Wednesday, October 19, 2011

ਮੇਰਾ ਬਾਪੂ ਮੇਰਾ ਬੇਲੀ / میرا باپو میرا بیلی

- ਮੁਖਵੀਰ ਸਿੰਘ / مکھویر سنگھ

ਮੈਨੂੰ ਉਹ ਦਿਨ ਯਾਦ ਨਹੀਂ
ਜਦ ਮੇਰਾ ਬਾਪੂ 'ਘੋੜਾ' ਸੀ
ਤੇ ਮੈਂ ਉਸ ਦੀ 'ਸਵਾਰੀ'
ਪਰ ਉਹ ਦਿਨ ਮੈਨੂੰ
ਨਹੀਂ ਭੁੱਲ ਸਕਦੇ
ਜਦ ਬਾਪੂ ਦੇ ਮੋਢੇ ਚੜ੍ਹ
ਦੁਨੀਆਂ ਦੇਖੀ ਸਾਰੀ ,
ਕਿੱਡੀ ਵੱਡੀ ਦੌਲਤ ਸੀ
ਉਹ ਛੋਟਾ ਪੈਸਾ
ਜੋ ਚੱਕ ਭੱਜ ਜਾਣਾ
ਤੇ ਕਰ ਜਾਣੀ ਖ਼ਾਲੀ
ਬਾਪੂ ਦੇ ਹਥੇਲ਼ੀ।
ਮੇਰਾ ਬਾਪੂ ਮੇਰਾ ਬੇਲੀ

ਮੈਨੂੰ ਤਾਂ ਉਹਨਾਂ ਲੋਕਾਂ ਦੀ ਸਮਝ ਨਾ ਆਵੇ
ਜੋ ਮਹਿਤਾ ਕਾਲੂ ਨੂੰ 'ਖਲ਼ਨਾਇਕ' ਦੱਸਦੇ ਨੇ,
ਕੀ ਉਹਨਾਂ ਲੋਕਾਂ ਨੂੰ ਬਾਬੇ ਨਾਨਕ ਦਾ ਬਚਪਨ ਨਜ਼ਰ ਨਾ ਆਵੇ?
ਉਹਨਾਂ ਉਹ ਦ੍ਰਿਸ਼ ਮਨਫ਼ੀ ਕਿਉਂ ਕਰ ਦਿੱਤਾ
ਜਦ ਬਾਬੇ ਦਾ ਬਾਪੂ ਮੋਢੇ ਚੱਕ ਖਿਡਾਵੇ?
ਬਾਬਾ ਮਹਾਨ ਸੀ
ਪਰ ਪਿਉ-ਦਿਲ ਨੂੰ ਸਮਝਣ ਦੀ
ਕਿਸੇ ਕੋਸ਼ਿਸ਼ ਕਿਉਂ ਨਾ ਕੀਤੀ?
ਇਹ ਉਹਨਾਂ ਲੋਕਾਂ ਬਾਬੇ ਦੇ ਬਾਪੂ ਦੀ
ਕਿਹੜੀ ਤਸਵੀਰ ਪੇਸ਼ ਕੀਤੀ?
ਉਹ ਤਾਂ ਬੱਸ ਬਾਪੂ ਸੀ,
ਮੇਰੇ ਬਾਪੂ ਵਰਗਾ
ਜੋ ਰਹਿਣਾ ਚਾਵੇ
ਆਪਣੇ ਪੁੱਤ ਨਾਲ ਵਾਂਗ 'ਸੰਗ-ਸਹੇਲੀ' ।
ਮੇਰਾ ਬਾਪੂ ਮੇਰਾ ਬੇਲੀ

ਇਤਿਹਾਸ ਵਿਚ ਬੈਠਾ ਔਰਗਜ਼ੇਬ ਬਾਪੂ
ਪੱਥਰ ਦਿਲ ਸੀ
ਜੋ ਆਪਣੇ ਬਾਗ਼ੀ ਪੁੱਤ** ਨੂੰ ਮਾਰ ਮੁਕਾਵੇ,
ਕਦੀ ਨਾਲ ਰੌਣ ਵਾਲਾ ਪੱਥਰ ਦਿਲ ਬਾਪੂ
ਆਪਣੇ ਪੁੱਤ ਦੀ ਲਾਸ਼ 'ਤੇ ਫਿਰ ਫੁੱਟ-ਫੁੱਟ ਰੋਵੇ।
ਸ਼ੁਕਰ ਹੈ ! ਸਾਡੇ ਤੋਂ ਕੋਈ ਰਾਜ ਭਾਗ ਨਹੀਂ ਹੈ,
ਅਸੀਂ ਤਾਂ ਇਕ-ਦੂਜੇ ਦੇ ਸੁਪਨੇ 'ਤੇ ਹੀ
ਆਪਣਾ 'ਮਹਿਲ' ਬਣਾਇਆ।
ਮੇਰਾ ਬਾਪੂ ਤਾਂ ਓਹੀ ਬਾਪੂ ਹੈ
ਜੋ ਕਦੇ ਗੰਨੇ ਦੀ ਪੋਰੀ ਛਿੱਲ ਕੇ ਦਿੰਦਾ,
ਕਦੇ ਦਿੰਦਾ ਸੀ ਗੁੜ ਦੀ ਭੇਲੀ ।
ਮੇਰਾ ਬਾਪੂ ਮੇਰਾ ਬੇਲੀ

-----------------------------------------------------------

مینوں اوہ دن یاد نہیں
جد میرا باپو 'گھوڑا' سی
تے میں اس دی 'سواری'
پر اوہ دن مینوں
نہیں بھلّ سکدے
جد باپو دے موڈھے چڑھ
دنیاں دیکھی ساری ،
کڈی وڈی دولت سی
اوہ چھوٹا پیسہ
جو چکّ بھجّ جانا
تے کر جانی خالی
باپو دے ہتھیلی۔
میرا باپو میرا بیلی

مینوں تاں اوہناں لوکاں دی سمجھ نہ آوے
جو مہتہ کالو نوں 'کھلنائک' دسدے نے،
کی اوہناں لوکاں نوں بابے نانک دا بچپن نظر نہ آوے؟
اوہناں اوہ درش منفی کیوں کر دتا
جد بابے دا باپو موڈھے چکّ کھڈاوے؟
بابا مہان سی
پر پیو-دل نوں سمجھن دی
کسے کوشش کیوں نہ کیتی؟
ایہہ اوہناں لوکاں بابے دے باپو دی
کہڑی تصویر پیش کیتی؟
اوہ تاں بسّ باپو سی،
میرے باپو ورگا
جو رہنا چاوے
اپنے پتّ نال وانگ 'سنگ-سہیلی'۔
میرا باپو میرا بیلی

اتہاس وچ بیٹھا اؤرگزیب باپو
پتھر دل سی
جو اپنے باغی پتّ٭٭ نوں مار مکاوے،
کدی نال رون والا پتھر دل باپو
اپنے پتّ دی لاش 'تے پھر فٹّ-فٹّ رووے۔
شکر ہے ! ساڈے توں کوئی راج بھاگ نہیں ہے،
اسیں تاں اک-دوجے دے سپنے 'تے ہی
اپنا 'محل' بنایا۔
میرا باپو تاں اوہی باپو ہے
جو کدے گنے دی پوری چھلّ کے دندا،
کدے دندا سی گڑ دی بھیلی ۔
میرا باپو میرا بیلی

No comments:

Post a Comment