Showing posts with label ਕਹਾਣੀ. Show all posts
Showing posts with label ਕਹਾਣੀ. Show all posts

Wednesday, October 19, 2011

ਤੂੰ ਰੱਖੀਂ ਬਨ੍ਹੇਰੇ ਹਰ ਸਮੇਂ ਦੀਵਾ ਬਾਲ

-ਜਸਵਿੰਦਰ ਸਿੰਘ ਅਨਾਮ (ਕੈਨੇਡਾ)
ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਰਹੱਸਮਈ , ਅਤਿ ਖੁਸ਼ੀ , ਦੁਖਦਾਈ ਪਲ ਅਉਂਦੇ ਹਨ ਕਿ ਉਸ ਵੇਲੇ ਜ਼ੁਬਾਨ ਸਾਡਾ ਸਾਥ ਨਹੀਂ ਦਿਂਦੀ , ਸ਼ਬਦ ਸਾਥੋਂ ਕੋਹਾਂ ਦੂਰ ਹੁੰਦੇ ਨੇ ਤਾਂ ਅਸੀਂ ਕਿਸੇ ਇਸ਼ਾਰੇ ਜਾਂ ਹਾਵ-ਭਾਵ ਰਾਹੀ ਆਪਣੀ ਭਾਵਨਾ ਦਾ ਪ੍ਰਗਟਾਅ ਕਰਦੇ ਹਾਂ ਉਦਾਹਰਣ ਦੇ ਤੌਰ ਤੇ ਵਰ੍ਹਿਆਂ ਤੋਂ ਵਿੱਛੜੇ ਸਾਥੀ ਮਿਲਣ ਦੀ ਖੁਸ਼ੀ ਸ਼ਬਦਾਂ ਦੀ ਬਜਾਇ ਘੁੱਟ ਘੁੱਟ ਜੱਫੀਆਂ ਪਾ ਕੇ ਪਰਗਟ ਹੁੰਦੀ ਹੈ , ਅਚਾਨਕ ਕੋਈ ਖੁਸ਼ੀ ਦੀ ਖਬਰ ਨਾਲ਼ , ਲਾਟਰੀ ਨਿੱਕਲ਼ਣ ਨਾਲ ਮਨ ਦੇ ਨਾਲ਼ ਤਨ ਵੀ ਨੱਚ ਉਠਦਾ ਹੈ । ਦੁੱਖਾਂ ਦਾ ਭੰਨਿਆ ਮਨੁੱਖ ਕੁਝ ਬੋਲਣ ਦੀ ਥਾਂ ਅੱਖਾਂ ‘ਚ ਅੱਥਰੂ ਭਰ ਉਤਾਂਹ ਨੂੰ ਬਾਹਾ ਉਲਾਰਦਾ ਹੈ । ਪੁੱਤਰ ਦੀਆਂ ਬਲਾਵਾਂ ਨੂੰ ਆਪਣੇ ਸਿਰ ਲੈ ਲੈਣ ਲਈ ਮਾਂ ਪੁੱਤ ਦੇ ਸਿਰ ਤੋਂ ਪਾਣੀ ਵਾਰ ਵਾਰ ਪੀਂਦੀ ਹੈ । ਆਪਣੇ ਤੋਂ ਵੱਡੇ ਦਾ ਸਤਿਕਾਰ ਲਈ ਕਿੰਨੇ ਕੁ ਸ਼ਬਦ ਬੋਲੇ ਜਾਣ ਜਾਂ ਕੋਈ ਬਜ਼ੁਰਗ ਬੱਚੇ ਨੂੰ ਕਿੰਨੀਆਂ ਨੁ ਲੰਬੀਆਂ ਅਸੀਸਾਂ ਦੇਵੇ , ਸ਼ਬਦ ਸੀਮਿਤ ਨੇ ਪਰ ਵੱਡੇ ਅੱਗੇ ਝੁਕ ਜਾਣਾ ਤੇ ਮਾਂ ਚਾਚੀ ਤਾਈ ਦਾ ਪਿਆਰ ਭਰਿਆ ਹੱਥ ਸਿਰ ਤੇ ਆ ਟਿਕਣਾ ਅਨੰਤ ਸ਼ਬਦਾਂ ਨੂੰ ਸਮੇਟ ਲੈਂਦਾ ਹੈ । ਕਰਵਾ ਚੌਥ ਜਾਂ ਆਪਣੇ ਇਸ਼ਟ ਨੂੰ ਖੁਸ਼ ਕਰਨ ਲਈ , ਮਨੋਕਾਮਨਾ ਦੀ ਪੂਰਤੀ ਲਈ ਵਰਤ ਜਾਂ ਹੋਰ ਕਈ ਤਰ੍ਹਾਂ ਦੀਆਂ ਰਸਮਾਂ ਇਸੇ ਕੜੀ ਦਾ ਹਿੱਸਾ ਹਨ । ਇਹਨਾਂ ਸਾਰੀਆਂ ਗੱਲਾਂ ਵਿੱਚੋਂ ਕੁਝ ਤਾਂ ਮਨੁੱਖੀ ਮਨ ਦੀ ਡੂੰਘੀ ਤਹਿ ‘ਚੋਂ ਆਤਮਿਕ ਹੁਲਾਰੇ ਨਾਲ਼ ਆਪ ਮੁਹਾਰੇ ਉਠਦੀਆਂ ਹਨ ਜਿਵੇਂ ਖੁਸ਼ੀ ਵਿੱਚ ਕੋਈ ਵੀ ਨੱਚ ਸਕਦਾ ਹੈ , ਦੁੱਖ ਵੇਲੇ ਕਿਸੇ ਅਗੰਮੀ ਸ਼ਕਤੀ ਤੋਂ ਸਹਾਇਤਾ ਮੰਗ ਸਕਦਾ ਹੈ , ਇਸ ਨਾਲ਼ ਕੋਈ ਕਿਸੇ ਦੀ ਭਾਵਨਾ ਨੂੰ ਸੱਟ ਨਹੀਂ ਲਗਦੀ ਸਗੋਂ ਅਸੀ ਕਿਸੇ ਦੀ ਖੁਸ਼ੀ, ਗਮੀ ਵਿੱਚ ਸ਼ਰੀਕ ਹੋ ਕੇ ਖੁਸੀ ਵਿੱਚ ਵਾਧਾ ਜਾਂ ਦੁੱਖ ਵਿੱਚ ਸਹਾਰਾ ਬਣਨ ਦਾ ਸਬੱਬ ਬਣਦੇ ਹਾਂ । ਪਰ ਕੁਝ ਫੋਕਟ ਗੱਲਾਂ ਜਦੋਂ ਜਰੂਰੀ ਰਸਮ ਬਣਾਕੇ ਕਿਸੇ ਖਾਸ ਵਰਗ ਦੇ ਸਿਰ ਮੜ੍ਹ ਦਿੱਤੀਆਂ ਜਾਣ ਤਾਂ ਸਮਾਂ ਪਾ ਕੇ ਇਹ ਸਮਾਜਿਕ ਵੰਡੀਆਂ ਦਾ ਕਾਰਣ ਬਣ ਜਾਂਦੀਆਂ ਹਨ ਮਸਲਨ ਕਰਵਾ ਚੌਥ , ਮੜ੍ਹੀ ਮਸਾਣਾ ਦੀ ਪੂਜਾ , ਰੱਬ ਨੂੰ ਮੰਨਣ ਜਾਂ ਨਾ ਮੰਨਣ ਭਾਵ ਹਰ ਇੱਕ ਵਿਚਾਰ ਦੇ ਹੱਕ ਤੇ ਵਿਰੋਧ ਵਿੱਚ ਆਪਣਾ ਆਪਣਾ ਧੜਾ ਬਣਾ ਕੇ ਬੈਠ ਗਏ ਲੋਕ ਆਪਣੇ ਆਪ ਨੂੰ ਦੁਨੀਆਂ ਦਾ ਆਖਰੀ ਮਸੀਹਾ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਹਨ । ਕਿਸੇ ਵਿਚਾਰ , ਰਸਮ , ਧਰਮ ਜਾਂ ਧੜੇ ਨੂੰ ਆਪਣੀ ਜ਼ਿੰਦਗੀ ਦਾ ਅਟੁੱਟ ਅੰਗ ਬਣਾਕੇ ਬੈਠੇ ਲੋਕ ਆਪ ਸੁਧਰਨ ਜਾਂ ਨਾ ਸੁਧਰਨ ਪਰ ਦੂਜੇ ਦੀ ਵਿਚਾਰ ਨੂੰ ਨਕਾਰਨ ਜਾਂ ਸੁਧਾਰਨ ਵਿੱਚ ਸੜਦੇ ਕੁੜ੍ਹਦੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਦੇ ਅੰਤ ਸਮੇ ਕੋਝੇ ਵਿਚਾਰਾਂ ਦੀ ਕੁੜੱਤਣ ਅਗਲੀ ਪੀੜ੍ਹੀ ਦੇ ਦਿਮਾਗ ਵਿੱਚ ਠੋਸ ਉਹਨਾਂ ਨੂੰ ਅਣਿਆਈ ਮੌਤ ਦੇ ਚੁਰਾਹੇ ‘ਚ ਖੜਾ ਕਰ ਜਾਂਦੇ ਨੇ । ਵਿਚਾਰਾਂ ਦੇ ਵਖਰੇਵੇਂ ਸਬੰਧੀ ਅਖਬਾਰਾ ਰਸਾਲਿਆਂ ਵਿੱਚ ਸ਼ੁਰੂ ਹੋਈ ਸ਼ਾਬਦਿਕ ਜੰਗ , ਰੋਸ ਮੁਜਾਹਰਿਆਂ , ਹੱਥੋ-ਪਾਈ , ਡਾਂਗੋ-ਸੋਟੀ ਅਤੇ ਕਿਰਪਾਨੋ-ਤ੍ਰਿਸ਼ੂਲੀ ਤੋਂ ਕਤਲੋਗਾਰਤ ਦੰਗੇ ਫਸਾਦ ਤੇ ਪਹੁੰਚ ਕੇ ਸਾਹ ਲੈਂਦੀ ਹੈ ।
ਕੋਈ ਸਿਰਫਿਰਿਆ ਕੱਟੜ ਗਿਆਨਵਾਨ , ਮੜ੍ਹੀ ਨੂੰ ਢਾਹ ਸਕਦਾ ਹੈ , ਮਟੀ ਤੇ ਮੱਥਾ ਟੇਕ ਰਹੇ ਗਰੀਬ ਦੇ ਸਿਰ ਡਾਂਗ ਮਾਰ ਸਕਦਾ ਹੈ ਪਰ ਇਹ ਨਹੀਂ ਸੋਚਦਾ ਕਿ ਪੀੜ੍ਹੀ ਦਰ ਪੀੜ੍ਹੀ ਜੋ ਵਿਚਾਰਾ ਦੀ ਮੜ੍ਹੀ ਇਸ ਦੇ ਅੰਦਰ ਬਣੀ ਹੈ ਉਸ ਨੂੰ ਕਿਵੇਂ ਢਹੁਣਾ ਹੈ । ਗਿਆਨ ਵੀ ਡਾਂਗ ਤੇ ਪਰੋਸ ਕੇ ਦਿੱਤਾ ਜਾ ਰਿਹਾ ਹੈ । ਖੂਹ ਵਿੱਚ ਡਿੱਗੇ ਨੂੰ ਕੱਢਣਾ ਚੰਗਾ ਕੰਮ ਹੈ ਪਰ ਜੇ ਕੋਈ ਡਿੱਗੇ ਹੋਏ ਨੂੰ ਡਾਂਗ ਦੀ ਹੁੱਝ ਮਾਰ ਮਾਰ ਕਹੇ ‘ਬਾਹਰ ਨਿੱਕਲ਼ ਉਏ’ ਤਾਂ ਅਗਲਾ ਬਾਹਰ ਨਿੱਕਲਣ ਨਾਲੋ ਡੁੱਬ ਕੇ ਮਰਨਾ ਪੁੰਨ ਦਾ ਕੰਮ ਸਮਝ ਸਕਦਾ ਹੈ । ਸੁਧਾਰ ਦੇ ਕੰਮ ਆਮ ਤੌਰ ਉੱਤੇ ਸਿਰਫ ਹਉਂ ਨੂੰ ਪੱਠੇ ਪਉਣ ਤੱਕ ਸੀਮਿਤ ਹੋ ਜਾਂਦੇ ਹਨ । ਸੌ ਰੁਪਏ ਦਾ ਖਾਣਾ ਖੁਆ ਕੇ ਅਖਬਾਰ ਵਿੱਚ ਹਜ਼ਾਰ ਰੁਪਏ ਦਾ “ਫੋਟੋ ਸਮੇਤ ਇਸ਼ਤਿਹਾਰ” ਦੇਣਾ ਇਸ ਦੀ ਸੱਜਰੀ ਨਿਸ਼ਾਨੀ ਹੁੰਦਾ ਹੈ । ਰਾਜਨੀਤਕ ਧੜਿਆਂ ਵਾਂਗ ਧਾਰਮਿਕ ਜਾਂ ਸਮਾਜ ਸੁਧਾਰੂ ਜੱਥੇਬੰਦੀਆਂ ਵੀ ਆਪਣੇ ਧੜੇ ਦੀ ਗਿਣਤੀ ਵਧਾਉਣ ਦੇ ਚੱਕਰ ਵਿੱਚ ਹਨ । ਨਾ ਕੋ ਬੈਰੀ ਨਹੀਂ ਬੇਗਾਨਾ ਦਾ ਉਪਦੇਸ ਦੇਣ ਵਾਲੇ ਇੱਕ ਧਰਮ ਦੇ ਦੋ ਧਰਮ ਸਥਾਨਾ ਦਾ ਆਪਸੀ ਕਾਟੋ ਕਲੇਸ਼ ਪਿਆਰ ਦੀ ਥਾਂ ਈਰਖਾ ਨਾਲ਼ ਝੋਲੀਆਂ ਭਰਦਾ ਹੈ । ਢੱਠੇ ਖੂਹ ਵਿੱਚ ਜਾਣ ਸੁਧਾਰ ਦੇ ਕੰਮ ।
ਸਾਲ ਵਿਚ ਵੀਹ ਵਾਰ ਜਾਗਰਤੀ ਜਾਂ ਗਿਆਨ ਵੰਡਣ ਅਤੇ ਸ਼ਾਨੋ-ਸ਼ੌਕਤ ਵਿਖਾਉਣ ਬਹਾਨੇ ਦਸ-ਦਸ ਕਿਲੋਮੀਟਰ ਲੰਬੇ ਜਲੂਸਾਂ ਵਿੱਚ ਲੱਖਾਂ ਦਾ ਤੇਲ ਫੂਕਣ ਤੇ ਰਸਤੇ ਰੋਕ ਕੇ ਮਰੀਜ਼ਾਂ ਨੂੰ ਅਣਿਆਈ ਮੌਤ ਦੇਣ ਦੀ ਥਾ ਉਹੀ ਪੈਸਾ ਸੌ ਬੱਚੇ ਨੂੰ ਨਰੋਆ ਅਤੇ ਸਿਹਤਮੰਦ ਸਾਹਿਤ ਪੜ੍ਹਾਉਣ ਤੇ ਲਾਇਆ ਜਾਵੇ ਤਾਂ ਸਾਫ ਮਨ ਨੂੰ ਧੱਕੇ ਨਾਲ਼ ਕਿਸੇ ਵਿਚਾਰ ਵਿੱਚ ਨਰੜਣ ਦੀ ਥਾਂ ਚੰਗਾ ਮਾੜਾ ਸਮਝਣ ਦੇ ਯੋਗ ਬਣਾਇਆ ਜਾ ਸਕਦਾ ਹੈ । ਕਿੰਨਾ ਚੰਗਾ ਹੋਵੇ ਜੇ ਕਿਸਾਨ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਖੱਫਣ ਅਤੇ ਭਾਈ ਨੂੰ ਅਰਦਾਸ ਭੇਟਾ ਦੇਣ ਲਈ ਚੰਦਾ ਇਕੱਠਾ ਕਰਨ ਨਾਲੋ ਉਹਦੇ ਜਿਉਂਦੇ ਜੀਅ ਉਸ ਦੀ ਧੀ ਭੈਣ ਦਾ ਸਿਰ ਢਕ ਦਿੱਤਾ ਜਾਵੇ । ਡੂੰਘੀ ਖੱਡ ਵੱਲ ਜਾਂਦੇ ਰਾਹ ਨੂੰ ਆਖਰੀ ਸਿਰੇ ਤੋਂ ਬੰਦ ਕਰਨ ਦੀ ਬਜਾਇ ਸ਼ੁਰੂ ਵਿੱਚ ਹੀ ਵਾੜ ਕਰ ਦਿੱਤੀ ਜਾਵੇ ਤਾਂ ਲੋਕ ਆਪੇ ਰਾਹ ਬਦਲ ਲੈਣਗੇ । ਖਾਈ ਵੱਲ ਜਾਂਦੇ ਆਦਮੀ ਨੂੰ ਰੋਕਣਾ ਸੌਖਾ ਹੈ ਪਰ ਡਿੱਗ ਰਹੇ ਦੇ ਹੱਥ ਰੱਸਾ ਫੜਾਉਣਾ ਬਹੁਤ ਵਾਰ ਅਸੰਭਵ ਹੋ ਨਿਬੜਦਾ ਹੈ ।

Saturday, October 15, 2011

ਮਹੰਤਾਂ ਦਾ ਘਰ (ਯਾਦਾਂ ਅਟਾਰੀ ਦੀਆਂ)

-ਤਾਰਨ ਗੁਜਰਾਲ
ਮੋਬਾਈਲ: 9855719660

ਲਾਹੌਰੀਏ ਦੀ ਹੱਟੀ ਦੇ ਨਾਲ ਲੱਗਦਾ ਇਕ ਬਹੁਤ ਵੱਡਾ ਖੁੱਲ੍ਹਾ ਲਾਂਘਾ ਸੀ। ਸੱਜੇ ਹੱਥ ਵਾਲੀਆਂ ਪੌੜੀਆਂ ਚੜ੍ਹ ਕੇ ਸਾਡਾ ਘਰ ਸੀ। ਬੂਹਾ ਲੰਘਦਿਆਂ ਖੱਬੇ ਹੱਥ ਬੈਠਕ, ਜਿੱਥੇ ਕੁਰਸੀਆਂ ਤੇ ਵਿਚਕਾਰ ਤਿੰਨ ਟੰਗਾਂ ਵਾਲਾ ਮੇਜ਼ ਹੁੰਦਾ, ਇਕ ਕੰਧ ਨਾਲ ਦਰਾਜਾਂ ਵਾਲਾ ਡ੍ਰੈਸਿੰਗ ਟੇਬਲ, ਜਿਸ ਦੇ ਦਰਾਜਾਂ ਵਿੱਚ ਭਾਪਾ ਜੀ ਦੇ ਖ਼ੁਸ਼ਬੂ ਵਾਲੇ ਅੰਗਰੇਜ਼ੀ ਸਾਬਣ, ਪਾਊਡਰ, ਜਿਹੜੇ ਉਹ ਆਪਣੇ ਪਿੰਡੇ ‘ਤੇ ਛਿੜਕਦੇ ਤੇ ਪੈਰਾਂ ਦੀਆਂ ਉਂਗਲਾਂ ਰੋਜ਼ ਰੂੰ ਨਾਲ ਸਾਫ਼ ਕਰਕੇ ਬੂਟ ਪਾਉਂਦੇ। ਖ਼ੁਸ਼ਬੂ ਵਾਲਾ ਤੇਲ, ਕਈ ਤਰ੍ਹਾਂ ਦੇ ਸੁਹਣੇ-ਸੁਹਣੇ ਨੇਲ-ਕਟਰ ਤੇ ਕੈਂਚੀਆਂ, ਚਾਕੂ ਹੁੰਦੇ, ਜਿਨ੍ਹਾਂ ਨੂੰ ਛੇੜਨ ਦੀ ਇਜਾਜ਼ਤ ਨਹੀਂ ਸੀ, ਪਰ ਤਾਂ ਵੀ ਮੈਂ ਕਦੀ-ਕਦਾਈਂ ਅੱਖ ਬਚਾ ਕੇ ਛੂਹ ਲੈਂਦੀ ਤੇ ਮੂੰਹ-ਸਿਰ ‘ਤੇ ਵੀ ਮਲ਼ ਲੈਂਦੀ।

ਅੱਗੇ ਵਿਹੜਾ ਸੀ, ਇਕ ਕੋਨੇ ਵਿੱਚ ਭੜੋਲੀ, ਚੁੱਲ੍ਹਾ ਤੇ ਤੰਦੂਰ ਤੇ ਦੂਜੇ ਸਿਰੇ ‘ਤੇ ਭਾਪਾ ਜੀ ਦੀਆਂ ਮੂੰਗਲੀਆਂ ਹੁੰਦੀਆਂ, ਜਿਹੜੀਆਂ ਉਹ ਰੋਜ਼ ਫੇਰ ਕੇ ਕਸਰਤ ਕਰਦੇ।

ਅਗਲਾ ਦਰਵਾਜ਼ਾ ਲੰਘ ਕੇ ਖੱਬੇ ਪਾਸੇ ਰਸੋਈ ਤੇ ਪਿੱਛੇ ਵੱਡਾ ਸਾਰਾ ਸੁਫ਼ਾ (ਕਮਰਾ) ਉਸ ਦੇ ਪਿੱਛੇ ਇਕ ਹੋਰ ਕਮਰਾ ਤੇ ਸਟੋਰ। ਗੁਸਲਖ਼ਾਨਾ ਇਕ ਹੀ ਸੀ, ਜਿਸ ਵਿੱਚ ਕੁੜੀਆਂ ਨਹਾਉਂਦੀਆਂ, ਆਦਮੀ ਤਾਂ ਸਭ ਬਾਹਰ ਹੀ ਨਲਕਾ ਗੇੜ ਕੇ ਨਹਾਉਂਦੇ।

ਇਨ੍ਹਾਂ ਕਮਰਿਆਂ ਦੇ ਸੱਜੇ ਹੱਥ ਹੀ ਉਹ ਬਾਰੀਆਂ ਸਨ, ਜਿਨ੍ਹਾਂ ‘ਚੋਂ ਅਸੀਂ ਬਾਜ਼ਾਰ ਦਾ ਨਜ਼ਾਰਾ ਵੇਖਦੇ। ਸੜਕ ਪਾਰ ਡਾਕਖ਼ਾਨਾ ਸੀ। ਹੇਠਾਂ ਡਾਕਖ਼ਾਨਾ ਤੇ ਉੱਤੇ ਪੋਸਟ ਮਾਸਟਰ ਸੁੰਦਰ ਸਿੰਘ ਦਾ ਘਰ। ਉਨ੍ਹਾਂ ਦੇ ਚਾਰ ਪੁੱਤਰ ਤੇ ਦੋ-ਤਿੰਨ ਧੀਆਂ ਸਨ। ਦੀਪੀ ਮੇਰੀ ਪੱਕੀ ਸਹੇਲੀ ਸੀ। ਅਸੀਂ ਬਹੁਤ ਖੇਡਦੀਆਂ। ਉਨ੍ਹਾਂ ਦੀ ਮਾਂ ਘੱਟ ਹੀ ਕੰਮ ਕਰਦੀ, ਬਹੁਤਾ ਮੰਜੇ ‘ਤੇ ਹੀ ਪਈ ਰਹਿੰਦੀ। ਸ਼ਾਮੀਂ ਵੱਡਾ ਪੁੱਤਰ ਸਵਰਨ ਪੇੜੇ ਲੈ ਕੇ ਆਉਂਦਾ ਤੇ ਗੜਵੀ ਵਿੱਚ ਪੇੜੇ ਤੇ ਪਾਣੀ ਪਾ ਕੇ ਲੱਸੀ ਰਿੜਕ ਕੇ ਮਾਂ ਨੂੰ ਪਿਲਾਉਂਦਾ ਤਾਂ ਉਸ ਦੇ ਕਲੇਜੇ ਨੂੰ ਧਰਵਾਸ ਆਉਂਦਾ। ਮੈਨੂੰ ਬਹੁਤ ਅਜੀਬ ਲੱਗਦਾ ਕਿ ਉਹ ਕਿੰਜ ਇਕੱਲੀ ਹੀ ਪੀ ਜਾਂਦੀ। ਸਾਡੀ ਮਾਂ ਦੇ ਤਾਂ ਸਾਨੂੰ ਖੁਆਏ ਬਿਨਾਂ ਕੁਝ ਵੀ ਅੰਦਰ ਨਹੀਂ ਸੀ ਲੰਘਦਾ।

ਉਨ੍ਹਾਂ ਦੀ ਬਦਲੀ ਵੇਲੇ ਅਸੀਂ ਬਹੁਤ ਰੋਈਆਂ, ਇਕ-ਦੂਜੀ ਨੂੰ ਛੋਟੀਆਂ-ਛੋਟੀਆਂ ਨਿਸ਼ਾਨੀਆਂ ਦਿੱਤੀਆਂ ਤੇ ਕਦੀ ਨਾ ਭੁੱਲਣ ਦੀਆਂ ਸਹੁੰਆਂ ਵੀ ਚੁੱਕੀਆਂ। ਫਿਰ ਕਈ ਸਾਲਾਂ ਬਾਅਦ ਉਹ ਕਾਨਪੁਰ ਮੈਨੂੰ ਮਿਲੀ। ਪਤਾ ਨਹੀਂ ਕਿਸ ਤਰ੍ਹਾਂ ਉਸ ਮੇਰੀ ਸੂਹ ਕੱਢੀ। ਉਹ ਵੀ ਬਾਲ-ਬੱਚੇਦਾਰ ਹੋ ਗਈ ਸੀ ਤੇ ਮੈਂ ਵੀ।

ਦੀਪੀ ਹੁਰਾਂ ਦੇ ਜਾਣ ਤੋਂ ਬਾਅਦ ਇਕ ਮੁਸਲਮਾਨ ਪੋਸਟ ਮਾਸਟਰ ਆਏ, ਜਿਨ੍ਹਾਂ ਦੀ ਧੀ ਗੁਲਜ਼ਾਰ ਮੇਰੀ ਹਾਨਣ ਸੀ। ਬਸ, ਫਿਰ ਅੱਡੀ-ਟੱਪਾ ਸ਼ੁਰੂ ਹੋ ਗਿਆ। ਉਨ੍ਹਾਂ ਦੇ ਘਰ ਮੇਰਾ ਬਹੁਤ ਜੀਅ ਲੱਗਦਾ। ਉਸ ਦੀ ਮਾਂ ਬੜੀ ਸੁਹਣੀ ਗੋਰੀ ਗੁਲਾਬੀ ਤੇ ਓਨੀ ਹੀ ਗਪੌੜੀ ਵੀ ਸੀ। ਸ਼ਾਹ ਕਾਲੇ ਵਾਲ਼ਾਂ ਵਿੱਚ ਤੇਲ ਤੇ ਪਾਣੀ ਲਾ ਕੇ ਉਹ ਫੁੱਲ ਚਿੱੜੀਆਂ ਕੱਢਦੀ। ਮੈਂ ਧਿਆਨ ਨਾਲ ਵੇਖਦੀ ਤੇ ਘਰ ਆ ਕੇ ਆਪਣੇ ਪਾਲ ਵੀਰ ਜੀ ਨੂੰ ਸਿਖਾਉਂਦੀ। ਉਹ ਮੈਨੂੰ ਡ੍ਰੈਸਿੰਗ ਟੇਬਲ ‘ਤੇ ਬਿਠਾ ਕੇ ਮੇਰੀਆਂ ਫੁੱਲ ਚਿੜੀਆਂ ਕੱਢਦੇ। ਫਿਰ ਮੈਂ ਮੂੰਹ ‘ਤੇ ਖੂਬ ਸਾਰਾ ਪਾਊਡਰ ਮਲ਼ ਕੇ ਨੱਚਦੀ ਤੇ ਗਾਉਂਦੀ। ਇਹ ਸਭ ਖੇਡਾਂ ਬੈਠਕ ਦੀ ਕੁੰਡੀ ਅੰਦਰੋਂ ਬੰਦ ਕਰਕੇ ਹੁੰਦੀਆਂ। ਬੇ ਜੀ ਹੁਰਾਂ ਤੱਕ ਤਾਂ ਇਸ ਦੀ ਬੋ-ਖ਼ੁਸ਼ਬੋ ਤੱਕ ਨਾ ਪਹੁੰਚਦੀ।

ਬੈਠਕ ਦੀ ਬਾਰੀ ਦੀਆਂ ਸੀਖ਼ਾਂ ਵਿੱਚੋਂ ਟੇਢੀ ਹੋ ਕੇ ਮੈਂ ਬਾਹਰ ਵੱਲ ਲਟਕ ਜਾਂਦੀ ਤੇ ਬਾਂਦਰੀਆਂ ਵਾਂਗ ਝੂਲਦੀ। ਇਸ ਬੈਠਕ ਦੇ ਸਾਹਮਣੇ ਹਾਫ਼ਿਜ਼ ਸਾਹਿਬ ਦਾ ਘਰ ਸੀ, ਜਿਹੜੇ ਸਕੂਲ ਵਿੱਚ ਉਰਦੂ ਤੇ ਫ਼ਾਰਸੀ ਪੜ੍ਹਾਉਂਦੇ ਸਨ। ਉਹ ਮੈਨੂੰ ਅਜਿਹੀਆਂ ਹਰਕਤਾਂ ਕਰਦਿਆਂ ਵੇਖ ਕੇ ਦਹਿਸ਼ਤ ਵਿੱਚ ਆ ਜਾਂਦੇ ਤੇ ਦੂਰੋਂ ਹੀ ਰੌਲ਼ਾ ਪਾਉਂਦੇ, ”ਬਲਾਏ ਮਰ ਜਾਏਂਗੀ…ਅੰਦਰ ਹੋ ਜਾ” ਮੈਂ ਹੋਰ ਖ਼ਰਮਸਤੀਆਂ ਕਰਦੀ।

ਉਨ੍ਹਾਂ ਦਾ ਘਰ ਇਕ ਖੰਡਰ ਹੋਏ ਮਹੱਲ ਦੇ ਉੱਤੇ ਸੀ। ਹੇਠਾਂ ਕਮਰੇ ਹੀ ਹੋਣਗੇ। ਬਾਹਰ ਵੱਡਾ ਸਾਰਾ ਲੋਹੇ ਦਾ ਫਾਟਕ ਸੀ, ਜਿਸ ‘ਤੇ ਵੱਡਾ ਸਾਰਾ ਜੰਦਰਾ ਜੰਗ ਖਾਧਾ ਲਟਕਿਆ ਹੁੰਦਾ। ਅਸੀਂ ਉਸ ਨੂੰ ਕਦੀ ਵੀ ਖੁੱਲਿ੍ਹਆ ਨਹੀਂ ਵੇਖਿਆ। ਬੈਠਕ ਦੀ ਬਾਰੀ ‘ਚੋਂ ਮੈਂ ਅਕਸਰ ਉਸ ਬੰਦ ਦਰਵਾਜ਼ੇ ਨੂੰ ਵੇਖਦੀ। ਦਰਵਾਜ਼ੇ ਦੇ ਹੇਠਾਂ ਸੀਖ਼ਾਂ ਲੱਗੀਆਂ ਹੋਈਆਂ ਸਨ ਤੇ ਉਸ ਦੇ ਅੰਦਰਵਾਰ ਬਿੱਲੀਆਂ ਦੇ ਘਰ ਸਨ। ਸਰਦੀਆਂ ਦੇ ਦਿਨਾਂ ਵਿੱਚ ਬਿੱਲੀਆਂ ਆਪਣੇ ਬੱਚਿਆਂ ਨਾਲ ਕੋਸੀ-ਕੋਸੀ ਧੁੱਪ ਸੇਕਣ ਬਾਹਰ ਨਿਕਲਦੀਆਂ। ਕਈ ਵਾਰੀ ਉਹ ਆਪ ਅੱਗੇ-ਪਿੱਛੇ ਜਾਂਦੀਆਂ ਤਾਂ ਬਲੂੰਗੜੇ ਬਾਹਰ ਟਪੂਸੀਆਂ ਮਾਰਦੇ। ਮੈਂ ਦੌੜ ਕੇ ਉਨ੍ਹਾਂ ਨੂੰ ਫੜਨ ਜਾਂਦੀ, ਉਹ ਅੰਦਰ ਵੱਲ ਦੌੜਦੇ। ਮੈਂ ਸੀਖ਼ਾਂ ‘ਚੋਂ ਹੱਥ ਅੰਦਰ ਕਰਦੀ ਤਾਂ ਉਹ ਨਹੁੰਦਰਾਂ ਮਾਰਦੇ। ਸੀਖ਼ਾਂ ਵੀ ਕਈ ਵਾਰ ਚੁੱਭ ਜਾਂਦੀਆਂ, ਪਰ ਮੈਂ ਦੋ-ਤਿੰਨ ਫੜ ਹੀ ਲੈਂਦੀ ਤੇ ਫਿਰ ਆਪਣੇ ਮੋਢਿਆਂ ‘ਤੇ ਚੜ੍ਹਾ ਕੇ ਉੱਪਰ ਆਪਣੇ ਘਰ ਲੈ ਆਉਂਦੀ। ਗੁਸਲਖ਼ਾਨੇ ਵਿੱਚ ਡੱਕ ਕੇ ਅੰਦਰੋਂ ਕੌਲੀ ਵਿੱਚ ਦੁੱਧ ਚੁਰਾ ਕੇ ਲਿਆਉਂਦੀ ਤੇ ਉਨ੍ਹਾਂ ਨੂੰ ਪੁਚਕਾਰ-ਪੁਚਕਾਰ ਕੇ ਪਿਲਾਉਂਦੀ। ਵੱਡੇ ਬੇ ਜੀ ਵੇਖਦੇ ਤਾਂ ਗਾਲ੍ਹਾਂ ਕੱਢ ਕੇ ਪਿੱਛੇ ਦੌੜਦੇ ਕਿ ਤੂੰ ਮਰ ਜਾਏਂ, ਇਨ੍ਹਾਂ ਨੂੰ ਭੈੜੀਆਂ ਆਦਤਾਂ ਪਾ ਰਹੀ ਏਂ। ਉਨ੍ਹਾਂ ਦਿਨਾਂ ਵਿੱਚ ਕਿਹੜੇ ਜਾਲ਼ੀ ਵਾਲੇ ਦਰਵਾਜ਼ੇ ਹੁੰਦੇ ਸਨ। ਕੁੱਤਿਆਂ-ਬਿੱਲਿਆਂ ਤੋਂ ਬਚਾਅ ਕਰਨ ਲਈ ਬੜੀ ਮਿਹਨਤ ਕਰਨੀ ਪੈਂਦੀ।

ਇਸ ਟੁੱਟੇ ਮਹੱਲ ਦੇ ਖੱਬੇ ਪਾਸੇ ਇਕ ਬਾਰਾਂਦਰੀ ਜਿਹੀ ਸੀ, ਜਿਸ ਦੇ ਪਿੱਛੇ ਕੋਠੜੀਆਂ ਵੀ ਸਨ। ਹਰ ਸਾਲ ਇੱਥੇ ਰਾਮਲੀਲ੍ਹਾ ਦੀਆਂ ਟੋਲੀਆਂ ਆਉਂਦੀਆਂ ਤੇ ਰਾਮਲੀਲ੍ਹਾ ਹੁੰਦੀ। ਵੱਡੇ ਸਾਰੇ ਵਿਹੜੇ ਵਿਚਕਾਰ ਦਿਓ-ਕੱਦ ਬੋਹੜ ਦਾ ਰੁੱਖ ਸੀ, ਜਿਹੜਾ ਘਣੀ ਛਾਂ ਦਿੰਦਾ। ਮੌਸਮ ਵਿੱਚ ਲਾਲ ਸੂਹੀਆਂ ਖੱਟ-ਮਿੱਠੀਆਂ ਗੋਲ੍ਹਾਂ ਨਾਲ ਭਰ ਜਾਂਦਾ ਤੇ ਪੰਛੀ ਰੱਜ-ਰੱਜ ਖਾਂਦੇ।

ਇਸੇ ਬਾਰਾਂਦਰੀ ਵਿੱਚੋਂ ਇਕ ਦਿਨ ਹਾਰਮੋਨੀਅਮ ਦੀ ਆਵਾਜ਼ ਆਈ। ਇੱਥੇ ਇਕ ਮਾਸਟਰ ਜੀ ਆਏ ਸਨ। ਵੇਖਦਿਆਂ-ਵੇਖਦਿਆਂ ਸਾਰੇ ਹਟਵਾਣੀਆਂ ਦੇ ਮੁੰਡੇ ਉੱਥੇ ਇਕੱਠੇ ਹੋ ਗਏ। ਮਾਸਟਰ ਜੀ ਨੇ ਸਭ ਨੂੰ ਤੱਪੜਾਂ ‘ਤੇ ਬਿਠਾ ਦਿੱਤਾ।

ਉਨ੍ਹਾਂ ਦਿਨਾਂ ਵਿੱਚ ਹਟਵਾਣੀਆਂ ਦੀ ਇਕ ਖ਼ਾਸ ਪੜ੍ਹਾਈ ਹੁੰਦੀ ਸੀ, ਜਿਸ ਨੂੰ ਲੰਡੇ ਕਹਿੰਦੇ ਸਨ। ਉਹ ਇਸ ਚਲਾਕੀ ਨਾਲ ਲਿਖੀ ਜਾਂਦੀ ਸੀ ਕਿ ਉਸ ਨੂੰ ਕੋਈ ਭੋਲ਼ਾ-ਭਾਲ਼ਾ ਜੱਟ ਜਾਂ ਖਰੀਦਾਰ ਨਹੀਂ ਸੀ ਪੜ੍ਹ ਸਕਦਾ ਤੇ ਇਸ ਤਰ੍ਹਾਂ ਦੁਕਾਨਦਾਰ ਆਪਣੀ ਮਨਮਰਜ਼ੀ ਨਾਲ ਉਧਾਰ ਦਿੰਦਿਆਂ ਜਿੱਥੇ ਮਰਜ਼ੀ ਅੰਗੂਠੇ ਲਗਵਾ ਲੈਂਦੇ ਤੇ ਮਨਆਈਆਂ ਬੇਈਮਾਨੀਆਂ ਕਰਦੇ। ਇਨ੍ਹਾਂ ਵਿੱਚ ਹੀ ਡੇਉਢੇ, ਦੂਣੇ, ਪੌਣੇ, ਢਾਏ, ਔਂਟੇ, ਪੌਂਟੇ ਹੁੰਦੇ।

ਮਾਸਟਰ ਜੀ ਵਾਜਾ ਵਜਾਉਂਦੇ ਤੇ ਗਾਉਂਦੇ…

”ਬਰਕਤ ਲੈ ਢਾਇਆ ਢਾਇਆ

ਦੋ ਢਾਏ…ਦੋ ਢਾਏ ਪੂਰੇ ਪੰਜ…ਪੰਜ

ਕਿ ਤਿੰਨ ਢਾਇਆ ਸਾਢੇ ਜੀ…ਸੱਤ…ਸੱਤ

ਕਿ ਚਾਰ ਢਾਇਆ ਦਸ ਹੈ ਜੀ…

ਇਸ ਤਰ੍ਹਾਂ ਗਾ-ਗਾ ਕੇ ਪੂਰੇ ਪਹਾੜੇ ਯਾਦ ਕਰਵਾ ਦਿੱਤੇ ਗਏ…ਉਨ੍ਹਾਂ ਨੂੰ ਤਾਂ ਪਤਾ ਨਹੀਂ ਯਾਦ ਹੋਏ ਕਿ ਨਾ ਹੋਏ, ਪਰ ਅਸੀਂ ਸਾਰੇ ਭੈਣ-ਭਰਾ ਖੇਡ-ਖੇਡ ਵਿੱਚ ਹੀ ਯਾਦ ਕਰ ਗਏ, ਜਿਹੜੇ ਅੱਜ ਤੱਕ ਨਹੀਂ ਭੁੱਲੇ।

ਉਸ ਵਿਹੜੇ ਵਿੱਚ ਸਭ ਤੋਂ ਅਹਿਮ ਤਾਂ ਸ਼ਿਵਦੁਆਲਾ ਸੀ। ਛੋਟਾ ਜਿਹਾ ਮੰਦਰ, ਜਿਸ ਵਿੱਚ ਰਾਮ ਤੇ ਸੀਤਾ ਜੀ ਦੀਆਂ ਮੂਰਤੀਆਂ ਤੇ ਮੰਦਰ ਦੀ ਬਾਹਰਲੀ ਕੰਧ ਨਾਲ ਛੋਟੇ ਜਿਹੇ ਚਬੂਤਰੇ ਵਿੱਚ ਸ਼ਿਵਜੀ ਸੱਪਾਂ ਦੀ ਮਾਲ਼ਾ ਪਹਿਨੀ ਅੱਖਾਂ ਮੁੰਦ ਕੇ ਬੈਠੇ ਹੋਏ।

ਦੋਵੇਂ ਵੇਲੇ ਮੰਦਰ ਦੇ ਘੜਿਆਲ ਖੜਕਦੇ ਤੇ ਆਰਤੀ ਹੁੰਦੀ। ਅਸੀਂ ਆਪਣੇ ਕੋਠੇ ਦੇ ਬਾਹਰਵਾਰ ਉੱਤੋਂ ਖੜ੍ਹੇ ਹੋ ਕੇ ਵੇਖਦੇ ਤੇ ਨਾਲ ਆਰਤੀ ਗਾਉਂਦੇ। ਸਾਡੇ ਵੱਡੇ ਬੇ ਜੀ ਕੱਟੜ ਸਿੱਖ ਸਨ, ਸੋ ਸਾਨੂੰੂ ਮੰਦਰ ਵਿੱਚ ਜਾ ਕੇ ਆਰਤੀ ਕਰਨ ਦੀ ਇਜਾਜ਼ਤ ਨਹੀਂ ਸੀ। ਅਸੀਂ ਬੈਠਕ ਵਿੱਚ ਹੀ ਥਾਲੀਆਂ-ਕੌਲੀਆਂ ਖੜਕਾ ਕੇ ਆਰਤੀ ਕਰਦੇ।

ਸ਼ਿਵਾਲੇ ਵਿੱਚ ਅਕਸਰ ਸਾਧੂਆਂ ਦੇ ਟੋਲੇ ਆਉਂਦੇ। ਅੰਦਰ ਤਾਂ ਮੰਦਰ ਦੇ ਸਾਹਮਣੇ ਨਿੱਕਾ ਜਿਹਾ ਵਰਾਂਡਾ ਤੇ ਪਿੱਛੇ ਲੰਮਾ ਕਮਰਾ ਸੀ, ਹਨੇਰਾ ਜਿਹਾ। ਸੋ ਉਹ ਬਾਹਰ ਬੋਹੜ ਹੇਠਾਂ ਹੀ ਡੇਰਾ ਜਮਾ ਲੈਂਦੇ। ਪੈਰਾਂ ਤੋਂ ਹੇਠਾਂ ਤੱਕ ਲੰਮੀਆਂ ਜਟਾਵਾਂ ਤੇ ਸਿਰ ‘ਤੇ ਵੱਡੇ-ਵੱਡੇ ਜੂੜੇ। ਸਵੇਰੇ ਨਹਾ-ਧੋ ਕੇ ਉਹ ਸਾਰੇ ਮੂੰਹ-ਸਿਰ ਤੇ ਸਰੀਰ ‘ਤੇ ਬਿਭੂਤੀ ਮਲ਼ਦੇ। ਸ਼ੀਸ਼ੇ ਸਾਹਮਣੇ ਤਿਲਕ ਲਾ ਕੇ ਤਿਆਰੀਆਂ ਕਰਦੇ ਤੇ ਬੜੀਆਂ ਸੁਹਣੀਆਂ ਨਿੱਕੀਆਂ ਮੂਰਤੀਆਂ ਸੀਤਾ, ਰਾਮ ਤੇ ਰਾਧਾ-ਕ੍ਰਿਸ਼ਨ ਦੀਆਂ ਰੰਗ-ਬਿਰੰਗੇ ਕੱਪੜਿਆਂ ਨਾਲ ਸਜਾਉਂਦੇ। ਫਿਰ ਇਕ ਸਾਧੂ ਹਾਰਮੋਨੀਅਮ ਫੜ ਲੈਂਦਾ ਤੇ ਬਾਕੀ ਸਾਰੇ ਢੋਲਕੀਆਂ, ਛੈਣੇ ਤੇ ਹੋਰ ਕਈ ਤਰ੍ਹਾਂ ਦੇ ਸਾਜ਼ ਵਜਾ ਕੇ ਬਹੁਤ ਵਜਦ ਵਿੱਚ ਗਾਉਂਦੇ। ਘੰਟਿਆਂਬੱਧੀ ਇਕੋ ਧੁਨ…

”ਰਾਮ ਜੈ ਸੀਤਾ ਰਾਮ, ਸੀਤਾ ਰਾਮ, ਸੀਤਾ ਰਾਮ

ਜੈ ਸੀਆ ਬਰ ਰਾਮ”

ਅਸੀਂ ਪੌੜੀਆਂ ਦੀ ਉਤਲੀ ਕਾਨਸ ਨੂੰ ਘੋੜਾ ਬਣਾ ਉੱਤੇ ਬੈਠੇ ਉਨ੍ਹਾਂ ਦੀ ਸੁਰ ਵਿੱਚ ਸੁਰ ਮਿਲ ਕੇ ਗਾਉਂਦੇ।

ਦੁਪਹਿਰ ਵੇਲੇ ਉਹ ਆਟੇ ਦੇ ਗੋਲੇ ਬਣਾ ਕੇ ਧੂਣੀ ਹੇਠਾਂ ਦੱਬ ਦਿੰਦੇ ਤੇ ਫਿਰ ਪਤਲੀ ਦਾਲ ਵਿੱਚ ਭਿਉਂ ਕੁੱਟ-ਕੁੱਟ ਖਾਂਦੇ।

ਸਾਡੀ ਬਾਂਦਰ ਸੈਨਾ ਨੂੰ ਬਿਨਾਂ ਮਤਲਬ ਹੇਠਾਂ ਉਤਰਨ ਜਾਂ ਕਿਸੇ ਓਪਰੇ ਆਦਮੀ ਨਾਲ ਗੱਲ ਕਰਨ ਦੀ ਮਨਾਹੀ ਸੀ, ਨਹੀਂ ਤਾਂ ਅਸੀਂ ਕੋਈ ਵੀ ਖ਼ੁਰਾਫ਼ਾਤ ਕਰ ਸਕਦੇ ਸਾਂ।

ਸ਼ਿਵਰਾਤਰੀ ਦੇ ਦਿਨਾਂ ਵਿੱਚ ਰਾਤੀਂ ਮੰਦਰ ਵਿੱਚ ਬੜੀ ਰੌਣਕ ਲੱਗਦੀ ਤੇ ਰਾਤ-ਰਾਤ ਬਿਸ਼ਨਪਦੇ ਗਾਏ ਜਾਂਦੇ। ਨਰਾਤਿਆਂ ਵਿੱਚ ਰੋਜ਼ ਰਾਤੀਂ ਜਾਗਰਣ ਹੁੰਦਾ ਤੇ ਨੌਮੀ ਵਾਲੇ ਦਿਨ ਕੰਜਕਾਂ ਬਹਾਈਆਂ ਜਾਂਦੀਆਂ।

ਇਕ ਵਾਰੀ ਮੈਂ ਆਪਣੇ ਕੋਠੇ ਤੋਂ ਵੇਖਿਆ ਕਿ ਦੀਪੀ ਸੋਹਣੇ ਕੱਪੜੇ ਪਾਈ ਸਿਰ ‘ਤੇ ਗੋਟੇ ਵਾਲੀ ਚੁੰਨੀ ਤੇ ਹੱਥ ਵਿੱਚ ਥਾਲੀ ਫੜੀ ਮੰਦਰ ਅੰਦਰ ਜਾ ਰਹੀ ਸੀ। ਮੈਨੂੰ ਕੁਝ ਯਾਦ ਨਹੀਂ ਸੀ ਕਿ ਉਹ ਕੰਜਕਾਂ ਦਾ ਦਿਨ ਸੀ। ਮੈਂ ਵੀ ਦੌੜ ਕੇ ਹੇਠਾਂ ਮੰਦਰ ਵਿੱਚ ਚਲੀ ਗਈ।

ਵੇਖਿਆ ਕਿ ਵਰਾਂਡੇ ਵਿੱਚ ਚਟਾਈਆਂ ਵਿੱਛੀਆਂ ਹੋਈਆਂ ਸਨ ਤੇ ਉੱਤੇ ਦਸ-ਬਾਰ੍ਹਾਂ ਕੁੜੀਆਂ ਸਜੀਆਂ ਬੈਠੀਆਂ ਸਨ। ਪੁਜਾਰੀ ਜੀ ਨੇ ਮੈਨੂੰ ‘ਜੀ ਆਇਆਂ’ ਕਿਹਾ ਤੇ ਬੜੇ ਪਿਆਰ ਤੇ ਆਦਰ ਨਾਲ ਬਿਠਾ ਲਿਆ। ਸਭ ਦੇ ਅੱਗੇ ਪੱਤਲਾਂ ਉੱਤੇ ਜਲੇਬੀਆਂ, ਪੂੜੀਆਂ, ਕੜਾਹ, ਛੋਲੇ ਪਰੋਸੇ ਗਏ। ਮੇਰਾ ਸਾਹ ਸੂਤਿਆ ਹੋਇਆ ਕਿ ਘਰ ਦੇ ਕਿਸੇ ਬੰਦੇ ਨੇ ਵੇਖ ਲਿਆ ਤਾਂ ਮੇਰੀ ਖ਼ੈਰ ਨਹੀਂ…ਇਕ ਅੱਖ ਮੇਰੀ ਸਾਹਮਣੇ ਕੋਠੇ ‘ਤੇ ਅਤੇ ਦੂਜੀ ਇਨ੍ਹਾਂ ਨਿਆਮਤਾਂ ‘ਤੇ।

ਮੈਂ ਮਸਾਂ ਅੱਧੀ ਕੁ ਜਲੇਬੀ ਨਿਗਲੀ ਤੇ ਉੱਠਣ ਦੀ ਕੀਤੀ, ਪਰ ਪੁਜਾਰੀ ਜੀ ਨੇ ਫੜ ਕੇ ਬਿਠਾ ਲਿਆ…”ਨਹੀਂ ਦੇਵੀ, ਨਹੀਂ ਮਾਤਾ…ਨਾਰਾਜ਼ ਹੋ ਕੇ ਨਹੀਂ ਜਾਣਾ…ਖਾ ਕੇ ਜਾਓ…।”

ਮੈਂ ਮਸਾਂ ਅੱਧ-ਪਚੱਧ ਖਾ ਕੇ ਟੂਟੀਆਂ ਵੱਲ ਦੌੜੀ ਕਿ ਛੇਤੀ ਨਾਲ ਹੱਥ-ਮੂੰਹ ਧੋ ਲਵਾਂ ਕਿ ਕਿਸੇ ਨੂੰ ਖ਼ੁਸ਼ਬੂ ਨਾ ਆ ਜਾਵੇ। ਭੱਜਣ ਹੀ ਲੱਗੀ ਸਾਂ ਕਿ ਪੁਜਾਰੀ ਨੇ ਕੱਸ ਕੇ ਬਾਂਹ ਫੜ ਲਈ…

”ਐਸੇ ਕੈਸੇ ਮਾਤਾ…ਤੁਝੇ ਜਾਨੇ ਦੇਂ…ਦੰਦ ਘਸਾਈ ਤਾਂ ਹਾਲੀ ਤੈਨੂੰ ਦਿੱਤੀ ਹੀ ਨਹੀਂ।” ਤੇ ਉਨ੍ਹਾਂ ਇਕ ਆਨਾ ਮੇਰੀ ਤਲ਼ੀ ‘ਤੇ ਰੱਖ ਦਿੱਤਾ। ਮੈਂ ਸਿਰ ‘ਤੇ ਪੈਰ ਰੱਖ ਕੇ ਪੌੜੀਆਂ ਚੜ੍ਹ ਗਈ ਤੇ ਕਿੰਨਾ ਚਿਰ ਮੇਰਾ ਸਾਹ ਨਾਲ ਸਾਹ ਨਾ ਰਲ਼ਿਆ, ਪਰ ਸ਼ੁਕਰ ਹੈ ਕਿ ਮੈਨੂੰ ਕਿਸੇ ਘਰਦੇ ਨੇ ਨਹੀਂ ਵੇਖਿਆ।

ਘਰ ਦੇ ਬਾਹਰਲੇ ਦਰਵਾਜ਼ੇ ਦੇ ਨਾਲ ਲੱਗਦੀਆਂ ਹੇਠਲੀਆਂ ਦੁਕਾਨਾਂ ਦੀਆਂ ਉੱਚੀਆਂ-ਨੀਵੀਆਂ ਛੱਤਾਂ ਸਨ, ਜਿਹੜੀਆਂ ਸਾਡੇ ਖੇਡਾਂ ਦੇ ਮੈਦਾਨ ਸਨ। ਵਿਸ਼ਾਲ ਬੋਹੜ ਦੀਆਂ ਲੰਬੀਆਂ ਟਾਹਣੀਆਂ ਛੱਤਾਂ ਦੇ ਉੱਤੇ ਤੱਕ ਫੈਲੀਆਂ ਹੋਈਆਂ, ਜਿਨ੍ਹਾਂ ਤੋਂ ਅਸੀਂ ਪੱਤੇ ਤੋੜ ਕੇ ਲੰਬੀਆਂ ਰੇਲ ਗੱਡੀਆਂ ਬਣਾਉਂਦੇ ਤੇ ਗੋਲ੍ਹਾਂ ਖਾਂਦੇ।

ਰਾਮਲੀਲ੍ਹਾ ਦੇ ਦਿਨਾਂ ਵਿੱਚ ਸਾਹਮਣੀ ਬਾਰਾਂਦਰੀ ਵਿੱਚ ਕਲਾਕਾਰ ਆ ਟਿਕਦੇ। ਵੱਡੇ-ਵੱਡੇ ਪਰਦੇ ਲਟਕ ਜਾਂਦੇ, ਸਟੇਜ ਸਜ ਜਾਂਦੇ। ਲੈਂਪਾਂ ਦੀਆਂ ਰੌਸ਼ਨੀਆਂ ਵਿੱਚ ਚੱਪਾ-ਚੱਪਾ ਪਾਊਡਰ ਥੱਪ ਕੇ ਤੇ ਲਾਲੀਆਂ ਤਿਲਕ-ਬਿੰਦੀਆਂ ਲਾ ਕੇ ਕਲਾਕਾਰ ਆਪਣੇ ਪੂਰੇ ਜਲੌਅ ਨਾਲ ਸਟੇਜ ‘ਤੇ ਆਉਂਦੇ। ਰਾਮ ਚੰਦਰ ਜੀ ਤੇ ਲਛਮਣ ਜੀ ਦੇ ਹੱਥਾਂ ਵਿੱਚ ਧਨੁੱਸ਼ ਬਾਣ ਹੁੰਦੇ। ਸਭ ਤੋਂ ਸੋਹਣੀ ਤਾਂ ਸੀਤਾ ਜੀ ਹੁੰਦੀ। ਵੱਡੀਆਂ ਮੁੱਛਾਂ ਵਾਲੇ ਰਾਖਸ਼ ਤੇ ਬਾਂਦਰ ਸੈਨਾ ਹੁੰਦੀ। ਉਨ੍ਹਾਂ ਦਿਨਾਂ ਵਿੱਚ ਸਾਡੇ ਘਰ ਗੱਤੇ ਤੇ ਸੁਨਹਿਰਾ ਵਰਕ ਲਾ ਕੇ ਮੁਕਟ ਬਣਾਏ ਜਾਂਦੇ, ਧਨੁੱਸ਼ ਬਾਣ ਬਣਾਏ ਜਾਂਦੇ ਤੇ ਰਾਮਲੀਲ੍ਹਾ ਵਾਂਗ ਹੀ ਘੁੰਮ-ਘੁੰਮ ਕੇ ਯੁੱਧ ਕੀਤੇ ਜਾਂਦੇ, ਜਿਹੜੇ ਅਕਸਰ ਅਸਲੀ ਯੁੱਧ ਵਿੱਚ ਵੀ ਬਦਲ ਜਾਂਦੇ ਤੇ ਫਿਰ ਭਰਾ ਆਪਸ ਵਿੱਚ ਗੁੱਥਮ-ਗੁੱਥਾ ਹੋ ਜਾਂਦੇ। ਉਸ ਵੇਲੇ ਉਨ੍ਹਾਂ ਨੂੰ ਸਾਰੇ ਡਾਇਲਾਗ ਭੁੱਲ ਜਾਂਦੇ, ਸਿਰਫ਼ ”ਕੁੱਤਿਓ, ਮੱਥਾਸੜਿਓ” ਹੀ ਯਾਦ ਰਹਿ ਜਾਂਦਾ।

ਸਵੇਰੇ ਉਨ੍ਹਾਂ ਹੀ ਪਰਦਿਆਂ ਪਿੱਛੋਂ ਕਾਲੇ ਸ਼ਾਹ ਮੁੰਡੇ ਨਿਕਲਦੇ, ਜਿਨ੍ਹਾਂ ਹੱਥਾਂ ਵਿੱਚ ਦਾਤਨਾਂ ਫੜੀਆਂ ਹੁੰਦੀਆਂ। ਬੜਾ ਦਿਲ ਕਰਦਾ ਕਿ ਰਾਮ, ਲਛਮਣ ਤੇ ਸੀਤਾ ਜੀ ਦੇ ਵੀ ਕਦੀ ਦਰਸ਼ਨ ਹੋ ਜਾਣ, ਪਰ ਉਹ ਤਾਂ ਉਸ ਵੇਲੇ ਪਤਾ ਨਹੀਂ ਕਿਹੜੇ ਰੰਗ ਵਿੱਚ ਹੁੰਦੇ।

ਵੱਡੇ ਵੀਰ ਜੀ ਨੇ ਦਸਵੀਂ ਪਾਸ ਕੀਤੀ ਤੇ ਭਾਪਾ ਜੀ ਨੇ ਉਨ੍ਹਾਂ ਨੂੰ ਠੇਕੇਦਾਰ ਜਸਵੰਤ ਸਿੰਘ ਉੱਤਮ ਸਿੰਘ ਹੁਰਾਂ ਕੋਲ ਕੰਮ ਸਿੱਖਣ ਲਈ ਭੇਜ ਦਿੱਤਾ। ਮੈਨੂੰ ਯਾਦ ਹੈ ਕਿ ਜਦੋਂ ਵੀਰ ਜੀ ਨੂੰ ਪਹਿਲੀ ਤਨਖਾਹ ਮਿਲੀ ਤਾਂ ਉਨ੍ਹਾਂ ਸਾਰੀਆਂ ਭੈਣਾਂ ਦੇ ਡਾਕਖ਼ਾਨੇ ਵਿੱਚ ਖ਼ਾਤੇ ਖੁੱਲ੍ਹਵਾਏ ਤੇ ਉਨ੍ਹਾਂ ਵਿੱਚ ਗਿਆਰਾਂ-ਗਿਆਰਾਂ ਰੁਪਏ ਜਮ੍ਹਾਂ ਕਰਵਾਏ। ਸਾਨੂੰ ਨਿੱਕੀਆਂ-ਨਿੱਕੀਆਂ ਕਾਪੀਆਂ ਸਾਂਭ ਕੇ ਰੱਖਣ ਲਈ ਦਿੱਤੀਆਂ ਗਈਆਂ।

ਘਰ ਵਿੱਚ ਅਕਸਰ ਮਹਿਮਾਨ ਆਉਂਦੇ ਹੀ ਰਹਿੰਦੇ। ਭਾਪਾ ਜੀ ਵੀ ਸ਼ਾਬਾਸ਼ੀਆਂ ਦਿੰਦੇ ਤਾਂ ਕਈ ਵਾਰੀ ਪੈਸੇ ਇਨਾਮ ਵਜੋਂ ਦਿੰਦੇ। ਮੈਂ ਪੈਸੇ ਜੋੜ ਕੇ ਪੋਸਟ ਆਫਿਸ ਭੱਜ ਜਾਂਦੀ ਤੇ ਲੈਟਰ ਬਾਕਸ ਵਿੱਚ ਜਮ੍ਹਾਂ ਕਰ ਦਿੰਦੀ। ਮੈਂ ਬੜੀ ਖੁਸ਼ ਸਾਂ ਕਿ ਮੇਰੇ ਸਭ ਤੋਂ ਵੱਧ ਪੈਸੇ ਜਮ੍ਹਾਂ ਹੋ ਰਹੇ ਸਨ।

ਇਕ ਵਾਰੀ ਪੋਸਟਮੈਨ ਨੇ ਮੈਨੂੰ ਪੈਸੇ ਪਾਉਂਦਿਆਂ ਵੇਖ ਲਿਆ। ਚਿੱਠੀਆਂ ਨਾਲ ਕੁਝ ਭਾਨ ਵੀ ਸੀ। ਉਹ ਮੇਰੀ ਉਂਗਲ ਫੜ ਕੇ ਅੰਦਰ ਪੋਸਟ ਮਾਸਟਰ ਜੀ ਕੋਲ ਲੈ ਗਿਆ ਤੇ ਦੱਸਿਆ ਕਿ ਉਹ ਸਾਰੇ ਪੈਸੇ ਇਹੀ ਬਲਾਅ ਜਮ੍ਹਾਂ ਕਰਦੀ ਰਹੀ ਹੈ। ਸਾਰੇ ਬਹੁਤ ਹੱਸੇ ਤੇ ਮੈਨੂੰ ਸਮਝਾਇਆ ਕਿ ਪੈਸੇ ਇਸ ਤਰ੍ਹਾਂ ਜਮ੍ਹਾਂ ਨਹੀਂ ਹੁੰਦੇ। ਬਾਜ਼ਾਰ ਵਿੱਚ ਇਕ-ਦੋ ਹੋਰ ਪ੍ਰਚੂਨ ਦੀਆਂ ਹੱਟੀਆਂ ਵੀ ਸਨ। ਇਕ ਸਬਜ਼ੀ ਦੀ ਤੇ ਇਕ-ਦੋ ਲਲਾਰੀਆਂ ਭੜਭੂੰਜਿਆਂ ਦੀਆਂ ਵੀ ਸਨ। ਇਕ ਰਾਹ ਬਾਹਰ ਵੱਲ ਵੀ ਨਿਕਲਦਾ ਸੀ, ਜਿੱਧਰ ਕਸਾਈਆਂ ਦੇ ਘਰ ਸਨ। ਸਵੇਰੇ ਸਕੂਲ ਜਾਂਦਿਆਂ ਮੈਂ ਵੇਖਦੀ ਕਿ ਕਿਵੇਂ ਇਕ ਮੋਟਾ-ਤਕੜਾ ਬੰਦਾ ਬੱਕਰੇ ‘ਤੇ ਚੜ੍ਹ ਕੇ ਬਹਿ ਜਾਂਦਾ ਤੇ ਦੂਜਾ ਉਹਦੇ ਗਲ਼ ‘ਤੇ ਛੁਰਾ ਫੇਰਦਾ। ਬੱਕਰਾ ਤੜਫਦਾ ਤੇ ਰੋ-ਰੋ ਕੇ ਹਾਲ-ਦੁਹਾਈਆਂ ਪਾਉਂਦਾ, ਜਿਸ ਦੀਆਂ ਆਵਾਜ਼ਾਂ ਦੂਰ-ਦੂਰ ਤੱਕ ਜਾਂਦੀਆਂ।

ਗੁਲਜ਼ਾਰ ਹੁਰੀਂ ਵੀ ਬਕਰੀਦ ਦੇ ਦਿਨ ਬੱਕਰਾ ਵੱਢਦੇ, ਜਿਸ ਦੇ ਰੋਣ ਦੀ ਆਵਾਜ਼ ਸਾਡੇ ਘਰ ਤੱਕ ਆਉਂਦੀ। ਗਲੀ ਦੀ ਨਾਲੀ ਖ਼ੂਨ ਨਾਲ ਭਰ ਜਾਂਦੀ। ਰੋਜ਼ੇ ਵੀ ਉਹ ਪੂਰੇ ਰੱਖਦੇ, ਪਰ ਮੈਂ ਗੁਲਜ਼ਾਰ ਤੇ ਉਸ ਦੀ ਭੈਣ ਨੂੰ ਕਈ ਵਾਰੀ ਪੌੜੀਆਂ ਵਿੱਚ ਚੋਰੀ-ਚੋਰੀ ਖਾਂਦਿਆਂ ਵੇਖਦੀ।

ਸੁਬ੍ਹੇ-ਰਾਤ ਨੂੰ ਉਹ ਕੁੱਜਿਆਂ ਵਿੱਚ ਖੀਰ ਜਮਾਉਂਦੇ, ਮੈਂ ਬੜੇ ਸੁਆਦ ਨਾਲ ਖਾਂਦੀ। ਵੱਡੇ ਬੇ ਜੀ ਵੱਲੋਂ ਸਖ਼ਤ ਮਨਾਹੀ ਸੀ ਕਿ ਮੁਸਲਮਾਨਾਂ ਦੇ ਘਰ ਦਾ ਨਹੀਂ ਖਾਣਾ, ਪਰ ਸ਼ੁਕਰ ਹੈ ਸਾਡੀ ਬੱਚਿਆਂ ਦੀ ਉਸ ਵੇਲੇ ਕੋਈ ਜਾਤ ਨਹੀਂ ਸੀ।

ਬਾਜ਼ਾਰ ਦੇ ਦੂਜੇ ਸਿਰੇ ‘ਤੇ ਸੱਜੇ ਹੱਥ ਕੁਲਫ਼ੀਆਂ ਬਣਦੀਆਂ। ਵੱਡੇ-ਵੱਡੇ ਘੜਿਆਂ, ਡਰੰਮਾਂ ਵਿੱਚ ਬਰਫ਼ ਵਿੱਚ ਗੇੜ-ਗੇੜ ਕੇ ਬਣਾਈਆਂ ਜਾਂਦੀਆਂ…ਖੱਬੇ ਹੱਥ ਸੋਹਣੇ ਹਲਵਾਈ ਦੀ ਪਕੌੜਿਆਂ ਦੀ ਦੁਕਾਨ ਸੀ, ਜਿਹੜਾ ਛੋਟੇ ਆਲੂਆਂ ਦੇ ਅਨਾਰਦਾਣਾ ਪਾ ਕੇ ਰੋਟੀਆਂ ਜਿੰਨੇ ਚੌੜੇ ਪਕੌੜੇ ਬਣਾਉਂਦਾ। ਅਤਿ ਦੇ ਸੁਆਦੀ। ਮੇਰੇ ਭੈਣ ਜੀ ਦੀ ਸੱਸ ਨੂੰ ਤਾਂ ਅਜਿਹਾ ਚਸਕਾ ਪਿਆ ਕਿ ਉਹ ਰੋਜ਼ ਸ਼ਾਮੀਂ ਮੈਨੂੰ ਤਰਲਾ ਕਰਦੀ…”ਜਾ ਨਾ ਪੁੱਤਰ ਤਾਰਨ…ਸੋਹਣੇ ਹਲਵਾਈਏ ਕੋਲੋਂ ਪਕੌੜੇ ਚਾਹ ਲਿਆ।” ਮੈਂ ਖੁਸ਼ੀ-ਖੁਸ਼ੀ ਜਾਂਦੀ, ਮੈਨੂੰ ਵੀ ਤਾਂ ਹਿੱਸਾ ਮਿਲਣਾ ਹੁੰਦਾ।

Monday, October 10, 2011

ਫੇਸਬੁੱਕ ਅਤੇ ਮੈਂਟਲ ਹਸਪਤਾਲ (ਕਹਾਣੀ)

-ਸ਼ਿਵਚਰਨ ਜੱਗੀ ਕੁੱਸਾ

ਅੱਜਕਲ੍ਹ ਲੰਦਨ ਦੇ ਪੰਜਾਬੀ ਭਾਈਚਾਰੇ ਵਿਚ ਇਕ ਅਜੀਬ ਹੀ ਦੰਦ-ਕਥਾ ਛਿੜੀ ਹੋਈ ਸੀ। ਕਸੂਰ ਪਤਾ ਨਹੀਂ ਕਿਸ ਦਾ ਸੀ? ਪਰ ਬਹੁਤਾ ਦੋਸ਼ ਭਾਈਚਾਰਾ ਹਰਪਾਲ ਕੌਰ ਨੂੰ ਹੀ ਦੇ ਰਿਹਾ ਸੀ। ਹਰਪਾਲ 46 ਕੁ ਸਾਲ ਦੀ ਤਲਾਕਸ਼ੁਦਾ ਔਰਤ ਸੀ। ਉਸ ਦੇ ਘਰਵਾਲੇ ਨੇ ਉਸ 'ਤੇ ਘੋਰ ਤਸ਼ੱਦਦ ਕੀਤਾ। ਪਰ ਉਹ ਦੁਨੀਆਂ ਦੀ ਲੋਕ-ਲਾਜ ਪੱਖੋਂ ਤਲਾਕ ਨਹੀਂ ਲੈ ਰਹੀ ਸੀ ਕਿ ਲੋਕ ਉਸ ਨੂੰ 'ਛੁੱਟੜ' ਆਖਣਗੇ ਅਤੇ ਸੜੇ ਅਤੇ ਕਰੂਪ ਬੰਦੇ ਵੀ ਉਸ 'ਤੇ ਲਾਲਾਂ ਸੁੱਟਣਗੇ। ਆਦਮੀ ਔਰਤ ਦੇ ਦੁਆਲੇ ਇਕ 'ਵਾੜ' ਹੁੰਦਾ ਹੈ। ਜਦੋਂ ਆਦਮੀ ਵਾਲੀ 'ਵਾੜ' ਪਾਸੇ ਹਟ ਜਾਂਦੀ ਹੈ ਤਾਂ ਹਰ ਕੁੱਤਾ-ਬਿੱਲਾ ਬਦਨੀਤ ਨਾਲ ਔਰਤ ਦੇ ਵਿਵਰਜਤ ਦਾਇਰੇ ਅੰਦਰ 'ਘੁਸਣ' ਦੀ ਕੋਸ਼ਿਸ਼ ਕਰਦਾ ਹੈ। ਕਈ ਤਰ੍ਹਾਂ ਦੇ ਬਲ-ਪ੍ਰਦਰਸ਼ਨ ਕਰਦਾ ਹੈ। ਕਈ ਤਰ੍ਹਾਂ ਦੇ ਜਾਲ ਵਿਛਾਉਂਦਾ ਹੈ ਅਤੇ ਕਈ ਤਰ੍ਹਾਂ ਦੇ ਸਟੰਟ ਵੀ ਖੇਡਦਾ ਹੈ। ਕਦੇ ਕੋਈ ਲਾਲਚ ਦਿੰਦਾ ਹੈ ਅਤੇ ਕਦੇ ਮੋਹ-ਮੁਹੱਬਤ ਦਾ 'ਢੌਂਗ' ਰਚਾ ਕੇ ਔਰਤ ਦੀ ਇੱਜ਼ਤ ਨਾਲ ਖੇਡਣਾਂ ਚਾਹੁੰਦਾ ਹੈ। ਇਹ ਗੱਲਾਂ ਸੋਚ ਕੇ ਹਰਪਾਲ ਚੁੱਪ ਚਾਪ ਪਤੀ-ਦੇਵ ਦੇ ਤਸੀਹੇ ਜਰਦੀ ਆ ਰਹੀ ਸੀ। ਪਰ ਜਦੋਂ ਕੁੱਟ-ਮਾਰ ਅਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਪਾਣੀ ਹਰਪਾਲ ਦੇ ਸਿਰ ਉਪਰੋਂ ਦੀ ਲੰਘ ਗਿਆ ਤਾਂ ਉਸ ਨੂੰ ਤਲਾਕ ਲੈਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਬਿਨਾ ਉਸ ਨੂੰ ਹੋਰ ਕੋਈ ਚਾਰਾ ਨਹੀਂ ਦਿਸਦਾ ਸੀ। ਪਰ ਤਲਾਕ ਲੈਣ ਤੋਂ ਬਾਅਦ ਉਸ ਨੂੰ ਇਹ ਮਹਿਸੂਸ ਜ਼ਰੂਰ ਹੋਇਆ ਸੀ ਕਿ ਉਹ ਜੱਗ-ਜਹਾਨ ਵਿਚ 'ਇਕੱਲੀ' ਜਾਨ ਰਹਿ ਗਈ ਸੀ। ਉਹ ਆਪਣੇ-ਆਪ ਨੂੰ ਭਾਈਚਾਰੇ ਵਿਚੋਂ 'ਛੇਕੀ' ਮਹਿਸੂਸ ਕਰਦੀ ਅਤੇ ਕਿਸੇ ਪਾਰਟੀ ਜਾਂ ਵਿਆਹ-ਸ਼ਾਦੀ 'ਤੇ ਜਾਣੋਂ ਵੀ ਕੰਨੀਂ ਕਤਰਾਉਂਦੀ। ਬੇਸ਼ਰਮ ਜਿਹੀ ਬਣ ਕੇ ਉਹ ਸ਼ਰੀਕੇ-ਕਬੀਲੇ ਵਿਚ ਵਿਚਰ ਨਹੀਂ ਸਕਦੀ ਸੀ। ਪਰ ਇਕ ਪੱਖੋਂ ਉਹ ਆਪਣੇ-ਆਪ ਨੂੰ ਅਜ਼ਾਦ ਅਤੇ ਹਲਕੀ-ਹਲਕੀ ਵੀ ਮਹਿਸੂਸ ਕਰਦੀ ਸੀ।

ਬੱਚੇ ਉਸ ਦੇ ਵੱਡੇ ਅਤੇ ਆਪੋ ਆਪਣੇ ਕਿੱਤਿਆਂ 'ਤੇ ਲੱਗੇ ਹੋਏ ਸਨ। ਵੱਡੀ ਕੁੜੀ ਦੀ ਤਾਂ 'ਕੁੜਮਾਈ' ਵੀ ਹੋ ਚੁੱਕੀ ਸੀ। ਕੁੜਮਾਈ 'ਤੇ ਵੀ ਇਕੱਲੀ ਹਰਪਾਲ ਨੂੰ ਬੜੀ ਮਾਯੂਸੀ ਹੋਈ ਸੀ ਕਿ ਲੋਕ ਕੀ ਆਖਣਗੇ ਕਿ ਉਹ 'ਛੱਡੀ' ਹੋਈ ਸੀ? ਉਥੇ ਵੀ ਉਸ ਦਾ ਡੁੱਬ ਮਰਨ ਨੂੰ ਜੀਅ ਕਰਦਾ ਸੀ। ਜਦੋਂ 'ਜੋੜੀਆਂ' ਇਕੱਠੀਆਂ 'ਡਾਂਸ' ਕਰਦੀਆਂ ਤਾਂ ਹਰਪਾਲ ਆਪਣੇ-ਆਪ ਨੂੰ 'ਊਣੀਂ' ਮਹਿਸੂਸ ਕਰਦੀ ਅਤੇ ਉਸ ਦੇ ਅੰਦਰੋਂ ਇਕਲਾਪੇ ਦਾ 'ਹਾਉਕਾ' ਉਠਦਾ। ਅਰਮਾਨ ਇਕ ਦਮ ਖਿੜ ਕੇ ਮੁਰਝਾ ਜਾਂਦੇ।

ਇਹਨਾਂ ਮਾਨਸਿਕ ਹਾਲਾਤਾਂ ਕਾਰਨ ਹਰਪਾਲ 'ਡਿਪਰੈਸ਼ਨ' ਵਿਚ ਰਹਿਣ ਲੱਗ ਪਈ। ਨਾਲ ਕੰਮ ਕਰਨ ਵਾਲੀਆਂ ਨੇ ਉਸ ਨੂੰ ਆਪਣੇ-ਆਪ ਨੂੰ 'ਬਿਜ਼ੀ' ਰੱਖਣ ਲਈ ਸਲਾਹ ਦਿੱਤੀ ਅਤੇ ਕਈਆਂ ਨੇ ਉਸ ਨੂੰ 'ਫ਼ੇਸਬੁੱਕ' ਅਕਾਊਂਟ ਬਣਾਉਣ ਦਾ ਵਿਚਾਰ ਦਿੱਤਾ। 'ਫ਼ੇਸਬੁੱਕ' ਵਾਲਾ ਵਿਚਾਰ ਉਸ ਨੂੰ 'ਮੇਚ' ਆਇਆ ਕਿ ਚਲੋ ਘਰੇ ਬੈਠੀ ਦੇ ਹੀ ਦੋਸਤ ਬਣਨਗੇ ਅਤੇ ਮੇਰਾ ਸਮਾਂ ਵਧੀਆਂ ਲੰਘ ਜਾਇਆ ਕਰੇਗਾ। ਉਸ ਨੇ ਆਪਣਾ ਫ਼ੇਸਬੁੱਕ ਅਕਾਊਂਟ ਬਣਾ ਲਿਆ ਅਤੇ 'ਫ਼ੀਮੇਲ' ਦੇਖ ਕੇ ਉਸ ਨਾਲ ਧੜਾ-ਧੜ 'ਦੋਸਤ' ਜੁੜਨੇ ਸ਼ੁਰੂ ਹੋ ਗਏ। ਕਈ ਵਾਰ ਉਸ ਨੂੰ ਘੋਰ ਹੈਰਾਨਗੀ ਹੁੰਦੀ, ਜਦੋਂ ਉਸ ਦੀ ਬੱਚਿਆਂ ਦੀ ਉਮਰ ਦੇ ਮੁੰਡੇ ਵੀ ਉਸ ਨੂੰ 'ਪ੍ਰੇਮ' ਦੇ ਪ੍ਰਸਤਾਵ ਰੱਖਦੇ। ਪੰਜਾਬ ਵਿਚ ਬੈਠੇ ਬੇਰੁਜ਼ਗਾਰ ਮੁੰਡੇ ਉਸ ਦੀ 'ਅਸਲੀਅਤ' ਜਾਣ ਕੇ ਉਸ ਦੇ 'ਹੋਰ' ਨੇੜੇ ਹੋਣਾਂ ਚਾਹੁੰਦੇ ਅਤੇ ਤਲਾਕਸ਼ੁਦਾ ਨਾਲ ਵਿਆਹ ਕਰਵਾ ਕੇ ਇੰਗਲੈਂਡ ਆਉਣਾ ਲੋਚਦੇ। ਉਹਨਾਂ ਨੂੰ ਹਰਪਾਲ ਦੀ ਵੱਡੀ ਉਮਰ ਨਾਲ ਕੋਈ ਸਰੋਕਾਰ ਨਹੀਂ ਸੀ। ਹਰਪਾਲ ਕਈ ਵਾਰ ਉਹਨਾਂ ਨੂੰ ਇਹ ਵੀ ਦੱਸਦੀ ਕਿ ਮੇਰੇ ਤਾਂ ਬੱਚੇ ਤੁਹਾਡੀ ਉਮਰ ਦੇ ਨੇ। ਪਰ ਅਗਲੇ ਪਿਆਰ ਅਤੇ ਜੰਗ ਵਿਚ ਸਭ ਕੁਝ 'ਜਾਇਜ਼' ਦੱਸਦੇ। ਪਰ 'ਅਸਲ' ਮਕਸਦ ਉਹਨਾਂ ਦਾ ਅੱਧਖੜ੍ਹ ਔਰਤ ਦੇ ਘਨੇੜ੍ਹੀਂ ਚੜ੍ਹ ਕੇ ਵਲਾਇਤ ਪਹੁੰਚਣ ਦਾ ਹੀ ਸੀ। ਕਈ ਵਾਰ ਹਰਪਾਲ ਡੋਲ ਵੀ ਜਾਂਦੀ। ਪਰ ਫ਼ਿਰ ਬੱਚਿਆਂ ਦੀ ਉਮਰ ਅਤੇ ਉਹਨਾਂ ਦੇ ਪ੍ਰਤੀਕਰਮ ਬਾਰੇ ਸੋਚ ਕੇ ਸੰਭਲ ਜਾਂਦੀ। ਬਾਹਰ ਆਉਣ ਦੇ ਸ਼ੌਕੀਨ ਮੁੰਡੇ ਉਸ ਨੂੰ ਬਥੇਰਾ ਗੱਲਾਂ ਵਿਚ ਲਿਆਉਂਦੇ। ਪਰ ਉਹ ਲੰਮੀ ਸੋਚ ਕੇ ਦੜ ਵੱਟ ਜਾਂਦੀ। ਉਸ ਦਾ ਹਿਰਦਾ ਜ਼ਰੂਰ ਥਿੜਕਦਾ।

ਹੁਣ ਉਸ ਕੋਲ ਡੇੜ੍ਹ ਸੌ ਤੋਂ ਉਪਰ 'ਦੋਸਤ' ਬਣ ਗਏ ਸਨ। ਉਹ ਉਹਨਾਂ ਨੂੰ 'ਮੈਸਿਜ਼' ਕਰਨ ਵਿਚ ਪਰਚੀ ਰਹਿੰਦੀ। ਟਾਈਮ ਉਸ ਦਾ ਸੋਹਣਾ ਪਾਸ ਹੋਣ ਲੱਗ ਪਿਆ ਸੀ। ਉਹ ਫ਼ੇਸਬੁੱਕ ਵਾਲਿਆਂ ਨੂੰ ਸੌ-ਸੌ ਅਸੀਸ ਦਿੰਦੀ। ਫ਼ੇਸਬੁੱਕ 'ਤੇ ਜਦ ਦਾ ਉਸ ਦਾ ਗੁਰਕੀਰਤ ਸਿੰਘ 'ਮਿੱਤਰ' ਬਣਿਆਂ ਸੀ, ਓਦੋਂ ਤੋਂ ਉਸ ਦਾ ਮਨ ਫ਼ੇਸਬੁੱਕ ਵਾਲਿਆਂ ਤੋਂ ਬਲਿਹਾਰੇ ਜਾਣ ਨੂੰ ਕਰਦਾ ਸੀ! ਫ਼ੇਸਬੁੱਕ 'ਤੇ ਜਾਣਕਾਰੀ ਅਨੁਸਾਰ ਗੁਰਕੀਰਤ ਦੀ ਉਮਰ 48 ਸਾਲ ਦੀ ਸੀ। ਮਤਲਬ ਹਰਪਾਲ ਤੋਂ ਦੋ ਸਾਲ ਵੱਡਾ! ਉਹ ਗੁਰਕੀਰਤ ਨੂੰ ਦਿਨ ਵਿਚ ਸੌ-ਸੌ ਮੈਸਿਜ਼ ਕਰਦੀ। ਗੁਰਕੀਰਤ ਉਸ ਨੂੰ ਮੈਸਿਜ਼ ਕਰਦਾ। ਹੁਣ ਹਰਪਾਲ ਨੂੰ ਦੁਨੀਆਂ 'ਹੁਸੀਨ' ਲੱਗਣ ਲੱਗ ਪਈ ਸੀ। ਹਵਾ ਲੋਰੀਆਂ ਦਿੰਦੀ ਜਾਪਦੀ ਅਤੇ ਸੂਰਜ ਦੀਆਂ ਕਿਰਨਾਂ ਰਹਿਮਤ ਵੰਡਦੀਆਂ ਲੱਗਦੀਆਂ। ਦਿਨ ਰਾਤ ਗੁਰਕੀਰਤ ਉਸ ਦੇ ਦਿਲ-ਦਿਮਾਗ 'ਤੇ ਛਾਇਆ ਰਹਿੰਦਾ। ਗੁਰਕੀਰਤ ਨੇ ਹਰਪਾਲ ਨੂੰ ਲੂਟਨ ਦਾ ਵਸਨੀਕ ਦੱਸਿਆ ਹੋਇਆ ਸੀ ਅਤੇ ਇਹੀ ਪਤਾ ਉਸ ਦੀ ਫ਼ੇਸਬੁੱਕ 'ਤੇ ਦਰਜ਼ ਸੀ। ਪਰ ਸੰਗਦੀ ਹੋਣ ਕਾਰਨ ਹਰਪਾਲ ਗੁਰਕੀਰਤ ਨਾਲ ਕਦੇ ਵੀ ਫ਼ੋਨ ਕਰਨ ਲਈ ਦਿਲ ਨਾ ਕੱਢਦੀ। ਪਤਾ ਨਹੀਂ ਉਸ ਅੰਦਰ ਕੀ ਹੀਣ-ਭਾਵਨਾਂ ਜਾਂ ਸ਼ਰਮ ਵਸੀ ਹੋਈ ਸੀ? ਹਰਪਾਲ ਸ਼ੁਰੂ ਤੋਂ ਹੀ ਇੱਜ਼ਤਦਾਰ ਅਤੇ ਸ਼ਰਮਾਕਲ ਕਿਸਮ ਦੀ ਔਰਤ ਸੀ। ਆਪਦੇ ਆਦਮੀ ਤੋਂ ਬਿਨਾ ਅੱਜ ਤੱਕ ਉਹ ਕਿਸੇ ਵਲ ਝਾਕੀ ਨਹੀਂ ਸੀ। ਇਸ ਲਈ ਉਹ ਗੁਰਕੀਰਤ ਦੇ ਮਾਨਸਿਕ ਤੌਰ 'ਤੇ ਤਾਂ ਨੇੜੇ ਆ ਗਈ ਸੀ, ਪਰ ਨੇੜੇ ਆਉਣੋਂ ਕਤਰਾਉਂਦੀ ਸੀ। ਇਕ-ਦੋ ਵਾਰ ਉਹਨਾਂ ਨੇ ਫ਼ੋਨ 'ਤੇ ਗੱਲ ਜ਼ਰੂਰ ਕੀਤੀ ਸੀ। ਪਰ ਹਰਪਾਲ ਜਦੋਂ ਵੀ ਗੁਰਕੀਰਤ ਨਾਲ ਫ਼ੋਨ 'ਤੇ ਗੱਲ ਕਰਦੀ ਤਾਂ ਉਸ ਦੀਆਂ ਤਲੀਆਂ ਵਿਚ ਮੁੜ੍ਹਕਾ ਆ ਜਾਂਦਾ ਅਤੇ ਮੱਥੇ 'ਤੇ ਕੱਚੀ ਤਰੇਲੀ ਆਉਂਦੀ। ਉਹ ਫ਼ੋਨ 'ਤੇ ਗੂੰਗੀ-ਬੋਲੀ ਹੀ ਹੋ ਜਾਂਦੀ। ਇਕ ਕਦਮ ਵੀ ਉਸ ਨਾਲ ਅੱਗੇ ਵਧਣੋਂ ਰੁਕ ਜਾਂਦੀ।

ਹੁਣ ਗੁਰਕੀਰਤ ਅਤੇ ਹਰਪਾਲ ਦੀ 'ਮਿੱਤਰਤਾਈ' ਨੂੰ ਤਕਰੀਬਨ ਤਿੰਨ ਮਹੀਨੇ ਬੀਤ ਗਏ ਸਨ। ਉਹਨਾਂ ਦੀ 'ਚੈਟਿੰਗ' ਅਤੇ 'ਮੈਸਿਜ਼' ਅਜੇ ਵੀ ਨਿਰੰਤਰ ਜਾਰੀ ਸਨ। ਹੁਣ ਹਰਪਾਲ ਉਸ ਨਾਲ ਕਾਫ਼ੀ 'ਖੁੱਲ੍ਹ' ਗਈ ਸੀ ਅਤੇ ਨੰਗੇਜ਼ ਭਰੇ ਸੁਨੇਹਿਆਂ ਦਾ ਆਦਾਨ-ਪ੍ਰਦਾਨ ਹੋਣ ਲੱਗ ਪਿਆ ਸੀ। ਕਈ ਸੁਨੇਹੇਂ ਤਾਂ ਅੱਤ ਦਰਜੇ ਦੇ ਅਸ਼ਲੀਲ ਹੁੰਦੇ। ਪਰ ਜੋ ਕੁਝ ਉਹ ਫ਼ੋਨ 'ਤੇ ਕਹਿਣੋਂ ਜਕਦੀ, ਉਹ ਫ਼ੇਸਬੁੱਕ ਦੇ ਸੁਨੇਹੇਂ ਵਿਚ ਨਿਸ਼ੰਗ ਲਿਖ ਦਿੰਦੀ।

ਹੁਣ ਗੁਰਕੀਰਤ ਉਸ ਨੂੰ ਮਿਲਣ ਲਈ ਜੋਰ ਪਾਉਣ ਲੱਗ ਪਿਆ ਸੀ। ਹਰਪਾਲ ਨੂੰ ਡਰ ਸੀ ਕਿ ਜੇ ਗੁਰਕੀਰਤ ਨੂੰ ਕੋਈ 'ਹੁੰਗਾਰਾ' ਨਾ ਦਿੱਤਾ ਤਾਂ ਗੁਰਕੀਰਤ ਉਸ ਤੋਂ ਪਿੱਛੇ ਹਟ ਜਾਵੇਗਾ ਅਤੇ ਉਹ ਫ਼ਿਰ ਜੱਗ-ਜਹਾਨ ਵਿਚ ਇਕੱਲੀ ਰਹਿ ਜਾਵੇਗੀ। ਲੰਮੀ ਸੋਚ ਵਿਚਾਰ ਤੋਂ ਬਾਅਦ ਉਸ ਨੇ ਇਕ ਸ਼ਨੀਵਾਰ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਲਿਆ। ਹਰਪਾਲ ਸੋਚਦੀ ਸੀ ਕਿ ਜੇ ਗੁਰਕੀਰਤ ਨਾਲ ਸੋਹਣੇ ਦਿਨ ਬਿਤਾਉਣੇ ਸਨ ਤਾਂ ਇਕ ਨਾ ਇਕ ਦਿਨ ਤਾਂ ਉਸ ਨੂੰ ਮਿਲਣਾ ਹੀ ਪਵੇਗਾ? ਜੇ ਉਸ ਨੇ ਰਹਿੰਦੀ ਜ਼ਿੰਦਗੀ ਨੂੰ ਰੰਗਤ ਦੇਣੀ ਹੈ, ਭਵਿੱਖ ਸਿਰਜਣਾ ਹੈ ਤਾਂ ਗੁਰਕੀਰਤ ਨੂੰ ਲਾਜ਼ਮੀ ਮਿਲਣਾ ਹੋਵੇਗਾ। ਮਿਲਣ ਬਿਨਾਂ ਉਹਨਾਂ ਦੀ ਗੱਲ ਅੱਗੇ ਕਿਸ ਤਰ੍ਹਾਂ ਵਧੇਗੀ? ਜੇ ਤੁਸੀਂ ਕਿਸੇ ਪਿੰਡ ਦਾ ਰਾਹ ਨਹੀਂ ਪੁੱਛੋਂਗੇ ਤਾਂ ਉਸ ਪਿੰਡ ਪਹੁੰਚੋਂਗੇ ਕਿਸ ਤਰ੍ਹਾਂ....? ਇਹ ਸੋਚ ਕੇ ਹਰਪਾਲ ਗੁਰਕੀਰਤ ਨੂੰ ਮਿਲਣ ਲਈ ਰਾਜ਼ੀ ਹੋ ਗਈ ਸੀ। ਉਸ ਦੀ ਫ਼ੇਸਬੁੱਕ 'ਤੇ ਲੱਗੀ ਫ਼ੋਟੋ ਹਰਪਾਲ ਦਾ ਕਾਲਜਾ ਕੱਢ ਲੈਂਦੀ। ਜਿੰਨੇ ਵਾਰ ਵੀ ਉਹ ਫ਼ੇਸਬੁੱਕ ਖੋਲ੍ਹਦੀ, ਉਤਨੀ ਵਾਰ ਹੀ ਗੁਰਕੀਰਤ ਦੀ ਫ਼ੋਟੋ ਉਸ ਦੇ ਧੁਰ-ਹਿਰਦੇ ਅੰਦਰ 'ਧੂਹ' ਪਾਉਂਦੀ। ਕਾਲਜਾ ਕੱਢ ਲੈਂਦੀ।

ਆਉਂਦੇ ਸ਼ਨੀਵਾਰ ਨੂੰ ਉਹਨਾਂ ਨੇ ਮਿਲਣ ਦਾ ਪ੍ਰੋਗਰਾਮ ਬਣਾ ਲਿਆ। ਹਰਪਾਲ ਉਸ ਦਿਨ ਤੋਂ ਹੀ ਤਿਆਰ ਹੋਣ ਲੱਗ ਪਈ। ਉਹ ਨਹੀਂ ਚਾਹੁੰਦੀ ਸੀ ਕਿ ਮੇਰੇ ਗੁਰਕੀਰਤ ਜੀ ਨੂੰ ਮੇਰੇ ਵਿਚ ਕੋਈ 'ਘਾਟ' ਜਾਂ 'ਕਮੀ' ਨਜ਼ਰ ਆਵੇ! ਫ਼ੋਟੋ ਅਨੁਸਾਰ ਉਸ ਦੇ ਗੁਰਕੀਰਤ ਜੀ ਤਾਂ ਦੁਨੀਆਂ ਨਾਲੋਂ ਦਿਲਕਸ਼ ਅਤੇ ਖ਼ੂਬਸੂਰਤ ਸਨ। ਉਹ ਨਹੀਂ ਚਾਹੁੰਦੀ ਸੀ ਕਿ ਪਹਿਲੀ ਨਜ਼ਰ ਵਿਚ ਹੀ ਉਸ ਦੇ ਗੁਰਕੀਰਤ ਜੀ ਉਸ ਨੂੰ 'ਨਕਾਰ' ਦੇਣ!

ਸ਼ਨੀਵਾਰ ਦਾ ਸੁਭਾਗਾ ਦਿਨ ਵੀ ਆ ਗਿਆ। ਹਰਪਾਲ ਸਵੇਰ ਤੋਂ ਹੀ ਤਿਆਰ ਹੋ ਰਹੀ ਸੀ। ਉਹਨਾਂ ਨੇ ਇਕ ਹੋਟਲ ਵਿਚ ਮਿਲਣ ਦਾ ਪ੍ਰੋਗਰਾਮ ਬਣਾਇਆ ਸੀ। ਜਦੋਂ ਮਿਥੇ ਸਮੇਂ ਅਨੁਸਾਰ ਹਰਪਾਲ ਹੋਟਲ ਦੀ 'ਲੌਬੀ' ਵਿਚ ਪਹੁੰਚੀ ਤਾਂ ਅੱਗੇ ਉਸ ਦੇ ਗੁਰਕੀਰਤ ਜੀ ਦੀ ਜਗਾਹ ਉਸ ਦਾ ਕਰੂਪ ਜਿਹੇ ਚਿਹਰੇ ਵਾਲਾ ਗੁਆਂਢੀ 'ਧੱਤੂ' ਬੈਠਾ ਸੀ। ਧੱਤੂ ਦੀ ਇੰਟਰਨੈੱਟ ਕੈਫ਼ੈ ਅਤੇ ਮੋਬਾਈਲ ਵੇਚਣ ਦੀ ਦੁਕਾਨ ਸੀ। ਹਰਪਾਲ ਨੂੰ ਦੇਖ ਕੇ ਉਸ ਦੀਆਂ ਬਾਛਾਂ ਖਿੜ ਗਈਆਂ। ਧੱਤੂ ਨੇ ਬਘਿਆੜ ਵਾਂਗ ਮੂੰਹ ਖੋਲ੍ਹ ਕੇ ਹਰਪਾਲ ਨੂੰ 'ਹੈਲੋ' ਆਖਿਆ। ਨਾਂ ਤਾਂ ਉਸ ਦਾ ਧਨਵੰਤ ਸੀ। ਪਰ ਪਤਾ ਨਹੀਂ ਲੋਕ ਉਸ ਨੂੰ ਧੱਤੂ ਕਿਉਂ ਆਖਦੇ ਸਨ? ਧੱਤੂ ਨੂੰ ਦੇਖ ਕੇ ਹਰਪਾਲ ਦੇ ਸਾਹ ਮਗਜ ਨੂੰ ਚੜ੍ਹਨ ਵਾਲੇ ਹੋ ਗਏ। ਉਹ ਕਿਸੇ ਹਬਸ਼ਣ ਨਾਲ ਬਲਾਤਕਾਰ ਕਰਨ ਕਰਕੇ ਲੰਮੀ ਜੇਲ੍ਹ ਵੀ ਕੱਟ ਚੁੱਕਿਆ ਸੀ। ਜਦੋਂ ਉਸ ਨੇ ਹਰਪਾਲ ਨੂੰ ਦੇਖ ਕੇ ਦੰਦੀਆਂ ਜਿਹੀਆਂ ਕੱਢੀਆਂ ਤਾਂ ਗਲੀ-ਸੜੀ ਦੰਦਬੀੜ ਨੇ ਹਰਪਾਲ ਦਾ ਮੂੰਹ ਚਿੜਾਇਆ। ਧੱਤੂ ਦਾ ਬੁੱਚੜ ਵਰਗਾ ਚਿਹਰਾ ਹਰਪਾਲ ਨੂੰ ਬੁਰਕ ਵੱਢਣ ਆ ਰਿਹਾ ਸੀ। ਉਸ ਨੇ ਚੁਫ਼ੇਰੇ ਝਾਤੀ ਮਾਰੀ। ਪਰ ਗੁਰਕੀਰਤ ਜੀ ਉਸ ਨੂੰ ਕਿਤੇ ਨਜ਼ਰ ਨਾ ਆਏ। ਉਹ ਖਾਲੀ-ਖਾਲੀ ਅਤੇ ਉਜੜੀਆਂ ਨਜ਼ਰਾਂ ਨਾਲ ਆਸੇ ਪਾਸੇ ਦੇਖ ਰਹੀ ਸੀ।

-'ਗੁਰਕੀਰਤ ਨੂੰ ਲੱਭਦੀ ਐਂ...? ਦਿਲਾਂ ਦਾ ਜਾਨੀ ਤਾਂ ਤੇਰੇ ਸਾਹਮਣੇ ਖੜ੍ਹੈ...!' ਗੱਲ ਕਰਦਾ ਉਹ ਹਲਕੇ ਊਠ ਵਾਂਗ ਉਸ ਦੇ ਉਤੇ ਨੂੰ ਚੜ੍ਹਦਾ ਆ ਰਿਹਾ ਸੀ।

-'............।' ਹਰਪਾਲ ਦਾ ਸਾਹ ਸੰਘੀ ਵਿਚ ਹੀ ਅੜਿਆ ਹੋਇਆ ਸੀ ਅਤੇ ਉਸ ਨੂੰ ਕੋਈ ਗੱਲ ਨਹੀਂ ਸੁੱਝ ਰਹੀ ਸੀ। ਉਸ ਦਾ ਦਿਲ ਫ਼ੜੇ ਕਬੂਤਰ ਵਾਂਗ 'ਫ਼ੜੱਕ-ਫ਼ੜੱਕ' ਵੱਜ ਰਿਹਾ ਸੀ। ਧੜਕ ਨਹੀਂ, ਜਿਵੇਂ ਫ਼ਟ ਰਿਹਾ ਸੀ।

-'ਕਿੰਨੇ ਹੀਲੇ ਕੀਤੇ ਤੈਨੂੰ ਬੁਲਾਉਣ ਦੇ, ਪਰ ਤੂੰ ਕਦੇ ਹਾਂਮੀਂ ਨੀ ਸੀ ਭਰੀ...! ਗਾਰਡਨ 'ਚ ਵੀਹ ਵਾਰੀ 'ਹੈਲੋ' ਕਿਹਾ, ਤੂੰ ਤਾਂ ਨੀ ਕੋਈ ਜਵਾਬ ਦਿੱਤਾ...! ਜਿਉਂਦੇ ਰਹਿਣ ਆਹ ਫ਼ੇਸਬੁੱਕ ਵਾਲੇ, ਜਿਹੜੇ ਸਾਡੇ ਮਿਲਾਪ 'ਚ ਸਹਾਈ ਹੋਏ...!' ਸੁਣ ਕੇ ਹਰਪਾਲ ਨੂੰ ਸਕਤਾ ਮਾਰ ਗਿਆ। ਉਹ ਅਧਰੰਗ ਦੇ ਮਰੀਜ਼ ਵਾਂਗ ਨਿਰਬਲ ਖੜ੍ਹੀ ਸੀ।

-'ਗੁਰਕੀਰਤ ਬਣ ਕੇ ਤੂੰ ਮੇਰੇ ਜਜ਼ਬਾਤਾਂ ਨਾਲ ਖਿਲਵਾੜ ਕਰਦਾ ਰਿਹਾ, ਕਸਾਈਆ...?' ਉਹ ਹਿੱਕ 'ਤੇ ਹੱਥ ਰੱਖੀ, ਪਿੱਛੇ ਹਟਦੀ ਜਾ ਰਹੀ ਸੀ।

-'ਲੋੜ ਕਾਢ ਦੀ ਮਾਂ ਐਂ...! ਜਦੋਂ ਲੋੜ ਪੈਂਦੀ ਐ, ਫ਼ੇਰ ਈ ਆਪਾਂ ਕੋਈ ਕਾਢ ਕੱਢਦੇ ਐਂ...? ਸਿੱਧੀ ਤਰ੍ਹਾਂ ਤਾਂ ਤੂੰ ਮੇਰੇ ਖੁੱਡੇ ਵੜੀ ਨੀ, ਕੁੜੱਕੀ ਤਾਂ ਫ਼ੇਰ ਲਾਉਣੀ ਪੈਣੀਂ ਸੀ...?'

-'.........।' ਹਰਪਾਲ ਦਾ ਦਿਮਾਗ ਸੁੰਨ ਸੀ ਤੇ ਉਸ ਦੀਆਂ ਪੁੜਪੜੀਆਂ 'ਟੱਸ-ਟੱਸ' ਵੱਜੀ ਜਾ ਰਹੀਆਂ ਸਨ। ਉਸ ਨੂੰ ਕਦਾਚਿੱਤ ਉਮੀਦ ਨਹੀਂ ਸੀ ਕਿ ਕੋਈ ਇਤਨਾਂ ਨੀਚ ਕੰਮ ਵੀ ਕਰ ਸਕਦਾ ਸੀ? ਉਸ ਨੂੰ ਸੁੰਨੀ ਸਮਝ ਕਬਜ਼ਾ ਕਰਨ ਦੀ ਸੋਚ ਸਕਦਾ ਸੀ।

-'ਹੋਟਲ 'ਚ ਕਮਰਾ ਬੁੱਕ ਐ...! ਮਹਿਕਾਂ ਵੰਡਦੇ ਫ਼ੁੱਲ ਲਿਆ ਕੇ ਰੱਖੇ ਐ...! ਹੁਣ ਆਪਣਾ ਕੀ ਓਹਲ੍ਹੈ...? ਕਿੰਨੀਆਂ ਗੱਲਾਂ ਤਾਂ ਆਪਾਂ ਕਰ ਚੁੱਕੇ ਐਂ...! ਚੱਲ ਉਪਰ ਚੱਲੀਏ...! ਨਾਲੇ ਆਪਾਂ ਗੁਆਂਢੀ ਆਂ...! ਨਿੱਤ ਦੁੱਖ-ਸੁੱਖ ਸਾਂਝੇ ਕਰਿਆ ਕਰਾਂਗੇ...! ਤੂੰ ਮੇਰੇ ਤੇ ਮੈਂ ਤੇਰੇ ਦੁੱਖਾਂ-ਸੁੱਖਾਂ ਦਾ ਸਾਂਝੀ ਬਣੂੰਗਾ...! ਨਾਲੇ 'ਕੱਲੀ ਤੂੰ ਡੱਕ-ਡੱਕ ਵੱਜਦੀ ਫ਼ਿਰਦੀ ਐਂ, ਤੇ ਨਾਲੇ ਮੈਂ ਕੰਧਾਂ ਨਾਲ ਟੱਕਰਾਂ ਮਾਰੀ ਜਾਨੈਂ...! ਹੁਣ ਇਕ ਦੂਜੇ ਦੇ ਹਮਦਰਦ ਬਣਾਂਗੇ, ਜ਼ਿੰਦਗੀ ਸੌਖੀ ਨਿਕਲ ਜਾਊਗੀ...! ਬਾਹਲਾ ਤਾਂ ਨਹੀਂ, ਪਰ ਤੇਰੇ ਤੋਂ ਪੰਜ ਕੁ ਸਾਲ ਈ ਵੱਡੈਂ...! ਕੀ ਹੁੰਦੇ ਐ ਪੰਜ ਸਾਲ...? ਪਿਆਰ 'ਚ ਉਮਰ ਦੀ ਥੋੜ੍ਹੋ ਲੱਤ ਅੜਨ ਦੇਣੀਂ ਐਂ ਆਪਾਂ...?'

-'ਤੂੰ ਐਡਾ ਕਮੀਨਾਂ ਨਿਕਲੇਂਗਾ, ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ...!' ਉਸ ਦੇ ਕੰਨਾਂ ਵਿਚ ਬਿੰਡੇ ਟਿਆਂਕ ਰਹੇ ਸਨ।

-'ਦੇਖ ਲੈ...! ਕੀ-ਕੀ ਚੈਟਿੰਗ ਤੂੰ ਮੇਰੇ ਨਾਲ ਕੀਤੀ ਹੋਈ ਐ, ਫ਼ੋਨ 'ਤੇ ਕੀ-ਕੀ ਗੱਲਾਂ ਤੂੰ ਕੀਤੀਐਂ, ਉਹ ਸਭ ਫ਼ੋਨ 'ਚ ਰਿਕਾਰਡ ਐ...! ਚੱਲ, ਉਪਰ ਕਮਰੇ 'ਚ ਬੈਠ ਕੇ ਗੱਲਾਂ-ਬਾਤਾਂ ਕਰਦੇ ਐਂ...! ਚੱਲ, ਬਣ ਮੱਲ...!' ਉਸ ਹਰਪਾਲ ਵਲ ਹੱਥ ਵਧਾਇਆ ਪਰ ਹਰਪਾਲ ਉਸ ਦੈਂਤ ਦੇ ਹੱਥ ਆਪਣੇ ਸਰੀਰ 'ਤੇ ਲੁਆਉਣਾ ਵੀ ਕਲੰਕ ਸਮਝਦੀ ਸੀ।

-'ਮੈਂ ਪੁਲਿਸ ਨੂੰ ਬੁਲਾ ਲਊਂਗੀ...!'

-'ਕੀ ਕਹੇਂਗੀ...? ਆਈ ਤਾਂ ਤੂੰ ਆਪ ਐਂ...! ਮੈਂ ਕਿਹੜਾ ਤੈਨੂੰ ਚੱਕ ਕੇ ਲਿਆਇਐਂ...? ਨਾਲੇ ਪੁਲਿਸ ਮੈਨੂੰ ਕੀ ਕਰ ਲਊਗੀ...? ਜਿਉਂਦੇ ਰਹਿਣ ਲੁੰਗ-ਲਾਣੇ, ਕਦੇ ਠੇਕੇ ਤੇ ਕਦੇ ਠਾਣੇ...! ਜੇ ਦੋ-ਚਾਰ ਮਹੀਨੇ ਦੀ ਮੈਨੂੰ ਸਜ਼ਾ ਬੋਲ ਵੀ ਜਾਊਗੀ, ਕੀ ਘਸਜੂ ਮੇਰਾ...? ਮੇਰੇ ਕਿਹੜਾ ਘਰੇ ਪੱਪੂ ਹੋਰੀਂ ਰੋਂਦੇ ਐ...? ਘਰ 'ਚ ਘਾਹ ਈ ਵੱਡਾ ਹੋ ਜਾਊ...? ਉਹ ਆ ਕੇ ਕੱਟ ਦਿਊਂਗਾ...! ਹੋਰ ਕੋਈ ਚਿੰਤਾ ਨੀ...!'

-'...।' ਹਰਪਾਲ ਆਪਣੇ-ਆਪ ਨੂੰ ਕਸੂਤੀ ਫ਼ਸੀ ਮਹਿਸੂਸ ਕਰਦੀ ਸੀ।

-'ਜੇ ਤੂੰ ਅੱਜ ਮੇਰਾ ਕਹਿਣਾ ਨਾ ਮੰਨਿਆ ਤਾਂ ਤੇਰੀ ਸਾਰੀ ਚੈਟਿੰਗ 'ਪ੍ਰਿੰਟ ਸਕਰੀਨ' ਕਰ ਕੇ ਫ਼ੇਸਬੁੱਕ 'ਤੇ ਚਾੜ੍ਹ ਦਿਊਂਗਾ...! ਜਿਹੜੀ ਲੋਕਾਂ 'ਚ ਸਤੀ-ਸਵਿੱਤਰੀ ਬਣੀਂ ਫ਼ਿਰਦੀ ਐਂ ਨ੍ਹਾਂ...? ਲੋਕ ਦੇਖ ਲੈ ਕੀ ਆਖਿਆ ਕਰਨਗੇ...! ਤੂੰ ਤਾਂ ਸੜਕ 'ਤੇ ਤੁਰਨ ਜੋਗੀ ਨੀ ਰਹਿਣਾ...! ਨਾਲੇ ਤੇਰੇ ਜੁਆਕ ਦੇਖਲਾ ਕੀ ਸੋਚਣਗੇ, ਕਿ ਸਾਡੀ ਬੇਬੇ ਜੀ ਬੜੀ ਘਟੀਆ ਚੈਟਿੰਗ ਕਰਦੀ ਐ...! ਚੱਲ, ਆਪਾਂ ਲੜਨ-ਭਿੜਨ ਵਾਲੀਆਂ ਗੱਲਾਂ ਨੀ ਕਰਨੀਆਂ...! ਮੋਹ-ਮੁਹੱਬਤ ਦੀਆਂ ਬਾਤਾਂ ਪਾਉਣੀਐਂ...! ਆਪਾਂ ਕੁੜੀਆਂ ਮਾਂਗੂੰ ਜ਼ਿਦ ਕੇ ਗਲੋਟੇ ਨੀ ਲਾਹੁੰਣੇ, ਰੀਝ ਦੀਆਂ ਪੂਣੀਆਂ ਕੱਤਣੀਐਂ...!

ਹਰਪਾਲ ਬੇਸੁਰਤ ਹੋ ਗੇੜਾ ਖਾ ਕੇ ਡਿੱਗ ਪਈ। ਧੱਤੂ ਦੀਆਂ ਗੱਲਾਂ ਉਸ ਲਈ ਅਸਹਿ ਹੋ ਗਈਆਂ ਸਨ। ਖਾਣ-ਪੀਣ 'ਚ ਮਸਤ ਲੋਕ ਇਕ ਦਮ ਇੱਧਰ ਝਾਕੇ। ਹੋਟਲ ਦੇ ਅਮਲੇ ਨੇ ਐਂਬੂਲੈਂਸ ਬੁਲਾ ਕੇ ਹਰਪਾਲ ਨੂੰ ਹਸਪਤਾਲ ਭੇਜ ਦਿੱਤਾ ਗਿਆ।

ਆਥਣ ਦੇ ਛੇ ਕੁ ਵਜੇ ਹਰਪਾਲ ਦੀ ਅੱਖ ਖੁੱਲ੍ਹੀ। ਉਸ ਨੇ ਆਸਾ ਪਾਸਾ ਦੇਖ ਕੇ ਮਹਿਸੂਸ ਕੀਤਾ ਕਿ ਉਹ ਹਸਪਤਾਲ ਪਈ ਸੀ। ਸੁਰਤ ਪਰਤ ਆਉਣ 'ਤੇ ਨਰਸ ਨੇ ਡਾਕਟਰਾਂ ਨੂੰ ਸੂਚਿਤ ਕਰ ਦਿੱਤਾ। ਹਰਪਾਲ ਨੂੰ ਭਰਿਆ ਭਰਾਇਆ ਜਹਾਨ ਬੰਜਰ ਉਜਾੜ ਲੱਗ ਰਿਹਾ ਸੀ। ਉਹ ਆਪਣੇ-ਆਪ ਨੂੰ ਬਦਨਾਮ ਹੋਈ ਮਹਿਸੂਸ ਕਰ ਰਹੀ ਸੀ। ਚਾਹੇ ਅਜੇ ਤੱਕ ਧੱਤੂ ਨੇ ਕੋਈ ਵੀ ਕਦਮ ਨਹੀਂ ਪੱਟਿਆ ਸੀ। ਪਰ ਬਦਮਾਸ਼ ਟਾਈਪ ਬੰਦਾ ਕਦੇ ਵੀ ਬਦਨਾਮੀ ਦਾ ਕਾਰਨ ਬਣ ਸਕਦਾ ਸੀ। ਕਿਸ ਨੂੰ ਦੱਸਾਂ...? ਬੱਚਿਆਂ ਨਾਲ ਗੱਲ ਸਾਂਝੀ ਕਰਾਂ...? ਨਹੀਂ, ਬੱਚੇ ਸੋਚਣਗੇ ਕਿ ਸਾਡਾ ਬਾਪ ਇਸ ਨੂੰ ਤਾਂ ਹੀ ਕੁੱਟਦਾ-ਮਾਰਦਾ ਸੀ, ਕਿਉਂਕਿ ਸਾਡੀ ਮਾਂ 'ਬਦਕਾਰ' ਸੀ। ਉਸ ਕੋਲ ਕੋਈ ਦੋਸਤ ਜਾਂ ਸਹੇਲੀ ਵੀ ਨਹੀਂ ਸੀ, ਜਿਸ ਨਾਲ ਦਿਲ ਦੀ ਪੀੜ ਸਾਂਝੀ ਕਰ ਸਕਦੀ। ਉਹ ਰੋਹੀ ਵਿਚ ਖੜ੍ਹੇ ਜੰਡ ਦੀ ਤਰ੍ਹਾਂ ਜੱਗ-ਜਹਾਨ ਵਿਚ ਇਕੱਲੀ ਹੋਈ ਬੈਠੀ ਸੀ। ਉਸ ਨੂੰ ਅੰਧਕਾਰ ਹੀ ਨਜ਼ਰ ਆਉਂਦਾ ਸੀ।

-'ਤੁਹਾਨੂੰ ਕੀ ਤਕਲੀਫ਼ ਐ....?' ਇਕ ਪੰਜਾਬੀ ਡਾਕਟਰ ਨੇ ਆ ਕੇ ਬੜੀ ਹਮਦਰਦੀ ਨਾਲ ਪੁੱਛਿਆ ਤਾਂ ਹਰਪਾਲ ਦੀਆਂ ਅੱਖਾਂ ਵਿਚੋਂ ਹੰਝੂ ਹੜ੍ਹ ਵਾਂਗ ਚੱਲ ਪਏ। ਉਹ ਦੱਸਦੀ ਵੀ ਕੀ...? ਕਿ ਉਹ ਖ਼ੂਹ ਵਿਚੋਂ ਨਿਕਲ ਕੇ 'ਖਾਤੇ' ਵਿਚ ਜਾ ਡਿੱਗੀ ਹੈ...? ਕਿ ਉਹ ਜ਼ਾਲਿਮ ਪਤੀ ਤੋਂ ਖਹਿੜਾ ਛੁਡਾ ਕੇ ਬੁੱਚੜ ਧੱਤੂ ਦੀ ਨਜ਼ਰੀਂ ਚੜ੍ਹ ਗਈ ਹੈ...? ਉਹ ਇਕ ਜਾਨਵਰ ਦੇ ਖ਼ੂਨੀ ਜਬਾੜੇ ਵਿਚੋਂ ਨਿਕਲ ਕੇ ਦੂਜੇ ਦੇ ਪੰਜਿਆਂ ਵਿਚ ਜਾ ਫ਼ਸੀ ਸੀ...?

ਹਰਪਾਲ ਤੋਂ ਬੋਲਿਆ ਨਾ ਗਿਆ। ਪਰ ਸਿਹਤ ਪੱਖੋਂ ਹੁਣ ਉਹ ਠੀਕ ਸੀ। ਦੁਆਈਆਂ ਨਾਲ ਬਲੱਡ ਪ੍ਰੈਸ਼ਰ 'ਨਾਰਮਲ' ਹੋ ਗਿਆ ਸੀ। ਮੂੰਹ ਹਨ੍ਹੇਰਾ ਜਿਹਾ ਹੋਏ ਤੋਂ ਉਸ ਨੇ ਵੱਡੀ ਕੁੜੀ ਨੂੰ ਫ਼ੋਨ ਕਰ ਦਿੱਤਾ। ਅੱਧੇ ਕੁ ਘੰਟੇ ਬਾਅਦ ਆ ਕੇ ਕੁੜੀ ਉਸ ਨੂੰ ਲੈ ਗਈ।

-'ਮੰਮ, ਕੀ ਹੋ ਗਿਆ ਸੀ...?' ਹੁਣ ਕੁੜੀ ਦੇ ਸੁਆਲ ਸ਼ੁਰੂ ਹੋ ਗਏ ਸਨ।

-'ਕੁਛ ਨੀ...! ਐਂਵੇਂ ਚੱਕਰ ਜਿਆ ਆ ਗਿਆ ਸੀ...!' ਉਹ ਕੁੜੀ ਤੋਂ ਵੀ ਪੂੰਝਾ ਜਿਹਾ ਛੁਡਾ ਰਹੀ ਸੀ। ਉਸ ਨੂੰ ਅਗਲਾ ਡਰ ਇਹ ਸੀ ਕਿ ਕੁੜੀ ਇਹ ਨਾ ਪੁੱਛ ਲਵੇ ਕਿ ਐਂਬੂਲੈਂਸ ਨੇ ਉਸ ਨੂੰ ਕਿੱਥੋਂ ਚੁੱਕਿਆ ਸੀ...? ਫ਼ਿਰ ਕੀ ਦੱਸੂੰਗੀ...? ਕਿਹੜਾ ਇਕ ਸਿਆਪਾ ਸੀ...? ਜੇ ਕੁੜੀ ਨੂੰ ਦੱਸ ਦਿੱਤਾ ਕਿ ਐਂਬੂਲੈਂਸ ਮੈਨੂੰ ਹੋਟਲ ਵਿਚੋਂ ਚੁੱਕ ਕੇ ਲੈ ਕੇ ਗਏ ਸਨ, ਫ਼ਿਰ ਸੁਆਲਾਂ ਦੀ ਬੁਛਾੜ ਸ਼ੁਰੂ ਹੋਵੇਗੀ, ਕੀ ਕਰਨ ਗਏ ਸੀ...? ਕਿਸ ਨੂੰ ਮਿਲਣ ਗਏ ਸੀ...? ਕਿਉਂ ਗਏ ਸੀ...? ਹੁਣ ਉਹ ਕੁੜੀ ਦੀ ਜਾਂਚ ਅਤੇ ਤਹਿਕੀਕਾਤ ਤੋਂ ਡਰੀ ਬੈਠੀ ਸੀ। ਉਸ ਦਾ ਗੁਆਂਢੀ ਧੱਤੂ ਤਾਂ ਵੈਸੇ ਹੀ ਬਦਨਾਮ ਬੰਦਾ ਸੀ। ਬੱਚੇ ਉਸ ਨੂੰ ਦੇਖ ਕੇ ਵੀ ਰਾਜ਼ੀ ਨਹੀਂ ਸਨ। ਹੁਣ ਜਦ ਬੱਚਿਆਂ ਨੂੰ ਉਸ ਨਾਲ ਚੈਟਿੰਗ ਦਾ ਪਤਾ ਲੱਗੇਗਾ ਤਾਂ ਉਹਨਾਂ ਨੇ ਮਾਂ ਨੂੰ ਵੀ ਨੀਚ ਸਮਝਣਾ ਸੀ ਅਤੇ ਘ੍ਰਿਣਾਂ ਦੀ ਨਜ਼ਰ ਨਾਲ ਦੇਖਣਾ ਸੀ।

ਜਦੋਂ ਕੁੜੀ ਨੇ ਕਾਰ ਘਰ ਅੱਗੇ ਲਾਈ ਤਾਂ ਘਰ ਦੇ ਦਰਵਾਜੇ ਅੱਗੇ ਧੱਤੂ ਮੀਲ-ਪੱਥਰ ਵਾਂਗ ਗੱਡਿਆ ਖੜ੍ਹਾ ਸੀ। ਦੇਖ ਕੇ ਹਰਪਾਲ ਦੇ ਦਿਲ ਦੀ ਧੜਕਣ ਬੰਦ ਹੋਣ ਵਾਲੀ ਹੋ ਗਈ। ਪਰ ਉਹ ਆਪਣੀ ਘਬਰਾਹਟ ਕੁੜੀ ਤੋਂ ਛੁਪਾ 'ਵਾ-ਵਰੋਲੇ ਵਾਂਗ ਅੰਦਰ ਸੋਫ਼ੇ 'ਤੇ ਜਾ ਡਿੱਗੀ। ਵਾਹ ਨੀ ਕਿਸਮਤੇ...! ਤੇਰੇ ਕਰਮਾਂ ਵਿਚ ਜ਼ਾਲਿਮ ਤੇ ਧੱਤੂ ਵਰਗੇ ਬੁੱਚੜ ਹੀ ਕਿਉਂ...? ਸੋਚ ਕੇ ਉਸ ਦਾ ਮਨ ਮਣਾਂ-ਮੂੰਹੀਂ ਭਰ ਆਇਆ। ਪਰ ਉਹ ਭਰੀ-ਪੀਤੀ ਸੋਫ਼ੇ 'ਤੇ ਸਿਲ-ਪੱਥਰ ਹੋਈ ਪਈ ਸੀ। ਹੁਣ ਉਸ ਨੂੰ ਡਰ ਸੀ ਕਿ ਜਦ ਵੀ ਉਹ ਕੱਪੜੇ ਸੁੱਕਣੇ ਪਾਉਣ ਜਾਂ ਹੋਰ ਕਿਸੇ ਕੰਮ ਗਾਰਡਨ ਵਿਚ ਜਾਇਆ ਕਰੇਗੀ ਤਾਂ ਧੱਤੂ ਉਸ ਨੂੰ ਬਦਨਾਮ ਕਰਨ ਦਾ 'ਡਰ' ਦੇ ਕੇ ਉਸ ਅੱਗੇ 'ਮੇਲ-ਜੋਲ' ਦੀ 'ਤਜ਼ਵੀਜ਼' ਰੱਖਿਆ ਕਰੇਗਾ! ਇਹ ਸੋਚ ਕੇ ਉਸ ਦੇ ਦਿਮਾਗ ਨੂੰ ਘੁੰਮੇਰ ਚੜ੍ਹਦੀ। ਉਹ ਬਾਹਰ ਨਿਕਲਣ ਦਾ ਰਸਤਾ ਸੋਚਦੀ। ਪਰ ਉਸ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਸੀ। ਉਹ ਸਾਰੀ ਸਾਰੀ ਰਾਤ ਸੁੰਡੀ ਵਾਂਗ ਪਾਸੇ ਮਾਰਦੀ ਰਹਿੰਦੀ। ਉਸ ਨੂੰ ਨੀਂਦ ਨਾ ਆਉਂਦੀ। ਜਦੋਂ ਵੀ ਕਦੇ ਨੀਂਦ ਆਉਂਦੀ ਤਾਂ ਉਸ ਨੂੰ ਧੱਤੂ ਦੇ ਹੀ ਸੁਪਨੇ ਆਉਂਦੇ। ਉਸ ਦਾ ਸਾਹ ਬੰਦ ਹੋ ਜਾਂਦਾ ਅਤੇ ਉਹ 'ਭੜੱਕ' ਕੇ ਉਠਦੀ। ਉਸ ਦਾ ਸਾਰਾ ਸਰੀਰ ਮੁੜ੍ਹਕੇ ਨਾਲ 'ਗੱਚ' ਹੋਇਆ ਹੁੰਦਾ।

ਅਗਲੇ ਦਿਨ ਉਸ ਦਾ ਮੋਬਾਈਲ ਫ਼ੋਨ ਖੜਕ ਪਿਆ। ਉਸ ਅੱਭੜਵਾਹੀ ਨੇ ਦੇਖਿਆ ਤਾਂ ਸਕਰੀਨ 'ਤੇ 'ਗੁਰਕੀਰਤ' ਦਿਖਾਈ ਦੇ ਰਿਹਾ ਸੀ। ਧੱਤੂ ਬਾਰੇ ਸੋਚ ਕੇ ਹਰਪਾਲ ਦਾ ਸਰੀਰ ਝੂਠਾ ਪੈ ਗਿਆ। ਪਰ ਮਜਬੂਰੀ ਵਿਚ ਉਸ ਨੇ ਫ਼ੋਨ ਚੁੱਕ ਲਿਆ।

-'ਤੇਰੇ ਗਾਰਡਨ 'ਚ ਦੇਖ ਕੀ ਪਿਐ...!' ਆਖ ਧੱਤੂ ਨੇ ਫ਼ੋਨ ਕੱਟ ਦਿੱਤਾ।

ਉਹ ਫ਼ੋਨ ਸੁੱਟ ਅੰਨ੍ਹੇਵਾਹ ਗਾਰਡਨ ਨੂੰ ਦੌੜੀ। ਸਾਂਝੀ 'ਫ਼ੈਂਸ' ਉਪਰੋਂ ਦੀ ਧੱਤੂ ਨੇ ਚਾਰ-ਪੰਜ ਵਰਕੇ ਸੁੱਟੇ ਹੋਏ ਸਨ। ਉਹ ਹਨ੍ਹੇਰੀ ਵਾਂਗ ਵਰਕੇ ਚੁੱਕ ਕੇ ਅੰਦਰ ਆ ਵੜੀ। ਉਸ ਅੰਦਰ ਧੱਤੂ ਦਾ 'ਭੂਤ' ਵੜਿਆ ਹੋਇਆ ਸੀ। ਪਤਾ ਨਹੀਂ ਧੱਤੂ ਕੀ ਬਲਾਅ ਸੀ। ਜਦੋਂ ਉਸ ਨੇ ਅੰਦਰ ਆ ਕੇ ਉਹ ਵਰਕੇ ਖੋਲ੍ਹੇ ਤਾਂ ਉਸ ਦੇ ਦਿਮਾਗ ਵਿਚ ਬੰਬ ਫ਼ਟ ਗਿਆ। ਕੀਤੀ ਹੋਈ ਅਸ਼ਲੀਲ ਚੈਟਿੰਗ ਦੇ ਕੁਝ ਕੁ 'ਪ੍ਰਿੰਟ' ਸਨ। ਉਸ ਨੂੰ ਚੱਕਰ ਆਇਆ ਅਤੇ 'ਧੜ੍ਹੰਮ' ਕਰ ਕੇ ਸੋਫ਼ੇ 'ਤੇ ਜਾ ਡਿੱਗੀ। ਫ਼ੋਨ ਫ਼ਿਰ ਖੜਕ ਪਿਆ।

-'ਕੁੱਤਿਆ...! ਮੈਂ ਤੇਰੇ ਢਿੱਡ 'ਚ ਟੱਕਰ ਮਾਰ ਕੇ ਮਰਜੂੰ...!' ਉਹ ਚੀਕੀ।

ਇਹੋ ਜੇ ਪ੍ਰਿੰਟ ਤੇਰੇ ਆਂਢ ਗੁਆਂਢ ਦੇ ਲੈਟਰ ਬੌਕਸਾਂ 'ਚ ਵੀ ਸਿੱਟੇ ਜਾ ਸਕਦੇ ਐ...! ਤੈਨੂੰ ਹਫ਼ਤੇ ਦਾ ਟਾਈਮ ਦਿੱਤਾ...! ਸੋਚ ਲੈ...!'

ਹਰਪਾਲ ਧਾਂਹਾਂ ਮਾਰ ਕੇ ਰੋਣ ਲੱਗ ਪਈ। ਉਸ ਨੇ ਤਾਂ ਆਸਰਾ ਅਤੇ ਆਹਰ ਲੱਭਦੀ-ਲੱਭਦੀ ਨੇ ਖ਼ਰੂਦੀ ਰਿੱਛ ਪਿੱਛੇ ਲਾ ਲਿਆ ਸੀ, ਹੁਣ ਖਹਿੜਾ ਕਿਵੇਂ ਛੁੱਟੇ? ਉਹ ਬੜੀ ਹੀ ਕਸੂਤੀ ਫ਼ਸੀ ਹੋਈ ਸੀ। ਹੁਣ ਉਸ ਨੂੰ ਭੱਜਣ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਸੀ। ਬੱਚੇ ਸਾਰੇ ਬਾਹਰ ਸਨ। ਉਸ ਨੇ ਗੁਰੂ ਘਰ ਦੀ ਕਮੇਟੀ ਤੱਕ ਪਹੁੰਚ ਕੀਤੀ।

-'ਬਿਨਾਂ ਕਿਸੇ ਤਹਿਕੀਕਾਤ ਤੋਂ ਕਿਸੇ ਨਾਲ ਸੰਵਾਦ ਕਰਨੇ, ਗਲਤੀ ਤਾਂ ਥੋਡੀ ਆਪਦੀ ਐ ਭਾਈ...!' ਕਮੇਟੀ ਮੈਂਬਰ ਨੇ ਸਾਰਾ ਦੋਸ਼ ਹਰਪਾਲ ਸਿਰ ਹੀ ਮੜ੍ਹਿਆ।

-'ਕਸੂਰ ਤਾਂ ਮੇਰਾ ਹੀ ਐ ਭਾਅ ਜੀ...! ਪਰ...!' ਹਰਪਾਲ ਨੂੰ ਕੋਈ ਟਿਕਾਣੇ ਦੀ ਗੱਲ ਨਾ ਔੜੀ। ਕੋਈ ਸ਼ੱਕ ਨਹੀਂ ਸੀ, ਕਸੂਰ ਸਰਾਸਰ ਉਸ ਦਾ ਆਪਣਾ ਸੀ। ਬਿਨਾਂ ਕਿਸੇ ਜਾਂਚ-ਪੜਤਾਲ ਤੋਂ ਅੰਨ੍ਹੇਵਾਹ ਕਿਸੇ 'ਤੇ ਵਿਸ਼ਵਾਸ ਕਰਨਾ ਤੇ ਫ਼ੇਰ ਉਸ ਨਾਲ ਅਸ਼ਲੀਲ ਸੰਵਾਦ ਰਚਾਉਣੇ ਜੇ ਇਕ ਬੇਵਕੂਫ਼ੀ ਨਹੀਂ ਸੀ, ਤਾਂ ਹੋਰ ਕੀ ਸੀ? ਬਿਨਾਂ ਸੋਚੇ ਸਮਝੇ ਕਿਸੇ ਅੰਨ੍ਹੇ ਖ਼ੂਹ ਵਿਚ ਛਾਲ ਮਾਰ ਦੇਣੀ ਕਿੰਨੀ ਕੁ ਅਕਲਮੰਦੀ ਸੀ? ਲੋਕਾਂ ਨੇ ਤਾਂ ਉਸ ਨੂੰ ਹੀ ਦੋਸ਼ ਦੇਣਾ ਸੀ। ਧੱਤੂ ਨੂੰ ਕਿਸੇ ਸਜ਼ਾ ਜਾਂ ਜ਼ੁਰਮਾਨੇ ਦੀ ਕੋਈ ਪ੍ਰਵਾਹ ਨਹੀਂ ਸੀ। ਉਹ ਤਾਂ ਅੱਗੇ ਵੀ ਲੰਬੀ ਸਜ਼ਾ ਕੱਟ ਚੁੱਕਿਆ ਸੀ, ਜੇ ਹੁਣ ਬਲੈਕਮੇਲਿੰਗ ਦੇ ਚੱਕਰ ਵਿਚ ਉਸ ਨੂੰ ਮਾਮੂਲੀ ਸਜ਼ਾ ਹੋ ਵੀ ਜਾਊ, ਉਸ ਦਾ ਕੀ ਵਿਗੜਨਾ ਸੀ? ਪਰ ਹਰਪਾਲ ਦੀ ਇੱਜ਼ਤ ਤਾਂ ਗਲੀਏਂ ਰੋਲ ਧਰੀ ਸੀ!

ਦਿਨ ਰਾਤ ਸੋਚ-ਸੋਚ ਕੇ ਹਰਪਾਲ ਦੀ ਮਾਨਸਿਕ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਪਰ ਬੱਚਿਆਂ ਨੂੰ ਕਿਸੇ ਵੀ ਗੱਲ ਦਾ ਕੋਈ ਪਤਾ ਨਹੀਂ ਸੀ ਅਤੇ ਨਾ ਹੀ ਬੱਚਿਆਂ ਦੇ ਮਨ ਤੋਂ ਲਹਿਣ ਦੇ ਡਰੋਂ ਉਹ ਕੁਝ ਦੱਸਦੀ ਸੀ। ਧੱਤੂ ਦਾ ਖ਼ੌਫ਼ ਉਸ ਨੂੰ ਦਿਨੋਂ ਦਿਨ, ਅੰਦਰੋ-ਅੰਦਰੀ 'ਚਰਦਾ' ਜਾ ਰਿਹਾ ਸੀ। ਹੁਣ ਉਸ ਦੀ ਮਾਨਸਿਕ ਹਾਲਤ ਇਤਨੀ ਖ਼ਰਾਬ ਹੋ ਗਈ ਕਿ ਉਹ ਸੁੱਤੀ ਪਈ ਚੀਕਾਂ ਮਾਰ ਕੇ ਉਠਦੀ ਅਤੇ ਬਾਹਰ ਨੂੰ ਭੱਜ ਪੈਂਦੀ। ਬੱਚੇ ਉਸ ਨੂੰ ਮਸਾਂ ਹੀ ਫ਼ੜਦੇ।

ਅਖ਼ੀਰ ਅੱਕ ਕੇ ਬੱਚਿਆਂ ਨੇ ਉਸ ਨੂੰ 'ਮੈਂਟਲ' ਹਸਪਤਾਲ ਦਾਖ਼ਲ ਕਰਵਾ ਦਿੱਤਾ!

Saturday, October 8, 2011

ਗੁੜ ਦੀ ਭੇਲੀ

-ਅਨਵਰ ਅਲੀ

ਮੌਲਵੀ ਅਹਿਮਦ ਦੀਨ ਕਲਾਨੌਰੀ ਦੀ ਮਸੀਤ ਵਿਚ ਆਪਣੇ ਸਾਢੇ ਤੇਰਾਂ ਨਮਾਜ਼ੀਆਂ ਅੱਗੇ ਮੁਸ਼ਰਕਾਂ ਤੇ ਕਬਰਸਤਾਨਾਂ ਦੀ ਐਸੀ ਤੈਸੀ ਫੇਰ ਰਿਹਾ ਸੀ , ਤੇ ਮੌਕਾ ਮਹਲ ਏਸ ਵਾਅਜ਼ ਦਾ ਸੀ , ਸਾਈਂ ਜਮਾਲੇ ਦਾ ਲੰਗਰ । ਲੰਗਰ ਸਾਈਂ ਜਮਾਲੇ ਦਾ ਵੀ ਨਹੀਂ ਸੀ । ਅਸਲ ਵਿਚ ਖਲੀਫ਼ਾ ਮਾਮਦੀਨ ਨੇ ਆਪਣੇ ਘਰ ਪੁੱਤਰ ਹੋਣ ਉੱਤੇ ਨਿਆਜ਼ ਦਿੱਤੀ ਸੀ ਤੇ ਮਕੌੜੇ ਸ਼ਾਹ ਦੀ ਮਜ਼ਾਰ ਉਤੇ ਦੇਗਾਂ ਚੜ੍ਹਾਈਆਂ ਸੀ । ਸਾਈਂ ਜਮਾਲਾ ਤੇ ਵਿਚਾਰਾ ਮਜ਼ਾਰ ਦਾ ਦਰਬਾਨ ਸੀ ।ਸਾਈਂ ਜਮਾਲੇ ਦੀ ਕੁਲ ਕਾਇਨਾਤ ਦੋ ਕੋਠੜੀਆਂ ਤੇ ਇਕ ਨਿੱਕਾ ਵਿਹੜਾ ਸੀ । ਇਕ ਕੋਠੜੀ ਵਿਚ ਉਹਦਾ ਕੋਹਲੂ ਲਗਿਆ ਸੀ । ਇਹ ਉਹਦਾ ਕਾਰਖਾਨਾ , ਦੁਕਾਨ ਤੇ ਗੋਦਾਮ ਸਭ ਕੁਝ ਸੀ । ਦੂਜੀ ਕੋਠੜੀ , ਉਹਦਾ ਘਰ ਜਿਸ ਵਿਚ ਜਮਾਲਾ , ਉਹਦੀ ਬੀਵੀ , ਦੋ ਪੁੱਤਰ ਤੇ ਇਕ ਕਾਕੀ ਰਹਿੰਦੇ ਸਨ । ਰਹਿ ਗਿਆ ਵਿਹੜਾ । ਵਿਹੜੇ ਦੇ ਵਾਸੀ ਸਨ ਮਕੌੜੇ । ਗਹਿਰੇ ਭੂਰੇ ਰੰਗ ਦੇ ਮੋਟੇ ਮੋਟੇ ਸਿਰਾਂ ਵਾਲੇ ਨਿੱਕੇ ਨਿਕੇ ਮਕੌੜੇ । ਇਹ ਫ਼ਜਰੇ ਫ਼ਜਰੇ ਆਪਣੀ ਖੁਡੋਂ ਨਿਕਲ ਖੜ੍ਹੇ ਹੁੰਦੇ ਤੇ  ਘਰ ਦੇ ਕੋਨੇ ਕੋਨੇ ਵਿਚ ਫੈਲ ਜਾਂਦੇ ਤੇ ਹਰ ਸ਼ੈ ਤੇ ਹਰ ਜੀਅ ਨੂੰ ਮੂੰਹ ਮਾਰਦੇ । ਗੁਆਂਢਣਾ ਤੇ ਗੁਆਂਢੀ ਜਮਾਲੇ ਦੇ ਘਰ ਜਾਣ ਤੋਂ ਡਰਦੇ । ਜਮਾਲੇ ਤੇ ਉਹਦੀ ਬੀਵੀ ਸੌ ਕਾਰਨ ਕੀਤੇ ਪਰ ਮਕੌੜਿਆਂ ਅੱਗੇ ਇਕ ਨਾ ਚੱਲੀ । ਇਹ ਇਕ ਖੁੱਡ ਬੰਦ ਕਰਦੇ ਉਹ ਉਹ ਦਸ  ਖੁੱਡਾਂ ਹੋਰ ਕਢ ਲੈਂਦੇ । ਇਹ ਦਵਾਈਆਂ ਛਿੜਕਦੇ ਤੇ ਇਹਨਾਂ ਦੇ ਆਪਣੇ ਨਿਆਣੇ ਬੀਮਾਰ ਪੈ ਜਾਂਦੇ ਤੇ ਮਕੌੜਿਆਂ ਦੇ ਦੰਦ ਹੋਰ ਤੇਜ਼ ਹੋ ਜਾਂਦੇ । ਮਹੱਲੇ ਦੇ ਬੁੱਢਿਆਂ ਦਾ ਕਹਿਣਾ ਸੀ ਕਿ ਜਿਸ ਥਾਂ ਜਮਾਲੇ ਦੇ ਮਕਾਨ ਏ , ਉਥੇ ਕਿਸੇ ਵੇਲੇ ਕਬਰਸਤਾਨ ਹੁੰਦਾ ਸੀ ਤੇ ਇਹ ਮਕੌੜੇ ਨਹੀਂ , ਬਾਬੇ ਸਨ । ਜਮਾਲ  ਬੁੱਢਿਆਂ ਬਾਬਿਆਂ ਨੂੰ ਨਹੀਂ ਸੀ ਮੰਨਦਾ ਪਰ ਮਕੌੜਿਆਂ ਦੇ ਹੱਥੋਂ ਤੰਗ ਆ ਕੇ ਉਹਨੇ ਤੇ ਉਹਦੇ ਟੱਬਰ ਨੇ ਮਕੌੜਿਆਂ ਨਾਲ ਸਮਝੌਤਾ ਕਰ ਲਿਆ । ਉਹਨਾਂ ਆਪਣੀ ਬਚੀ ਖੁਚੀ ਰੋਟੀ ਤੇ ਮਿੱਟੀ ਮਿਲੀ ਖਲ ਖੁਡ ਕੋਲ ਪਾਉਣੀ ਸ਼ੁਰੂ ਕਰ ਦਿੱਤੀ । ਹੁਣ ਮਕੌੜਿਆਂ ਨੂੰ ਆਪਣੀ ਦਾਲ ਰੋਟੀ ਲਈ ਦੂਰ ਨਾ ਜਾਣਾ ਪਿਆ ਤੇ ਬਾਕੀ ਦਾ ਘਰ ਬਚਿਆ ਰਿਹਾ । ਏਸ ਸਮਝੌਤੇ ਏਸ ਇਕ ਘਰ ਦੇ ਦੋ ਦਰਾਂ ਦੇ ਵਾਸੀਆਂ ਨੂੰ ਇਕ ਦੂਜੇ ਦੀ ਇੱਜ਼ਤ ਕਰਨੀ ਤੇ ਮਿਲਜੁਲ ਕੇ ਰਹਿਣਾ ਸਿਖਾ ਦਿੱਤਾ । ਹੁਣ ਜੇ ਕੋਈ ਬਾਬਾ ਆਪਣੇ ਭੌਣ ਤੋਂ ਭਟਕ ਕੇ ਦੂਰ ਵੀ ਚਲਿਆ ਜਾਂਦਾ ਤਾਂ ਚਲਦੇ ਪੈਰ ਰੁਕ ਜਾਦੇ ਤਾਂ ਜੇ ਬਾਬਾ ਆਪਣਾ ਰਾਹ ਚਲਦਾ ਰਵ੍ਹੇ । ਉਧਰ ਬਾਬਿਆਂ ਬੰਦਿਆਂ ਨੂੰ ਵੱਢਣਾ ਬੰਦ ਕਰ  ਦਿੱਤਾ । ਗਵਾਂਢੀ ਗਵਾਂਢਣਾ ਮੁੜ ਜਮਾਲੇ ਦੇ ਘਰ ਆਣ ਜਾਣ ਲਗ ਪਈਆਂ ਤੇ ਜਮਾਲੇ ਦੇ ਤੇਲ ਦੀ ਖਲ ਦੀ ਵਿਕਰੀ  ਵਧ ਗਈ । ਇਕ ਦਿਨ ਜਮਾਲਾ ਦਸ ਮਨ ਸਰੋਂ ਮੰਡੀਉਂ ਲਿਆਇਆ । ਦੂਜੇ ਦਿਨ ਬਾਬਿਆਂ ਦੀ ਬਰਕਤ ਨਾਲ ਬਰਤਾਨੀਆ ਨੇ ਹਿਟਲਰ ਨੂੰ ਜੰਗ ਦਾ ਅਲਟੀਮੇਟਮ ਦੇ ਦਿੱਤਾ । ਫੇਰ ਕੀ ਸੀ । ਜਮਾਲੇ  ਦੀ ਦਸ ਮਣ ਸਰੋਂ ਸੋਨਾ ਬਣ ਗਈ । ਉਸ ਦਿਨ ਜਮਾਲੇ ਬੜੀ ਅਦੀਕਤ ਨਾਲ ਬਾਬਿਆਂ ਦੇ ਖੁਡ ‘ ਤੇ ਇਕ ਭੇਲੀ ਗੁੜ ਦੀ ਚੜ੍ਹਾਈ । ਮਹੱਲੇ ਵਿਚ  ਇਹ ਖਬਰ ਫੈਲ ਗਈ ਕਿ ਬਾਬਿਆਂ ਜਮਾਲੇ ਨੂੰ ਬਰਕਤ ਬਖਸ਼ੀ  । ਜਮਾਲੇ ਨੂੰ ਬਸ਼ਾਰਤਾਂ  ਹੋਣ ਲਗ ਪਈਆਂ । ਮਹੱਲੇ ਦੀਆਂ ਤੀਵੀਆਂ ਬਾਬਿਆਂ ਨੂੰ ਗੁੜ ਚਾੜ੍ਹਨਾ ਸ਼ੁਰੂ ਕਰ ਦਿੱਤਾ । ਕਿਸੇ ਦਾ ਬੱਚਾ ਬੀਮਾਰ ਹੋਵੇ , ਕਿਸੇ ਦੀ ਸੱਸ ਨਾਲ ਲੜਾਈ ਹੋਵੇ , ਸਭ ਆ ਕੇ ਬਾਬਿਆਂ ਨੂੰ ਗੁੜ ਚੜ੍ਹਾਉਂਦੀਆਂ ਤੇ ਸਾਂਈ ਜਮਾਲਾ ਉਹਨਾਂ ਲਈ ਦੁਆਵਾਂ ਤੇ ਗੰਢੇ ਤਾਵੀਜ਼ ਕਰਦਾ ।

ਸਾਂਈ  ਜਮਾਲੇ ਬਾਬਿਆਂ ਦੀ ਖੁਡ ਉੱਤੇ ਇਕ ਛੋਟਾ ਜੇਹਾ ਛੱਪਰ ਪਾ ਦਿੱਤਾ ਤੇ ਹਰ  ਜੁਮਾਰਾਤ ਉਥੇ ਦੀਵਾ ਬਾਲਦਾ । ਲੋਕੀਂ ਉਥੇ ਤੇਲ , ਫਲ , ਪਤਾਸੇ ਤੇ ਦੋਪੱਟੇ ਚੜ੍ਹਾਣ ਲਗ ਪਏ । ਸਾਂਈ  ਜਮਾਲਾ ਸਾਰੀ ਰਾਤ ਰਿਆਜ਼ਤ ਕਰਦਿਆਂ ਦਿਨੇ ਕੋਹਲੂ ਨਾ ਚਲਾ ਸਕਦਾ । ਫੇਰ ਇਕ ਰਾਤ  ਉਹਨੂੰ ਬਸ਼ਾਰਤ ਹੋਈ ਤੇ ਉਹਨੇ ਕੋਹਲੂ ਚੁਕਾ ਦਿੱਤਾ । ਬਲਦ ਵੇਚ ਦਿੱਤਾ । ਕੋਠੜੀ ਨੂੰ ਹੁਜਰਾ ਬਣਾ ਲਿੱਤਾ । ਤੇ ਆਪਣੇ ਪੁੱਤਰਾਂ ਨੂੰ ਚੌੜੇ ਬਾਜ਼ਾਰ ਵਿਚ ਦੋਪੱਟਿਆਂ ਦੀ ਹੱਟੀ ਪਾ ਦਿੱਤੀ । ਇਹ ਉਹਨਾਂ ਦਿਨਾਂ ਦੀ ਗੱਲ ਜੇ ਜਦੋਂ ਖਲੀਫਾ ਮਾਮ ਦੀਨ ਦੀ ਜਵਾਨ ਬੀਵੀ ਨੂੰ ਇਕ ਪੁੱਤਰ ਦੀ ਲੋੜ ਪੈ ਗਈ । ਖ਼ਲੀਫੇ ਦੀ ਪਹਿਲੀ ਬੀਵੀ ਤੋਂ ਔਲਾਦ ਜਵਾਨ ਸੀ ਪਰ ਨੂਰਾਂ ਨੂੰ ਬੱਚਾ ਨਹੀਂ ਸੀ ਹੁੰਦਾ ਤੇ ਖ਼ਲੀਫੇ ਦੀ ਚੰਗੀ ਚੌਖੀ ਜੈਦਾਦ ਸੀ । ਨੂਰਾਂ ਸਾਂਈ   ਜਮਾਲੇ ਨੂੰ ਆਪਣੀ ਬਿਪਤਾ ਸੁਣਾਈ । ਸਾਂਈ  ਹੋਰਾਂ ਨੂਰਾਂ ਨੂੰ ਦੱਸਿਆ ਕਿ ਖਾਵੰਦ ਔਰਤ ਦੇ ਸਿਰ ਦਾ ਤਾਜ ਹੁੰਦਾ ਏ ਤੇ ਉਹਦੀ ਇਜ਼ਾਜ਼ਤੋ ਬਿਨਾ ਕਿਸੇ ਦਰਬਾਰ ਵਿਚ ਰਸਾਈ ਨਹੀਂ ਹੁੰਦੀ । ਅਗਲੀ ਜੁਮਾਰਾਤ ਖਲੀਫ਼ਾ ਮਾਮਦੀਨ ਨੂਰਾਂ ਨੂੰ ਲੈ ਕੇ  ਸਾਂਈ ਜਮਾਲੇ ਕੋਲ ਕੁੱਕੜ , ਸਵਾ ਸੇਰ ਘਿਓ ਤੇ ਪੰਜ ਸੇਰ ਮਿਠਾਈ ਵੀ ਨਜ਼ਰ ਕੀਤੀ । ਨੂਰਾਂ ਚਾਲੀ ਦਿਨ ਤੇ ਚਾਲੀ ਰਾਤਾਂ ਹੁਜਰੇ ਅੰਦਰ ਵਜੀਫ਼ਾ ਕੀਤਾ । ਬਾਬਿਆਂ ਨੂਰਾਂ ਦੀ ਸੁਣ ਲਈ  ਤੇ ਉਹਨੂੰ ਇਕ ਚੰਨ ਜੇਹਾ ਪੁੱਤਰ ਦਿੱਤਾ । ਉਸ ਬਖ਼ਤਾਵਰ ਦਿਨ ਖ਼ਲੀਫਾ ਮਾਮ ਦੀਨ ਨੇ ਬਾਬੇ ਮਕੌੜੇ ਸ਼ਾਹ ਦੇ ਮਜ਼ਾਰ ‘ ਤੇ ਦੇਗਾਂ ਚੜ੍ਹਾਈਆਂ ਤੇ ਉਸ ਦਿਨ ਮੌਲਵੀ ਅਹਮਿਦ ਦੀਨ ਕਲਾਨੌਰੀ ਨੇ ਕਬਰਪ੍ਰਸਤੀ ਤੇ ਸ਼ਰਕ ( ਅੱਲਾਹ ਦੇ ਨਾਲ ਕਿਸੇ ਨੂੰ ਸ਼ਰੀਕ ਬਣਾਓਣਾ ) ਬਾਰੇ ਮਸੀਤ ਵਿਚ ਵਾਆਜ਼ ਕੀਤੀ ।

ਪਰ ਜਿਨ੍ਹਾਂ ਉਤੇ ਬਾਬਾ ਮਕੌੜੇ ਸ਼ਾਹ ਮਿਹਰਬਾਨ ਹੋਵੇ ਉਹਨਾਂ ਨੂੰ ਦੁਸ਼ਮਣਾਂ ਸਿਆਹ – ਸੀਨਿਆਂ ਤੋਂ ਕੀ ਡਰ । ਰੱਬ ਸੱਚੇ ਸਾਈਂ ਜਮਾਲੇ ਨੂੰ ਹੋਰ ਇਜ਼ੱਤ ਬਖਸ਼ੀ । ਉਹਦਾ ਰੁਤਬਾ ਵਧਾ ਕੇ ਸੱਯਦ ਜਮਾਲ ਅਲਦੀਨ ਸ਼ਾਹ ਬੁਖਾਰੀ ਕਰ ਦਿੱਤਾ ਤੇ ਬਾਬਾ ਮਕੌੜੇ ਸ਼ਾਹ ਦਾ ਮਜ਼ਾਰ ਹਜ਼ਰਤ ਸ਼ਾਹ ਦਾ ਡੇਰਾ ਬਣ ਗਿਆ । ਸੱਯਦ ਜਮਾਲ  ਅਲਦੀਨ ਸ਼ਾਹ ਬੁਖਾਰੀ ਤੇ ਉਹਨਾਂ ਦੀ ਇਕ ਆਲ ਮੁਬਾਰਕ ਆਪਣੀ ਨਵੀਂ ਹਵੇਲੀ ਆਸਤਾਨਾ ਸ਼ਾਹ ਵਿਚ ਚਲੇ ਗਏ ਤੇ ਹਜ਼ਰਤ ਸ਼ਾਹ ਦਾ ਡੇਰਾ ਪਹਿਲੇ ਕੋਲੋਂ ਵੱਧ ਆਬਾਦ ਹੋ ਗਿਆ । ਡੇਰੇ ਨੂੰ ਮੁੜ ਕੇ ਬਣਾਇਆ ਗਿਆ । ਗੁੰਬਦਾਂ ਮਹਿਰਾਬਾਂ ਨਾਲ ਸਜਾਇਆ ਗਿਆ । ਸਰਕਾਰਿ ਆਲੀਆ ਨੇ ਸ਼ਾਹ ਸਾਹਿਬ ਨੂੰ ਖ਼ਾਨ ਬਹਾਦਰ ਦਾ ਖ਼ਿਤਾਬ ਦਿੱਤਾ ਤੇ ਡਿਪਟੀ ਕਮਿਸ਼ਨਰ ਸਮਿਥ ਬਹਾਦਰ ਨੇ ਆਲਿ ਸ਼ਾਹ ( ਸ਼ਾਹ ਸਾਹਿਬ ਦੀ ਔਲਾਦ ) ਨੂੰ ਦੋ ਰਾਸ਼ਨ ਡਿਪੋ ਅਲਾਟ ਕਰ  ਦਿੱਤੇ । ਹੁਣ ਚੜ੍ਹਾਵੇ ਦੇ ਸੰਦੂਕ ਨਾਕ ਇਕ ਸੰਦੂਕੜੀ ਹੋਰ ਵੀ ਰਖੀ ਗਈ ਜਿਹੜੇ ਉੱਤੇ ਲਿਖਿਆ ਸੀ ‘ ਵਾਰ ਫੰਡ ‘ ।  ( ਪਰਧਾਨ ) ਸੇਠ ਚਰਨ ਦਾਸ ਨੰਗੇ ਪੈਰੀਂ ਆ ਕੇ ਡੇਰੇ ਸਲਾਮ ਕੀਤਾ ਤੇ ਹਜ਼ਰਤ ਸ਼ਾਹ ਹੋਰਾਂ ਦੇ ਚਰਨਾਂ ਨੂੰ ਹੱਥ ਲਾਏ । ਉਸ ਤੋਂ ਬਾਦ ਉਹ ਹਰ ਜ਼ੁਮਾਰਾਤੀ ਡੇਰੇ ਸਲਾਮੀ ਦਿੰਦਾ । ਹਜ਼ਰਤ ਸ਼ਾਹ ਹੋਰਾਂ ਦੀਆਂ ਨੇਕੀਆਂ , ਕਰਾਮਾਤਾਂ ਦੀਆਂ ਤਾਰੀਫਾਂ ਕਰਦਾ ਤੇ ਹਿੱਦੂਆਂ ਤੇ ਮੁਸਲਮਾਨਾਂ ਨੂੰ ਭਰਾਵਾਂ ਵਾਂਗੂ ਰਹਿਣ ਦੀ ਨਸੀਹਤ ਕਰਦਾ । ਉਹਨਾਂ ਹੀ ਦਿਨਾਂ ਵਿਚ ਜ਼ਿਲ੍ਹਾ ਮੁਸਲਿਮ ਲੀਗ ਦੇ ਸਦਰ ਖ਼ਾਨ ਗਿਆਸਉਲਦੀਨ ਖਾਂ ਤੇ ਮਜਲਸ ਅਹਰਾਰ ਦੇ ਸਦਰ ਮੌਲਾਨਾ ਸਨਾਅ ਅਲਾਹ ਇਨਸਾਰੀ ਨੂੰ ਵੀ ਵਾਰੀ ਵਾਰੀ ਬਸ਼ਾਰਤਾਂ ਹੋਈਆਂ ਤੇ ਉਹਨਾਂ ਵੀ ਵਾਰੀ ਵਾਰੀ ਹਜ਼ਰਤ ਸ਼ਾਹ ਹੋਰਾਂ ਦੇ ਹੱਥ ਤੇ ਬਈਅਤ ਕੀਤੀ । ਹੁਣ ਡੇਰੇ ਤੇ ਹਾਜਤਮੰਦਾਂ  ਦੀ ਭੀੜ ਹੋਣ ਲਗ ਪਈ ਤੇ ਹਜ਼ਰਤ ਸ਼ਾਹ ਹੋਰਾਂ ਲਈ ਸਰਕਾਰੀ ਤੇ ਗੈਰ ਸਰਕਾਰੀ ਇਕੱਠਾਂ ਉਤੇ ਜਾਣਾ ਜ਼ਰੂਰੀ ਹੋ ਗਿਆ । ਡੇਰੇ ਦੀ ਰੌਨਕ ਵਧਦੀ ਗਈ ਤੇ ਹਜ਼ਰਤ ਸ਼ਾਹ ਦੇ ਮੁਰਾਤਬੇ ਬੁਲੰਦ ਹੋਂਦੇ ਗਏ ।

ਫੇਰ ਕਰਨਾ ਰੱਬ ਦਾ ਕਿ ਪਾਕਿਸਤਾਨ ਬਣ ਗਿਆ । ਹਜ਼ਰਤ ਸ਼ਾਹ ਹੋਰਾਂ ਨੂੰ ਸ਼ੈਤਾਨ ਧੋਖੇ ਵਿਚ ਰਖਿਆ ਤੇ ਲੁਧਿਆਣਾ ਪਾਕਿਸਤਾਨ ਵਿਚ ਨਾ ਆਇਆ । ਹਜ਼ਰਤ ਸ਼ਾਹ ਹੋਰਾਂ ਨੂੰ ਹਿਜਰਤ ਦਾ ਹੁਕਮ ਹੋਇਆ । ਪਾਕਿਸਤਾਨ ਆ ਕੇ ਉਹ ਹਰ ਵੇਲੇ ਰੋਂਦੇ ਰਹਿੰਦੇ । ਸਾਹਬਜ਼ਾਦਿਆਂ ਉਹਨਾਂ ਨੂੰ ਬੜਾ ਸਮਝਾਇਆ ਕਿ ਪੰਦਰਾਂ ਸੇਰ ਸੋਨਾ ਕਿ ਸ਼ੈ ਹੁੰਦੀ ਏ ਪਰ ਹਜ਼ਰਤ ਸ਼ਾਹ ਦੇ ਅੱਥਰੂ ਨਾ ਰੁਕਦੇ । ਉਹਨਾਂ ਨੂੰ ਤਾਂ ਡੇਰੇ ਦੀ ਜੁਦਾਈ ਦਾ ਘੁਣ ਲਗ ਗਿਆ ਸੀ । ਹੌਲੀ ਹੌਲੀ ਮੁਰੀਦਾਂ ਨੂੰ ਪਤਾ ਲਗਿਆ ਤੇ ਤੇ ਉਹ ਵਾਲਟਨ ਕੈਂਪ ਹਜ਼ਰਤ ਸ਼ਾਹ ਹੋਰਾਂ ਕੋਲ ਪਹੁੰਚੇ । ਮੁਰੀਦਾਂ ਨੂੰ ਮਿਲ ਕੇ ਹਜ਼ਰਤ ਸ਼ਾਦ ਹੋਏ । ਇਕ ਰਾਤ ਬਸ਼ਾਰਤ ਹੋਈ ਤੇ ਹਜ਼ਰਤ ਸ਼ਾਹ ਸਾਹਬਜ਼ਾਦਿਆਂ , ਬੀਬੀ ਪਾਕ ਤੇ ਮਾਈ ਪਾਕ ਨੂੰ ਮੀਆਂ ਮੁਨੀਰ ਅਹਿਮਦ ਲੁਧਿਆਨਵੀ ਬੀ. ਏ . ਐਲ – ਐਲ . ਬੀ . ਐਡਵੋਕੇਟ ਦੀ ਕੋਠੀ ਛੱਡ ਕੇ ਆਪੂੰ ਟਿੱਬਾ ਗੁਲਾਬ ਸਿੰਘ ਚਲੇ ਗਏ । ਟਿੱਬੇ ਦਾ ਪਟਵਾਰੀ ਆਪ ਦੇ ਨਾਲ ਸੀ । ਡੇਰੇ ਦੀ ਜੁਦਾਈ ਦੇ ਜ਼ੁਅਫ ਬਾਇਸ ( ਕਮਜ਼ੋਰੀ ਦੇ ਕਾਰਨ ) ਆਪ ਖੂੰਟੇ ਤੇ ਪੂਰਾ ਭਾਰ ਪਾ ਕੇ ਚਲਦੇ । ਇਕ ਥਾਂ ਖੂੰਟਾ ਸ਼ਰੀਫ਼ ਜ਼ਮੀਨ ਵਿਚ ਖੁਭ ਗਿਆ । ਆਪ ਨੇ ਵੀ ਉਥੇ ਈ ਤਸ਼ਰੀਫ਼ ਰਖ ਦਿੱਤੀ । ਪਿੰਡ ਵਾਲਿਆਂ  ਖੜਿਆਂ ਖੜਿਆਂ ਇਕ ਛੱਪਰ ਖੜ੍ਹਾ ਕਰ ਦਿੱਤਾ । ਮੰਜੀਆਂ ਬਿਸਤਰ ਆ ਗਏ ਤੇ ਨੌਕਰਾਣੀਆਂ ਹਜ਼ਰਤ ਸ਼ਾਹ ਦੀਆਂ ਮੁੱਠੀਆਂ ਭਰਨ ਲਗ ਪਈਆਂ । ਅਗਲੇ ਦਿਨ ਤਹਿਸੀਲਦਾਰ ਆਇਆ । ਆਪ ਦੇ ਪੈਰ ਫੜ ਕੇ ਰੋੰ ਲਗ ਪਿਆ । ਉਹ ਵੀ ਆਪ ਦਾ ਮੁਰੀਦ ਸੀ । ਇਹ ਜ਼ਮੀਨ ਇਕ ਸਰਦਾਰ ਪਰਤਾਪ ਸਿੰਘ ਛੱਡ ਗਿਆ ਸੀ । ਕੁੱਲ ਪੰਦਰਾਂ ਸੌ ਕਿੱਲੇ । ਏਸ ਦੀ ਅਲਾਟਮੈਂਟ ‘ ਤੇ ਹੀ ਰੱਬ ਦੇ ਸ਼ੁਕਰ ਗੁਜ਼ਾਰ ਹੋਏ । ਟਿੱਬਾ ਗੁਲਾਬ ਸਿੰਘ ਦੇ ਦਿਨ ਫਿਰ ਗਏ । ਹਜ਼ਰਤ ਸ਼ਾਹ ਦੇ ਡੇਰੇ ਟਿੱਬਾ ਗੁਲਾਬ ਸਿੰਘ ਨੂੰ ਟਿੱਬਾ ਸ਼ਰੀਫ਼ ਬਣਾ ਦਿੱਤਾ । ਮੁਰੀਦਾਂ ਨੂੰ ਟਿੱਬੇ ਸ਼ਰੀਫ਼ ਦੀ ਖਬਰ ਅਪੜੀ ਤੇ ਉਹ ਡੇਰੇ ਹਾਜ਼ਰੀ ਦੇਣ ਲੱਗੇ । ਡੇਰੇ ਤੇ ਤੁਫੈਲ ਉਹ ਮੁੜ ਘਰਾਂ , ਜ਼ਮੀਨਾਂ ਦੇ ਮਾਲਕ ਬਣੇ , ਉਹ ਵੀ ਟਿੱਬਾ ਸ਼ਰੀਫ਼ ਦੇ ਆਲੇ – ਦੁਆਲੇ । ਜਿਨ੍ਹਾਂ ਦੇ ਦਿਲਾਂ ਵਿਚ ਸ਼ਕ ਦੀ ਸਿਆਹੀ ਸੀ ਉਹ ਖੁਆਰ ਹੋਏ ਤੇ ਡੇਰੇ ਦਾ ਜਲਾਲ ਵਧਦਾ ਗਿਆ । ਹਜ਼ਰਤ ਸ਼ਾਹ ਦੀ ਬਜ਼ੁਰਗੀ ਦੀ ਸ਼ੁਹਰਤ ਦੂਰ ਦੂਰ ਅਪੜੀ । ਤੇ ਪਾਕਿਸਤਾਨ ਦੇ ਕੋਨੇ ਕੋਨੇ ਤੋਂ ਅਮੀਰ ਗਰੀਬ ਫ਼ੈਜ਼ਯਾਬ ਹੋਣ ਲਈ ਟਿੱਬੇ ਸ਼ਰੀਫ਼ ਆਣ ਲੱਗੇ । ਕਰਨਾ ਖੁਦਾ ਦਾ  , ਜਦੋਂ ਮੁੰਤਕਲੀਆਂ ਦੀ ਵਾਰੀ ਆਈ ਤੇ ਹਜ਼ਰਤ ਸ਼ਾਹ ਦੀਆਂ ਜਮ੍ਹਾਂਬੰਦੀਆਂ ਮਸ਼ਰਕੀ ਪੰਜਾਬ ਤੋਂ ਨਾ ਆਈਆਂ , ਡਿਪਟੀ ਕਮਿਸ਼ਨਰ ਹੱਦ ਕੋਸ਼ਿਸ਼ਾਂ ਕੀਤੀਆਂ ਪਰ ਪਰਤਾਪ ਸਿੰਘ ਦੇ ਪੰਦਰਾਂ ਸੌ ਕਿੱਲੇ ਇਕ ਏ. ਡੀ. ਐਸ. ਐਮ. ਕੇ. ਨਕਵੀ ਨੂੰ ਮਿਲ ਗਏ । ਉਹ ਛੱਬੀ ਸੌ ਏਕੜ ਦਾ ਬਾਗ ਬਾਰਾਬੰਕੀ ਵਿਚ ਛੱਡ ਆਇਆ ਸੀ ਤੇ ਜਮ੍ਹਾਂਬੰਦੀਆਂ ਦੀ  ਉਸ  ਨੂੰ ਲੋੜ ਨਹੀਂ ਸੀ । ( ਪਾਕਿਸਤਾਨ ਦੇ ਵਜ਼ੀਰ ਆਜ਼ਮ ਲਿਆਕਤ ਅਲੀ ਖਾਂ ਨੇ ਇਹ ਕਾਨੂੰਨ ਬਣਾਇਆ ਸੀ ਪਈ ਭਾਰਤੀ ਪੰਜਾਬ ਤੋਂ ਆਓਣ ਵਾਲਿਆਂ ਨੂੰ ਜ਼ਮੀਨ ਉਨੀ ਦਿੱਤੀ ਜਾਵੇ ਜਿੰਨੀ ਭਾਰਤੀ ਪੰਜਾਬ ਦੀਆਂ ਜਮ੍ਹਾਂਬੰਦੀਆਂ ( ਪਟਵਾਰੀ ਦੇ ਕਾਗਜਾਂ ) ਵਿਚ ਲਿਖੀ ਹੋਵੇ । ਪਰ ਯੂ ਪੀ ਤੋਂ ਆਓਣ ਵਾਲਿਆਂ ਨੂੰ ਪਟਵਾਰੀ ਦੇ ਕਾਗਜਾਂ ਦੀ ਪੜਤਾਲ ਦੀ ਲੋੜ ਨਹੀਂ; ਉਹ ਜਿੰਨੀ ਕਹਿ ਦੇਣ ਉਨੀ ਜ਼ਮੀਨ ਉਹਨਾਂ ਨੂੰ ਦੇ ਦਿੱਤੀ ਜਾਵੇ । ) ਪਰ ਜਿਸ ਦਿਨ ਉਹ ਜ਼ਮੀਨ ਵੇਖਣ ਆਇਆ , ਉਹਦੇ ਦੂਜੇ ਦਿਨ ਦੀ ਆਪਣੀ ਮੁੰਤਕਿਲੀ ਮਨਸੂਖ ਕਰਵਾ ਲਈ । ਮੁਰੀਦਾਂ ਹਜ਼ਰਤ ਸ਼ਾਹ ਹੋਰਾਂ ਨੂੰ ਦੱਸਿਆ ਕਿ ਇਹ ਏ. ਡੀ. ਐਸ. ਐਮ. ਕੇ. ਨਕਵੀ ਅਸਲ ਵਿਚ ਮੌਲਵੀ ਅਹਿਮਦ ਦੀਨ ਕਲਾਨੌਰੀ ਸੀ । ਪਰ ਹਜ਼ਰਤ ਸ਼ਾਹ ਹੋਰਾਂ ਦੀ ਸ਼ਾਨ ਵੇਖੋ । ਉਹਨਾਂ ਉਸ ਮਰਦੂਦ ਵਾਸਤੇ ਦੁਆ ਫੁਰਮਾਈ ਤੇ ਉਹਨੂੰ ਆਰਫ਼ ਵਾਲੇ ਵਿਚ ਟਿੱਬਾ ਸ਼ਰੀਫ਼ ਤੋਂ ਵੱਧ ਚੰਗੀ ਜ਼ਮੀਨ ਮਿਲ ਗਈ । ਏਸ ਤੋਂ ਵੱਧ , ਅਸੰਬਲੀ ਦੇ ਇਲੈਕਸ਼ਨਾਂ ਉੱਤੇ ਜਦੋਂ ਕਮਿਸ਼ਨਰ ਸਾਹਿਬ ਸ਼ਾਹ ਹੋਰਾਂ ਨੂੰ ਮੈਂਬਰੀ ਵਾਸਤੇ ਆਖਿਆ ਤਾਂ ਆਪ ਨੇ ਫ਼ੱਤੇ ਦੇ ਸਿਰ ਉਤੇ ਹੱਥ ਰਖ ਦਿੱਤਾ । ਫ਼ੱਤਾ ਫ਼ੱਤਿਉਂ ਚੌਧਰੀ ਫ਼ਤਹ ਦੀਨ ਐਮ. ਪੀ. ਏ. ਬਣ ਗਿਆ । ਤੇ ਅੰਸਬਲੀਆਂ ਤੇ ਦਫਤਰਾਂ ਵਿਚ ਹਜ਼ਰਤ ਸ਼ਾਹ ਹੋਰਾਂ ਦਾ ਨਾਂ ਬੜੇ ਅਦਬ ਨਾਲ ਲਿੱਤਾ ਜਾਣ ਲਗਿਆ । ਹਾਜਤਮੰਦਾਂ ਦੀਆਂ ਹਾਜਤਾਂ ਪੂਰੀਆਂ ਹੋਣ ਲੱਗੀਆਂ ਤੇ ਬਦਕਾਰਾਂ ਉਤੇ ਰੱਬ ਦਾ ਗਜ਼ਬ ਬਰਸਿਆ । ਜ਼ਿਮੀਂਦਾਰ ਤੇ ਮੁਜ਼ਾਰਾ ਆਪਸ ਵਿਚ ਪਿਆਰ ਨਾਲ ਰਹਿਣ ਲਗ ਪਏ । ਜੇ ਕੋਈ ਮੁਜ਼ਾਰਾ ਕਿਸੇ ਗਰੀਬ ਜ਼ਿਮੀਂਦਾਰ ਨੂੰ ਤੰਗ ਕਰਦਾ ਤੇ ਮੁਜ਼ਾਰਾ ਦੀ ਧੀ ਕੱਢੀ ਜਾਂਦੀ ਤੇ ਹਜ਼ਰਤ ਚੌਥੇ ਪੰਜਵੇਂ ਥਾਨੇਦਾਰ ਨੂੰ ਸੁਨੇਹਾ ਭੇਜ ਕੇ ਮੁਜ਼ਾਰੇ ਨੂੰ ਹਵਾਲਾਤੋਂ  ਮੰਗਵਾ ਲੈਂਦੇ । ਆਪ ਦੀ ਦੁਆ ਨਾਲ ਮੁਜ਼ਾਰੇ ਦੀ ਧੀ ਵੀ ਆਪੂੰ ਘਰ ਮੁੜ ਆਓਂਦੀ । ਇੰਜ ਟਿੱਬੇ ਸ਼ਰੀਫ਼ ਤੇ ਉਹਦੇ ਵਾਸੀਆਂ ਉੱਤੇ ਰੱਬ ਦੀ ਰਹਿਮਤ ਬਰਸਦੀ ਰਹੀ ।

ਇਕ ਗੱਲ ਜਿਵੇਂ ਦੀ ਤਿਵੇਂ ਰਹੀ । ਉਹ ਇਹ ਕਿ ਹਜ਼ਰਤ ਸ਼ਾਹ ਦੀਆਂ ਜਮ੍ਹਾਂਬੰਦੀਆਂ  ਨਾ ਆਈਆਂ ਤੇ ਜ਼ਮੀਨ ਦਾ ਪੱਕਾ ਫੈਸਲਾ ਨਾ ਹੋਇਆ । ਪਤ ਹਜ਼ਰਤ ਸ਼ਾਹ ਨੂੰ ਕੀ ਗ਼ਮ ! ਜ਼ਮੀਨ ਤਾਂ ਡੇਰੇ ਦੀ ਸੀ . ਉਹਨਾਂ ਦੀ ਨਹੀਂ । ਉਹਨਾਂ ਨੂੰ ਤੇ ਉਸ ਵੱਡੀ ਸਰਕਾਰ ਦੋ ਚੌਲਾਂ ਦੀਆਂ ਮਿੱਲਾਂ ਤੇ ਇਕ ਆਈਸ ਫੈਕਟਰੀ ਬ਼ਖਸ਼ ਦਿੱਤੀ ਸੀ । ਫੇਰ ਵੀ ਜਦੋਂ ਵਜ਼ਾਰਤ ਬਦਲਦੀ , ਕਮਿਸ਼ਨਰ ਆ ਕੇ ਹਜ਼ਰਤ ਸ਼ਾਹ ਹੋਰਾਂ ਨੂੰ ਖ਼ਿਲਵਤ ਵਿਚ ਮਿਲਦਾ ਤੇ ਜ਼ਮੀਨ ਬਾਰੇ ਗੱਲਬਾਤ ਕਰਦਾ , ਤੇ ਫ਼ੈਜ਼ ਪਾ ਕੇ ਜਾਂਦਾ । ਹਰ ਨਵੀਂ ਵਜ਼ਾਰਤ ਵਿਚ ਹਜ਼ਰਤ ਸ਼ਾਹ ਦੀ ਪਾਰਟੀ ਪਹਿਲੇ ਕੋਲੋਂ ਵੱਧ ਤਗੜੀ ਹੋ ਕੇ ਨਿਕਲਦੀ । ਇੰਜ ਜਦੋਂ ਵੀ ਵਜ਼ਾਰਤ ਬਦਲੀ , ਹਜ਼ਰਤ ਸ਼ਾਹ ਹੋਰਾਂ ਨੂੰ ਬਿਲਡਿੰਗਾਂ , ਫ਼ੈਕਟਰੀਆਂ ਤੇ ਸਿਨਮਾਘਰਾਂ ਦੇ ਨਜ਼ਰਾਨੇ ਪੇਸ਼ ਹੋਏ ।

ਸਾਹਿਬਜ਼ਾਦਾ ਅਲਾਉਦੀਨ –  ਉਲਦੀਨ ਸ਼ਾਹ ਬੁਖ਼ਾਰੀ  ਤੇ  ਸਾਹਿਬਜ਼ਾਦਾ ਤਾਜਉਲਦੀਨ ਸ਼ਾਹ ਬੁਖ਼ਾਰੀ ਟੱਬਰਾਂ ਵਾਲੇ ਹੋ ਚੁੱਕੇ ਸਨ ਤੇ ਅਗਿਓਂ ਉਹਨਾਂ ਦੇ ਪੁੱਤਰ ਐਚੀਸਨ ਕਾਲਜ ਦੀਆਂ ਉਚੀਆਂ ਜਮਾਤਾਂ ਵਿਚ ਅਪੜ ਗਏ ਸਨ । ਹਜ਼ਰਤ ਸ਼ਾਹ ਨੂੰ ਆਪਣੇ ਪੋਤਿਆਂ ਨਾਲ ਬੜਾ ਪਿਆਰ ਸੀ । ਉਹਨਾਂ ਗੁਲਬਰਗ ਵਿਚ ਇਕ ਇਕਤਾਲੀ ਕਨਾਲ ਦਾ ਟੁਕੜਾ ਲੈ ਕੇ ਇਕ ਆਸਤਾਨਾ ਸ਼ਰੀਫ਼ ਲਾਹੋਰ ਵਿਚ ਵਿਚ ਬਣਾ ਲਿਆ । ਤੇ ਹੁਣ ਬਹੁਤਾ ਵੇਲਾ ਉਥੇ ਈ ਗੁਜ਼ਾਰਦੇ । ਮਾਈ ਪਾਕ ਗੋਸ਼ਾ ਨਸ਼ੀਨ ਹੋ ਚੁੱਕੇ ਸਨ ਤੇ ਆਪ ਨੇ ਬਸ਼ਾਰਤ ਮੁਤਾਬਕ ਇਕ ਭਾਗ ਭਰੀ ਚੰਚਲ ਬਾਈ ਨੂੰ ਹਰਮ ਵਿਚ ਸ਼ਾਮਿਲ ਹੋਣ ਦੀ ਇੱਜ਼ਤ ਬਖ਼ਸ਼ੀ । ਹਜ਼ਰਤ ਸ਼ਾਹ ਹੋਰੀਂ ਰਿਆਜ਼ਤ ਦੀਆਂ ਹੱਦਾਂ ਟਪ ਚੁੱਕੇ ਸਨ । ਹੁਣ ਉਹਨਾਂ ਦਾ ਵੱਧ ਵਕਤ ਵਜ਼ੀਰਾਂ ਤੇ ਸੈਕਟਰੀਆਂ ਨੂੰ ਇੱਜ਼ਤ ਬਖ਼ਸ਼ਣ ਵਿਚ ਗੁਜ਼ਰਦਾ । ਯਾ ਕਦੇ ਕਦੇ ਗੋਰਮਿੰਟ ਹਾਊਸ ਹੋ ਆਓਂਦੇ । ਤੇ ਬਾਕੀ ਵੇਲੇ ਉਹ ਚੰਚਲ ਬਾਈ  ਕੋਲੋਂ ਮਜ਼ਾਜ਼ ਦੇ ਗੀਤਾਂ ਵਿਚ ਹਕੀਕਤ ਦੇ ਰਾਜ਼ ਸੁਣਦੇ । ਤੇ ਹਰਮ ਦੀਆਂ ਦੂਜੀਆਂ ਬੀਬੀਆਂ ਉਹਨਾਂ ਦੀ ਮੁੱਠੀ ਚਾਪੀ ਕਰਦੀਆਂ । ਇਹ ਬੀਬੀਆਂ ਹਜ਼ਰਤ ਸ਼ਾਹ ਹੋਰਾਂ ਬਸ਼ਾਰਤ ਮੁਤਾਬਕ ਪਾਕਿਸਤਾਨ ਦੇ ਕੋਨੇ ਕੋਨੇ ਤੋਂ ਚੁਣੀਆਂ ਸਨ । ਉਹਨਾਂ ਵਾਸਤੇ ਵਖ ਵਖ ਕੋਠੀਆਂ ਬਣਵਾਈਆਂ ਤੇ ਹਰ ਇਕ ਵਾਸਤੇ ਉਹਦੀ ਮਰਜ਼ੀ ਦੀ ਕਾਰ ਤੇ ਡਰਾਈਵਰ । ਇਹ ਬੀਬੀਆਂ ਹਜ਼ਰਤ ਸ਼ਾਹ ਦੀਆਂ ਖ਼ਿਦਮਤ ਗੁਜ਼ਾਰ ਸਨ ਤੇ ਉਹਨਾਂ ਦੇ ਪੋਤਿਆਂ ‘ਤੇ ਨਿਸਾਰ । ਹਜ਼ਰਤ ਸ਼ਾਹ ਦੇ ਪੋਤੇ ਦਿਨ ਰਾਤ ਆਸਤਾਨਾ ਸ਼ਰੀਫ਼ ਦੀ ਅਨੈਕਸੀ ਵਿਚ ਗੁਜ਼ਾਰਦੇ । ਇਹ ਚਾਰ ਕਨਾਲ ਦੀ ਅਨੈਕਸੀ ਹਜ਼ਰਤ ਸ਼ਾਹ ਹੋਰਾਂ ਕੋਲੋਂ ਇਕ ਗ਼ੈਰ ਮੁਲਕੀ ਸਫ਼ਾਰਤ ਖ਼ਾਨੇ ਵਾਲਿਆਂ ਪੰਜ ਲੱਖ ਦੇ ਬਦਲੇ ਤਿਨ ਸਾਲ ਲਈ ਕਿਰਾਏ ‘ ਤੇ ਲਈ ਹੋਈ ਸੀ । ਇਹ ਉਸ ਸਫ਼ਾਰਤਖ਼ਾਨੇ ਦਾ ਮਹਿਮਾਨਖ਼ਾਨਾ ਸੀ । ਹਰ  ਸ਼ਾਮੀਂ ਸਫ਼ਾਰਤਖ਼ਾਨੇ ਦਾ ਇਕ ਬੰਦਾ ਆਉਂਦਾ ਤੇ ਇਕ ਬੋਕਸ ਵਿਸਕੀ ਤੇ ਚਾਕਲੇਟ ਤੇ ਕੈਂਡੀ ਦੇ ਡੱਬੇ ਛਡ ਜਾਂਦਾ । ਫੇਰ ਹਜ਼ਰਤ ਸ਼ਾਹ ਹੋਰਾਂ ਦੇ ਛੇ ਪੋਤੇ ਤੇ ਉਹਨਾਂ ਦੇ ਪੰਦਰਾ ਵੀਹ ਯਾਰ ਬੇਲੀ ਅਮੀਰਾਂ ਅਫਸਰਾਂ ਦੀਆਂ ਤੀਹ ਚਾਲੀ ਧੀਆਂ ਨਾਲ ਰਾਤ ਭਰ ਟਵਿਸਟ ਕਰਦੇ । ਤੇ ਦੂਜੇ ਦਿਨ ਫ਼ਜਰੇ ਫ਼ਜਰੇ ਨੌਕਰਾਂ ਦੇ ਨਿਆਣੇ ਰਬੜ ਦੇ ਗੁਬਾਰਿਆਂ ਤੋਂ  ਲੜਦੇ  । ਇਹਨਾਂ ਕੁੜੀਆਂ ਦੀਆਂ ਮਾਵਾਂ ਘਰੋ ਘਰੀ ਆਪਣੀਆਂ ਧੀਆਂ ਲਈ ਸੋਚਾਂ ਦੇ ਮੱਹਲ ਬਣਾਉਂਦੀਆਂ । ਪਰ ਹਜ਼ਰਤ ਸ਼ਾਹ ਦੇ ਪੋਤਿਆਂ ਦੀਆਂ ਮੰਜ਼ਲਾਂ ਉਚੀਆਂ ਸਨ । ਪਿਛੇ ਜਿਹੇ ਹਜ਼ਰਤ ਸ਼ਾਹ ਹੋਰੀਂ ਮੁਲਕ ਦੇ ਸਭ  ਵੱਡੇ ਆਦਮੀ ਨੂੰ  ਇਜ਼ੱਤ ਬਖ਼ਸ਼ਣ ਗਏ , ਤੇ ਇਕ ਸਟੀਲ ਮਿੱਲ ਤੇ ਇਕ ਜੂਟ ਮਿੱਲ ਦੀ ਗੱਲ ਕੀਤੀ ਤੇ ਉਸ ਸਭ ਤੋਂ ਵਡੇ ਬੰਦੇ ਨੇ ਆਪਣੀਆਂ ਦੋ ਦੋਹਤੀਆਂ ਦਾ ਜ਼ਿਕਰ ਕੀਤਾ । ਵਿਆਹ ਦਾ ਦਿਨ ਰਖਣ ਲਈ ਹੁਣ ਹਜ਼ਰਤ ਸ਼ਾਹ ਹੋਰਾਂ ਨੂੰ ਬਸ਼ਾਰਤ ਦੀ ਉਡੀਕ ਏ ।

-0-0-0-

Friday, October 7, 2011

ਮਾਰਖੋਰੇ (ਕਹਾਣੀ)

-ਲਾਲ ਸਿੰਘ ਦਸੂਹਾ

ਐਓਂ ਕਰੀਂ , ਟੁਟਵੀਂ ਟਿਕਟ ਲਈਂ । ਘੱਟੋ ਘੱਟ ਪੰਜਾਹ ਪੈਸੇ ਬਚਣਗੇ । ਉਹਨਾਂ ਪੈਸਿਆਂ ਦੀ ਇਕ ਹੋਰ ਅਖ਼ਬਾਰ ਖ਼ਰੀਦ ਲਈਂ । ਆਪਣੀ ਭਾਸ਼ਾ ਦੀ ਗੋਸ਼ਟੀ ਸਮੇਂ ਤੇਰੇ ਹੱਥ ਅੰਗਰੇਜੀ ਅਖ਼ਬਾਰ ਨਹੀਂ ਜਚੇਗੀ । ਬੱਸੋਂ ਉਤਰ ਕੇ ਰਿਕਸ਼ਾ ਕਰ ਲਈਂ ਤੇ ਸਰਕਾਰੀ ਕਾਲਿਜ ਦੇ ਅੰਦਰਲੇ ਗੇਟ ਤੱਕ ਪਹੁੰਚ ਜਾਈਂ । ਬਾਹਰਲੇ ਗੇਟ ‘ ਤੇ ਬੈਠਾ ਚਪੜਾਸੀ ਤੈਨੂੰ ਕੁਝ ਨਹੀਂ ਪੁਛੇਗਾ , ਉਂਝ ਤੇਰੀ ਵਲ ਦੇਖੇਗਾ ਜ਼ਰੂਰ । ਜੇ ਪੈਦਲ ਲੰਘਿਉਂ ਤਾਂ ਤੇਰੀ ਖਾਕੀ ਪੱਗ ਅਤੇ ਖਾਕੀ ਪੈਂਟ ਦੇਖ ਕੇ ਉਹ ਤੈਨੂੰ ਸੂਹੀਆ-ਪੁਲਿਸ ਸਮਝੂ ਜਾਂ ਆਪਣਾ ਚੌਥਾ ਦਰਜਾ ਭਰਾ । ਤੇਰੇ ਹੱਥ ਲਟਕਦਾ , ਪੁਰਸਕਾਰ ਅਕਾਡਮੀ ਦਾ ਮੁਫ਼ਤ ਦਿੱਤਾ ਬਰੀਫ਼ ਕੇਸ ਵੀ ਤੇਰਾ ਬਚਾ ਕਰੂ , ਅਤੇ ਰਿਕਸ਼ੇ ਦੀ ਸਵਾਰੀ ਤੇਰੇ ਪ੍ਰਭਾਵ ‘ਚ ਵਾਧਾ ਕਰੂ । ਕਿਉਂਕਿ ਚਿਹਰੇ ਤੋਂ ਤੂੰ ਆਲੋਚਕ ਨਹੀਂ ਫੌਜੀ ਜਾਪਦੈਂ । ਚਪੜਾਸੀ ਵਿਚਾਰਾ ਕੀ ਜਾਣੇ ਕਿ ਤੂੰ ਡਾਕਟਰ ਵੀ ਏਂ ਆਪਣੀ ਬੋਲੀ ਦਾ । ਚੀਰ-ਫਾੜ ਚੰਗੀ ਕਰ ਲੈਨੈਂ ਆਪਣੇ ਸਾਹਿਤ ਦੀ । ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਆਖਣ ਦਾ ਹੌਸਲਾ ਵੀ ਹੈ ਤੇਰੇ ਕੋਲ । ਇਸ ਲਈ ਮੇਰੇ .... ਆਰ , ਸੰਭਲ ਕੇ ਜਾਈ , ਕਿਤੋ ਉਹੋ ਗੱਲ ਨਾ ਹੋਵੇ ਕਿ ਉਥੋਂ ਦਾ ‘ ਸਥਾਪਿਤ ’ ਪ੍ਰੋਫੈਸਰ ਬਾਹਰਲੇ ਗੇਟ ‘ ਤੇ ਹੀ ਤੇਰੀ ਕੰਡ ਲਾਉਣ ਲਈ ਯੋਜਨਾ ਬਣਾਈ ਬੈਠਾ ਹੋਵੇ ।ਉਂਝ ਮੈਨੂੰ ਵਿਸ਼ਵਾਸ਼ ਹੈ ਕਿ ਉਹ ਉਥੇ ਨਹੀਂ ਹੋਵੇਗਾ । ਜੇ ਹੋਇਆ ਤਾਂ ਖਿਸਕਦਾ ਬਣੇਗਾ , ਤੇਰੇ ਨਾਂ ਤੋਂ ਉਹ ਬੜਾ ਡਰਦੈ । ਪਤਾ ਨਹੀਂ ਕਿਉਂ ? ਸ਼ਾਇਦ ਇਸ ਲਈ ਤੂੰ ਵੱਡੀਆਂ ਗੋਸ਼ਟੀਆਂ ਦੀ ਪ੍ਰਧਾਨਗੀ ਕਰ ਬੈਠੈਂ । ਕਈ ਪੁਰਸਕਾਰ ਹਥਿਆ ਚੁਕੈਂ । ਉਹ ਵਿਚਾਰਾ ਕੱਲ ਦਾ ਛੋਕਰਾ ਤੇਰੇ ਸਾਹਵੇਂ ਕੀ ਐ । ਉਹਨੂੰ ਹਾਲੀਂ ਕੀ ਪਤਾ ਕਿ ਸਾਡੇ ਖੇਤਰ ਵਿਚ ਪੰਜ-ਹਜ਼ਾਰੀ ਕਿਵੇਂ ਮਿਲਦੀ ਐਂ ? ਸਰਬੋਤਮਤਾ ਪ੍ਰਾਪਤ ਕਰਨ ਲਈ ਕਿਹੜੇ ਕਿਹੜੇ ਪਾਪੜ ਵੇਲਣੇ ਪੈਂਦੇ ਐ ? ਉਹ ਬਿਆਸ ਦੀ ਬੁਚਆਈ ਅੰਦਰ ਡੁਬੇ ਕਸਬੇ ਦੇ ਗੁਆਂਡ ਦਾ ਪੈਂਡੂ ! ਤੇ ਤੂੰ ਸਾਫ਼ ਸੁਥਰੇ , ਸਾਹਿਤਕ ਸਰਗਰਮੀਆਂ ਵਿਚ ਤੁਰਦੇ , ਸ਼ਹਿਰ ਦਾ ਵਸਨੀਕ ! ‘’ ਕਿਥੇ ਟੈਂ ਟੈਂ ਕਿਥੇ ਰਾਮ ਰਾਮ ! ‘’
ਅੰਦਰਲੇ ਗੇਟ ‘ਤੇ ਬੈਠੇ ਚਪੜਾਸੀ ਤੋਂ ਜ਼ਰਾ ਰੋਅਬ –ਦਾਬ ਨਾਲ ਪੁਛੀਂ ਕਿ ਪ੍ਰੋ: ਕੌੜਾ ਸਾਹਿਬ ਦਾ ਦਫ਼ਤਰ ਕਿਹੜਾ ਐ ? ਉਹ ਬੜੀ ਨਿਮਰਤਾ ਨਾਲ ਉਠ ਖੜਾ ਹੋਵੇਗਾ ! ਥਰੈਸ਼ਰ ਨਾਲ ਟੁਕੀ ਬਾਂਹ ਦੇ ਟੁੰਡ ਨਾਲ ਦਿਸ਼ਾ ਦੱਸਗਾ । ਤੂੰ ਸਿੱਧਾ ਉਹਦੇ ‘ਆਫਿਸ ’ ਪਹੁੰਚ ਜਾਈਂ । ਚਿੱਕ ਲੱਗੀ ਹੋਵੇਗੀ , ਦਰਵਾਜ਼ੇ ‘ ਤੇ । ਅੰਦਰ ਚਲਾ ਜਾਈਂ , ਝਿਜਕੀਂ ਨਾ । ਜੇ ਅੰਦਰ ਹੋਇਆ ਤਾਂ ਪ੍ਰੋ: ਕੌੜਾ ਤੈਨੂੰ ਬੜੇ ਤਪਾਕ ਨਾਲ ਮਿਲੂ । ਤੇਰੇ ਅੰਦਰ ਦੂਰ ਤੱਕ ਲਹਿ ਜਾਵੇਗਾ । ਤੂੰ ਮਨੋਮਨੀ ਮੈਨੂੰ ਕੋਸੇਂਗਾ । ਪ੍ਰੋ: ਕੌੜੇ ਦਾ ਜਿਹੜਾ ਪ੍ਰਭਾਵ ਮੈਂ ਤੈਨੂੰ ਦਿੱਤਾ ..... ਉਹ ਤੈਨੂੰ ਬਿਲਕੁਲ ਉਸ ਦੇ ਉਲਟ ਜਾਪੇਗਾ ! ਤੈਨੂੰ ਉਹ ਬੜਾ ਮਿਲਾਪੜਾ ,ਸੁਸ਼ੀਲ ,ਹੱਸਮੁੱਖ ਤੇ ਨਿੱਘਾ ਜਾਪੇਗਾ । ਹੈ ਵੀ ਇਵੇਂ ਈ .... ਪੰਜ ਮਿੰਟਾਂ ਪਿੱਛੋਂ ਉਹ ਉਠ ਖੜਾ ਹੋਵੇਗਾ । ਘੰਟੀ ਲਾਉਣ ਤੇ ਬਹਾਨੇ ਬਾਹਰ ਚਲਾ ਜਾਵੇਗਾ । ਉਹ ਤੈਨੂੰ ਨਹੀਂ ਪੁਛੇਗਾ ਕਿ ਤੂੰ ਕੌਣ ਏਂ ? ਕਿਥੋਂ ਆਇਐਂ ? ਕਿਸ ਕੰਮ ਆਇਐਂ ? ਏਥੇ ਭੁਲੇਖਾ ਨਾ ਖਾਈਂ ,ਉਹ ਤੈਨੂੰ ਸ਼ਕਲੋਂ ਜਾਣਦੈ। ਅਕਲੋਂ ਪਹਿਚਾਣਦੈ, ਤੇਰੀ ਸਿਆਣਪ ਤੋਂ ਚਿੜ੍ਹਦੈ , ਤੇਰੀ ਸ਼ੋਹਰਤ ਤੋਂ ਔਖਾ ਵੀ ਐ ।

ਇਸ ਲਈ ਮੇਰੇ ... ਆਰ , ਘਬਰਾਈ ਨਾ ... ਬਾਹਰੋਂ ਕਿਸੇ ਵਿਦਿਆਰਥੀ ਤੋਂ ਪੁੱਛ ਲਈਂ ਕਿ ਅੱਖਰ-ਗੋਸ਼ਟੀ ਦਾ ਆਯੋਜਨ ਕਿਸ ਥਾਂ ਤੇ ਕਾਲਿਜ ਅੰਦਰ? ਬਹੁਤਿਆਂ ਨੂੰ ਤੇਰੀ ਗੱਲ ਦੀ ਸਮਝ ਵੀ ਨਹੀਂ ਆਉਣੀ । ਪਰ ਕੋਈ ਨਾ ਕੋਈ ਤਾ ਉੱਤਰ ਜ਼ਰੂਰ ਦੇਵੇਗਾ । ਉਹ ਥਾਂ-ਟਿਕਾਣਾ ਦੱਸੇਗਾ ਈ ਨਹੀਂ ਸਗੋਂ ਨਾਲ ਲੈ ਕੇ ਛੱਡ ਕੇ ਆਵੇਗਾ । ਰਾਹ ਵਿਚ ਉਹ ਵਿਦਿਆਰਥੀ ਜੇ ਕੋਈ ਗੱਲ ਤੋਰੇ , ਤਾਂ ਬੜੇ ਧਿਆਨ ਨਾਲ ਉੱਤਰ ਦੇਈਂ । ਉਹ ਪੁੱਛੇਗਾ .... ਕਿਹੜੀ ਯੂਨੀਅਨ ਤੇ ਸਮਰਥਕ ਹੋ ? ਏ.ਆਈ.ਐਸ.ਐਫੀ, ਐਸ.ਐਫ.ਆਈ. ਜਾਂ ਕਿਸੇ ਪੀ.ਐਸ.ਯੂ. ਦੇ ? ਏ.ਬੀ.ਵੀ.ਪੀ. ਜਾਂ ਵਿਦਿਆਰਥੀ ਦਲ ਦਾ ਉਹ ਨਾਂ ਨਹੀਂ ਲਏਗਾ । ਕਿਉ ਤੇਰੇ ਸਿਰ ‘ ਤੇ ਖਾਕੀ ਪੱਗ ਹੋਵੇਗੀ , ਚਿੱਟੀ ਹੁੰਦੀ ਜਾਂ ਨੀਲੀ , ਫਿਰ ਪੁਛਣ ਦੀ ਲੋੜ ਨਹੀਂ ਸੀ ਪੈਣੀ । ਜ਼ਰਾ ਢੁਕਵਾਂ ਉੱਤਰ ਦਈਂ ਮੇਰੇ .... ਆਰ , ਨਹੀਂ .. ਤਾਂ ਹੂਟਿੰਗ ਹੋ ਜਾਊ ,ਵਾਪਸ ਕਾਲਜੋਂ ਨਿਕਲਦੇ ਦੀ ।

ਗੋਸ਼ਟੀ ਕਮਰੇ ਅੰਦਰ ਪਹੁੰਚ ਕੇ ਤੈਨੂੰ ਹੈਰਾਨੀ ਜ਼ਰੂਰ ਹੋਵੇਗੀ । ਕੰਨਟੀਨਾਂ ਕੌਰੀਡੌਰਾਂ ਦੇ ਜੰਗਲਾਂ ਵਿਚ ਵਿਹਲੇ ਫਿਰਦੇ ਸੈਂਕੜੇ ਵਿਦਿਆਰਥੀ ਵਿਚੋਂ ਏਥੇ ਪੰਦਰਾਂ ਵੀਹ ਈਂ ਕਿਉਂ ਬੈਠੇ ਹਨ ? ਪੰਜਾਹ ਸੱਠ ਪ੍ਰੋਫੈਸਰਾਂ ਵਿਚ਼ ਇਥੇ ਤਿੰਨ ਚਾਰ ਹੀ ਕਿਉਂ ਬਿਰਾਜਮਾਨ ਹਨ ? ਪ੍ਰਿਸੀਪਲ ਦੀ ਥਾਂ ਵਾਈਸ ਕਿਉਂ ਪਧਾਰੇ ਹਨ ? ਘਬਰਾਈ ਨਾ ਮੇਰੇ .... ਆਰ , ‘ਮਰਾੜਾਂ ਵਾਲਿਆਂ ’ ਤੇ ‘ਗੁਰਾਇਆ ਵਾਲਿਆ ’ ਦੇ ਸ਼ਰਧਾਲੂਆਂ ਦੀ ਗਿਣਤੀ ਸਿੱਧ-ਗੋਸ਼ਟਾਂ ਨਾਲੋਂ ਭਾਵੇਂ ਹਰ ਯੁੱਗ ਅੰਦਰ ਵਧ ਰਹੀ ਹੈ , ਪਰ ਸਮੇਂ ਦੇ ਸੱਚ ਨੂੰ ਜਿਥੇ ਪੈਰ ਰੱਖਣ ਦੀ ਥਾਂ ਮਿਲੀ , ਉੱਥੇ ਬੈਠਣ ਜੋਗੀ ਥਾਂ ਉਹ ਆਪ ਹੀ ਬਣਾ ਲੈਂਦਾ ਰਿਹਾ ਹੈ ।

ਤੈਨੂੰ ਜਿੰਨੀ ਹੈਰਾਨੀ ਸਰੋਤਿਆਂ ਦੀ ਘਾਟ ਤੋਂ ਹੋਵੇਗੀ ,ਉਸ ਤੋਂ ਕਈ ਗੁਣਾਂ ਵਧ ਵਿਭਾਗ ਦੇ ਮੁਖੀ ਪ੍ਰੋ : ਕੌੜਾ ਦੀ ਅਣਹੋਂਦ ਕਾਰਨ ਵੀ ਹੋਵੇਗੀ । ਜਿਵੇਂ ਕਿਵੇਂ ਵੀ ਹੋਇਆ , ‘ ਅੱਖਰ ਵਿਗਿਆਨ ’ ਬਾਰੇ ਥੀਸਸ ਹਾਲ ਦੀਆਂ ਖਾਲੀ ਕੁਰਸੀਆਂ ‘ ਤੇ ਖਿਲਾਰ ਕੇ ਚਲਦਾ ਬਣੀਂ । ਬਹਿਸ-ਬੂਹਸ ਤੇਰੇ ਨਾਲ ਕਿਸੇ ਨਹੀਂ ਕਰਨੀ । ਜੇ ਕਿਸੇ ਕੀਤੀ ਵੀ ਤਾਂ ਥੀਸਸ ‘ ਤੇ ਨਹੀਂ ਹੋਣੀ , ਤੇਰੀ ਪਹੁੰਚ ‘ ਤੇ ਹੋਣੀ ਹੈ ਕਿ ਤੂੰ ਕਿਹੜੇ ‘ਵਾਦ ’ਨਾਲ ਵਰਕੇ ਲਿਬੇੜੇ ਹਨ ? ਫਿਰ ਉਸ ਵਿਚੋਂ ਕਿਹੜਾ ‘ਉਪ-ਵਾਦ ’ ਪ੍ਰਮੁੱਖ ਰੱਖਿਆ ਹੈ ? ਤੈਨੂੰ ਇਸ ਸਾਰੇ ਝਮੇਲੇ ਦੀ ਸਮਝ ਨਹੀ । ਇਸ ਲਈ ਆਪਣਾ ‘ਫੈਸਲਾ ’ ਦੇ ਤੇ ਤੁਰਦਾ ਬਣੀਂ , ਤੈਨੂੰ ਕੀ ਕਿਸੇ ਦੇ ਪੱਲੇ ਕੁਝ ਪਏ ਨਾ ਪਏ, ਤੇਰ; ਇਕੌਤਰ-ਸੌ ਹਰਾਂ ।

ਹਾਲ ਕਮਰੇ ਤੋਂ ਦਫ਼ਤਰ ਰਕਮ ਵਸੂਲਣ ਜਾਂਦਿਆਂ , ਪ੍ਰੋਫੈਸਰ ਮਿਗਲਾਨੀ ਤੇਰੀ ਬੜੀ ਦੀਦ ਕਰੇਗਾ । ਨਾਲ ਨਾਲ ਤੁਰੇਗਾ । ਆਪਣੀ ਜਾਣ-ਪਛਾਣ ਕਰਾਏਗ ਕਿ – ‘’ ਮੈਂ ਪ੍ਰੋ :ਮਿਗਲਾਨੀ ... ਨਾਵਲਕਾਰ ... ਕਰਤਾ ... ‘ ਢ਼ੱਠਾਂ ਵਾਲੇ ‘ ।‘’ ਤੂੰ ਆਖੇਂਗਾ- ‘’ ਵਾਹ-ਵਾਹ-ਵਾਹ , ਕਿੰਨਾ ਕਲਾਸਕੀ ਨਾਂ ਏ , ਵਾਹ-ਵਾਹ-ਵਾਹ । ਅਲੋਕਾਰ ਕਿਰਤ ਹੋਵੇਗੀ ਤੁਹਾਡੀ । ਪੰਜਾਬੀ ਨਾਵਲਕਾਰੀ ਅੰਦਰ ਤਕੜਾ ਵਿਸਫੋਟ ਹੋਵੇਗੀ , ਤੁਹਾਡੀ ਕਿਰਤ । ਪੰਜਾਬੀ ਸਾਹਿਤ ਅੰਦਰ ਭੂਚਾਲ ਆ ਜਾਵੇਗਾ । ਇਸ ਦਾ ਰੀਲੀਜ਼ ਸਮਾਰੋਹ ਕਰਵਾਓ । ਫਿਰ ਗੋਸ਼ਟੀਆਂ ਕਰਵਾਓ । ਪਰਚੇ ਲਿਖਵਾਓ , ਇਸ ‘ ਤੇ ਜਾਣੇ-ਪਛਾਣੇ ਆਲੋਚਕਾਂ ਤੋਂ । ਮੈਂ ਵੀ ਸੇਵਾ ਲਈ ਹਾਜ਼ਰ ਹਾਂ , ਜਿਵੇਂ ਦੀ ਚਾਹੋ । ਇਸ ਤਰ੍ਹਾਂ ਪ੍ਰਸਿੱਧੀ ਵੀ ਹੋਵੇਗੀ ਤੇ ਪੁਸਤਕ ਵਿਕੇਗੀ ਵੀ , ਉਂਜ ਕੌਣ ਪੁਛਦੈ ਤੇ ਖ਼ਰੀਦਦੈ ਕਿਤਾਬਾਂ ਅਜਕਲ੍ਹ ... ? ‘’

ਉਹ ਆਪਣੇ ਨਾਵਲ ਦੀ ਇਕ ਕਾਪੀ ਤੈਨੂੰ ਭੇਤ ਕਰੇਗਾ । ਤੈਨੂੰ ਬਾਹਰ ਲੈ ਆਵੇਗਾ ਕਾਲਿਜੋਂ । ਬੱਸ ਅੱਡੇ ਨੂੰ ਜਾਂਦੀ ਸੜਕ ਉਤਲੇ ਮਨਜ਼ੂਰ-ਸ਼ੁਦਾ ਇਹਾਤੇ ਵਲ ਜਾਣ ਲਈ ਤਰਲਾ ਕਰੇਗਾ । ਪਰ ਤੂੰ ਦਿਨ ਵੇਲੇ ਨਹੀਂ ਪੀਂਦਾ । ਉਹਦੇ ਲਈ ਦਿਨ ਹੋਵੇ ਜਾਂ ਰਾਤ , ਕੋਈ ਫ਼ਰਕ ਨਹੀ । ਉਹ ਇਕੱਲਾ ਇਹਾਤੇ ਵਲ ਤੁਰ ਜਾਵੇਗਾ ਤੇ ਤੂੰ ਬੱਸ ਅੱਡੇ ਵਲ ।

ਬੱਸ ਚੜ੍ਹਨ ਤੋਂ ਪਹਿਲਾਂ ਤੇਰਾ ਜੀਅ ਪ੍ਰੋ: ਕੋੜੈ ਨੂੰ ਇਕ ਵਾਰ ਫਿਰ ਮਿਲਣ ਨੂੰ ਕਰੇਗਾ । ਇਸ ਲਈ ਅੱਡੇ ਦੀ ਭੀੜ ਬਣੇ , ਵਿਦਿਆਰਥੀਆਂ ਤੋਂ ਪ੍ਰੋ : ਕੋੜੇ ਦਾ ਪਿੰਡ ਪੁਛ ਲਈਂ । ਉਂਝ ਲਗਭਗ ਸਾਰੇ ਰਿਕਸ਼ੇ ਵਾਲਿਆਂ ਨੂੰ ਹੀ ਉਸ ਦੇ ਪਿੰਡ ਤੇ ਘਰ ਦਾ ਪੂਰਾ ਪਤਾ ਹੈ । ਸ਼ਾਮੀਂ ਡਿੱਗੇ-ਢੱਠੇ ਨੂੰ ਉਹਨਾਂ ਵਿਚੋਂ ਹੀ ਕੋਈ ਜਣਾ ਉਸ ਨੂੰ ਘਰ ਅਪੜਾਉਂਦਾ ਹੈ ।

ਪ੍ਰੋ : ਕੋੜੇ ਦੇ ਪਿੰਡ ਨੂੰ ਕਸਬੇ ਨਾਲ ਜੋੜਦੀ ਸੜਕ ਭਾਵੇਂ ਪੱਕੀ ਹੈ , ਪਰ ਇਸ ਅੰਦਰ ਪਏ ਟੋਇਆਂ ਉਤੋਂ ਲੰਘਦੀ ਰਿਕਸ਼ਾ ‘ ਚ ਤੂੰ ਸੰਭਲ ਕੇ ਬੈਠੀਂ । ਆਪਣੇ ਸ਼ਹਿਰ ਦੀਆਂ ਸੜਕਾਂ ਉੱਤੇ , ਲੱਤ ‘ ਤੇ ਲੱਤ ਧਰ ਕੇ ਦੌੜਦੇ ਰਿਕਸ਼ੇ ‘ ਤੇ ਅਡੋਲ ਬੈਠ ਕੇ ਜੇ ਖੋਜ-ਪੱਤਰ ਦੀ ਰੂਪ-ਰੇਖਾ ਘੜਨ ਵਿਚ ਉਲਝ ਗਿਆ ਤਾਂ ਉਲਟ ਕੇ ਕਿਸੇ ਖੇਤ ਦੇ ਬੰਨੇ ‘ਤੇ ਜਾ ਡਿੱਗੇਂਗਾ ਅਤੇ ਨੱਕ ਉਤੇ ਟਿਕੀ ਮੋਟੇ ਸ਼ੀਸ਼ੇ ਦੀ ਨਜ਼ਰ ਦੀ ਐਨਕ ਤੁੜਵਾ ਕੇ ਖੁਰਦਬੀਨੀ ਨਗਾਹ ਤੋਂ ਵਾਂਝਿਆਂ ਜਾਵੇਂਗਾ ।

ਪ੍ਰੋ : ਕੌੜੇ ਦੇ ਪਿੰਡ ਪਹੁੰਚ ਕੇ ਚੜ੍ਹਦੀ ਬਾਹੀ ਬਾਹਰਲੀ ਫਿਰਨੀਓਂ ਬਾਹਰ , ਇਕ ਵੱਡੀ ਕੋਠੀ ਦਿਸੇਗੀ । ਰਿਸ਼ਕਾ ਵਾਲਾ ਬਿਨਾਂ ਝਿਜਕ ਕੋਠੀ ਅੰਦਰ ਲੈ ਜਾਵੇਗਾ । ਅੰਦਰ ਵਾਲਿਆਂ ਲਈ ਰਿਕਸ਼ੇ ਦੀ ਆਮਦ ਕੋਈ ਨਵੀ ਗੱਲ ਨਹੀਂ ਹੋਵੇਗੀ , ਪਰ, ਉੱਪਰ ਬੈਠੇ ‘ ਓਪਰੇ ਬੰਦੇ ’ ਨੂੰ ਪਛਾਨਣ ਲਈ ਬਰਾਂਡੇ ਅੰਦਰ ਡੱਠੇ ਦੀਵਾਨ ‘ ਤੇ ਲੰਮੇ ਪਏ ਬਿਰਧ ਦੀਆਂ ਨਜ਼ਰਾਂ ਜ਼ਰੂਰ ਟਿਕ ਜਾਣਗੀਆਂ । ਝਿਜਕੀਂ ਨਾ ਮੇਰੇ .... ਆਰ , ਇਹੋ ਨੇ ਪ੍ਰੋ : ਕੋੜੇ ਦੇ ਪਿਤਾ , ਰੀਟਾਇਰਡ ਕਾਨੂੰਗੋ । ਮਾਲ ਮਹਿਕਮੇ ਦੀਆਂ ਬਰੀਕੀਆਂ ਤੋਂ ਪੂਰੀ ਤਰ੍ਹਾਂ ਵਾਕਫ਼ ਸਨ ਇਹ , ਇਸੇ ਲਈ ਇਹ ਕੋਠੀ ਅਤੇ ਅਠਾਰਾਂ ਵੀਹ ਖੇਤ ਇਹਨਾਂ ਪੈਨਸ਼ਨ ਆਉਣ ਤੋਂ ਪਹਿਲਾਂ ਪਹਿਲਾਂ ਈ ਬਣਾ ਲਏ ਸਨ ।

‘ ਤਨਖਾਹ ’ ਦੀ ਕਮਾਈ ਨਾਲ ਹੀ ਸਾਰਾ ਪਰਿਵਾਰ ਪੜ੍ਹਾਇਆ-ਲਿਖਾਇਆ , ਵਿਹਾਇਆ –ਵਰ੍ਹਿਆ , ਇਹਨਾਂ ਨੇ । ਤਿੰਨਾਂ ਪੁੱਤਰਾਂ ਵਿਚੋਂ ਨਿੱਕਾ ਪ੍ਰੋ : ਕੌੜਾ ਹੀ ਘਰ ਰਹਿੰਦਾ ਹੈ , ਵੱਡੇ ਦੋਨੋਂ ਸਰਕਾਰੀ ਮਹਿਕਮਿਆਂ ਦੀਆਂ ਵੱਡੀਆਂ ਪਦਵੀਆਂ ‘ ਤੇ ਪਹੁੰਚ ਕੇ , ਅਖੀਰਲੇ ਉਮਰੇ ਨੌਕਰਾਂ ਤੋਂ ਖੇਤੀ ਕਰਾਉਂਦੇ ਨੇ , ‘ਚ ਚੰਗੀ ਨਸਲ ਦੀਆਂ ਗਊਆਂ ਮੱਝਾਂ ਪਾਲਣਾ ਇਹਨਾਂ ਦਾ ਸ਼ੌਕ ਵੀ ਹੈਗਾ ਇਨ੍ਹਾਂਦਾ । ਆਪਣੇ ਇਸ ਸ਼ੌਕ ਨੂੰ ਵਾਕਫ਼ ਜਾਂ ਓਪਰੇ ਬੰਦੇਂ ਨੂੰ ਦੱਸਣ ਲੱਗਿਆਂ ਇਹਨਾਂ ਨੂੰ ਕਿਸੇ ਭੂਮਿਕਾ ਦੀ ਲੋੜ ਨਹੀਂ ਪੈਂਦੀ । ਵਲੈਤੀ ਵਹਿੜਕੇ ਦੇ ਅਵੈੜਪੁਣੇ ਤੋਂ ਗੱਲ ਤੋਰਦੇ ਹਨ ਅਤੇ ਇਸ ਦੇ ਪੂਰਬਲਿਆਂ ਦੇ ਕੱਚੇ ਪੱਕੇ ਚਿੱਠੇ ਫਰੋਲਦੇ , ਇਹਨੂੰ ਗੁਣਾਂ ਦੀ ਗੁਥਲੀ ਸਿੱਧ ਕਰ ਕੇ ਕਿੱਸਾ ਬੰਦ ਕਰਦੇ ਹਨ ।

‘’ .....ਦੇਸੀ ਨਸਲ ਦੀ ਵਧਿਆ ਗਾਂ ਹੁੰਦੀ ਸੀ ਬਾਪ ਕੋਲ ਸਿਆਲਕੋਟ । ਸਿਆਣਾ ਬੜਾ ਸੀ । ਹਮਲਿਆਂ ਤੋਂ ਪਹਿਲਾਂ ਸਾਰਾ ਟੱਬਰ-ਟੀਰ ਸਮੇਤ ਗਾਂ ਦੇ , ਇਧਰ ਲੈ ਆਇਆ ਸੀ ਆਪਣੇ ਜੱਦੀ ਪਿੰਡ । ਛੋਟੀ ਜਿਹੀ ਹੱਟੀ ਪਾ ਕੇ ਬਹਿ ਗਿਆ , ਹੋਰ ਕਰ ਵੀ ਕੀ ਸਕਦਾ ਸੀ ਬਾਣੀਆ ਪੁੱਤ ! ਰਾਮ ਤੇਰਾ ਭਲਾ ਕਰੇ , ਬਸ ਉਸ ਹੱਟੀ ਆਸਰੇ ਈ ਡੰਗ ਟੱਪਿਆ ਸਾਡਾ । ਮੈਥੋਂ ਵੱਡਿਆਂ ਨੂੰ ਸ਼ਹਿਰ ਦੁਕਾਨਾਂ ਖੋਲ੍ਹ ਦਿੱਤੀਆਂ – ਇਕ ਨੂੰ ਕਰਿਆਨੇ ਦੀ ਤੇ ਦੂਜੇ ਨੂੰ ਬਜਾਜੀ ਦੀ । ਤੀਜਾ ਦਵਾਈਆਂ ਵੇਚਦਾ ਵੇਚਦਾ ਡਾਕਟਰ ਬਣ ਗਿਆ । ਬੜੀ ਭੱਲ ਬਣ ਗਈ ਉਹਦੀ ਸਾਰੇ ਹਲਕੇ ਅੰਦਰ । ਸਮਾਂ ਪਾ ਕੇ ਉਹਨੇ ਡਾਕਟਰੀ ਛੱਡ ਕੇ ਸਿਆਸਤ ਫੜ ਲਈ । ਹੁਣ ਈਸ਼ਵਰ ਦੀਆਂ ਮਿਹਰਾਂ ਉਹਦੇ ‘ਤੇ ! ਤੁਸੀਂ ਨਹੀਂ ਜਾਣਦੇ ? ... ਮੇਰਾ ਮੰਤਰੀ ਭਰਾ ਈ ਤਾਂ ਹੈ ।

‘’ ਬਸ ਮੈਂ ਆਹ ਨਿਕਾਰੀ ਨੌਕਰੀ ਜਿਹੀ ‘ ਚ ਪੈ ਗਿਆ । ਤਨਖਾਹਾਂ ਨਾਲ ਕੀ ਬਣਦੈ ਜੀ ਅੱਜਕੱਲ । ਪਰ ਆਹ ਇਹ ਇਲਤ ਜਿਹੀ ਸ਼ੁਰੂ ਤੋਂ ਈ ਲੱਗੀ ਹੋਈ ਆ – ਵਧਿਆ ਨਸਲ ਦੀਆਂ ਮੱਝਾਂ-ਗਾਵਾਂ ਰੱਖਣ ਦੀ । ਇਹਨਾਂ ਆਸਰੇ ਹੀ ਚਾਰ ਸਿਆੜ ਤੇ ਆਹ ਕੁੱਲੀ ਖੜੀ ਕੀਤੀ ਆ ਆਪਾਂ । .... ਹਾ ਸੱਚ ਗਾਂ ਦੀ ਗੱਲ ਵਿਚਕਾਰੇ ਈ ਭੁਲ ਗਈ , ਪੰਜ ਵੱਛੀਆਂ ਦਿੱਤੀਆਂ ਉਸ ਨੇ , ਦੋ ਦੇਸੀ ,ਦੋਗਲੀਆਂ , ਪਹਿਲੀ ਦੋਗਲੀ ਵਹਿੜ ਦਾ ਵਲੈਤੀ ਵਹਿੜਕਾ ਈ ਏ ਜਿਹਨੇ ਆ ਹ ਕਾਰਾ ਕੀਤਾ ਹੋਇਆ । ‘’

ਆਪਣੀ ਸੱਜੀ ਲੱਤ ਨੰਗੀ ਕਰ ਕੇ ਦੱਸੇਗਾ ਤੈਨੂੰ ਪ੍ਰੋ : ਕੌੜੇ ਦਾ ਪਿਤਾ , ‘’ ਪਤਾ ਨਹੀਂ ਸਹੁਰੇ ਨੂੰ ਕੀ ਪਾਣ ਚੜ੍ਹੀ , ਭਲਾ ਚੰਗਾ ਪਾਣੀ ਪੀ ਕੇ ਮੜਿਆ ਅਤੇ ਛਾਲ ਮਾਰ ਕੇ ਸਿੰਙਾਂ ‘ ਤੇ ਚੁੱਕ ਪਟਕਾ ਮਾਰਿਆ ਮੈਨੂੰ । ਲੱਤ ਟੁੱਟ ਗਈ ਤੇ ਹੋਰ ਵੀ ਗੁਝੀਆਂ ਸੱਟਾਂ ਲੱਗੀਆਂ ਕਈ । ਸਾਰੀਆਂ ਰੜਕਦੀਆਂ ਆ ਅਜੇ ਭਾਈਂ । ਆਹ ਲੱਤ ਤਾਂ ਜੁੜੀ ਨਾ ਜੁੜੀ ਇਕੋ ਬਰਾਬਰ ਈ ਆ , ਜਦ ਭਾਰ ਈ ਨਹੀਂ ਸਹਿੰਦੀ । ਨਾਲੇ ਭਾਈ ਉਮਰ ਉਮਰ ਦੀ ਗੱਲ ਆ , ਬੁੱਢੇ ਹੱਡ ਜੁੜਦੇ ਕਿਥੇ ਆ ਸੌਖ ਨਾਲ ..... । ‘’

ਟੁੱਟੀ ਲੱਤ ਉਤੇ ਬੱਝੀਆਂ ਥਿੰਦੀਆਂ ਪੱਟੀਆਂ ਅਤੇ ਪੱਚਰਾਂ ਨੂੰ ਪਲੋਸ ਕੇ , ਹਮਦਰਦੀ ਦੇ ਚਾਰ ਅੱਖਰ ਉਂਗਲ ਦਈਂ ਮੇਰੇ ... ਆਰ , ਨਹੀਂ ਤਾਂ ਕਹਾਣੀ ਦਾ ਅਗਲਾ ਹਿੱਸਾ ਸੁਣਨ ਤੋਂ ਵਾਂਝਿਆਂ ਜਾਵੇਂਗਾ ।

‘’.... ਆਹ ਵਲੈਤੀ ਵਿਹੜਕੇ ਵੀ ਮਾਰਖੋਰੇ ਹੁੰਦੇ ਆ । ਇਹ ਤਾਂ ਪਤਾ ਹੀ ਨਹੀਂ ਸੀ ਮੈਂਨੂੰ ।ਮਾਰਖੋਰੇ ਹੁੰਦੇ ਸੀ , ਸਾਨ੍ਹ ..... ਇਕ ਸਾਨ੍ਹ ਰਹਿੰਦਾ ਸੀ ਪਿੰਡ ਸਾਡੇ , ਸਾਧ ਦੀ ਕੁਟੀਆ । ਬੱਗਾ ਸਾਨ੍ਹ ਆਖਦੇ ਸੀ , ਲੋਕ ਉਹਨੂੰ । ਉਂਝ ਤਾਂ ਉਹ ਆਲੇ-ਦੁਆਲੇ ਕਈਆਂ ਪਿੰਡਾਂ ਦਾ ਗੇੜਾ ਰੱਖਦਾ ਪਰ ਵੇਲੇ –ਕੁਵੇਲੇ ਬੋਲੀ ਗਾਂ , ਸਾਧ ਦੀ ਕੁਟੀਆ ਪਹੁੰਚ ਕੇ ਜਦੋਂ ਉੱਚੀ ਉੱਚੀ ਅੜੰਬਦੀ , ਤਾਂ ਉਹਦੀ ‘ ਵਾਜ ਸੁਣ , ਉਹ ਜਿਥੇ ਵੀ ਹੁੰਦਾ , ਉਥੋਂ ਸਿੱਧਾ ਫ਼ਸਲਾਂ ਭੰਨਦਾ ਸ਼ੂਟ ਵੱਟ ਲੈਂਦਾ । ਉਹਨੂੰ ਬਰਸੀਨ ,ਚਰ੍ਹੀਆਂ , ਖਾਦੇਂ ਡੁੰਗਦੇ ਨੂੰ ਛਿਛਕਾਰਨਾ ਤਾਂ ਇਕ ਪਾਸੇ ਰਿਹਾ , ਲੋਕੀ ਆਟੇ ਦੇ ਪੇੜੇ ਚਾਰਨ ਲਈ ਸਵੇਰੇ ਤਕਾਲੀਂ ਉਹਦੀ ਬੜ੍ਹਕ ਉਡੀਕਦੇ ਰਹਿੰਦੇ । ਉਹ ਵਾਰੀ ਸਿਰ ਪਿੰਡਾਂ ਦੀਆਂ ਗਲੀਆਂ ਘੁੰਮਦਾ ਦਸ ਵੀਹ ਸੇਰ ਵੰਡ ਖਾ ਕੇ , ਉਥੇ ਈ ਸੁੱਤਾ ਘੁਰਾੜੇ ਮਾਰਦਾ ਰਹਿੰਦਾ ।

‘’ ਪਹਿਲੀਆਂ ਅੰਦਰ ਉਹ ਰਾਜ਼ੀ ਵੀ ਚੰਗਾ ਸੀ ਤੇ ਮਾਰਦਾ ਵੀ ਬਹੁਤ ਸੀ । ਇਹਨੀਂ ਦਿਨੀਂ ਸ਼ਹਿਰ ਵਾਲਿਆਂ ਇਕ ਹੋਰ ਸਾਨ੍ਹ ਛੱਡ ਦਿੱਤਾ –ਕਾਲੇ ਰੰਗ ਦਾ । ਚੜ੍ਹਦੀ ਉਮਰ ਦੀ ਭਰਵੀਂ ਜਾਨ ਸੀ ਉਸ ਦੀ । ਮਾਰਖੋਰਾ ਘੱਟ ਸੀ ਪਰ ਬੇੱਗੇ ਨਾਲ ਜ਼ਿੱਦ ਕੇ ਆਢਾ ਲੈਂਦਾ । ਉਹ ਜਦ ਵੀ ਟੱਕਰਦੇ ਕਈ ਕਈ ਦਿਨ ਭਿੜਦੇ ਰਹਿੰਦੇ । ਹੰਢੇ ਹੋਏ ਬੱਗੇ ਤੋਂ ਮਾਰ ਖਾ ਕੇ ਕਾਲਾ ਪਹਿਲਾਂ ਤਾਂ ਕਈ ਵਾਰ ਸ਼ਹਿਰ ਵਲ ਨੂੰ ਦੁੜੱਕੀ ਪੈਂਦਾ ਰਿਹਾ , ਪਰ ਇਕ ਵਾਰ ਕਈ ਦਿਨਾਂ ਦੇ ਵਿਸਮੇ ਕਾਲੇ ਨੇ ਬੱਗੇ ‘ ਤੇ ਗੁਝਾ ਵਾਰ ਕਰ ਦੇ ਉਹਦਾ ਸਿੰਗ ਤੋੜ ਦਿੱਤਾ । ਮੁਢੋਂ ਟੁਟੇ ਸਿੰਗ ‘ਚੋਂ ਵਗਦੀਆਂ ਖੂਨ ਦੀਆਂ ਨਾਲਾਂ ਛੱਡਦਾ ਅਤੇ ਪੀੜ ਨਾਲ ਸਟਪਟਾਉਂਦਾ , ਉਹ ਦੁੜੱਕੀ ਪਿਆ ਸਾਧ ਦੀ ਕੁਟੀਆ ਆ ਲੁਕਿਆ । ਕਈ ਮਹੀਨਿਆਂ ਪਿਛੋਂ ਆਪਣੇ ਚੌੜੇ ਮੋੱਥੇ ‘ਤੇ ਇੱਕੋ ਸਿੰਗ ਚੁੱਕੀ , ਇਕ ਦਿਨ ਉਹ ਟਾਹਲੀਆਂ ਵਾਲੀ ਜੂਹ ਵਲ ਨਿਕਲਿਆ । ਪਰ ਦੋਂਹ ਚੌਂਹ ਖੇਤਾਂ ਦੀ ਵਿੱਥ ‘ ਤੇ ਤਣ ਕੇ ਖੜੋਤੇ ਕਾਲੇ ਤੋਂ ਡਰ ਕੇ ਪਿਛਾਂਹ ਨਹੀਂ ਪਰਤਿਆ । ਨਿੱਘਰ ਚੁੱਕੀ ਦੇਹੀ ਦੇ ਢਿਲਕੇ ਮਾਸ ਉਤੇ ਭਿਣਕਦੀਆਂ ਮੱਖੀਆਂ ਨੂੰ ਪੂਛ ਨਾਲ ਉਡਾਉਂਦਾ , ਬੱਸ ਸਹਿਜੇ ਸਹਿਜੇ ਤੁਰਦਾ ਇਕ ਟਾਹਲੀ ਦੀ ਸੰਘਣੀ ਛਾਵੇਂ ਜਾ ਖੜਾ ਹੋਇਆ ।

‘’ ਦੇਖਣ ਵਾਲੇ ਦੱਸਦੇ ਆ ਕਿ ਕਾਲੇ ਨੇ ਉਹਨੂੰ ਵੇਖ ਕੇ ਪਹਿਲਾਂ ਵਾਂਗ ਹੁੰਗਾਰਾ ਨਹੀਂ ਮਾਰਿਆ , ਸਗੋਂ ਭਿੱਗੀ ਬਿੱਲੀ ਵਾਂਗ ਬੱਗੇ ਕੋਲ ਜਾ ਖੜਾ ਹੋਇਆ ,ਜਿਵੇਂ ਪਹਿਲੀ ਕੀਤੀ ਦਾ ਪਛਤਾਵਾ ਕਰ ਰਿਹਾ ਹੋਵੇ । ਦੇਖਣ ਵਾਲੇ ਦੱਸਦੇ ਆ ਕਿ ਦੋਨੋਂ ਕਿੰਨਾ ਈ ਚਿਰ ਅਡੋਲ ਇਕ ਦੂਜੇ ਵਲ ਦੇਖਦੇ ਰਹੇ , ਫਿਰ ਕੁਝ ਚਿਰ ਪਿਛੋਂ ਨੀਵੀਆਂ ਪਾਈ ਆਪਣੇ ਆਪਣੇ ਰਸਤੇ ਮੁੜ ਗਏ – ਆਖਿਰ ਸੀ ਤਾਂ ਗਊ ਦੇ ਜਾਏ ਹੀ ਨਾ ... । ਉਹ ਦਿਨ ਜਾਏ ਤੇ ਅੱਜ ਦਾ ਦਿਨ ਆਏ , ਮੁੜ ਦੋਨਾਂ ਵਿਚ ਕਦੀ ਤਕਰਾਰ ਨਹੀਂ ਹੋਇਆ । ਜੇ ਬੱਗਾ ਇਕ ਗਲੀ ਹੁੰਦਾ , ਤੇ ਕਾਲਾ ਦੂਜੀ ਰਾਹੀਂ ਲੰਘ ਜਾਂਦਾ ।

‘’ ਉਂਝ ਇਹਨੀ ਦਿਨੀਂ ਸ਼ਹਿਰ ਸਲੋਤਰਖਾਨੇ ਵਾਲਿਆਂ ਵਲੈਤੀ ਸਾਨ੍ਹ ਲਿਆ ਕੇ ਨਸਲ-ਬੰਦੀ ਸ਼ੁਰੂ ਕਰ ਦਿੱਤੀ ਹੋਈ ਸੀ , ਪਰ ਲੋਕੀਂ , ਹਾਲੀ ਵੀ ਕਾਲੇ ਦੀ ਹੀ ਭਾਲ ਕਰਦੇ ਸਨ । ਹੁਣ ਤਾਂ ਸਾਰੇ ਲੋਕ ਸਿਆਣੇ ਹੋ ਗਏ ਆ, ਪਹਿਲੋ-ਪਹਿਲ ਆਖਦੇ ਸੀ ਕਿ ਗਊ ਮਾਤਾ ਭ੍ਰਿਸ਼ਟ ਹੋ ਜਾਊ । ਹੋਰ ਤਾਂ ਹੋਰ ਅਸੀਂ ਆਪਦੀ ਵਹਿੜ ਦੇ ਦੋ ਸੂਏ ਕਾਲੇ ਸਾਨ੍ਹ ਤੋਂ ਲਏ । ਕਾਲਾ ਮਾਰਦਾ ਨਹੀਂ ਸੀ , ਪਰ ਬੱਗੇ ਨਾਲੋਂ ਕਿਤੇ ਬਹੁਤੀ ਜਾਨ ਅੰਦਰ ਸੀ ..... ਹੁਣ ਤਾਂ ਸਰਦਾਰਾ , ਸਮੇਂ ਈ ਬਦਲ ਗਏ , ਨਾ ਕੋਈ ਸਾਨ੍ਹ ਛੱਡਦਾ, ਨਾ ਕੋਈ ਫ਼ਸਲਾਂ ਨੂੰ ਮੂੰਹ ਲਾਉਣ ਦਿੰਦਾ । ਵੇਲੇ ਵੇਲੇ ਦੀਆਂ ਗੱਲਾਂ ਹਨ । ਸਲੋਤਰਖਾਨੇ ਵਾਲਿਆਂ ਕੋਲ ਨਵੀਆਂ ਨਵੀਆਂ ਨਸਲਾਂ ਦੇ ਸਾਨ੍ਹ ਆਉਂਦੇ ਆ । ਦੇਸੀ ਤੋਂ ਦੋਗਲੀਆਂ ਅਤੇ ਦੋਗਲੀਆਂ ਤੋਂ ਵਲੈਤੀ ਬਣੀਆਂ ਗਾਵਾਂ ਕਿਤੇ ਦੁੱਧ ਦਿੰਦੀਆਂ ਰਜਾ ਦੇਂਦੀਆਂ , ਪਰ ਰੱਖ ਕੋਈ ਕੋਈ ਈ ਸਕਦਾ –ਮਾਈ ਦਾ ਲਾਲ । ਹਾਰੀ –ਸਾਰੀ ਦਾ ਕੰਮ ਨਹੀਂ । ਮਾਵਾਂ ਵਰਗੇ ਈ ਇਹਨਾਂ ਦੇ ਪੁੱਤ ਆ – ਹਾਥੀਆਂ ਜਿੱਡੇ ਕੱਦ-ਕਾਠ ਆ ਵਹਿੜਕਿਆਂ ਦੇ , ਅਤੇ ਗੈਂਡਿਆਂ ਜਿੰਨਾ ਜ਼ੋਰ ਆ ਸਹੁਰਿਆਂ ਅੰਦਰ .... ।‘’
ਇਹ ਕਹਾਣੀ ਸੁਣਨ ਤਕ ਤੈਨੂੰ ਉਬਾਸੀਆਂ ਆਉਣ ਲੱਗ ਪੈਣਗੀਆਂ । ਚਾਹ ਦੀ ਉਡੀਕ ਨਾ ਕਰੀਂ । ਪ੍ਰੋ : ਕੌੜੇ ਦੇ ਘਰ ਚਾਹ ਵੇਲੇ ਹੀ ਸਾਰਿਆਂ ਨੂੰ ਚਾਹ ਮਿਲਦੀ ਆ , ਪਹਿਲੇ ਨਹੀਂ ... । ਏਨੇ ਚਿਰ ਤਕ ਪ੍ਰੋ : ਕੌੜੇ ਦੇ ਸਕੂਟਰ ਵੀ ਕੋਠੀ ਅੰਦਰ ਸਹਿਜੋ ਦੇਣੀ ਆ ਖੜਾ ਹੋਵੇਗਾ । ਉਹ ਸਨੇਹ ਨਾਲ ਤੈਨੂੰ ਜੱਫੀ ਵਿਚ ਲਵੇਗਾ ਅਤੇ ਆਪਣੇ ਕਮਰੇ ਅੰਦਰ ਲੈ ਜਾਵੇਗਾ । ਉਹ ਗੋਸ਼ਟੀ ਸਮੇਂ ‘ ਆ ਪਏ ’ ਕਿਸੇ ਬਹੁਤ ਜ਼ਰੂਰੀ ਕੰਮ ਦਾ ਉਲੇਖ ਕਰੇਗਾ .... ਕਿ ‘’ ਅੱਜ ‘ ਅੰਕਲ ਹੋਰੀ ‘ ਆਪਣੇ ਘਰ ਆਉਣੇ ਸੀ – ਅਗਲੇ ਦੋ ਦਿਨ ਉਹਨਾਂ ਦਾ ਆਪਣੇ ਹੀ ਇਲਾਕੇ ਦਾ ਟੂਰ ਪ੍ਰੋਗਰਾਮ ਹੈ – ਸ਼ਾਹਪੁਰ ਮਿਡਲ ਸਕੂਲ ਨੂੰ ਹਾਈ ਅਤੇ ਲੰਗਰਕੋਟ ਪ੍ਰਾਇਮਰੀ ਨੂੰ ਮਿਡਲ ਕਰਨ ਲਈ ਫ਼ੰਕਸ਼ਨਾਂ ਦੀ ਤਿਆਰੀ ਕਰਨੀ ਸੀ – ਕੋਮਲਦੀਪ ਤੇ ਜਗਰੂਪ ਕੌਰ ਨੂੰ ਕਾਨਟੈਕਟ ਕਰਨਾ ਸੀ । ਉਂਝ ਤਾਂ ਲੋਕ ਆਪਣੇ ਕੰਮਾਂ ਲਈ ਹੀ ਕਾਫੀ ਇਕੱਠੇ ਹੋਏ ਹੁੰਦੇ ਹਨ –ਕੋਈ ਭਰਤੀ , ਕੋਈ ਨੌਕਰੀ , ਕੋਈ ਬਦਲੀ ,ਕੋਈ ਤਰੱਕੀ ,ਕੋਈ ਸ਼ਕਾਇਤ ਲੈ ਕੇ ਆਇਆ ਹੁੰਦਾ ਹੈ , ਪਰ ਫਿਰ ਵੀ ਮਾਸ਼ਿਜ਼ ਨੂੰ ਇਕੱਠਾ ਕਰ ਕੇ ਬਿਠਾਈ ਰੱਖਣ ਲਈ ਤੂੰਬੀ ਵਾਲਿਆਂ ਦਾ ਆਸਰਾ ਲੈਣਾ ਈ ਪੈਂਦਾ ਹੈ ‘’ ਆਦਿ ਆਦਿ ।

ਏਨੇ ਚਿਰ ਵਿਚ ਨੌਕਰਾਂ ਲਈ ਬਣੀ ਚਾਹ ਬਾਹਰ ਚਲੀ ਜਾਵੇਗੀ । ਘਰ ਦੇ ਜੀਆਂ ਲਈ ਬਣੀ ਚਾਹ ਨਾਲ ਤੁਹਾਡੀ ਗਲਬਾਤ ਅੰਦਰ ‘ ਹੋਰ ’ਨਿੱਘ ਆਵੇਗਾ। ਤੂੰ ਆਪਣੇ ਖੋਜ-ਪਤਰਾਂ ਅਤੇ ਸਾਹਿਤਕ ਸਮਾਗਮਾਂ ਦੀ ਸੂਚੀ ਦੱਸਣ ਲਈ ਸਾਹਿਤਕ ਵਾਤਾਵਰਣ ਪੈਦਾ ਕਰਨ ਦਾ ਯਤਨ ਕਰੇਂਗਾ , ਪ੍ਰੋ : ਕੌੜਾ ਆਪਣੇ ‘ ਅੰਕਲ ’ ਦੀਆਂ ਰਾਜਸੀ ਸਰਗਰਮੀਆਂ ਦਾ ਚਿੱਠਾ ਪੜ੍ਹਨ ਲਈ ਵਾਰਤਾਲਾਪ ਦਾ ਰੁਖ ਆਪਣੀ ਵਲ ਮੋੜੇਗਾ । ਤੂੰ ਚੰਗੇ ਅਤੇ ਸਿਹਤਮੰਦ ਸਾਹਿਤ ਰਾਹੀਂ ਸਭਿਆਚਾਰਕ ਕਦਰਾਂ-ਕੀਮਤਾਂ ਦੀ ਸੰਭਾਲ ਕਰਨ ‘ ਤੇ ਜ਼ੋਰ ਦੇਵੇਂਗਾ । ਉਹ ਲੱਚਰ ਅਤੇ ਅਸ਼ਲੀਲ ਲਿਖਤਾਂ ਨੂੰ ਰੁਮਾਂਚਿਕ ਆਖ ਕੇ ਪਬਲਿਕ ਜਸਲਿਆਂ ਦੀ ਰੌਣਕ ਨਾਲ ਜੋੜੇਗਾ । ਤੂੰ ਉਸਾਰੂ ਸੋਚ ਪੈਦਾ ਕਰਨ ਨੂੰ ਅਸਲੀ ਸਮਾਜ-ਸੇਵਾ ਆਖੇਂਗਾ , ਉਹ ਨਿੱਜੀ ‘ ਕੰਮ ’ ਨੂੰ ਲੋਕ ਸੇਵਾ ਗਰਦਾਨ ਕੇ ਰਹੇਗਾ- ਕਿ ‘’ ਜੇ ‘ਅੰਕਲ ’ ਦੇ ਮੰਤਰੀ ਹੁੰਦਿਆ ‘ ਆਪਣਿਆਂ ‘ਨੂੰ ਕੋਈ ਲਾਭ ਨਾ ਹੋਇਆ ਜਿਹਨਾਂ ਇਲੈਕਸ਼ਨਾਂ ਵਿਚ ‘ ਹੈਲਪ ‘ ਕੀਤੀ ਸੀ , ਉਹਨਾਂ ਤੋਂ ਅਗੋਂ ਆਪਾਂ ਕੀ ਆਸ ਰੱਖਾਂਗੇ ? ‘’

ਪ੍ਰੋ : ਕੌੜਾ ਤੈਨੂੰ ਵੀ ਯੂਨੀਵਰਸਿਟੀ ਦੀ ਕੋਈ ਚੇਅਰ ਹਥਿਆਉਣ ਲਈ ਲੋੜੀਂਦੀ ‘ ਸੇਵਾ ’ ਦੀ ਪੇਸ਼ਕਯ ਕਰੇਗਾ , ਭਾਵੇਂ ਕਿਸੇ ਡੀ . ਲਿਟ ਨੂੰ ਉਛਾਲ ਕੇ ਹੀ ਕਿਉਂ ਨਾ ਖਾਲੀ ਕਰਨੀ ਪਵੇ । ਉਹ ਆਪਣੇ ‘ ਅੰਕਲ ’ ਦੀ ਸਰਪਰਸਤੀ ਹੇਠ ਅਜਿਹੇ ਫੰਕਸ਼ਨ ਕਰਨ ਦੀ ਸਿਫਾਰਸ਼ ਵੀ ਕਰੇਗਾ । ਤੇਰੇ ਵਲੋਂ ਅਸਹਿਮਤੀ ਪ੍ਰਗਟਾਉਣ ‘ਤੇ ਉਹ ਤੈਨੂੰ ਧਮਕੀ ਵੀ ਦੇਵੇਗਾ । ਤੇ ਤਕਰਾਰ ਵਧ ਗਿਆ ਤਾਂ ਇਹ ਧਮਕੀ ਮੂੰਹ ਜ਼ਬਾਨੀ ਤਕ ਹੀ ਸੀਮਿਤ ਨਹੀਂ ਰਹੇਗੀ । ਤੇਰੇ ਯਨੀਵਰਸਿਟੀ ਪਹੁੰਚਣ ਤੋਂ ਪਹਿਲਾਂ ਹੀ ਤੇਰੇ ਦਫ਼ਤਰ ਦੀ ਮੇਜ਼ ‘ਤੇ ਪਏ ਸ਼ੀਸ਼ੇ ਹੇਠ ‘ ਕਾਰਨ –ਦੱਸੋ’ ਨੋਟਿਸ ਅੱਖਾਂ ਪਾੜ ਪਾੜ ਤੇਰੀ ਵੱਲ ਝਾਕਦਾ ਹੋਵੇਗਾ।

ਹੁਣ ਅੱਗੇ ਤੂੰ ਆਪਣਾ ਪੜ੍ਹਿਆ ਵਿਚਾਰੀਂ ਮੇਰੇ .... ਆਰ , ਕਿ ਕਿਸੇ ਉੱਚ-ਪੱਧਰੀ ਚੇਅਰ ਦਾ ਮੁੱਖੀ ਬਣ ਕੇ ਸਾਹਿਤ ਦੀ ਵਧੀਆ ਸੇਵਾ ਕਰ ਸੱਕੇਂਗਾ ਜਾਂ ਫਿਰ ਇਸੇ ਤਰ੍ਹਾਂ ਸਾਹਿਤਕ ਗੋਸ਼ਟੀਆਂ ਅੰਦਰ ਆਪਣੀ ਭਾਸ਼ਾ ਅਤੇ ਸਭਿਆਚਾਰ ਦੀ ਰਾਖੀ ਲਈ ਸਿੰਗ ਫਸਾਈ ਕਰ ਕੇ ?

( ਇਹ ਕਹਾਣੀ ਲਾਲ ਸਿੰਘ ਵੱਲੋਂ 1983 ਵਿੱਚ ਲਿਖੀ ਗਈ )

ਲਾਲ ਸਿੰਘ ਦਸੂਹਾ

ਨੇੜੇ ਐਸ.ਡੀ.ਐਮ.ਕੋਰਟ,

ਦਸੂਹਾ(ਹੁਸ਼ਿਆਰਪੁਰ)

(91-94655-74866)