Saturday, October 22, 2011

ਆਪਾਂ ਮਿਲੀਏ ਬੰਦੇ ਹੋ ਹੋ..

- ਹਰਮਨ ਜੀਤ

ਕਿਰਨਾਂ ਵਾਂਗਰ ਨੰਗੇ ਹੋ ਹੋ
ਇੱਕ ਅੰਗੇ ਇੱਕ ਰੰਗੇ ਹੋ ਹੋ..
ਪਾਵਨ ਜਮਨਾ ਗੰਗੇ ਹੋ ਹੋ
ਰਾਵੀ ਝਨਾਂ ਤਰੰਗੇ ਹੋ ਹੋ..
ਨਿੰਮ ਨਸੂੜੇ ਜੰਡੇ ਹੋ ਹੋ
ਗੁੰਦੇ ਫੁੱਲ ਕਦੰਬੇ ਹੋ ਹੋ..
ਬੇਰੀ ਸਾਹਿਬ ਕੰਡੇ ਹੋ ਹੋ..
ਗਿਰੀ ਗੋਵਰਧਨ ਕੰਗੇ ਹੋ ਹੋ..
ਸਰਪਾਂ ਮਣੀਆਂ ਚੰਦੇ ਹੋ ਹੋ
ਜਾਂ ਤਿੱਤਰ ਦੇ ਖੰਭੇ ਹੋ ਹੋ..
ਮੂਲ ਸਵਾਸ ਮੁਕੰਦੇ ਹੋ ਹੋ
ਜੋਤੀ ਰੂਪ ਜਲੰਦੇ ਹੋ ਹੋ..
ਨੀਰਾਂ ਤੁੱਲ ਵਗੰਦੇ ਹੋ ਹੋ
ਮਿੱਟੀ ਵਾਂਗ ਉਡੰਦੇ ਹੋ ਹੋ..
ਪੀੜਾਂ ਵੱਜਦੇ ਘੰਡੇ ਹੋ ਹੋ
ਅਗਨਕੁੰਟ ਪਰਚੰਡੇ ਹੋ ਹੋ..
ਕੋਰੇ ਸਾਫ਼ ਨਿਸੰਗੇ ਹੋ ਹੋ
ਏਕਨੂਰ ਬ੍ਰਹਿਮੰਡੇ ਹੋ ਹੋ..
ਹਰਿਚੰਦਨ ਦੇ ਫੰਭੇ ਹੋ ਹੋ
ਤੂੰ ਤੇ ਮੈਂ ਜਗਦੰਬੇ ਹੋ ਹੋ..
ਚੰਗੇ ਹੋ ਹੋ ਮੰਦੇ ਹੋ ਹੋ
ਆਪਾਂ ਮਿਲੀਏ ਬੰਦੇ ਹੋ ਹੋ..

1 comment:

  1. ਕੰਡੇ ਹੋ ਹੋ ਮਿਲਦਿਆਂ ਲਈ ਸੋਹਣਾ ਸੁਨੇਹਾ

    ReplyDelete