- ਡਾ. ਰੰਜੂ ਸਿੰਘ
ਮੁੜ ਕੇ ਕਦੇ ਵੀ ਮੈਂ ਮਹਿਲਾਂ 'ਚ ਪੈਰ ਨਾ ਧਰਾਂਗੀ,
ਇਕ ਵਾਰੀ ਬੜਾ ਚਿਰ ਪਹਿਲਾਂ ਇਹੀਓ ਸੌਂਹ ਖਾਈ ਸੀ,
ਇਕ ਵਾਰ ਪਹਿਲਾਂ ਵੀ ਮੇਰੀ ਸੱਚੀ ਆਵਾਜ਼,
ਸਮਾਜ ਦੇ ਕੰਨਾ ਨਾਲ ਜਾ ਟਕਰਾਈ ਸੀ,
ਖੇਰੂੰ ਖੇਰੂੰ ਹੋਇਆ ਸੀ ਮੇਰੇ ਵਜੂਦ ਦਾ ਹਰ ਹਿੱਸਾ,
ਇਹਨਾ ਹੀ ਮਹਿਲਾਂ ਦੀਆਂ ਬੁਲੰਦ ਛਤਾਂ ਥੱਲੇ,
ਹੁਣ ਤੂੰ ਮੇਰੇ ਤੇ ਕੋਈ ਮੇਹਰਬਾਨੀ ਨਾ ਕਰੀਂ,
ਕਿਉਂ ਜੁ ਹਾਂ ਮੈਂ ਪਹਿਲਾਂ ਹੀ ਹੋਰਨਾ ਬੋਝਾਂ ਥੱਲੇ,
ਤੂੰ ਸਹੀ ਆਖਿਆ ਹੈ ਕਿ ਅਸੀਂ ਰੇਂਗਦੇ ਕੀੜੇ ਹਾਂ,
ਇਹੋ ਗੱਲਾਂ ਮੈਂ ਪਹਿਲਾਂ ਵੀ ਇਕ ਵਾਰੀ ਸੁਣ ਚੁੱਕੀ ਹਾਂ,
ਤੁਸੀਂ ਮਹਿਲਾਂ ਵਾਲੇ,ਉੱਚੇ,ਸੁੱਚਜੇ ਤੇ ਸਲੀਕੇ ਵਾਲੇ,
ਤੇ ਮੈਂ ਹਨੇਰੀਆਂ ਝੁੱਗੀਆਂ ਦੇ ਵਿਚ ਜਾ ਲੁੱਕੀ ਹਾਂ,
ਸਾਡੇ ਤਨ ਦੀ ਬਦਬੂ ਨਾਲੋਂ ਤੇਰਾ ਮਨ ਜਿਆਦਾ ਮੈਲਾ ਹੈ,
ਗਟਰ ਦੀ ਸਫਾਈ ਮੈਂ ਕਰ ਲਾਂਗੀ,ਤੂੰ ਮਨ ਨੂੰ ਸਾਫ਼ ਕਰ,
ਕਿਸੇ ਗਰੀਬ ਦੀ ਚਟਾਈ ਨਾਲੋਂ ਤੇਰਾ ਬਿਸਤਰ ਮੈਲਾ-ਕੁਚੈਲਾ ਹੈ,
ਤੂੰ ਓਹਨਾ 'ਚ ਪਾਈਆਂ ਪਹਿਲੀਆਂ ਸਿਲਵਟਾਂ ਦਾ ਖਿਆਲ ਕਰ ,
ਗਰੀਬਾਂ ਦੀਆਂ ਝੁੱਗੀਆਂ ਦੀ ਰੌਣਕ ਤੇਰੇ ਮਹਿਲਾਂ ਤੋਂ ਨਿਆਰੀ,
ਤੂੰ ਹਵਾਵਾਂ 'ਚ ਕਰੇ ਗੱਲਾ,ਮੈਂ ਗੰਡੋਇਆਂ ਨਾਲ ਖੇਡਣ ਵਾਲੀ,
ਤੇਰੇ ਤੇ ਮੇਰੇ ਦਿਲਾਂ ਦਾ ਹੋਣਾ ਇਕ ਹੈ ਦੁਵਿਧਾ ਵਾਲੀ ਗੱਲ,
ਤੂੰ ਇਨਸਾਫ਼ ਕਰਨ ਦੀ ਥਾਂ ਬੈਠਾ,ਮੈਂ ਕਟਘਰੇ 'ਚ ਖੜਨ ਵਾਲੀ,
ਮੈਂ ਇਕ ਸਤਾਈ ਹੋਈ ਆਤਮਾ ਤੇ ਤੂੰ ਬਣੇ ਕੋਈ ਮਹਾਤਮਾ,
ਮੇਰੀ ਦੁਖਦਾਈ ਦਾਸਤਾਨ ਤੇਰੇ ਸਾਧੂਪਣੇ ਨੂੰ ਤੰਗ ਕਰੇਗੀ,
ਮੇਰੀਆਂ ਅਖਾਂ 'ਚ ਅਗਨ ਤੇ ਦਿਲ 'ਚ ਤੂਫਾਨ,
ਮੇਰੇ ਅੰਦਰ ਦੀ ਕੁੜਤਨ ਤੇਰੇ ਚੁੰਮਣ ਵੀ ਕਸੈਲੇ ਕਰੇਗੀ,
ਓ ਗੀਤਾਂ ਦੇ ਵਪਾਰੀਆ,ਮੇਰੇ ਗੀਤ ਨਾ ਤੈਨੂੰ ਹਜ਼ਮ ਹੋਣਗੇ,
ਇਸ ਵਣਜ ਦੇ ਵਿਚ ਤੈਨੂੰ ਨਿਰੇ ਘਾਟੇ ਹੀ ਪੈਣਗੇ,
ਮੇਰੇ ਕੋਲ ਨਹੀਂ ਬਚਿਆ ਕੋਈ ਵੀ ਗੀਤ ਮੁਹਬਤਾਂ ਵਾਲਾ,
ਮੇਰੀ ਵੰਝਲੀ 'ਚੋਂ ਤੈਨੂੰ ਬਗਾਵਤੀ ਸੁਰ ਹੀ ਸੁਣਨਗੇ,
ਮੇਰੇ ਨਾਲ ਤੂੰ ਮੁਹਬਤਾਂ ਦੀਆਂ ਬਾਤਾਂ ਨਾ ਪਾ,
ਮੇਰੀ ਨਿਗਾਹ ਚਿੱਕੜ 'ਚ ਖਿੜੇ ਫੁੱਲਾਂ ਤੇ ਹੈ,
ਮੇਰਾ ਹਥ ਹੈ ਗਰੀਬ ਲਿਬੜੀਆਂ ਸ਼ਕਲਾਂ ਉੱਤੇ,
ਤੈਨੂ ਉਮੀਦ ਮੈਥੋਂ ਇਤਰ ਦੀ ਖੁਸ਼ਬੋਈ ਦੀ ਹੈ,
ਤੇਰਾ ਮੇਰਾ ਮੇਲ ਇਕ ਭਿਆਨਕ ਜਿਹਾ ਸੁਫਨਾ ਸੀ,
ਜੋ ਤੂੰ ਹੁਣ ਵੇਖਣਾ ਛਡ ਦੇਵੇਂ ਤਾਂ ਅਹਿਸਾਨ ਹੋਵੇਗਾ,
ਕਿਉਂ ਜੁ ਕੀ ਪਤਾ ਗਿਰ ਜਾਵਾਂ ਆਪਣੇ ਹੀ ਘਰ ਤੇ,
ਇੰਨਾ ਇਸ ਬਿਜਲੀ ਦੀ ਕੜਕ 'ਚ ਵੇਗ ਹੋਵੇਗਾ,
ਮੇਰੀ ਯਾਰੀ ਹੈ ਪੱਕੀ ਗਮਾਂ ਤੇ ਗੁਰਬਤ 'ਚ ਪਲਿਆਂ ਦੇ ਨਾਲ,
ਤੈਥੋਂ ਮੇਰਾ ਆਲਾ ਦੁਆਲਾ ਸਵਾਰਿਆ ਨਹੀਓਂ ਜਾਣਾ,
ਅਹਿਦ ਕਰਦੀ ਹਾਂ ਤਾਂ ਮਰ ਕੇ ਵੀ ਨਿਭਾਉਂਦੀ ਹਾਂ,
ਤੈਥੋਂ ਮੇਰਾ ਮੁਕ਼ਾਬਲਾ ਕਦੇ ਕੀਤਾ ਨਹੀਂ ਜਾਣਾ ,
ਤੂੰ ਜਾਣ ਦੇ ਹੁਣ ਮੈਨੂੰ ,ਵਿਚ ਰਾਹੇ ਨਾ ਖਲੋ ,
ਬਸ ਤੂੰ ਹੁਣ ਪਾਸੇ ਹੋ,ਤੂੰ ਪਾਸੇ ਹੀ ਹੋ ,
ਮੇਰੀ ਮਰਜ਼ੀ ਹੈ ਹੋਰ,ਹੁਣ ਰੁਖ ਬਦਲ ਲਿਆ,
ਤੂੰ ਐਂਵੇ ਹੁਣ ਫੋਕੀਆਂ ਗੱਲਾਂ ਨਾਲ ਨਾ ਭਲੋ,
ਮੈਂ ਮੁੜਨ ਵਾਲੇ ਜੋਗੀਆਂ ਦੀ ਨਹੀਂ ਹਾਂ ਹਾਣੀ,
ਤੂੰ ਰਖਿਆ ਵੀ ਤਾਂ ਨਹੀਂ ਕੋਈ ਵਾਪਸੀ ਦਾ ਰਾਹ,
ਮੁੜ ਫੇਰ ਨਹੀਂ ਪਾਉਣਾ ਤੇਰੇ ਮਹਿਲਾਂ 'ਚ ਫੇਰਾ,
ਓਥੇ ਹੋਈ ਮੇਰੀ ਨਮੋਸ਼ੀ ਵੀ ਤਾਂ ਅਥਾਹ ,
ਮੁੜ ਕੇ ਕਦੇ ਵੀ ਮੈਂ ਮਹਿਲਾਂ 'ਚ ਪੈਰ ਨਾ ਧਰਾਂਗੀ,
ਇਕ ਵਾਰੀ ਬੜਾ ਚਿਰ ਪਹਿਲਾਂ ਇਹੀਓ ਸੌਂਹ ਖਾਈ ਸੀ,
ਇਕ ਵਾਰ ਪਹਿਲਾਂ ਵੀ ਮੇਰੀ ਸੱਚੀ ਆਵਾਜ਼,
ਸਮਾਜ ਦੇ ਕੰਨਾ ਨਾਲ ਜਾ ਟਕਰਾਈ ਸੀ |
~~~~~~~~~~~~~~~~~~~~~~~~~~~~~~~~~~~~~~~~~~~~~~~~
ڈاکٹر. رنجو سنگھ -
مڑ کے کدے وی میں محلاں 'چ پیر نہ دھرانگی،
اک واری بڑا چر پہلاں اہیؤ سونہ کھائی سی،
اک وار پہلاں وی میری سچی آواز،
سماج دے کنا نال جا ٹکرائی سی،
کھیروں کھیروں ہویا سی میرے وجود دا ہر حصہ،
اہنا ہی محلاں دیاں بلند چھتاں تھلے،
ہن توں میرے تے کوئی میہربانی نہ کریں،
کیوں جو ہاں میں پہلاں ہی ہورنا بوجھاں تھلے،
توں صحیح آکھیا ہے کہ اسیں رینگدے کیڑے ہاں،
ایہو گلاں میں پہلاں وی اک واری سن چکی ہاں،
تسیں محلاں والے،اچے،سچجے تے سلیقے والے،
تے میں ہنیریاں جھگیاں دے وچ جا لکی ہاں،
ساڈے تن دی بدبو نالوں تیرا من زیادہ میلا ہے،
گٹر دی صفائی میں کر لانگی،توں من نوں صاف کر،
کسے غریب دی چٹائی نالوں تیرا بستر میلا-کچیلا ہے،
توں اوہنا 'چ پائیاں پہلیاں سلوٹاں دا خیال کر ،
غریباں دیاں جھگیاں دی رونق تیرے محلاں توں نیاری،
توں ہواواں 'چ کرے غلہّ،میں گنڈویاں نال کھیڈن والی،
تیرے تے میرے دلاں دا ہونا اک ہے دودھا والی گلّ،
توں انصاف کرن دی تھاں بیٹھا،میں کٹگھرے 'چ کھڑن والی،
میں اک ستائی ہوئی آتما تے توں بنے کوئی مہاتما،
میری دکھدائی داستان تیرے سادھوپنے نوں تنگ کریگی،
میریاں اکھاں 'چ اگن تے دل 'چ طوفان،
میرے اندر دی کڑتن تیرے چمن وی کسیلے کریگی،
او گیتاں دے وپاریا،میرے گیت نہ تینوں ہضم ہونگے،
اس ونج دے وچ تینوں نرے گھاٹے ہی پینگے،
میرے کول نہیں بچیا کوئی وی گیت مہبتاں والا،
میری ونجھلی 'چوں تینوں بغاوتی سر ہی سننگے،
میرے نال توں مہبتاں دیاں باتاں نہ پا،
میری نگاہ چکڑ 'چ کھڑے پھلاں تے ہے،
میرا ہتھ ہے غریب لبڑیاں شکلاں اتے،
تینو امید میتھوں عطر دی کھشبوئی دی ہے،
تیرا میرا میل اک بھیانک جیہا سفنہ سی،
جو توں ہن ویکھنا چھڈ دیویں تاں احسان ہووےگا،
کیوں جو کی پتہ گر جاواں اپنے ہی گھر تے،
انا اس بجلی دی کڑک 'چ ویگ ہووےگا،
میری یاری ہے پکی غماں تے غربت 'چ پلیاں دے نال،
تیتھوں میرا اعلیٰ دوالا سواریا نہیؤں جانا،
عہد کردی ہاں تاں مر کے وی نبھاؤندی ہاں،
تیتھوں میرا مکابلا کدے کیتا نہیں جانا ،
توں جان دے ہن مینوں ،وچ راہے نہ کھلو ،
بس توں ہن پاسے ہو،توں پاسے ہی ہو ،
میری مرضی ہے ہور،ہن رخ بدل لیا،
توں اینوے ہن پھوکیاں گلاں نال نہ بھلو،
میں مڑن والے جوگیاں دی نہیں ہاں ہانی،
توں رکھیا وی تاں نہیں کوئی واپسی دا راہ،
مڑ پھیر نہیں پاؤنا تیرے محلاں 'چ پھیرا،
اوتھے ہوئی میری نموشی وی تاں اتھاہ ،
مڑ کے کدے وی میں محلاں 'چ پیر نہ دھرانگی،
اک واری بڑا چر پہلاں اہیؤ سونہ کھائی سی،
اک وار پہلاں وی میری سچی آواز،
سماج دے کنا نال جا ٹکرائی سی