Wednesday, October 19, 2011

ਤੂੰ ਰੱਖੀਂ ਬਨ੍ਹੇਰੇ ਹਰ ਸਮੇਂ ਦੀਵਾ ਬਾਲ

-ਜਸਵਿੰਦਰ ਸਿੰਘ ਅਨਾਮ (ਕੈਨੇਡਾ)
ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਰਹੱਸਮਈ , ਅਤਿ ਖੁਸ਼ੀ , ਦੁਖਦਾਈ ਪਲ ਅਉਂਦੇ ਹਨ ਕਿ ਉਸ ਵੇਲੇ ਜ਼ੁਬਾਨ ਸਾਡਾ ਸਾਥ ਨਹੀਂ ਦਿਂਦੀ , ਸ਼ਬਦ ਸਾਥੋਂ ਕੋਹਾਂ ਦੂਰ ਹੁੰਦੇ ਨੇ ਤਾਂ ਅਸੀਂ ਕਿਸੇ ਇਸ਼ਾਰੇ ਜਾਂ ਹਾਵ-ਭਾਵ ਰਾਹੀ ਆਪਣੀ ਭਾਵਨਾ ਦਾ ਪ੍ਰਗਟਾਅ ਕਰਦੇ ਹਾਂ ਉਦਾਹਰਣ ਦੇ ਤੌਰ ਤੇ ਵਰ੍ਹਿਆਂ ਤੋਂ ਵਿੱਛੜੇ ਸਾਥੀ ਮਿਲਣ ਦੀ ਖੁਸ਼ੀ ਸ਼ਬਦਾਂ ਦੀ ਬਜਾਇ ਘੁੱਟ ਘੁੱਟ ਜੱਫੀਆਂ ਪਾ ਕੇ ਪਰਗਟ ਹੁੰਦੀ ਹੈ , ਅਚਾਨਕ ਕੋਈ ਖੁਸ਼ੀ ਦੀ ਖਬਰ ਨਾਲ਼ , ਲਾਟਰੀ ਨਿੱਕਲ਼ਣ ਨਾਲ ਮਨ ਦੇ ਨਾਲ਼ ਤਨ ਵੀ ਨੱਚ ਉਠਦਾ ਹੈ । ਦੁੱਖਾਂ ਦਾ ਭੰਨਿਆ ਮਨੁੱਖ ਕੁਝ ਬੋਲਣ ਦੀ ਥਾਂ ਅੱਖਾਂ ਚ ਅੱਥਰੂ ਭਰ ਉਤਾਂਹ ਨੂੰ ਬਾਹਾ ਉਲਾਰਦਾ ਹੈ । ਪੁੱਤਰ ਦੀਆਂ ਬਲਾਵਾਂ ਨੂੰ ਆਪਣੇ ਸਿਰ ਲੈ ਲੈਣ ਲਈ ਮਾਂ ਪੁੱਤ ਦੇ ਸਿਰ ਤੋਂ ਪਾਣੀ ਵਾਰ ਵਾਰ ਪੀਂਦੀ ਹੈ । ਆਪਣੇ ਤੋਂ ਵੱਡੇ ਦਾ ਸਤਿਕਾਰ ਲਈ ਕਿੰਨੇ ਕੁ ਸ਼ਬਦ ਬੋਲੇ ਜਾਣ ਜਾਂ ਕੋਈ ਬਜ਼ੁਰਗ ਬੱਚੇ ਨੂੰ ਕਿੰਨੀਆਂ ਨੁ ਲੰਬੀਆਂ ਅਸੀਸਾਂ ਦੇਵੇ , ਸ਼ਬਦ ਸੀਮਿਤ ਨੇ ਪਰ ਵੱਡੇ ਅੱਗੇ ਝੁਕ ਜਾਣਾ ਤੇ ਮਾਂ ਚਾਚੀ ਤਾਈ ਦਾ ਪਿਆਰ ਭਰਿਆ ਹੱਥ ਸਿਰ ਤੇ ਆ ਟਿਕਣਾ ਅਨੰਤ ਸ਼ਬਦਾਂ ਨੂੰ ਸਮੇਟ ਲੈਂਦਾ ਹੈ । ਕਰਵਾ ਚੌਥ ਜਾਂ ਆਪਣੇ ਇਸ਼ਟ ਨੂੰ ਖੁਸ਼ ਕਰਨ ਲਈ , ਮਨੋਕਾਮਨਾ ਦੀ ਪੂਰਤੀ ਲਈ ਵਰਤ ਜਾਂ ਹੋਰ ਕਈ ਤਰ੍ਹਾਂ ਦੀਆਂ ਰਸਮਾਂ ਇਸੇ ਕੜੀ ਦਾ ਹਿੱਸਾ ਹਨ । ਇਹਨਾਂ ਸਾਰੀਆਂ ਗੱਲਾਂ ਵਿੱਚੋਂ ਕੁਝ ਤਾਂ ਮਨੁੱਖੀ ਮਨ ਦੀ ਡੂੰਘੀ ਤਹਿ ਚੋਂ ਆਤਮਿਕ ਹੁਲਾਰੇ ਨਾਲ਼ ਆਪ ਮੁਹਾਰੇ ਉਠਦੀਆਂ ਹਨ ਜਿਵੇਂ ਖੁਸ਼ੀ ਵਿੱਚ ਕੋਈ ਵੀ ਨੱਚ ਸਕਦਾ ਹੈ , ਦੁੱਖ ਵੇਲੇ ਕਿਸੇ ਅਗੰਮੀ ਸ਼ਕਤੀ ਤੋਂ ਸਹਾਇਤਾ ਮੰਗ ਸਕਦਾ ਹੈ , ਇਸ ਨਾਲ਼ ਕੋਈ ਕਿਸੇ ਦੀ ਭਾਵਨਾ ਨੂੰ ਸੱਟ ਨਹੀਂ ਲਗਦੀ ਸਗੋਂ ਅਸੀ ਕਿਸੇ ਦੀ ਖੁਸ਼ੀ, ਗਮੀ ਵਿੱਚ ਸ਼ਰੀਕ ਹੋ ਕੇ ਖੁਸੀ ਵਿੱਚ ਵਾਧਾ ਜਾਂ ਦੁੱਖ ਵਿੱਚ ਸਹਾਰਾ ਬਣਨ ਦਾ ਸਬੱਬ ਬਣਦੇ ਹਾਂ । ਪਰ ਕੁਝ ਫੋਕਟ ਗੱਲਾਂ ਜਦੋਂ ਜਰੂਰੀ ਰਸਮ ਬਣਾਕੇ ਕਿਸੇ ਖਾਸ ਵਰਗ ਦੇ ਸਿਰ ਮੜ੍ਹ ਦਿੱਤੀਆਂ ਜਾਣ ਤਾਂ ਸਮਾਂ ਪਾ ਕੇ ਇਹ ਸਮਾਜਿਕ ਵੰਡੀਆਂ ਦਾ ਕਾਰਣ ਬਣ ਜਾਂਦੀਆਂ ਹਨ ਮਸਲਨ ਕਰਵਾ ਚੌਥ , ਮੜ੍ਹੀ ਮਸਾਣਾ ਦੀ ਪੂਜਾ , ਰੱਬ ਨੂੰ ਮੰਨਣ ਜਾਂ ਨਾ ਮੰਨਣ ਭਾਵ ਹਰ ਇੱਕ ਵਿਚਾਰ ਦੇ ਹੱਕ ਤੇ ਵਿਰੋਧ ਵਿੱਚ ਆਪਣਾ ਆਪਣਾ ਧੜਾ ਬਣਾ ਕੇ ਬੈਠ ਗਏ ਲੋਕ ਆਪਣੇ ਆਪ ਨੂੰ ਦੁਨੀਆਂ ਦਾ ਆਖਰੀ ਮਸੀਹਾ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਹਨ । ਕਿਸੇ ਵਿਚਾਰ , ਰਸਮ , ਧਰਮ ਜਾਂ ਧੜੇ ਨੂੰ ਆਪਣੀ ਜ਼ਿੰਦਗੀ ਦਾ ਅਟੁੱਟ ਅੰਗ ਬਣਾਕੇ ਬੈਠੇ ਲੋਕ ਆਪ ਸੁਧਰਨ ਜਾਂ ਨਾ ਸੁਧਰਨ ਪਰ ਦੂਜੇ ਦੀ ਵਿਚਾਰ ਨੂੰ ਨਕਾਰਨ ਜਾਂ ਸੁਧਾਰਨ ਵਿੱਚ ਸੜਦੇ ਕੁੜ੍ਹਦੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਦੇ ਅੰਤ ਸਮੇ ਕੋਝੇ ਵਿਚਾਰਾਂ ਦੀ ਕੁੜੱਤਣ ਅਗਲੀ ਪੀੜ੍ਹੀ ਦੇ ਦਿਮਾਗ ਵਿੱਚ ਠੋਸ ਉਹਨਾਂ ਨੂੰ ਅਣਿਆਈ ਮੌਤ ਦੇ ਚੁਰਾਹੇ ਚ ਖੜਾ ਕਰ ਜਾਂਦੇ ਨੇ । ਵਿਚਾਰਾਂ ਦੇ ਵਖਰੇਵੇਂ ਸਬੰਧੀ ਅਖਬਾਰਾ ਰਸਾਲਿਆਂ ਵਿੱਚ ਸ਼ੁਰੂ ਹੋਈ ਸ਼ਾਬਦਿਕ ਜੰਗ , ਰੋਸ ਮੁਜਾਹਰਿਆਂ , ਹੱਥੋ-ਪਾਈ , ਡਾਂਗੋ-ਸੋਟੀ ਅਤੇ ਕਿਰਪਾਨੋ-ਤ੍ਰਿਸ਼ੂਲੀ ਤੋਂ ਕਤਲੋਗਾਰਤ ਦੰਗੇ ਫਸਾਦ ਤੇ ਪਹੁੰਚ ਕੇ ਸਾਹ ਲੈਂਦੀ ਹੈ ।
ਕੋਈ ਸਿਰਫਿਰਿਆ ਕੱਟੜ ਗਿਆਨਵਾਨ , ਮੜ੍ਹੀ ਨੂੰ ਢਾਹ ਸਕਦਾ ਹੈ , ਮਟੀ ਤੇ ਮੱਥਾ ਟੇਕ ਰਹੇ ਗਰੀਬ ਦੇ ਸਿਰ ਡਾਂਗ ਮਾਰ ਸਕਦਾ ਹੈ ਪਰ ਇਹ ਨਹੀਂ ਸੋਚਦਾ ਕਿ ਪੀੜ੍ਹੀ ਦਰ ਪੀੜ੍ਹੀ ਜੋ ਵਿਚਾਰਾ ਦੀ ਮੜ੍ਹੀ ਇਸ ਦੇ ਅੰਦਰ ਬਣੀ ਹੈ ਉਸ ਨੂੰ ਕਿਵੇਂ ਢਹੁਣਾ ਹੈ । ਗਿਆਨ ਵੀ ਡਾਂਗ ਤੇ ਪਰੋਸ ਕੇ ਦਿੱਤਾ ਜਾ ਰਿਹਾ ਹੈ । ਖੂਹ ਵਿੱਚ ਡਿੱਗੇ ਨੂੰ ਕੱਢਣਾ ਚੰਗਾ ਕੰਮ ਹੈ ਪਰ ਜੇ ਕੋਈ ਡਿੱਗੇ ਹੋਏ ਨੂੰ ਡਾਂਗ ਦੀ ਹੁੱਝ ਮਾਰ ਮਾਰ ਕਹੇ ਬਾਹਰ ਨਿੱਕਲ਼ ਉਏਤਾਂ ਅਗਲਾ ਬਾਹਰ ਨਿੱਕਲਣ ਨਾਲੋ ਡੁੱਬ ਕੇ ਮਰਨਾ ਪੁੰਨ ਦਾ ਕੰਮ ਸਮਝ ਸਕਦਾ ਹੈ । ਸੁਧਾਰ ਦੇ ਕੰਮ ਆਮ ਤੌਰ ਉੱਤੇ ਸਿਰਫ ਹਉਂ ਨੂੰ ਪੱਠੇ ਪਉਣ ਤੱਕ ਸੀਮਿਤ ਹੋ ਜਾਂਦੇ ਹਨ । ਸੌ ਰੁਪਏ ਦਾ ਖਾਣਾ ਖੁਆ ਕੇ ਅਖਬਾਰ ਵਿੱਚ ਹਜ਼ਾਰ ਰੁਪਏ ਦਾ ਫੋਟੋ ਸਮੇਤ ਇਸ਼ਤਿਹਾਰਦੇਣਾ ਇਸ ਦੀ ਸੱਜਰੀ ਨਿਸ਼ਾਨੀ ਹੁੰਦਾ ਹੈ । ਰਾਜਨੀਤਕ ਧੜਿਆਂ ਵਾਂਗ ਧਾਰਮਿਕ ਜਾਂ ਸਮਾਜ ਸੁਧਾਰੂ ਜੱਥੇਬੰਦੀਆਂ ਵੀ ਆਪਣੇ ਧੜੇ ਦੀ ਗਿਣਤੀ ਵਧਾਉਣ ਦੇ ਚੱਕਰ ਵਿੱਚ ਹਨ । ਨਾ ਕੋ ਬੈਰੀ ਨਹੀਂ ਬੇਗਾਨਾ ਦਾ ਉਪਦੇਸ ਦੇਣ ਵਾਲੇ ਇੱਕ ਧਰਮ ਦੇ ਦੋ ਧਰਮ ਸਥਾਨਾ ਦਾ ਆਪਸੀ ਕਾਟੋ ਕਲੇਸ਼ ਪਿਆਰ ਦੀ ਥਾਂ ਈਰਖਾ ਨਾਲ਼ ਝੋਲੀਆਂ ਭਰਦਾ ਹੈ । ਢੱਠੇ ਖੂਹ ਵਿੱਚ ਜਾਣ ਸੁਧਾਰ ਦੇ ਕੰਮ ।
ਸਾਲ ਵਿਚ ਵੀਹ ਵਾਰ ਜਾਗਰਤੀ ਜਾਂ ਗਿਆਨ ਵੰਡਣ ਅਤੇ ਸ਼ਾਨੋ-ਸ਼ੌਕਤ ਵਿਖਾਉਣ ਬਹਾਨੇ ਦਸ-ਦਸ ਕਿਲੋਮੀਟਰ ਲੰਬੇ ਜਲੂਸਾਂ ਵਿੱਚ ਲੱਖਾਂ ਦਾ ਤੇਲ ਫੂਕਣ ਤੇ ਰਸਤੇ ਰੋਕ ਕੇ ਮਰੀਜ਼ਾਂ ਨੂੰ ਅਣਿਆਈ ਮੌਤ ਦੇਣ ਦੀ ਥਾ ਉਹੀ ਪੈਸਾ ਸੌ ਬੱਚੇ ਨੂੰ ਨਰੋਆ ਅਤੇ ਸਿਹਤਮੰਦ ਸਾਹਿਤ ਪੜ੍ਹਾਉਣ ਤੇ ਲਾਇਆ ਜਾਵੇ ਤਾਂ ਸਾਫ ਮਨ ਨੂੰ ਧੱਕੇ ਨਾਲ਼ ਕਿਸੇ ਵਿਚਾਰ ਵਿੱਚ ਨਰੜਣ ਦੀ ਥਾਂ ਚੰਗਾ ਮਾੜਾ ਸਮਝਣ ਦੇ ਯੋਗ ਬਣਾਇਆ ਜਾ ਸਕਦਾ ਹੈ । ਕਿੰਨਾ ਚੰਗਾ ਹੋਵੇ ਜੇ ਕਿਸਾਨ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਖੱਫਣ ਅਤੇ ਭਾਈ ਨੂੰ ਅਰਦਾਸ ਭੇਟਾ ਦੇਣ ਲਈ ਚੰਦਾ ਇਕੱਠਾ ਕਰਨ ਨਾਲੋ ਉਹਦੇ ਜਿਉਂਦੇ ਜੀਅ ਉਸ ਦੀ ਧੀ ਭੈਣ ਦਾ ਸਿਰ ਢਕ ਦਿੱਤਾ ਜਾਵੇ । ਡੂੰਘੀ ਖੱਡ ਵੱਲ ਜਾਂਦੇ ਰਾਹ ਨੂੰ ਆਖਰੀ ਸਿਰੇ ਤੋਂ ਬੰਦ ਕਰਨ ਦੀ ਬਜਾਇ ਸ਼ੁਰੂ ਵਿੱਚ ਹੀ ਵਾੜ ਕਰ ਦਿੱਤੀ ਜਾਵੇ ਤਾਂ ਲੋਕ ਆਪੇ ਰਾਹ ਬਦਲ ਲੈਣਗੇ । ਖਾਈ ਵੱਲ ਜਾਂਦੇ ਆਦਮੀ ਨੂੰ ਰੋਕਣਾ ਸੌਖਾ ਹੈ ਪਰ ਡਿੱਗ ਰਹੇ ਦੇ ਹੱਥ ਰੱਸਾ ਫੜਾਉਣਾ ਬਹੁਤ ਵਾਰ ਅਸੰਭਵ ਹੋ ਨਿਬੜਦਾ ਹੈ ।

1 comment:

  1. "ਗਿਆਨ ਵੀ ਡਾਂਗ ਤੇ ਪਰੋਸ ਕੇ ਦਿੱਤਾ ਜਾ ਰਿਹਾ ਹੈ"

    is satar ne sabh kujh keh ditta!

    ReplyDelete