Thursday, October 20, 2011

ਸਹਿਮ ਪਰਛਾਵਿਆਂ ਦਾ

- ਸੁਖਦਰਸ਼ਨ ਧਾਲੀਵਾਲ
ਆਨੰਦ ਦੇ ਗ਼ਹਿਰੇ ਅਨੁਭਵ ਚੋਂ
ਗੁਜ਼ਰਿਆ ਹੈ ਬਾਣੀ ਦਾ ਇਹ ਖ਼ਤ
ਜੀਹਦੇ ਸ਼ਬਦਾਂ 'ਚ
ਲਿਪਟੀ ਹੋਈ ਸੰਵੇਦਨਾ
ਦੇ ਰਹੀ ਹੈ ਦਸਤਕ !
ਕਿ ਅਜੋਕੇ ਸਮਿਆਂ 'ਚ
ਸਫ਼ਰ ਕਰ ਰਹੀ ਸੁਰਤ ਤੋਂ
ਹਉਮੈਂ ਦੀ ਧੂੜ ਹਟਾਉ
ਜਿਸਮ ਵਿਚ
ਆਦਿ ਤੋਂ ਬੇਹੋਸ਼ ਪਈ
ਚੇਤਨਾ ਤਾਈਂ ਜਗਾਉ
ਤੇ ਸ਼ੁਰੂ ਕਰੋ ਆਪਣਾ ਸਫ਼ਰ
ਆਪਣੇ ਹੀ ਪੈਰਾਂ ਉੱਤੇ
ਕਿ ਹਰ ਪਲ ਹਰਿ ਰੰਗ ਬਿਖਰੇ
ਜ਼ਿੰਦਗੀ ਦੀਆਂ ਲਹਿਰਾਂ ਉੱਤੇ

ਦਿਉ ਲਹੂ ਨੂੰ ਹੁਣ ਰਵਾਨਗੀ
ਲਿਆਉ ਜੀਵਨ-ਕਾਲ ਵਿਚ
ਕੋਈ ਨਵਾਂ ਪਰਿਵਰਤਣ
ਤੇ ਆਤਮ-ਸਮਰਪਣ
ਕਿ ਰੂਹ ਦੇ ਦਰਪਣ 'ਚੋਂ ਨਜ਼ਰ ਆਏ
ਇਸ਼ਟ ਦਾ ਸੁਰਖ਼ ਚਿਹਰਾ
ਤੇ ਮੁਕ ਜਾਏ ਦਰ-ਬ-ਦਰ ਦੀ ਭਟਕਣ !

ਕਿਸੇ ਚਮਤਕਾਰ ਦੀ ਆਸ ਵਿਚ
ਕਰ ਦੇਂਦਾ ਹੈ ਅਰਥਹੀਣ ਜ਼ਿੰਦਗੀ
ਸਰਦ ਲਹੂ 'ਚੋਂ ਨਹੀਂ ਪੈਦਾ ਹੁੰਦਾ
ਸੰਘਰਸ਼ਮਈ ਖ਼ਾਬ ਦਾ ਅਹਿਸਾਸ
ਰੂਹ 'ਚ ਮਰ ਜਾਂਦਾ ਹੈ
ਨਵੇਂ ਇਨਕਲਾਬ ਦਾ ਅਹਿਸਾਸ
ਨਜ਼ਰ ਵਿਚ ਪਸਰਦਾ ਹੈ
ਭਰਮ ਦਾ ਅੰਧਕਾਰ |

ਬਸ ਇਹ ਤਾਂ ਇਕ ਸੋਚ ਵਿਚ
ਹੁੰਦੀ ਹੈ ਸਦੀਵੀ ਭਟਕਣ
ਵਧ ਰਿਹਾ ਹੈ ਜਿਸ ਦਾ ਸ਼ੋਰ
ਜ਼ਿੰਦਗੀ 'ਚ ਦਿਨ-ਬ-ਦਿਨ
ਤੇ ਹਰ ਤਰਫ਼ ਸੁੰਗੜ ਰਹੇ
ਭਵਿੱਖ ਦੀ ਪਰਿਭਾਸ਼ਾ
ਵਹਾ ਰਹੀ ਹੈ ਦਰਦ ਭਰੇ ਅੱਥਰੂ
ਵਹਿ ਰਹੇ ਹਨ ਜਿਹਨਾਂ 'ਚੋਂ
ਖ਼ੁਸ਼ਗਵਾਰ ਮੌਸਮਾਂ ਦੇ ਸੁਪਨੇ
ਸਰਕ ਰਹੇ ਨੇ ਨਜ਼ਰਾਂ 'ਚੋਂ
ਵਾਰ ਵਾਰ ਜ਼ਿੰਦਗੀ ਦੇ ਸੁਪਨੇ
ਤੇ ਤੁਸੀਂ
ਕਿਸੇ ਦਸਤਕ ਦੀ ਉਡੀਕ ਵਿਚ
ਕਰ ਲਿਆ ਹੈ ਆਪਣੇ ਆਪ ਨੂੰ
ਸਹਿਮ ਦੀ ਕ਼ਬਰ ਵਿਚ ਦਫ਼ਨ
ਆਪਣੇ ਹੀ ਪਰਛਾਵਿਆਂ ਤੋਂ ਡਰ ਕੇ

No comments:

Post a Comment