Thursday, October 27, 2011

ਮੈਂ ਤੇ ਦੀਵਾ (Edited)

- ਗਗਨ ਬਰਾੜ

ਮੈਂ ਤੇ ਦੀਵਾ ਰਾਤ ਸਾਰੀ,
ਰਹੇ ਮੱਘਦੇ ਵਾਰੋ ਵਾਰੀ…
ਨਾ ਹੀ ਪਲਕ ਮੇਰੀ ਝਪਕੀ,
ਨਾ ਇਹਨੂੰ ਨੀਂਦ ਪਿਆਰੀ,
ਮੈਂ ਤੇ ਦੀਵਾ ਰਾਤ ਸਾਰੀ…

ਪੀੜ ਪਰਾਈ ਤੇ ਯਾਦਾਂ ਦੋਵੇਂ,
ਆ ਬੈਠੀਆਂ ਸੀ ਸਿਰਹਾਣੇ,
ਮੱਠੀ ਜਿਹੀ ਪੌਣ ‘ਚ ਰਲਕੇ,
ਨਿੱਘ ਦੋਹਾਂ ਨੇ ਸੀ ਮਾਣੇ,
ਜਦ ਕਦੇ ਹੋ ਜਾਂਦਾ ਡੂੰਘਾ,
ਮੈਨੂੰ ਜਾਵੇ ਛਮਕਾਂ ਮਾਰੀ,
ਮੈਂ ਤੇ ਦੀਵਾ ਰਾਤ ਸਾਰੀ…

ਰਾਤ ਦੇ ਖੂੰਜੇ ਮੈਂ ਬੈਠਾ ਤੇ,
ਦੀਵਾ ਓਢ ਕੇ ਮੇਰਾ ਪੱਲਾ,
ਹਿੰਝਾ ਸਿੱਟ ਕੇ ਠਾਰੀ ਜਾਵਾਂ
ਚੰਦਰੇ ਦਾ ਤੱਪਦਾ ਥੱਲਾ,
ਮੇਰੇ ਵੀ ਕਈ ਚਾਅ ਲੱਥੇ,
ਲਹੀ ਇਹਦੀ ਵੀ ਖੁਮਾਰੀ,
ਮੈਂ ਤੇ ਦੀਵਾ ਰਾਤ ਸਾਰੀ,
ਰਹੇ ਮੱਘਦੇ ਵਾਰੋ ਵਾਰੀ…

No comments:

Post a Comment