Tuesday, October 11, 2011

ਹੇ ਰਾਮ !

-ਅਮਰਦੀਪ ਸਿੰਘ ਗਿੱਲ

ਹੇ ਰਾਮ !
ਮੈਂ ਕਦ ਇਨਕਾਰੀ ਹਾਂ
ਕਿ ਤੇਰਾ ਨਾਮ ਸੱਚਾ ਨਹੀਂ ਹੈ
...ਆਦਿ-ਕਾਲ ਤੋਂ ਸੱਚਾ ਹੈ ਤੇਰਾ ਨਾਮ ਤਾਂ ,
ਉਸ ਦਿਨ ਤੋਂ
ਜਦ ਮੈਂ ਪਹਿਲੀ ਵਾਰ
ਆਪਣੇ ਅੱਖੀਂ ਵੇਖੀ ਸੀ ਰਾਮ -ਲੀਲਾ ,
ਬਸ ਉਸੇ ਦਿਨ ਤੋਂ ਹੀ
ਮੇਰੇ ਲਈ ਪੂਜਣਯੋਗ ਬਣ ਗਿਆ ਸੀ
ਤੇਰਾ ਧਨੁੱਖ-ਤੋੜ ਸਰੂਪ !
ਇਸ ਦਾ ਇੱਕ ਹੋਰ ਕਾਰਨ ਵੀ ਸੀ ਭਗਵਾਨ
ਕਿ ਜਿਸ ਸਬਜ਼ੀ ਵਾਲੇ ਨੰਦੂ ਨੇ
ਨਿਭਾਈ ਸੀ ਤੇਰੀ ਭੂਮਿਕਾ
ਉਹ ਅਕਸਰ ਉਧਾਰ ਦੇ ਦਿੰਦਾ ਸੀ
ਮੈਨੂੰ ਸਬਜ਼ੀ ,
ਤੇ ਤੇਰਾ ਨਾਮ ਲੈ ਕੇ
ਮੈਂ ਤਾਂ ਬੱਚੇ ਪਾਲਦੀ ਪਈ ਸਾਂ
ਤਾਂ ਹੀ ਤਾਂ ਮੰਨਦੀ ਹਾਂ ਮੈਂ
ਕਿ ਤੇਰਾ ਨਾਮ ਸੱਚਾ ਹੈ ,
ਪਰ ਇਹ ਵੀ ਸੱਚ ਹੈ ਮੇਰੇ ਰਾਮ ਜੀਓ
ਕਿ ਹੁਣ ਮੇਰੇ ਬੱਚੇ
ਹਸਨ , ਮਹਿਮੂਦ ਤੇ ਨੀਲੋਫਰ
ਤੇਰੇ ਨਾਮ ਤੋਂ ਬਹੁਤ ਡਰਦੇ ਨੇ ,
ਉਨਾਂ ਘੀ ਵਾਲੇ ਖਾਲੀ ਡੱਬਿਆਂ ਤੋਂ ਵੀ
ਖੁਰਚ ਖੁਰਚ ਕੇ ਮਿਟਾ ਦਿੱਤੀ ਹੈ ਤੇਰੀ ਤਸਵੀਰ
ਮੁਆਫ ਕਰੀਂ ਆਯੋਧਿਆ - ਨਰੇਸ਼ !
ਬੱਚੇ ਮਾਸੂਮ ਨੇ
ਇੰਨਾ ਦਾ ਕੋਈ ਕਸੂਰ ਨਹੀਂ
ਜਦ ਇੰਨਾ ਲਈ ਬਣ ਗਿਆ ਹੈ ਤੇਰਾ ਚਿਹਰਾ
''ਬੱਚੇ ਚੁੱਕਣ ਵਾਲੇ ਬਾਬੇ '' ਵਰਗਾ ,
ਜਦ ਇੰਨਾਂ ਨੂੰ ਡਰਾਉਣ ਲਈ
ਕਹਿ ਦਿੰਦਾ ਹੈ ਸਬਜ਼ੀ ਵਾਲਾ ਨੰਦੂ ਵੀ ,
'' ਭੱਜ ਜਾਓ ਸਾਲਿਓ...
ਨਹੀਂ ਤਾਂ ਆਉਂਦੇ ਨੇ ਰਾਮ ਜੀ...!"
ਪ੍ਭੂ ...ਬੱਚੇ ਨੇ ਡਰ ਜਾਂਦੇ ਨੇ ,
ਉਸ ਦਿਨ ਤੋਂ
ਜਦ ਤੇਰੇ ਭਗਤਾਂ ਨੇ ਤੇਰਾ ਨਾਮ ਲੈ ਕੇ
ਫੂਕ ਦਿੱਤੀ ਸੀ ਸਾਡੀ ਸਾਰੀ ਬਸਤੀ ,
ਉਸ ਦਿਨ ਇੰਨਾ ਲਈ ਪਤੰਗ ਲੈਣ ਗਿਆ
ਇੰਨਾ ਦਾ ਅੱਬਾ ਵੀ ਸਾੜ ਦਿੱਤਾ ਗਿਆ ਸੀ ਜਿਊਂਦਾ ,
ਉਸ ਦਿਨ ਇੰਨਾਂ ਬੱਚਿਆਂ ਨੇ
ਆਪਣੀਆਂ ਅੱਖਾਂ ਨਾਲ ਵੇਖਿਆ ਸੀ ਸਭ-ਕੁੱਝ ,
ਆਪਣੇ ਕੰਨਾ ਨਾਲ ਸੁਣੇ ਸਨ ਰੋਹਲੇ-ਜਨੂੰਨੀ ਨਾਹਰੇ
ਜਿੰਨਾ ਚ ਫਖਰ ਨਾਲ ਵਿਦਮਾਨ ਸੀ ਤੇਰਾ ਨਾਮ ,
" ਕਸਮ ਰਾਮ ਕੀ ਖਾਤੇ ਹੈਂ...
ਮੰਦਿਰ ਵਹੀਂ ਬਨਾਏਂਗੇ ...!"
ਬਸ ਸੀਤਾ-ਪਤੀ
ਉਸ ਦਿਨ ਤੋਂ ਹੀ ਡਰੇ ਹੋਏ ਨੇ
ਤੇਰੇ ਨਾਮ ਤੋਂ ਚੰਦਰੇ ਨਾਸਤਿਕ ...!
ਨਾ ਮਸਜਿਦ ਜਾਂਦੇ ਨੇ ਨਾ ਮੰਦਿਰ ,
ਹੁਣ ਲਕੋ ਕਾਹਦਾ ...
ਸੱਚ -ਸੱਚ ਦੱਸਦੀ ਹਾਂ
ਕਈ ਵਾਰ ਮੈਂ ਵੀ ਝਿੜਕ ਦਿੰਦੀ ਹਾਂ
ਤੁਹਾਡਾ ਨਾਮ ਲੈ ਕੇ ,
ਜਦ ਕਦੇ ਰਾਤ ਨੂੰ
ਇਹ ਦੇਰ ਤੱਕ ਸੌਂਦੇ ਨਹੀਂ ,
" ਸੌਂ ਜਾਓ ਵੇ...
ਨਹੀਂ ਤਾਂ ਭਗਵਾਨ ਰਾਮ ਆ ਜਾਣ ਗੇ...! "
ਤੇ ਵਿਚਾਰੇ ਸੌਂ ਜਾਂਦੇ ਨੇ ਸੁਸਰੀ ਵਾਂਗ ,
ਆਹ ਆਪਣੀ ਨੀਲੋਫਰ...
ਕਈ ਵਾਰ ਰਾਤ ਨੂੰ ਤ੍ਰਬਕ ਕੇ ਜਾਗ ਪੈਂਦੀ ਹੈ
ਕਿ ਮੈਨੂੰ ਸੁਪਨੇ ਚ ''ਰਾਮ ਜੀ '' ਦਿਖਾਈ ਦਿੱਤੇ ਸੀ ,
ਤੇ ਰੋ ਰੋ ਕੇ ਕਹਿਣ ਲੱਗਦੀ ਹੈ ,
ਅਖਬਾਰ ਚ ਛਪੀ ਉੱਗਰਵਾਦੀਆਂ ਦੀ ਫੋਟੋ ਵਰਗੀ
ਸ਼ਕਲ ਸੀ ਉਨਾਂ ਦੀ !
ਐ ਦਸ਼ਰਥ - ਪੁੱਤਰ
ਦੱਸ ਭਲਾ ਕੀ ਸਮਝਾਵਾਂ ਝੱਲੀ ਨੂੰ ?
ਮੈਂ ਕੱਲੀ-ਕਾਰੀ ਹਾਂ ਤੀਵੀਂ -ਮਾਨੀ
ਚੁੰਨੀਆ ਤੇ ਗੋਟਾ ਕਿਨਾਰੀ ਲਾ ਕੇ
ਮਸਾਂ ਕਮਾਉਂਦੀ ਆਂ ਦੋ ਡੰਗ ਦੀ ਰੋਟੀ ,
ਹੁਣ ਤਾਂ ਉਸ ਦਿਨ ਦਾ ਨੰਦੂ ਵੀ
ਉਧਾਰ ਨਹੀਂ ਦਿੰਦਾ ,
ਮੈਂ ਤਾਂ ਨਪੁੱਤੇ ਬਾਬਰ ਨੂੰ ਵੀ ਨਹੀਂ ਜਾਣਦੀ
ਨਹੀਂ ਤਾਂ ਉਹਦੇ ਮੂਹਰੇ ਪਿੱਟਾਂ...!
ਬੱਸ ਹੁਣ ਤਾਂ ਤੇਰਾ ਹੀ ਸਹਾਰਾ ਹੈ
ਸੁਣਿਆ ਤੇਰੇ ਰਾਜ ਚ ਸ਼ੇਰ ਤੇ ਬੱਕਰੀ
ਇੱਕੋ ਘਾਟ ਤੇ ਪਾਣੀ ਪੀਂਦੇ ਸੀ ?
..ਤੇ ਜੇ ਮੈਂ ਹੁਣ ਕਿਧਰੇ ਕੰਮ ਤੇ ਜਾਵਾਂ
ਤਾਂ ਪਿੱਛੋਂ ਘਰ ਮੇਰੇ ਕੱਲੇ ਬੱਚਿਆਂ ਦਾ
ਖਿਆਲ ਰੱਖਿਆ ਕਰ ,
ਉਨਾਂ ਨੂੰ ਡਰਾਇਆ ਨਾ ਕਰ
ਹੱਥ ਚ ਤਿਰਸ਼ੂਲ - ਤਲਵਾਰਾਂ ਫੜ ਕੇ ,
ਗਲਾਂ ਚ ਕੇਸਰੀ ਪੱਲੇ ਪਾ ਕੇ ,
ਬਲਦੀਆਂ ਮਸ਼ਾਲਾਂ ਵਿਖਾ ਕੇ ,
ਸ਼ੇਰ - ਬੱਕਰੀ ਵਾਂਗ
ਇਨਸਾਨਾਂ ਨੂੰ ਵੀ ਬਰਾਬਰ ਰੱਖਿਆ ਕਰ !
ਉਂਝ ਮੈਂ ਕਦ ਕਿਹਾ ਕਿ-
ਤੇਰਾ ਨਾਮ ਸੱਚਾ ਨਹੀਂ ਹੈ
ਰਘੂਪਤੀ ਰਾਘਵ ਰਾਜਾ ਰਾਮ !
ਪਰ ਜੋ ਮੈਂ ਹੁਣ ਕਿਹਾ ਹੈ -
ਉਹ ਵੀ ਤਾਂ ਸੱਚ ਹੈ ਨਾ ਮਹਾਰਾਜ !

(ਪੁਸਤਕ "ਅਰਥਾਂ ਦਾ ਜੰਗਲ" 'ਚੋਂ)

No comments:

Post a Comment