Showing posts with label گزل. Show all posts
Showing posts with label گزل. Show all posts

Tuesday, December 27, 2011

ਗ਼ਜ਼ਲ / غزل

- ਸੁਖਦਰਸ਼ਨ ਧਾਲੀਵਾਲ

ਨਿਗ੍ਹਾ ਮੇਰੀ ਨੂੰ ਅਪਣੇ ਇਸ਼ਕ ਦੀ ਕੋਈ ਰਜ਼ਾ ਦੇ ਦੇ
ਮਿਲੇ ਸਾਹਿਲ ਮੇਰੇ ਵੀ ਪਿਆਰ ਨੂੰ ਐਸੀ ਦੁਆ ਦੇ ਦੇ

ਉਤਾਰਾਂਗਾ ਮੈਂ ਕੀਮਤ ਇਸ਼ਕ ਦੀ ਕਰਕੇ ਅਦਾ ਖ਼ੁਦ ਨੂੰ
ਸਿਦਕ ਮੇਰਾ ਪਵਿੱਤਰ ਕਰ ਰੁਹਾਨੀ ਆਸਥਾ ਦੇ ਦੇ

ਸਮਾ ਜਾਏ ਨਿਗ੍ਹਾ ਵਿਚ ਮਹਿਰਮਾਂ ਬਸ ਤੇਰਾ ਹੀ ਜਲਵਾ
ਮੇਰੇ ਸੀਨੇ 'ਚ ਉੱਗੀ ਰੀਝ ਨੂੰ ਐਸੀ ਨਿਗ੍ਹਾ ਦੇ ਦੇ

ਮਿਟਾ ਕੇ ਅਪਣੀ ਹਸਤੀ ਨੂੰ ਮੈਂ ਹੋਜਾਂ ਜਜ਼ਬ ਤੇਰੇ ਵਿਚ
ਵਫ਼ਾ ਮੇਰੀ ਨੂੰ ਕਰ ਨਿਸਬਤ ਅਤਾ ਅਪਣੀ ਰਜ਼ਾ ਦੇ ਦੇ

ਰਹਾਂ ਸਜਦੇ 'ਚ ਝੁਕਿਆ ਮੈਂ ਸਦਾ ਹੀ ਐ ਮੇਰੇ ਮੌਲਾ
ਇਬਾਦਤ ਵਿਚ ਝੁਕੇ ਦਰਵੇਸ਼ ਨੂੰ ਦਰ ਤੇ ਜਗ੍ਹਾ ਦੇ ਦੇ

ਬਣੇ ਜੋ ਆਈਨਾ ਇਕ ਦਿਨ ਸਮੇਂ ਦਾ ਇਹ ਗ਼ਜ਼ਲ ਤੇਰੀ
ਮੁਹੱਬਤ ਭਰ ਕੇ ਇਸ ਵਿਚ ਇਸ ਨੂੰ ਕੋਇਲ ਦੀ ਸਦਾ ਦੇ ਦੇ

ਰਹੇਗਾ ਉਮਰ ਭਰ ਨਚਦਾ ਤੇਰੇ ਦਰ ਤੇ ਤੇਰਾ 'ਦਰਸ਼ਨ'
ਬਣਾ ਜੋਗੀ ਤੂੰ ਇਸ ਖ਼ਾਦਿਮ ਨੂੰ ਨੱਚਣ ਦੀ ਅਦਾ ਦੇ ਦੇ

ਆਸਥਾ: ਨਿਸ਼ਚਾ, ਭਰੋਸਾ
ਨਿਸਬਤ: ਲਗਾਉ, ਨੇੜੇ ਦਾ ਸਬੰਧ
ਅਤਾ: ਬਖ਼ਸ਼ਿਸ਼
ਖ਼ਾਦਿਮ: ਖ਼ਿਦਮਤ ਕਰਨ ਵਾਲਾ

~~~~~~~~~~~~~~~~~~~~~~~~~~~~~~~~~

سکھدرشن دھالیوال -

نگاہ میری نوں اپنے عشقَ دی کوئی رضا دے دے
ملے ساحل میرے وی پیار نوں ایسی دعا دے دے

اتارانگا میں قیمت عشقَ دی کرکے ادا خود نوں
صدق میرا پوتر کر رہانی آستھا دے دے

سما جائے نگاہ وچ محرماں بس تیرا ہی جلوا
میرے سینے 'چ اگی ریجھ نوں ایسی نگاہ دے دے

مٹا کے اپنی ہستی نوں میں ہوجاں جذب تیرے وچ
وفا میری نوں کر نسبت عطا اپنی رضا دے دے

رہاں سجدے 'چ جھکیا میں سدا ہی اے میرے مولٰی
عبادت وچ جھکے درویش نوں در تے جگہ دے دے

بنے جو آئینہ اک دن سمیں دا ایہہ غزل تیری
محبت بھر کے اس وچ اس نوں کوئل دی سدا دے دے

رہے گا عمر بھر نچدا تیرے در تے تیرا 'درشن'
بنا جوگی توں اس خادم نوں نچن دی ادا دے دے

Wednesday, October 19, 2011

ਰੁਕੇ ਤਾਂ ਕੋਈ ਮੰਜ਼ਿਲ ਨਾ ਸੀ / رکے تاں کوئی منزل نہ سی


-ਡਾ. ਲੋਕ ਰਾਜ /  ڈا. لوک راج 

ਰੁਕੇ ਤਾਂ ਕੋਈ ਮੰਜ਼ਿਲ ਨਾ ਸੀ, ਤੁਰੇ ਤਾਂ ਕੋਈ ਰਾਹਵਾਂ
ਹਰ ਇੱਕ ਮੋੜ ਤੇ ਮਿਲੀਆਂ ਯਾਰੋ ਸਾਨੂੰ ਬਸ ਘਟਨਾਵਾਂ

ਦੁਨੀਆਂ ਦੀ ਇਸ ਭੀੜ ਚ ਬੰਦਾ ਖੁਦ ਨੂੰ ਕਿੰਝ ਪਛਾਣੇ
ਘੁੱਪ ਹਨੇਰੇ ਦੇ ਵਿਚ ਕੋਈ ਢੂੰਡੇ ਕਿੰਝ ਪਰਛਾਵਾਂ

ਬਦਲੇ ਕੌਣ ਮੁਕੱਦਰ ਉਸਦਾ ਜੋ ਅਪਣਾ ਹੀ ਵੈਰੀ
ਓਸੇ ਰੁਖ ਤੋਂ ਬਾਲਣ ਮੰਗੇ ਮਾਣੇ ਜਿਸ ਦੀਆਂ ਛਾਵਾਂ

ਝੂਠਾ ਕਾਸਦ, ਕੂੜ ਸੁਨੇਹੇ, ਫ਼ਰਜ਼ੀ ਕੁੱਲ ਦਿਲਾਸੇ
ਬੰਦ ਬੂਹੇ ਤੇ ਦਸਤਕ ਦੇ ਕੇ ਲੰਘੀਆਂ ਤੇਜ਼ ਹਵਾਵਾਂ

ਨਾ ਕੋਈ ਉਸ ਨੂੰ ਮੌਲੀ ਬੰਨ੍ਹਦਾ,  ਨਾ ਹੀ ਬਾਲੇ ਦੀਵਾ
ਜੋ ਰੁਖ ਸਿਖਰ ਦੁਪਿਹਰਾਂ ਵੇਲੇ ਦੇ ਨਾ ਸਕਦਾ ਛਾਵਾਂ

ਤੇਰੇ ਨਾਂ ਦੀ ਮਾਲਾ ਪਾ ਕੇ ਘੁਮ ਆਇਆ ਜੱਗ ਸਾਰਾ
ਘਰ ਆ ਕੇ ਪਰ ਬਾਬਾ ਤੈਨੂੰ ਮੁਖੜਾ ਕਿੰਝ ਦਿਖਾਵਾਂ
 
ਲੱਖ ਹੋਵਣ ਸ਼ੁਭ-ਚਿੰਤਕ ਭਾਵੇਂ, ਸੂਚੀ ਯਾਰ ਹਜ਼ਾਰਾਂ
ਵਾਰਿਸ ਆਖੇ ਮਜਲਿਸ ਨਾਹੀਂ ਸੋਂਹਦੀ ਬਾਝ ਭਰਾਵਾਂ
 
------------------------------------------------------------

رکے تاں کوئی منزل نہ سی، ترے تاں کوئی راہواں
ہر اک موڑ تے ملیاں یارو سانوں بس گھٹناواں

دنیاں دی اس بھیڑ چ بندہ خود نوں کنجھ پچھانے
گھپّ ہنیرے دے وچ کوئی ڈھونڈے کنجھ پرچھاواں

بدلے کون مقدرج اسدا جو اپنا ہی ویری
اوسے رخ توں بالن منگے مانے جس دیاں چھاواں

جھوٹھا قاصد، کوڑ سنیہے، فرضی کلّ دلاسے
بند بوہے تے دستک دے کے لنگھیاں تیز ہواواں

نہ کوئی اس نوں مولی بنھدا،  نہ ہی بالے دیوا
جو رخ سکھر دپہراں ویلے دے نہ سکدا چھاواں

تیرے ناں دی مالا پا کے گھم آیا جگّ سارا
گھر آ کے پر بابا تینوں مکھڑا کنجھ دکھاواں

لکھ ہوون شبھ-چنتک بھاویں، سوچی یار ہزاراں
وارث آکھے مجلس ناہیں سونہدی باجھ بھراواں

Monday, October 10, 2011

ਗਜ਼ਲ / گزل

ਡਾ. ਲੋਕ ਰਾਜ
ਤੇਰਾ ਘਰ ਨਾ ਮੇਰਾ ਘਰ ਸੀ
ਓਹੀ ਹੋਇਆ ਜਿਸਦਾ ਡਰ ਸੀ
ਟੁੱਟਣਾ ਤਾਂ ਬਸ ਇੱਕ ਨੇ ਹੀ ਸੀ
ਇੱਕ ਸ਼ੀਸ਼ਾ ਸੀ, ਇੱਕ ਪੱਥਰ ਸੀ
ਕੁਛ ਤਾਂ ਦਿਲ ਦੀ ਦੱਸੀ ਹੁੰਦੀ
ਤੇਰੇ ਤੋਂ ਮੈਂ ਕਦ ਨਾਬਰ ਸੀ
ਫਰਕ ਜੋ ਮੈਂ ਤੇ ਹਉਮੈਂ ਵਿੱਚਲਾ
ਜੇ ਸਮਝੋ ਤਾਂ ਰੱਤੀ ਭਰ ਸੀ
ਕਦ ਤਕ ਆਖਰ ਨਿਭਦੀ ਏਦਾਂ
ਊਠਾਂ ਯਾਰੀ, ਨੀਵਾਂ ਦਰ ਸੀ
..............................................
- ڈا. لوک راج
تیرا گھر نہ میرا گھر سی
اوہی ہویا جسدا ڈر سی
ٹٹنا تاں بس اک نے ہی سی
اک شیشہ سی، اک پتھر سی
کچھ تاں دل دی دسی ہندی
تیرے توں میں کد نابر سی
فرق جو میں تے ہؤمیں وچلا
جے سمجھو تاں رتی بھر سی
کد تک آخر نبھدی اےداں
اوٹھاں یاری، نیواں در سی

Friday, October 7, 2011

ਗਜ਼ਲ / گزل

-ਡਾ. ਲੋਕ ਰਾਜ

ਤੇਰੇ ਮੇਰੇ ਵਿਚ ਸਦਾ ਪਰਦਾ ਰਿਹਾ
ਤੂੰ ਤਾਂ ਰੱਬ ਸੀ, ਆਪਣੀ ਕਰਦਾ ਰਿਹਾ
ਤੂੰ ਹੀ ਮੇਰੀ ਠਾਹਰ ਸੀ ਜੇ ਆਖਰੀ
ਕਿਓਂ ਭਲਾ ਮੈਂ ਜੰਮਦਾ ਮਰਦਾ ਰਿਹਾ
ਤੂੰ ਹੀ ਕੱਲਾ ਨਿਰਭਉ ਨਿਰਵੈਰ ਸੀ
ਆਦਮੀ ਤੋਂ ਆਦਮੀ ਡਰਦਾ ਰਿਹਾ
ਕਹਿਣ ਨੂੰ ਮਾਲਿਕ ਮੇਰੀ ਤਕਦੀਰ ਦਾ
ਹਰ ਖਤਾ ਪਰ ਸਿਰ ਮੇਰੇ ਧਰਦਾ ਰਿਹਾ
ਕੀ ਕਰਾਂ ਉਸ ਨਾਖੁਦਾ ਦਾ ਕੀ ਕਰਾਂ
ਡੋਬ ਕੇ ਬੇੜੀ ਜੋ ਖੁਦ ਤਰਦਾ ਰਿਹਾ
ਮੈਂ ਉਹ ਰਾਹੀ ਜੋ ਰਿਹਾ ਪੰਧ ਤੇ ਸਦਾ
ਨਾ ਗਿਆ ਮੰਜ਼ਿਲ ਤੇ ਨਾ ਘਰ ਦਾ ਰਿਹਾ
ਮੈਂ ਹੀ ਸੀ ਜੋ ਬਿਨ ਤੇਰੇ ਮਜਬੂਰ ਸੀ
ਬਿਨ ਮੇਰੇ ਤੇਰਾ ਸਦਾ ਸਰਦਾ ਰਿਹਾ

..........................................

ڈا. لوک راج

تیرے میرے وچ سدا پردہ رہا
توں تاں ربّ سی، اپنی کردا رہا
توں ہی میری ٹھاہر سی جے آخری
کیوں بھلا میں جمدا مردا رہا
توں ہی کلا نربھؤ نرویر سی
آدمی توں آدمی ڈردا رہا
کہن نوں مالک میری تقدیر دا
ہر خطا پر سر میرے دھردا رہا
کی کراں اس ناکھدا دا کی کراں
ڈوب کے بیڑی جو خود تردا رہا
میں اوہ راہی جو رہا پندھ تے سدا
نہ گیا منزل تے نہ گھر دا رہا
میں ہی سی جو بن تیرے مجبور سی
بن میرے تیرا سدا سردا رہا

..........................................