Sunday, October 9, 2011

ਨਿਠਾਰੀ ਕਾਂਡ

-ਅਮਰਜੀਤ ਕੌਰ 'ਹਿਰਦੇ'

ਹਰ ਸਾਲ ਜਲਾ ਕੇ ਰਾਵਣ
ਮਾਨਵ ਸਮਝਦਾ ਹੈ ਕਿ
ਸ਼ਾਇਦ ਰਾਵਣ ਮਰ ਗਿਆ ਏ।

ਭੀੜ ਦਾ ਹਿੱਸਾ ਬਣਿਆ
ਕਾਗ਼ਜ ਦਾ ਜਲਾ ਕੇ ਪੁਤਲਾ
ਆਪ ਆਪਣੇ ਘਰ ਗਿਆ ਏ।

ਸਿਰ ਤੇ ਬਾਂਹਵਾਂ ਕੱਟ ਦਿਉ ਭਾਂਵੇਂ
ਸ਼ੋਰ ਨੇ ਤਾਂ ਨਹੀਂ ਮਰਨਾ
ਰਾਵਣ ਨੇ ਵੀ ਨਹੀਂ ਡਰਨਾ
ਕਿਉਂਕਿ
ਸੁਰਤ ਉਹਦੀ ਦਾ ਚਿੰਤਨ ਤਾਂ
ਉਹਦੀ ਨਾਭੀ ਦੇ ਵਿਚ ਵੜ ਗਿਆ ਏ।

ਰਾਮ, ਰਾਮ, ਰਾਮ, ਰਾਮ
ਜਪਦਿਆਂ ਦੀ ਸੋਚ ਨੂੰ ਹੀ
ਰਾਵਣ ਵਾਲੀ ਸੋਚ ਦਾ ਹੀ
ਬਿੱਛੂ ਅੱਜ ਤਾਂ ਲੜ ਗਿਆ ਏ।

ਰਾਮ ਨੂੰ ਤਾਂ ਏਸ ਨੇ ਹੀ
ਪੱਥਰਾਂ ਦੇ ਵਿਚ ਕੈਦ ਕੀਤਾ
ਜਿੰਦਾ ਰਾਵਣ ਦਹਸਿਰਾਂ ਦੀ ਸੋਚ ਵਿਚ
ਉਦਗਾਮੀ ਹੋ ਕੇ ਦੜ ਗਿਆ ਏ।

ਨਦੀਆਂ ਦੇ ਵਿਚ ਭਰ ਰਹੀ ਹੈ
ਆਸਥਾ ਦੀ ਗੰਦਗੀ
ਰੂਹਾਂ ਅਤੇ ਫ਼ਿਜ਼ਾਵਾਂ ਦੇ ਵਿਚ
ਬਲਦਾ ਰਾਵਣ ਹਵਾ ਵੀ ਗੰਦੀ ਕਰ ਗਿਆ ਏ।

ਪਲ਼-ਘੜੀ ਕਰ ਰਾਸ-ਲੀਲਾ
ਲਛਮਣ ਵੱਢ ਕੇ ਨੱਕ ਓਸਦਾ
ਸ੍ਰੂਪਨਖ਼ਾ ਨੂੰ ਬੂੜੀ ਬੇਸ਼ਕ ਕਰ ਗਿਆ ਏ।

ਭੈਣ ਦੀ ਚੀਕ-ਪੁਕਾਰ ਸੁਣ ਕੇ
ਬਦਲੇ ਦੀ ਅੱਗ ਵਿਚ ਬਲਿਆ ਰਾਵਣ
ਬਗਲੀ ਦੇ ਵਿਚ ਪਾ ਕੇ ਲੈ ਗਿਆ
ਸੀਤਾ ਸਤਵੰਤੀ, ਸਤੀ-ਸਵਿਤਰੀ
ਭੈਣ ਦੀ ਲਲਕਾਰ ਪਿੱਛੇ
ਚਹੁੰ ਵੇਦਾਂ ਦਾ ਗੂੜ੍ਹ-ਗਿਆਤਾ
ਕਾਲ ਪਾਵੇ ਨਾਲ ਬੰਨ੍ਹਣ ਵਾਲਾ
ਬਲੀ-ਸੂਰਮਾ ਰਾਵਣ ਆਪਾ ਹਰ ਗਿਆ ਏ।

ਦੰਭ ਜਿਹਾ ਹੀ ਇਕ ਰਾਮ ਨੇ ਵੀ ਤਾਂ
ਐਂਵੇ ਹੀ ਬਸ ਪਾਲਿਆ
ਪਵਿੱਤਰ ਸਤੀ ਸੀਤਾ ਦੇ ਸਤ ਨੂੰ
ਇਕ ਧੋਬੀ ਦੇ ਕਹਿਣ ਤੇ ਹੀ
ਖਾਤਰ ਰਾਜ-ਭਾਗ ਦੀ
ਕਲੰਕਿਤ ਆਪ ਹੀ ਕਰ ਗਿਆ ਏ।

ਕਰਮਾਂ ਨੂੰ ਛੁਪਾਉਣ ਲਈ ਆਪਣੇ
ਸੀਤਾ ਦੇ ਸਦਕਰਮ ਦੀ ਉਹ ਤਾਂ
ਭੰਡੀ ਖ਼ੁਦ ਹੀ ਕਰ ਗਿਆ ਏ।

ਗਰਭਕਾਲ ਦੀ ਅਵਸਥਾ ਦੇ ਵਿਚ
ਜੰਗਲਾਂ ਵਿਚ ਉਸਨੂੰ ਰੋਲਿਆ
ਅਬਲਾ ਔਰਤ ਦੇ ਹੱਕਾਂ ਲਈ
ਉਦੋਂ ਵੀ ਕੋਈ ਨਾ ਬੋਲਿਆ
ਅੱਜ ਵੀ ਕਮੀ ਨਹੀਂ ਸੀਤਾਵਾਂ ਦੀ
ਦਰੋਪਦੀ ਜਿਹੀਆਂ ਅਬਲਾਵਾਂ ਦੀ
ਜੋ ਚੱਲਦੀ ਪਾ ਕੇ ਝੋਲੀ ਵਿਚ
ਧੋਬੀਆਂ ਦੇ ਤਾਹਨੇ-ਮਿਹਣੇ
ਉਹ ਕਰ ਚੁੱਕੀ ਹੈ ਪ੍ਰਵੇਸ਼
ਸਤਯੁਗ ਤੋਂ ਸਫ਼ਰ ਕਰਦੀ
ਸਰੂਪ-ਨਖ਼ਾ, ਰੁਕਮਣੀ, ਦਰੋਪਦੀ ਦਾ ਰੂਪ ਧਰਦੀ
ਕਾਂ ਵਰਗੇ ਸਿਆਣੇ ਕਲਯੁਗ ਦੇ ਵਿਚ ਤਾਂ
ਧੋਬੀਆਂ ਦੀ ਭਰਮਾਰ ਬੜੀ ਹੈ
ਔਰਤ ਲਈ ਮਾਨਸਿਕਤਾ ਬਿਮਾਰ ਹੈ
ਜੋ ਭੰਡਦਾ ਹੈ ਸੀਤਾਵਾਂ ਨੂੰ
ਰਾਵਣ ਵਰਗੀ ਬਿਰਤੀ ਹੱਥੋਂ
ਸਾਲੋ-ਸਾਲ ਲੱਖਾਂ ਹੀ ਰਾਵਣਾਂ ਨੂੰ ਸਾੜ ਗਿਆ ਏ।

ਛੱਡ ਦਿਉ ਹੁਣ ਤਾਂ ਰਾਵਣ ਨੂੰ ਫੁਕਣਾ
ਰਾਵਣ ਸ਼ਬਦ ਪ੍ਰਤੀਕ ਹੈ ਜੇ ਬੁਰਾਈ ਦਾ
ਜਿਉਂਦਿਆਂ ਵਿਚ ਜੀਂਦਾ ਰਾਵਣ
ਮਨੁੱਖਾਂ ਰੂਹ ਵਿਚ ਧੂ-ਧੂ ਕਰਦਾ ਸੜਦਾ-ਬਲਦਾ
ਅੱਜ ਸੱਭ ਪਾਰ ਹੱਦਾਂ ਕਰ ਗਿਆ ਏ।

ਅੱਜ ਵੀ ਨੇ ਸੀਤਾ ਜਿਹੀਆਂ ਦੇਵੀਆਂ
ਦੁੱਧ-ਮੂੰਹੀਆਂ ਨੇ ਕਈ ਬੱਚੀਆਂ
ਬੁੱਢੀਆਂ ਤੇ ਕਈ ਨੱਢੀਆਂ
ਅੱਜ ਦੀ ਸਫ਼ੈਦਪੋਸ਼ੀ ਵਿਚ ਛੁਪੀ
ਹਵਸ ਦਾ ਸ਼ਿਕਾਰ ਹੁੰਦੀਆਂ
ਅੱਜ ਦੇ ਹੈਵਾਨ ਨਾਲੋਂ ਰਾਵਣ ਓਸ ਵਕਤ ਦਾ ਤਾਂ
ਕਰ ਉਹ ਦਰ-ਗੁਜ਼ਰ ਗਿਆ ਏ।

ਸੀਤਾ ਦੇ ਉਸ ਸਤ ਨੂੰ ਨਹੀਂ ਸੀ ਰੋਲਿਆ
ਓਸਦੀ ਹਰ ਨਾਂਹ ਨੂੰ ਉਸ ਕਬੂਲਿਆ
ਮੇਰੀ ਜਾਚੇ ਤਾਂ ਮਰਿਆਦਾ ਦਾ ਹੀ
ਪੱਲਾ ਰਾਵਣ ਫੜ ਗਿਆ ਏ।

ਆਓ ਜਿੰਦਾ ਅੱਜ ਦੇ ਰਾਵਣਾਂ ਨੂੰ
ਦੁਸ਼ਹਿਰੇ ਵਾਲੇ ਪਰਵ ਤੇ ਫੜ੍ਹ-ਫੜ੍ਹ ਕੇ ਸਾੜੀਏ
ਜਿਹਨਾਂ ਦੇ ਕੁਕਰਮਾਂ ਦੇ ਨਾਲ
ਰੋਜ਼੍ਹ ਹੀ ਅਖ਼ਬਾਰਾਂ ਦਾ ਹਰ ਇਕ ਪੰਨਾ ਭਰ ਗਿਆ ਏ।

ਜੇ ਰਾਵਣ ਪ੍ਰਤੀਕ ਹੈ ਸ਼ੈਤਾਨ ਦਾ
ਹੈਵਾਨ ਦਾ ਤਾਂ
ਕੀ ਨਾਮ ਦੇਈਏ
ਉਹਨਾਂ ਬਲਾਤਕਾਰੀਆਂ ਨੂੰ
ਜੋ ਇਨਸਾਨੀਅਤ ਦੀ ਲਾਸ਼ ਨੂੰ ਬੋਟੀ-ਬੋਟੀ ਨੋਚ ਕੇ
ਹਜ਼ਮ ਵੀ ਤਾਂ ਕਰ ਗਿਆ ਏ।

ਕਾਨੂੰਨ ਤੋਂ ਅੱਖ ਬਚਾ ਕੇ ਰਾਵਣ
ਸਾੜਨ ਵਾਲਿਆਂ ਦੀ ਭੀੜ ਵਿਚ ਆ ਕੇ ਦੜ ਗਿਆ ਏ।

-੦-੦-੦-

No comments:

Post a Comment