹੋਰ ਕਮਰਾ ਤੇ ਸਟੋਰ। ਗੁਸਲਖ਼ਾਨਾ ਇਕ ਹੀ ਸੀ, ਜਿਸ ਵਿੱਚ ਕੁੜੀਆਂ ਨਹਾਉਂਦੀਆਂ, ਆਦਮੀ ਤਾਂ ਸਭ ਬਾਹਰ ਹੀ ਨਲਕਾ ਗੇੜ ਕੇ ਨਹਾਉਂਦੇ।

ਇਨ੍ਹਾਂ ਕਮਰਿਆਂ ਦੇ ਸੱਜੇ ਹੱਥ ਹੀ ਉਹ ਬਾਰੀਆਂ ਸਨ, ਜਿਨ੍ਹਾਂ ‘ਚੋਂ ਅਸੀਂ ਬਾਜ਼ਾਰ ਦਾ ਨਜ਼ਾਰਾ ਵੇਖਦੇ। ਸੜਕ ਪਾਰ ਡਾਕਖ਼ਾਨਾ ਸੀ। ਹੇਠਾਂ ਡਾਕਖ਼ਾਨਾ ਤੇ ਉੱਤੇ ਪੋਸਟ ਮਾਸਟਰ ਸੁੰਦਰ ਸਿੰਘ ਦਾ ਘਰ। ਉਨ੍ਹਾਂ ਦੇ ਚਾਰ ਪੁੱਤਰ ਤੇ ਦੋ-ਤਿੰਨ ਧੀਆਂ ਸਨ। ਦੀਪੀ ਮੇਰੀ ਪੱਕੀ ਸਹੇਲੀ ਸੀ। ਅਸੀਂ ਬਹੁਤ ਖੇਡਦੀਆਂ। ਉਨ੍ਹਾਂ ਦੀ ਮਾਂ ਘੱਟ ਹੀ ਕੰਮ ਕਰਦੀ, ਬਹੁਤਾ ਮੰਜੇ ‘ਤੇ ਹੀ ਪਈ ਰਹਿੰਦੀ। ਸ਼ਾਮੀਂ ਵੱਡਾ ਪੁੱਤਰ ਸਵਰਨ ਪੇੜੇ ਲੈ ਕੇ ਆਉਂਦਾ ਤੇ ਗੜਵੀ ਵਿੱਚ ਪੇੜੇ ਤੇ ਪਾਣੀ ਪਾ ਕੇ ਲੱਸੀ ਰਿੜਕ ਕੇ ਮਾਂ ਨੂੰ ਪਿਲਾਉਂਦਾ ਤਾਂ ਉਸ ਦੇ ਕਲੇਜੇ ਨੂੰ ਧਰਵਾਸ ਆਉਂਦਾ। ਮੈਨੂੰ ਬਹੁਤ ਅਜੀਬ ਲੱਗਦਾ ਕਿ ਉਹ ਕਿੰਜ ਇਕੱਲੀ ਹੀ ਪੀ ਜਾਂਦੀ। ਸਾਡੀ ਮਾਂ ਦੇ ਤਾਂ ਸਾਨੂੰ ਖੁਆਏ ਬਿਨਾਂ ਕੁਝ ਵੀ ਅੰਦਰ ਨਹੀਂ ਸੀ ਲੰਘਦਾ।

ਉਨ੍ਹਾਂ ਦੀ ਬਦਲੀ ਵੇਲੇ ਅਸੀਂ ਬਹੁਤ ਰੋਈਆਂ, ਇਕ-ਦੂਜੀ ਨੂੰ ਛੋਟੀਆਂ-ਛੋਟੀਆਂ ਨਿਸ਼ਾਨੀਆਂ ਦਿੱਤੀਆਂ ਤੇ ਕਦੀ ਨਾ ਭੁੱਲਣ ਦੀਆਂ ਸਹੁੰਆਂ ਵੀ ਚੁੱਕੀਆਂ। ਫਿਰ ਕਈ ਸਾਲਾਂ ਬਾਅਦ ਉਹ ਕਾਨਪੁਰ ਮੈਨੂੰ ਮਿਲੀ। ਪਤਾ ਨਹੀਂ ਕਿਸ ਤਰ੍ਹਾਂ ਉਸ ਮੇਰੀ ਸੂਹ ਕੱਢੀ। ਉਹ ਵੀ ਬਾਲ-ਬੱਚੇਦਾਰ ਹੋ ਗਈ ਸੀ ਤੇ ਮੈਂ ਵੀ।

ਦੀਪੀ ਹੁਰਾਂ ਦੇ ਜਾਣ ਤੋਂ ਬਾਅਦ ਇਕ ਮੁਸਲਮਾਨ ਪੋਸਟ ਮਾਸਟਰ ਆਏ, ਜਿਨ੍ਹਾਂ ਦੀ ਧੀ ਗੁਲਜ਼ਾਰ ਮੇਰੀ ਹਾਨਣ ਸੀ। ਬਸ, ਫਿਰ ਅੱਡੀ-ਟੱਪਾ ਸ਼ੁਰੂ ਹੋ ਗਿਆ। ਉਨ੍ਹਾਂ ਦੇ ਘਰ ਮੇਰਾ ਬਹੁਤ ਜੀਅ ਲੱਗਦਾ। ਉਸ ਦੀ ਮਾਂ ਬੜੀ ਸੁਹਣੀ ਗੋਰੀ ਗੁਲਾਬੀ ਤੇ ਓਨੀ ਹੀ ਗਪੌੜੀ ਵੀ ਸੀ। ਸ਼ਾਹ ਕਾਲੇ ਵਾਲ਼ਾਂ ਵਿੱਚ ਤੇਲ ਤੇ ਪਾਣੀ ਲਾ ਕੇ ਉਹ ਫੁੱਲ ਚਿੱੜੀਆਂ ਕੱਢਦੀ। ਮੈਂ ਧਿਆਨ ਨਾਲ ਵੇਖਦੀ ਤੇ ਘਰ ਆ ਕੇ ਆਪਣੇ ਪਾਲ ਵੀਰ ਜੀ ਨੂੰ ਸਿਖਾਉਂਦੀ। ਉਹ ਮੈਨੂੰ ਡ੍ਰੈਸਿੰਗ ਟੇਬਲ ‘ਤੇ ਬਿਠਾ ਕੇ ਮੇਰੀਆਂ ਫੁੱਲ ਚਿੜੀਆਂ ਕੱਢਦੇ। ਫਿਰ ਮੈਂ ਮੂੰਹ ‘ਤੇ ਖੂਬ ਸਾਰਾ ਪਾਊਡਰ ਮਲ਼ ਕੇ ਨੱਚਦੀ ਤੇ ਗਾਉਂਦੀ। ਇਹ ਸਭ ਖੇਡਾਂ ਬੈਠਕ ਦੀ ਕੁੰਡੀ ਅੰਦਰੋਂ ਬੰਦ ਕਰਕੇ ਹੁੰਦੀਆਂ। ਬੇ ਜੀ ਹੁਰਾਂ ਤੱਕ ਤਾਂ ਇਸ ਦੀ ਬੋ-ਖ਼ੁਸ਼ਬੋ ਤੱਕ ਨਾ ਪਹੁੰਚਦੀ।

ਬੈਠਕ ਦੀ ਬਾਰੀ ਦੀਆਂ ਸੀਖ਼ਾਂ ਵਿੱਚੋਂ ਟੇਢੀ ਹੋ ਕੇ ਮੈਂ ਬਾਹਰ ਵੱਲ ਲਟਕ ਜਾਂਦੀ ਤੇ ਬਾਂਦਰੀਆਂ ਵਾਂਗ ਝੂਲਦੀ। ਇਸ ਬੈਠਕ ਦੇ ਸਾਹਮਣੇ ਹਾਫ਼ਿਜ਼ ਸਾਹਿਬ ਦਾ ਘਰ ਸੀ, ਜਿਹੜੇ ਸਕੂਲ ਵਿੱਚ ਉਰਦੂ ਤੇ ਫ਼ਾਰਸੀ ਪੜ੍ਹਾਉਂਦੇ ਸਨ। ਉਹ ਮੈਨੂੰ ਅਜਿਹੀਆਂ ਹਰਕਤਾਂ ਕਰਦਿਆਂ ਵੇਖ ਕੇ ਦਹਿਸ਼ਤ ਵਿੱਚ ਆ ਜਾਂਦੇ ਤੇ ਦੂਰੋਂ ਹੀ ਰੌਲ਼ਾ ਪਾਉਂਦੇ, ”ਬਲਾਏ ਮਰ ਜਾਏਂਗੀ…ਅੰਦਰ ਹੋ ਜਾ” ਮੈਂ ਹੋਰ ਖ਼ਰਮਸਤੀਆਂ ਕਰਦੀ।

ਉਨ੍ਹਾਂ ਦਾ ਘਰ ਇਕ ਖੰਡਰ ਹੋਏ ਮਹੱਲ ਦੇ ਉੱਤੇ ਸੀ। ਹੇਠਾਂ ਕਮਰੇ ਹੀ ਹੋਣਗੇ। ਬਾਹਰ ਵੱਡਾ ਸਾਰਾ ਲੋਹੇ ਦਾ ਫਾਟਕ ਸੀ, ਜਿਸ ‘ਤੇ ਵੱਡਾ ਸਾਰਾ ਜੰਦਰਾ ਜੰਗ ਖਾਧਾ ਲਟਕਿਆ ਹੁੰਦਾ। ਅਸੀਂ ਉਸ ਨੂੰ ਕਦੀ ਵੀ ਖੁੱਲਿ੍ਹਆ ਨਹੀਂ ਵੇਖਿਆ। ਬੈਠਕ ਦੀ ਬਾਰੀ ‘ਚੋਂ ਮੈਂ ਅਕਸਰ ਉਸ ਬੰਦ ਦਰਵਾਜ਼ੇ ਨੂੰ ਵੇਖਦੀ। ਦਰਵਾਜ਼ੇ ਦੇ ਹੇਠਾਂ ਸੀਖ਼ਾਂ ਲੱਗੀਆਂ ਹੋਈਆਂ ਸਨ ਤੇ ਉਸ ਦੇ ਅੰਦਰਵਾਰ ਬਿੱਲੀਆਂ ਦੇ ਘਰ ਸਨ। ਸਰਦੀਆਂ ਦੇ ਦਿਨਾਂ ਵਿੱਚ ਬਿੱਲੀਆਂ ਆਪਣੇ ਬੱਚਿਆਂ ਨਾਲ ਕੋਸੀ-ਕੋਸੀ ਧੁੱਪ ਸੇਕਣ ਬਾਹਰ ਨਿਕਲਦੀਆਂ। ਕਈ ਵਾਰੀ ਉਹ ਆਪ ਅੱਗੇ-ਪਿੱਛੇ ਜਾਂਦੀਆਂ ਤਾਂ ਬਲੂੰਗੜੇ ਬਾਹਰ ਟਪੂਸੀਆਂ ਮਾਰਦੇ। ਮੈਂ ਦੌੜ ਕੇ ਉਨ੍ਹਾਂ ਨੂੰ ਫੜਨ ਜਾਂਦੀ, ਉਹ ਅੰਦਰ ਵੱਲ ਦੌੜਦੇ। ਮੈਂ ਸੀਖ਼ਾਂ ‘ਚੋਂ ਹੱਥ ਅੰਦਰ ਕਰਦੀ ਤਾਂ ਉਹ ਨਹੁੰਦਰਾਂ ਮਾਰਦੇ। ਸੀਖ਼ਾਂ ਵੀ ਕਈ ਵਾਰ ਚੁੱਭ ਜਾਂਦੀਆਂ, ਪਰ ਮੈਂ ਦੋ-ਤਿੰਨ ਫੜ ਹੀ ਲੈਂਦੀ ਤੇ ਫਿਰ ਆਪਣੇ ਮੋਢਿਆਂ ‘ਤੇ ਚੜ੍ਹਾ ਕੇ ਉੱਪਰ ਆਪਣੇ ਘਰ ਲੈ ਆਉਂਦੀ। ਗੁਸਲਖ਼ਾਨੇ ਵਿੱਚ ਡੱਕ ਕੇ ਅੰਦਰੋਂ ਕੌਲੀ ਵਿੱਚ ਦੁੱਧ ਚੁਰਾ ਕੇ ਲਿਆਉਂਦੀ ਤੇ ਉਨ੍ਹਾਂ ਨੂੰ ਪੁਚਕਾਰ-ਪੁਚਕਾਰ ਕੇ ਪਿਲਾਉਂਦੀ। ਵੱਡੇ ਬੇ ਜੀ ਵੇਖਦੇ ਤਾਂ ਗਾਲ੍ਹਾਂ ਕੱਢ ਕੇ ਪਿੱਛੇ ਦੌੜਦੇ ਕਿ ਤੂੰ ਮਰ ਜਾਏਂ, ਇਨ੍ਹਾਂ ਨੂੰ ਭੈੜੀਆਂ ਆਦਤਾਂ ਪਾ ਰਹੀ ਏਂ। ਉਨ੍ਹਾਂ ਦਿਨਾਂ ਵਿੱਚ ਕਿਹੜੇ ਜਾਲ਼ੀ ਵਾਲੇ ਦਰਵਾਜ਼ੇ ਹੁੰਦੇ ਸਨ। ਕੁੱਤਿਆਂ-ਬਿੱਲਿਆਂ ਤੋਂ ਬਚਾਅ ਕਰਨ ਲਈ ਬੜੀ ਮਿਹਨਤ ਕਰਨੀ ਪੈਂਦੀ।

ਇਸ ਟੁੱਟੇ ਮਹੱਲ ਦੇ ਖੱਬੇ ਪਾਸੇ ਇਕ ਬਾਰਾਂਦਰੀ ਜਿਹੀ ਸੀ, ਜਿਸ ਦੇ ਪਿੱਛੇ ਕੋਠੜੀਆਂ ਵੀ ਸਨ। ਹਰ ਸਾਲ ਇੱਥੇ ਰਾਮਲੀਲ੍ਹਾ ਦੀਆਂ ਟੋਲੀਆਂ ਆਉਂਦੀਆਂ ਤੇ ਰਾਮਲੀਲ੍ਹਾ ਹੁੰਦੀ। ਵੱਡੇ ਸਾਰੇ ਵਿਹੜੇ ਵਿਚਕਾਰ ਦਿਓ-ਕੱਦ ਬੋਹੜ ਦਾ ਰੁੱਖ ਸੀ, ਜਿਹੜਾ ਘਣੀ ਛਾਂ ਦਿੰਦਾ। ਮੌਸਮ ਵਿੱਚ ਲਾਲ ਸੂਹੀਆਂ ਖੱਟ-ਮਿੱਠੀਆਂ ਗੋਲ੍ਹਾਂ ਨਾਲ ਭਰ ਜਾਂਦਾ ਤੇ ਪੰਛੀ ਰੱਜ-ਰੱਜ ਖਾਂਦੇ।

ਇਸੇ ਬਾਰਾਂਦਰੀ ਵਿੱਚੋਂ ਇਕ ਦਿਨ ਹਾਰਮੋਨੀਅਮ ਦੀ ਆਵਾਜ਼ ਆਈ। ਇੱਥੇ ਇਕ ਮਾਸਟਰ ਜੀ ਆਏ ਸਨ। ਵੇਖਦਿਆਂ-ਵੇਖਦਿਆਂ ਸਾਰੇ ਹਟਵਾਣੀਆਂ ਦੇ ਮੁੰਡੇ ਉੱਥੇ ਇਕੱਠੇ ਹੋ ਗਏ। ਮਾਸਟਰ ਜੀ ਨੇ ਸਭ ਨੂੰ ਤੱਪੜਾਂ ‘ਤੇ ਬਿਠਾ ਦਿੱਤਾ।

ਉਨ੍ਹਾਂ ਦਿਨਾਂ ਵਿੱਚ ਹਟਵਾਣੀਆਂ ਦੀ ਇਕ ਖ਼ਾਸ ਪੜ੍ਹਾਈ ਹੁੰਦੀ ਸੀ, ਜਿਸ ਨੂੰ ਲੰਡੇ ਕਹਿੰਦੇ ਸਨ। ਉਹ ਇਸ ਚਲਾਕੀ ਨਾਲ ਲਿਖੀ ਜਾਂਦੀ ਸੀ ਕਿ ਉਸ ਨੂੰ ਕੋਈ ਭੋਲ਼ਾ-ਭਾਲ਼ਾ ਜੱਟ ਜਾਂ ਖਰੀਦਾਰ ਨਹੀਂ ਸੀ ਪੜ੍ਹ ਸਕਦਾ ਤੇ ਇਸ ਤਰ੍ਹਾਂ ਦੁਕਾਨਦਾਰ ਆਪਣੀ ਮਨਮਰਜ਼ੀ ਨਾਲ ਉਧਾਰ ਦਿੰਦਿਆਂ ਜਿੱਥੇ ਮਰਜ਼ੀ ਅੰਗੂਠੇ ਲਗਵਾ ਲੈਂਦੇ ਤੇ ਮਨਆਈਆਂ ਬੇਈਮਾਨੀਆਂ ਕਰਦੇ। ਇਨ੍ਹਾਂ ਵਿੱਚ ਹੀ ਡੇਉਢੇ, ਦੂਣੇ, ਪੌਣੇ, ਢਾਏ, ਔਂਟੇ, ਪੌਂਟੇ ਹੁੰਦੇ।

ਮਾਸਟਰ ਜੀ ਵਾਜਾ ਵਜਾਉਂਦੇ ਤੇ ਗਾਉਂਦੇ…

”ਬਰਕਤ ਲੈ ਢਾਇਆ ਢਾਇਆ

ਦੋ ਢਾਏ…ਦੋ ਢਾਏ ਪੂਰੇ ਪੰਜ…ਪੰਜ

ਕਿ ਤਿੰਨ ਢਾਇਆ ਸਾਢੇ ਜੀ…ਸੱਤ…ਸੱਤ

ਕਿ ਚਾਰ ਢਾਇਆ ਦਸ ਹੈ ਜੀ…

ਇਸ ਤਰ੍ਹਾਂ ਗਾ-ਗਾ ਕੇ ਪੂਰੇ ਪਹਾੜੇ ਯਾਦ ਕਰਵਾ ਦਿੱਤੇ ਗਏ…ਉਨ੍ਹਾਂ ਨੂੰ ਤਾਂ ਪਤਾ ਨਹੀਂ ਯਾਦ ਹੋਏ ਕਿ ਨਾ ਹੋਏ, ਪਰ ਅਸੀਂ ਸਾਰੇ ਭੈਣ-ਭਰਾ ਖੇਡ-ਖੇਡ ਵਿੱਚ ਹੀ ਯਾਦ ਕਰ ਗਏ, ਜਿਹੜੇ ਅੱਜ ਤੱਕ ਨਹੀਂ ਭੁੱਲੇ।

ਉਸ ਵਿਹੜੇ ਵਿੱਚ ਸਭ ਤੋਂ ਅਹਿਮ ਤਾਂ ਸ਼ਿਵਦੁਆਲਾ ਸੀ। ਛੋਟਾ ਜਿਹਾ ਮੰਦਰ, ਜਿਸ ਵਿੱਚ ਰਾਮ ਤੇ ਸੀਤਾ ਜੀ ਦੀਆਂ ਮੂਰਤੀਆਂ ਤੇ ਮੰਦਰ ਦੀ ਬਾਹਰਲੀ ਕੰਧ ਨਾਲ ਛੋਟੇ ਜਿਹੇ ਚਬੂਤਰੇ ਵਿੱਚ ਸ਼ਿਵਜੀ ਸੱਪਾਂ ਦੀ ਮਾਲ਼ਾ ਪਹਿਨੀ ਅੱਖਾਂ ਮੁੰਦ ਕੇ ਬੈਠੇ ਹੋਏ।

ਦੋਵੇਂ ਵੇਲੇ ਮੰਦਰ ਦੇ ਘੜਿਆਲ ਖੜਕਦੇ ਤੇ ਆਰਤੀ ਹੁੰਦੀ। ਅਸੀਂ ਆਪਣੇ ਕੋਠੇ ਦੇ ਬਾਹਰਵਾਰ ਉੱਤੋਂ ਖੜ੍ਹੇ ਹੋ ਕੇ ਵੇਖਦੇ ਤੇ ਨਾਲ ਆਰਤੀ ਗਾਉਂਦੇ। ਸਾਡੇ ਵੱਡੇ ਬੇ ਜੀ ਕੱਟੜ ਸਿੱਖ ਸਨ, ਸੋ ਸਾਨੂੰੂ ਮੰਦਰ ਵਿੱਚ ਜਾ ਕੇ ਆਰਤੀ ਕਰਨ ਦੀ ਇਜਾਜ਼ਤ ਨਹੀਂ ਸੀ। ਅਸੀਂ ਬੈਠਕ ਵਿੱਚ ਹੀ ਥਾਲੀਆਂ-ਕੌਲੀਆਂ ਖੜਕਾ ਕੇ ਆਰਤੀ ਕਰਦੇ।

ਸ਼ਿਵਾਲੇ ਵਿੱਚ ਅਕਸਰ ਸਾਧੂਆਂ ਦੇ ਟੋਲੇ ਆਉਂਦੇ। ਅੰਦਰ ਤਾਂ ਮੰਦਰ ਦੇ ਸਾਹਮਣੇ ਨਿੱਕਾ ਜਿਹਾ ਵਰਾਂਡਾ ਤੇ ਪਿੱਛੇ ਲੰਮਾ ਕਮਰਾ ਸੀ, ਹਨੇਰਾ ਜਿਹਾ। ਸੋ ਉਹ ਬਾਹਰ ਬੋਹੜ ਹੇਠਾਂ ਹੀ ਡੇਰਾ ਜਮਾ ਲੈਂਦੇ। ਪੈਰਾਂ ਤੋਂ ਹੇਠਾਂ ਤੱਕ ਲੰਮੀਆਂ ਜਟਾਵਾਂ ਤੇ ਸਿਰ ‘ਤੇ ਵੱਡੇ-ਵੱਡੇ ਜੂੜੇ। ਸਵੇਰੇ ਨਹਾ-ਧੋ ਕੇ ਉਹ ਸਾਰੇ ਮੂੰਹ-ਸਿਰ ਤੇ ਸਰੀਰ ‘ਤੇ ਬਿਭੂਤੀ ਮਲ਼ਦੇ। ਸ਼ੀਸ਼ੇ ਸਾਹਮਣੇ ਤਿਲਕ ਲਾ ਕੇ ਤਿਆਰੀਆਂ ਕਰਦੇ ਤੇ ਬੜੀਆਂ ਸੁਹਣੀਆਂ ਨਿੱਕੀਆਂ ਮੂਰਤੀਆਂ ਸੀਤਾ, ਰਾਮ ਤੇ ਰਾਧਾ-ਕ੍ਰਿਸ਼ਨ ਦੀਆਂ ਰੰਗ-ਬਿਰੰਗੇ ਕੱਪੜਿਆਂ ਨਾਲ ਸਜਾਉਂਦੇ। ਫਿਰ ਇਕ ਸਾਧੂ ਹਾਰਮੋਨੀਅਮ ਫੜ ਲੈਂਦਾ ਤੇ ਬਾਕੀ ਸਾਰੇ ਢੋਲਕੀਆਂ, ਛੈਣੇ ਤੇ ਹੋਰ ਕਈ ਤਰ੍ਹਾਂ ਦੇ ਸਾਜ਼ ਵਜਾ ਕੇ ਬਹੁਤ ਵਜਦ ਵਿੱਚ ਗਾਉਂਦੇ। ਘੰਟਿਆਂਬੱਧੀ ਇਕੋ ਧੁਨ…

”ਰਾਮ ਜੈ ਸੀਤਾ ਰਾਮ, ਸੀਤਾ ਰਾਮ, ਸੀਤਾ ਰਾਮ

ਜੈ ਸੀਆ ਬਰ ਰਾਮ”

ਅਸੀਂ ਪੌੜੀਆਂ ਦੀ ਉਤਲੀ ਕਾਨਸ ਨੂੰ ਘੋੜਾ ਬਣਾ ਉੱਤੇ ਬੈਠੇ ਉਨ੍ਹਾਂ ਦੀ ਸੁਰ ਵਿੱਚ ਸੁਰ ਮਿਲ ਕੇ ਗਾਉਂਦੇ।

ਦੁਪਹਿਰ ਵੇਲੇ ਉਹ ਆਟੇ ਦੇ ਗੋਲੇ ਬਣਾ ਕੇ ਧੂਣੀ ਹੇਠਾਂ ਦੱਬ ਦਿੰਦੇ ਤੇ ਫਿਰ ਪਤਲੀ ਦਾਲ ਵਿੱਚ ਭਿਉਂ ਕੁੱਟ-ਕੁੱਟ ਖਾਂਦੇ।

ਸਾਡੀ ਬਾਂਦਰ ਸੈਨਾ ਨੂੰ ਬਿਨਾਂ ਮਤਲਬ ਹੇਠਾਂ ਉਤਰਨ ਜਾਂ ਕਿਸੇ ਓਪਰੇ ਆਦਮੀ ਨਾਲ ਗੱਲ ਕਰਨ ਦੀ ਮਨਾਹੀ ਸੀ, ਨਹੀਂ ਤਾਂ ਅਸੀਂ ਕੋਈ ਵੀ ਖ਼ੁਰਾਫ਼ਾਤ ਕਰ ਸਕਦੇ ਸਾਂ।

ਸ਼ਿਵਰਾਤਰੀ ਦੇ ਦਿਨਾਂ ਵਿੱਚ ਰਾਤੀਂ ਮੰਦਰ ਵਿੱਚ ਬੜੀ ਰੌਣਕ ਲੱਗਦੀ ਤੇ ਰਾਤ-ਰਾਤ ਬਿਸ਼ਨਪਦੇ ਗਾਏ ਜਾਂਦੇ। ਨਰਾਤਿਆਂ ਵਿੱਚ ਰੋਜ਼ ਰਾਤੀਂ ਜਾਗਰਣ ਹੁੰਦਾ ਤੇ ਨੌਮੀ ਵਾਲੇ ਦਿਨ ਕੰਜਕਾਂ ਬਹਾਈਆਂ ਜਾਂਦੀਆਂ।

ਇਕ ਵਾਰੀ ਮੈਂ ਆਪਣੇ ਕੋਠੇ ਤੋਂ ਵੇਖਿਆ ਕਿ ਦੀਪੀ ਸੋਹਣੇ ਕੱਪੜੇ ਪਾਈ ਸਿਰ ‘ਤੇ ਗੋਟੇ ਵਾਲੀ ਚੁੰਨੀ ਤੇ ਹੱਥ ਵਿੱਚ ਥਾਲੀ ਫੜੀ ਮੰਦਰ ਅੰਦਰ ਜਾ ਰਹੀ ਸੀ। ਮੈਨੂੰ ਕੁਝ ਯਾਦ ਨਹੀਂ ਸੀ ਕਿ ਉਹ ਕੰਜਕਾਂ ਦਾ ਦਿਨ ਸੀ। ਮੈਂ ਵੀ ਦੌੜ ਕੇ ਹੇਠਾਂ ਮੰਦਰ ਵਿੱਚ ਚਲੀ ਗਈ।

ਵੇਖਿਆ ਕਿ ਵਰਾਂਡੇ ਵਿੱਚ ਚਟਾਈਆਂ ਵਿੱਛੀਆਂ ਹੋਈਆਂ ਸਨ ਤੇ ਉੱਤੇ ਦਸ-ਬਾਰ੍ਹਾਂ ਕੁੜੀਆਂ ਸਜੀਆਂ ਬੈਠੀਆਂ ਸਨ। ਪੁਜਾਰੀ ਜੀ ਨੇ ਮੈਨੂੰ ‘ਜੀ ਆਇਆਂ’ ਕਿਹਾ ਤੇ ਬੜੇ ਪਿਆਰ ਤੇ ਆਦਰ ਨਾਲ ਬਿਠਾ ਲਿਆ। ਸਭ ਦੇ ਅੱਗੇ ਪੱਤਲਾਂ ਉੱਤੇ ਜਲੇਬੀਆਂ, ਪੂੜੀਆਂ, ਕੜਾਹ, ਛੋਲੇ ਪਰੋਸੇ ਗਏ। ਮੇਰਾ ਸਾਹ ਸੂਤਿਆ ਹੋਇਆ ਕਿ ਘਰ ਦੇ ਕਿਸੇ ਬੰਦੇ ਨੇ ਵੇਖ ਲਿਆ ਤਾਂ ਮੇਰੀ ਖ਼ੈਰ ਨਹੀਂ…ਇਕ ਅੱਖ ਮੇਰੀ ਸਾਹਮਣੇ ਕੋਠੇ ‘ਤੇ ਅਤੇ ਦੂਜੀ ਇਨ੍ਹਾਂ ਨਿਆਮਤਾਂ ‘ਤੇ।

ਮੈਂ ਮਸਾਂ ਅੱਧੀ ਕੁ ਜਲੇਬੀ ਨਿਗਲੀ ਤੇ ਉੱਠਣ ਦੀ ਕੀਤੀ, ਪਰ ਪੁਜਾਰੀ ਜੀ ਨੇ ਫੜ ਕੇ ਬਿਠਾ ਲਿਆ…”ਨਹੀਂ ਦੇਵੀ, ਨਹੀਂ ਮਾਤਾ…ਨਾਰਾਜ਼ ਹੋ ਕੇ ਨਹੀਂ ਜਾਣਾ…ਖਾ ਕੇ ਜਾਓ…।”

ਮੈਂ ਮਸਾਂ ਅੱਧ-ਪਚੱਧ ਖਾ ਕੇ ਟੂਟੀਆਂ ਵੱਲ ਦੌੜੀ ਕਿ ਛੇਤੀ ਨਾਲ ਹੱਥ-ਮੂੰਹ ਧੋ ਲਵਾਂ ਕਿ ਕਿਸੇ ਨੂੰ ਖ਼ੁਸ਼ਬੂ ਨਾ ਆ ਜਾਵੇ। ਭੱਜਣ ਹੀ ਲੱਗੀ ਸਾਂ ਕਿ ਪੁਜਾਰੀ ਨੇ ਕੱਸ ਕੇ ਬਾਂਹ ਫੜ ਲਈ…

”ਐਸੇ ਕੈਸੇ ਮਾਤਾ…ਤੁਝੇ ਜਾਨੇ ਦੇਂ…ਦੰਦ ਘਸਾਈ ਤਾਂ ਹਾਲੀ ਤੈਨੂੰ ਦਿੱਤੀ ਹੀ ਨਹੀਂ।” ਤੇ ਉਨ੍ਹਾਂ ਇਕ ਆਨਾ ਮੇਰੀ ਤਲ਼ੀ ‘ਤੇ ਰੱਖ ਦਿੱਤਾ। ਮੈਂ ਸਿਰ ‘ਤੇ ਪੈਰ ਰੱਖ ਕੇ ਪੌੜੀਆਂ ਚੜ੍ਹ ਗਈ ਤੇ ਕਿੰਨਾ ਚਿਰ ਮੇਰਾ ਸਾਹ ਨਾਲ ਸਾਹ ਨਾ ਰਲ਼ਿਆ, ਪਰ ਸ਼ੁਕਰ ਹੈ ਕਿ ਮੈਨੂੰ ਕਿਸੇ ਘਰਦੇ ਨੇ ਨਹੀਂ ਵੇਖਿਆ।

ਘਰ ਦੇ ਬਾਹਰਲੇ ਦਰਵਾਜ਼ੇ ਦੇ ਨਾਲ ਲੱਗਦੀਆਂ ਹੇਠਲੀਆਂ ਦੁਕਾਨਾਂ ਦੀਆਂ ਉੱਚੀਆਂ-ਨੀਵੀਆਂ ਛੱਤਾਂ ਸਨ, ਜਿਹੜੀਆਂ ਸਾਡੇ ਖੇਡਾਂ ਦੇ ਮੈਦਾਨ ਸਨ। ਵਿਸ਼ਾਲ ਬੋਹੜ ਦੀਆਂ ਲੰਬੀਆਂ ਟਾਹਣੀਆਂ ਛੱਤਾਂ ਦੇ ਉੱਤੇ ਤੱਕ ਫੈਲੀਆਂ ਹੋਈਆਂ, ਜਿਨ੍ਹਾਂ ਤੋਂ ਅਸੀਂ ਪੱਤੇ ਤੋੜ ਕੇ ਲੰਬੀਆਂ ਰੇਲ ਗੱਡੀਆਂ ਬਣਾਉਂਦੇ ਤੇ ਗੋਲ੍ਹਾਂ ਖਾਂਦੇ।

ਰਾਮਲੀਲ੍ਹਾ ਦੇ ਦਿਨਾਂ ਵਿੱਚ ਸਾਹਮਣੀ ਬਾਰਾਂਦਰੀ ਵਿੱਚ ਕਲਾਕਾਰ ਆ ਟਿਕਦੇ। ਵੱਡੇ-ਵੱਡੇ ਪਰਦੇ ਲਟਕ ਜਾਂਦੇ, ਸਟੇਜ ਸਜ ਜਾਂਦੇ। ਲੈਂਪਾਂ ਦੀਆਂ ਰੌਸ਼ਨੀਆਂ ਵਿੱਚ ਚੱਪਾ-ਚੱਪਾ ਪਾਊਡਰ ਥੱਪ ਕੇ ਤੇ ਲਾਲੀਆਂ ਤਿਲਕ-ਬਿੰਦੀਆਂ ਲਾ ਕੇ ਕਲਾਕਾਰ ਆਪਣੇ ਪੂਰੇ ਜਲੌਅ ਨਾਲ ਸਟੇਜ ‘ਤੇ ਆਉਂਦੇ। ਰਾਮ ਚੰਦਰ ਜੀ ਤੇ ਲਛਮਣ ਜੀ ਦੇ ਹੱਥਾਂ ਵਿੱਚ ਧਨੁੱਸ਼ ਬਾਣ ਹੁੰਦੇ। ਸਭ ਤੋਂ ਸੋਹਣੀ ਤਾਂ ਸੀਤਾ ਜੀ ਹੁੰਦੀ। ਵੱਡੀਆਂ ਮੁੱਛਾਂ ਵਾਲੇ ਰਾਖਸ਼ ਤੇ ਬਾਂਦਰ ਸੈਨਾ ਹੁੰਦੀ। ਉਨ੍ਹਾਂ ਦਿਨਾਂ ਵਿੱਚ ਸਾਡੇ ਘਰ ਗੱਤੇ ਤੇ ਸੁਨਹਿਰਾ ਵਰਕ ਲਾ ਕੇ ਮੁਕਟ ਬਣਾਏ ਜਾਂਦੇ, ਧਨੁੱਸ਼ ਬਾਣ ਬਣਾਏ ਜਾਂਦੇ ਤੇ ਰਾਮਲੀਲ੍ਹਾ ਵਾਂਗ ਹੀ ਘੁੰਮ-ਘੁੰਮ ਕੇ ਯੁੱਧ ਕੀਤੇ ਜਾਂਦੇ, ਜਿਹੜੇ ਅਕਸਰ ਅਸਲੀ ਯੁੱਧ ਵਿੱਚ ਵੀ ਬਦਲ ਜਾਂਦੇ ਤੇ ਫਿਰ ਭਰਾ ਆਪਸ ਵਿੱਚ ਗੁੱਥਮ-ਗੁੱਥਾ ਹੋ ਜਾਂਦੇ। ਉਸ ਵੇਲੇ ਉਨ੍ਹਾਂ ਨੂੰ ਸਾਰੇ ਡਾਇਲਾਗ ਭੁੱਲ ਜਾਂਦੇ, ਸਿਰਫ਼ ”ਕੁੱਤਿਓ, ਮੱਥਾਸੜਿਓ” ਹੀ ਯਾਦ ਰਹਿ ਜਾਂਦਾ।

ਸਵੇਰੇ ਉਨ੍ਹਾਂ ਹੀ ਪਰਦਿਆਂ ਪਿੱਛੋਂ ਕਾਲੇ ਸ਼ਾਹ ਮੁੰਡੇ ਨਿਕਲਦੇ, ਜਿਨ੍ਹਾਂ ਹੱਥਾਂ ਵਿੱਚ ਦਾਤਨਾਂ ਫੜੀਆਂ ਹੁੰਦੀਆਂ। ਬੜਾ ਦਿਲ ਕਰਦਾ ਕਿ ਰਾਮ, ਲਛਮਣ ਤੇ ਸੀਤਾ ਜੀ ਦੇ ਵੀ ਕਦੀ ਦਰਸ਼ਨ ਹੋ ਜਾਣ, ਪਰ ਉਹ ਤਾਂ ਉਸ ਵੇਲੇ ਪਤਾ ਨਹੀਂ ਕਿਹੜੇ ਰੰਗ ਵਿੱਚ ਹੁੰਦੇ।

ਵੱਡੇ ਵੀਰ ਜੀ ਨੇ ਦਸਵੀਂ ਪਾਸ ਕੀਤੀ ਤੇ ਭਾਪਾ ਜੀ ਨੇ ਉਨ੍ਹਾਂ ਨੂੰ ਠੇਕੇਦਾਰ ਜਸਵੰਤ ਸਿੰਘ ਉੱਤਮ ਸਿੰਘ ਹੁਰਾਂ ਕੋਲ ਕੰਮ ਸਿੱਖਣ ਲਈ ਭੇਜ ਦਿੱਤਾ। ਮੈਨੂੰ ਯਾਦ ਹੈ ਕਿ ਜਦੋਂ ਵੀਰ ਜੀ ਨੂੰ ਪਹਿਲੀ ਤਨਖਾਹ ਮਿਲੀ ਤਾਂ ਉਨ੍ਹਾਂ ਸਾਰੀਆਂ ਭੈਣਾਂ ਦੇ ਡਾਕਖ਼ਾਨੇ ਵਿੱਚ ਖ਼ਾਤੇ ਖੁੱਲ੍ਹਵਾਏ ਤੇ ਉਨ੍ਹਾਂ ਵਿੱਚ ਗਿਆਰਾਂ-ਗਿਆਰਾਂ ਰੁਪਏ ਜਮ੍ਹਾਂ ਕਰਵਾਏ। ਸਾਨੂੰ ਨਿੱਕੀਆਂ-ਨਿੱਕੀਆਂ ਕਾਪੀਆਂ ਸਾਂਭ ਕੇ ਰੱਖਣ ਲਈ ਦਿੱਤੀਆਂ ਗਈਆਂ।

ਘਰ ਵਿੱਚ ਅਕਸਰ ਮਹਿਮਾਨ ਆਉਂਦੇ ਹੀ ਰਹਿੰਦੇ। ਭਾਪਾ ਜੀ ਵੀ ਸ਼ਾਬਾਸ਼ੀਆਂ ਦਿੰਦੇ ਤਾਂ ਕਈ ਵਾਰੀ ਪੈਸੇ ਇਨਾਮ ਵਜੋਂ ਦਿੰਦੇ। ਮੈਂ ਪੈਸੇ ਜੋੜ ਕੇ ਪੋਸਟ ਆਫਿਸ ਭੱਜ ਜਾਂਦੀ ਤੇ ਲੈਟਰ ਬਾਕਸ ਵਿੱਚ ਜਮ੍ਹਾਂ ਕਰ ਦਿੰਦੀ। ਮੈਂ ਬੜੀ ਖੁਸ਼ ਸਾਂ ਕਿ ਮੇਰੇ ਸਭ ਤੋਂ ਵੱਧ ਪੈਸੇ ਜਮ੍ਹਾਂ ਹੋ ਰਹੇ ਸਨ।

ਇਕ ਵਾਰੀ ਪੋਸਟਮੈਨ ਨੇ ਮੈਨੂੰ ਪੈਸੇ ਪਾਉਂਦਿਆਂ ਵੇਖ ਲਿਆ। ਚਿੱਠੀਆਂ ਨਾਲ ਕੁਝ ਭਾਨ ਵੀ ਸੀ। ਉਹ ਮੇਰੀ ਉਂਗਲ ਫੜ ਕੇ ਅੰਦਰ ਪੋਸਟ ਮਾਸਟਰ ਜੀ ਕੋਲ ਲੈ ਗਿਆ ਤੇ ਦੱਸਿਆ ਕਿ ਉਹ ਸਾਰੇ ਪੈਸੇ ਇਹੀ ਬਲਾਅ ਜਮ੍ਹਾਂ ਕਰਦੀ ਰਹੀ ਹੈ। ਸਾਰੇ ਬਹੁਤ ਹੱਸੇ ਤੇ ਮੈਨੂੰ ਸਮਝਾਇਆ ਕਿ ਪੈਸੇ ਇਸ ਤਰ੍ਹਾਂ ਜਮ੍ਹਾਂ ਨਹੀਂ ਹੁੰਦੇ। ਬਾਜ਼ਾਰ ਵਿੱਚ ਇਕ-ਦੋ ਹੋਰ ਪ੍ਰਚੂਨ ਦੀਆਂ ਹੱਟੀਆਂ ਵੀ ਸਨ। ਇਕ ਸਬਜ਼ੀ ਦੀ ਤੇ ਇਕ-ਦੋ ਲਲਾਰੀਆਂ ਭੜਭੂੰਜਿਆਂ ਦੀਆਂ ਵੀ ਸਨ। ਇਕ ਰਾਹ ਬਾਹਰ ਵੱਲ ਵੀ ਨਿਕਲਦਾ ਸੀ, ਜਿੱਧਰ ਕਸਾਈਆਂ ਦੇ ਘਰ ਸਨ। ਸਵੇਰੇ ਸਕੂਲ ਜਾਂਦਿਆਂ ਮੈਂ ਵੇਖਦੀ ਕਿ ਕਿਵੇਂ ਇਕ ਮੋਟਾ-ਤਕੜਾ ਬੰਦਾ ਬੱਕਰੇ ‘ਤੇ ਚੜ੍ਹ ਕੇ ਬਹਿ ਜਾਂਦਾ ਤੇ ਦੂਜਾ ਉਹਦੇ ਗਲ਼ ‘ਤੇ ਛੁਰਾ ਫੇਰਦਾ। ਬੱਕਰਾ ਤੜਫਦਾ ਤੇ ਰੋ-ਰੋ ਕੇ ਹਾਲ-ਦੁਹਾਈਆਂ ਪਾਉਂਦਾ, ਜਿਸ ਦੀਆਂ ਆਵਾਜ਼ਾਂ ਦੂਰ-ਦੂਰ ਤੱਕ ਜਾਂਦੀਆਂ।

ਗੁਲਜ਼ਾਰ ਹੁਰੀਂ ਵੀ ਬਕਰੀਦ ਦੇ ਦਿਨ ਬੱਕਰਾ ਵੱਢਦੇ, ਜਿਸ ਦੇ ਰੋਣ ਦੀ ਆਵਾਜ਼ ਸਾਡੇ ਘਰ ਤੱਕ ਆਉਂਦੀ। ਗਲੀ ਦੀ ਨਾਲੀ ਖ਼ੂਨ ਨਾਲ ਭਰ ਜਾਂਦੀ। ਰੋਜ਼ੇ ਵੀ ਉਹ ਪੂਰੇ ਰੱਖਦੇ, ਪਰ ਮੈਂ ਗੁਲਜ਼ਾਰ ਤੇ ਉਸ ਦੀ ਭੈਣ ਨੂੰ ਕਈ ਵਾਰੀ ਪੌੜੀਆਂ ਵਿੱਚ ਚੋਰੀ-ਚੋਰੀ ਖਾਂਦਿਆਂ ਵੇਖਦੀ।

ਸੁਬ੍ਹੇ-ਰਾਤ ਨੂੰ ਉਹ ਕੁੱਜਿਆਂ ਵਿੱਚ ਖੀਰ ਜਮਾਉਂਦੇ, ਮੈਂ ਬੜੇ ਸੁਆਦ ਨਾਲ ਖਾਂਦੀ। ਵੱਡੇ ਬੇ ਜੀ ਵੱਲੋਂ ਸਖ਼ਤ ਮਨਾਹੀ ਸੀ ਕਿ ਮੁਸਲਮਾਨਾਂ ਦੇ ਘਰ ਦਾ ਨਹੀਂ ਖਾਣਾ, ਪਰ ਸ਼ੁਕਰ ਹੈ ਸਾਡੀ ਬੱਚਿਆਂ ਦੀ ਉਸ ਵੇਲੇ ਕੋਈ ਜਾਤ ਨਹੀਂ ਸੀ।

ਬਾਜ਼ਾਰ ਦੇ ਦੂਜੇ ਸਿਰੇ ‘ਤੇ ਸੱਜੇ ਹੱਥ ਕੁਲਫ਼ੀਆਂ ਬਣਦੀਆਂ। ਵੱਡੇ-ਵੱਡੇ ਘੜਿਆਂ, ਡਰੰਮਾਂ ਵਿੱਚ ਬਰਫ਼ ਵਿੱਚ ਗੇੜ-ਗੇੜ ਕੇ ਬਣਾਈਆਂ ਜਾਂਦੀਆਂ…ਖੱਬੇ ਹੱਥ ਸੋਹਣੇ ਹਲਵਾਈ ਦੀ ਪਕੌੜਿਆਂ ਦੀ ਦੁਕਾਨ ਸੀ, ਜਿਹੜਾ ਛੋਟੇ ਆਲੂਆਂ ਦੇ ਅਨਾਰਦਾਣਾ ਪਾ ਕੇ ਰੋਟੀਆਂ ਜਿੰਨੇ ਚੌੜੇ ਪਕੌੜੇ ਬਣਾਉਂਦਾ। ਅਤਿ ਦੇ ਸੁਆਦੀ। ਮੇਰੇ ਭੈਣ ਜੀ ਦੀ ਸੱਸ ਨੂੰ ਤਾਂ ਅਜਿਹਾ ਚਸਕਾ ਪਿਆ ਕਿ ਉਹ ਰੋਜ਼ ਸ਼ਾਮੀਂ ਮੈਨੂੰ ਤਰਲਾ ਕਰਦੀ…”ਜਾ ਨਾ ਪੁੱਤਰ ਤਾਰਨ…ਸੋਹਣੇ ਹਲਵਾਈਏ ਕੋਲੋਂ ਪਕੌੜੇ ਚਾਹ ਲਿਆ।” ਮੈਂ ਖੁਸ਼ੀ-ਖੁਸ਼ੀ ਜਾਂਦੀ, ਮੈਨੂੰ ਵੀ ਤਾਂ ਹਿੱਸਾ ਮਿਲਣਾ ਹੁੰਦਾ।

1 comment:

  1. a very good publication in various languages and interesting to read and enjoy. colonel daljit julka retired usa

    ReplyDelete